ਇੰਜ. ਈਸ਼ਰ ਸਿੰਘ
ਮਨੁੱਖੀ ਨਸਲ ਦਾ ਸਾਇੰਸੀ ਨਾਂ ਹੈ ‘ਹੋਮੋ ਸੇਪੀਅਨਜ਼’ ਜਿਸ ਦਾ ਅਰਥ ਹੈ ਸਿਆਣਾ, ਬੁੱਧੀਮਾਨ ਜਾਂ ਵਿਚਾਰਵਾਨ ਮਨੁੱਖ। ਇਹ ਨਾਂ 1758 ਵਿੱਚ ਸਵੀਡਨ ਦੇ ਇੱਕ ਮਸ਼ਹੂਰ ਸਾਇੰਸਦਾਨ ਕੈਰੁਲਸ ਲਿਨੀਅਸ ਨੇ ਰੱਖਿਆ ਸੀ। ਸਰੀਰ ਅਤੇ ਸੁਭਾਅ ਦੇ ਕੁੱਝ ਲੱਛਣਾਂ ਕਰਕੇ ਪਸ਼ੂ-ਜਗਤ ਦੇ ਪ੍ਰਾਣੀਆਂ ਨਾਲ ਮੇਲ ਖਾਣ ਕਰਕੇ ਭਾਵੇਂ ਮਨੁੱਖ ਨੂੰ ‘ਐਨੀਮੇਲੀਆ ਕਿੰਗਡਮ’ ਵਿੱਚ ਰੱਖਿਆ ਗਿਆ ਹੈ, ਪਰ ਕੁਦਰਤ ਵੱਲੋਂ ਮਿਲੇ ਹੋਰ ਵਿਸ਼ੇਸ਼ ਗੁਣਾਂ ਕਰਕੇ ਇਹ ਉਨ੍ਹਾਂ ਸਭ ਵਿੱਚੋਂ ਉੱਤਮ ਹੈ। ਇਹ ਗੁਣ ਹਨ: ਵਿਕਸਤ ਕਿਸਮ ਦੇ ਸਰੀਰ ਅਤੇ ਦਿਮਾਗ਼, ਸਿੱਧੇ ਖੜ੍ਹੇ ਹੋ ਕੇ ਦੋ ਪੈਰਾਂ ’ਤੇ ਤੁਰ ਸਕਣ, ਬੋਲ ਸਕਣ, ਅੱਗ ਨੂੰ ਵਰਤ ਸਕਣ, ਜਥੇਬੰਦ ਕਰ/ਹੋ ਸਕਣ ਅਤੇ ਬੁੱਧ-ਵਿਵੇਕ ਦਾ ਏਕਾਧਿਕਾਰ, ਜਿਨ੍ਹਾਂ ਕਰਕੇ ਇਸ ਨੂੰ ਇਹ ਨਾਂ ਦਿੱਤਾ ਗਿਆ ਹੈ। ਮਨੁੱਖ ਨੇ ਬਹੁਤ ਹੱਦ ਤੱਕ ਆਪਣੇ ਇਸ ਨਾਂ ਨਾਲ ਇਨਸਾਫ਼ ਵੀ ਕੀਤਾ ਹੈ।
ਸੰਸਾਰ ਵਿੱਚ ਵੱਖ-ਵੱਖ ਸਮਿਆਂ ਅਤੇ ਵੱਖ-ਵੱਖ ਦੇਸ਼ਾਂ ਵਿੱਚ ਚੋਟੀ ਦੇ ਅਧਿਆਤਮਕ ਮਹਾਂਪੁਰਖਾਂ ਨੇ ਮਨੁੱਖ ਦੇ ਆਤਮਿਕ ਗੁਣਾਂ ਨੂੰ ਉਭਾਰਿਆ, ਸੁਚੱਜਾ ਜੀਵਨ ਜਿਉਣ ਦੀਆਂ ਸਿਆਣਪਾਂ ਸਿਖਾਈਆਂ, ਬਰਾਬਰੀ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਅਤੇ ਉਨ੍ਹਾਂ ਨੂੰ ਹੱਕ- ਸੱਚ ਵਾਸਤੇ ਡਟਣ ਦੀ ਹਿੰਮਤ ਦਿੱਤੀ। ਵੱਡੇ-ਵੱਡੇ ਨਿਆਂਪਸੰਦ ਹੁਕਮਰਾਨ, ਫ਼ਿਲਾਸਫ਼ਰ ਅਤੇ ਸਮਾਜਿਕ ਮਹਾਂਮਨੁੱਖ ਆਏ ਜਿਨ੍ਹਾਂ ਦੀ ਰਹਿਨੁਮਾਈ ਵਿੱਚ ਮਨੁੱਖ ਨੇ ਜੀਵਨ ਦੇ ਦੁਨਿਆਵੀ ਖੇਤਰਾਂ ਵਿੱਚ ਵਿਕਾਸ ਕੀਤਾ। ਇਸੇ ਤਰ੍ਹਾਂ ਇੱਕ ਹੋਰ ਵਰਗ ਦੇ ਸਿਆਣਿਆਂ ਨੇ ਕੁਦਰਤ ਦੇ ਅਨੇਕਾਂ ਵਰਤਾਰਿਆਂ ਦਾ ਧਿਆਨ ਨਾਲ ਨਿਰੀਖਣ ਕੀਤਾ, ਇਨ੍ਹਾਂ ਪਿੱਛੇ ਕੰਮ ਕਰਦੇ ਕੁਦਰਤੀ ਨਿਯਮਾਂ ਨੂੰ ਆਪਣੀ ਬੁੱਧੀ ਨਾਲ ਸਮਝਿਆ ਅਤੇ ਆਪਣੇ ਇਸ ਗਿਆਨ ਨੂੰ ਸਾਇੰਸ ਦਾ ਰੂਪ ਦਿੱਤਾ। ਫਿਰ ਇਸ ਸਾਇੰਸ ਨੂੰ ਤਕਨੀਕਾਂ ਅਤੇ ਕਾਢਾਂ ਰਾਹੀਂ ਸਮੁੱਚੀ ਮਨੁੱਖਤਾ ਦੀ ਭਲਾਈ ਵਾਸਤੇ ਵਰਤਿਆ। ਇਨ੍ਹਾਂ ਮਹਾਂਪੁਰਖਾਂ, ਮਹਾਂ-ਮਨੁੱਖਾਂ ਅਤੇ ਸਿਆਣਿਆਂ ਦੇ ਪਰਉਪਕਾਰਾਂ ਸਦਕਾ ਅੱਜ ਆਪਾਂ ਸਾਰੇ ਆਪਣੇ ਪੂਰਵਜਾਂ ਤੋਂ ਵੱਧ ਖ਼ੁਸ਼ਹਾਲ, ਸਾਧਨ-ਸਪੰਨ, ਸਿਹਤਮੰਦ, ਪੜ੍ਹੇ-ਲਿਖੇ ਅਤੇ ਆਤਮ-ਨਿਰਭਰ ਹਾਂ। ਸਾਨੂੰ ਸੁਖ-ਸਹੂਲਤਾਂ, ਮਨ-ਪ੍ਰਚਾਵੇ ਦੇ ਸਾਧਨ, ਸਿਹਤ-ਸੇਵਾਵਾਂ, ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ, ਖਾਧ-ਖੁਰਾਕ ਦੇ ਵਸੀਲੇ, ਵਿੱਦਿਆ ਅਤੇ ਗਿਆਨ ਪ੍ਰਾਪਤੀ ਦੇ ਸਾਧਨ ਅਤੇ ਰਾਜਨੀਤਕ ਅਤੇ ਸਮਾਜਿਕ ਖੁੱਲ੍ਹਾਂ ਹਾਸਲ ਹਨ।
ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਦੇ ਨਾਲ-ਨਾਲ ਮਨੁੱਖ ਦੇ ਦੂਸਰੇ ਬਹੁਤ ਵੱਡੇ ਹਿੱਸੇ ਨੇ ਆਪਣੇ ਇਨ੍ਹਾਂ ਹੀ ਕੁਦਰਤੀ ਵਿਸ਼ੇਸ਼ ਗੁਣਾਂ ਦੀ ਹੱਦੋਂ ਵੱਧ ਦੁਰਵਰਤੋਂ ਵੀ ਕੀਤੀ; ਇੰਨੀ ਕਿ ਮਨੁੱਖ ਦੀਆਂ ਚੰਗਿਆਈਆਂ ਉਸ ਦੀਆਂ ਬੁਰਿਆਈਆਂ ਸਾਹਮਣੇ ਨਾਂਮਾਤਰ ਲੱਗਦੀਆਂ ਹਨ। ਕਿੰਨੇ-ਕਿੰਨੇ ਜ਼ਾਲਮ ਹੁਕਮਰਾਨ, ਖੁਦਗਰਜ਼ ਹਾਕਮ-ਸ਼੍ਰੇਣੀਆਂ; ਧਰਮਾਂ, ਜਾਤਾਂ ਅਤੇ ਸਮਾਜਿਕ ਨਾਬਰਾਬਰੀਆਂ ਦੀ ਆੜ ਹੇਠ ਜੰਗਾਂ ਰਾਹੀਂ ਮਨੁੱਖਤਾ ਦਾ ਘਾਣ ਕਰਨ ਵਾਲੇ ਅਖੌਤੀ ਧਾਰਮਿਕ ਅਤੇ ਸਮਾਜਿਕ ਆਗੂ ਵੀ ਲਗਾਤਾਰ ਆਏ ਅਤੇ ਆ ਰਹੇ ਹਨ। ਮਨੁੱਖੀ ਗੁਣਾਂ ਦੀ ਇਹ ਦੁਰਵਰਤੋਂ ਵਿਅਕਤੀਗਤ ਪੱਧਰ ’ਤੇ ਵੀ ਹੋਈ ਅਤੇ ਸਮੂਹਿਕ ਪੱਧਰ ’ਤੇ ਵੀ ਹੋਈ। ਇਤਿਹਾਸ ਇਸ ਗੱਲ ਦਾ ਗਵਾਹ ਅਤੇ ਵਰਤਮਾਨ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਮੇਂ ਨਾਲ ਇਸ ਦੁਰਵਰਤੋਂ ਵਿੱਚ ਵਾਧਾ ਹੀ ਹੋਇਆ ਹੈ। ਭਾਵੇਂ ਇਸ ਦੁਰਵਰਤੋਂ ਦੀਆਂ ਕਿਸਮਾਂ ਅਤੇ ਕਰਨ ਦੇ ਢੰਗ-ਤਰੀਕੇ ਬਦਲਦੇ ਰਹੇ ਹਨ, ਪਰ ਇਨ੍ਹਾਂ ਦੀ ਕਰੂਰਤਾ ਅਤੇ ਮਿਕਦਾਰ ਕਦੇ ਵੀ ਘਟੀ ਨਹੀਂ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਆਪਸ ਵਿੱਚ ਕੀਤੇ ਨੁਕਸਾਨ ਤੋਂ ਇਲਾਵਾ ਮਨੁੱਖ ਨੇ ਧਰਤੀ ਅਤੇ ਇਸ ਦੇ ਕੁਦਰਤੀ ਵਸੀਲਿਆਂ ਦਾ ਵੀ ਬਹੁਤ ਨੁਕਸਾਨ ਕੀਤਾ ਹੈ। ਸਾਨੂੰ ਦਰਪੇਸ਼ ਮਾਰੂ ਦੋ ਹੋਰ ਸਮੱਸਿਆਵਾਂ ਹਨ: ਪਰਮਾਣੂ ਹਥਿਆਰਾਂ ਦੀ ਦੌੜ ਅਤੇ ਕੰਪਿਊਟਰ ਖੇਤਰ ਵਿੱਚ ਹੋ ਰਹੀਆਂ ਬੇਲੋੜੀਆਂ ਅਤੇ ਬੇਲਗਾਮ ਖੋਜਾਂ। ਇਨ੍ਹਾਂ ਤੋਂ ਇਲਾਵਾ ਭੁੱਖਮਰੀ, ਗ਼ਰੀਬੀ, ਨਾ-ਬਰਾਬਰੀ, ਅਤਿਵਾਦ, ਮਹਾਮਾਰੀਆਂ, ਵਧ ਰਹੀ ਆਬਾਦੀ, ਸੰਪਰਦਾਇਕ ਝਗੜੇ, ਖਪਤਵਾਦ, ਇਸ਼ਤਿਹਾਰਬਾਜ਼ੀ, ਪਲਾਸਟਿਕ ਦਾ ਪ੍ਰਦੂਸ਼ਣ ਅਤੇ ਸਰਕਾਰਾਂ ਦੀ ਘਟ ਰਹੀ ਭਰੋਸੇਯੋਗਤਾ ਅਤੇ ਅਥਾਰਿਟੀ ਦੀਆਂ ਸਮੱਸਿਆਵਾਂ। ਮਨੁੱਖ ਵੱਲੋਂ ਮਨੁੱਖ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਜ਼ੁਲਮ ਅਤੇ ਆਪ-ਸਹੇੜੀਆਂ ਇਨ੍ਹਾਂ ਮਾਰੂ ਸਮੱਸਿਆਵਾਂ ਨੇ ਸਾਡੀਆਂ ਵਿਅਕਤੀਗਤ ਅਤੇ ਸਮੂਹਿਕ ਸਿਆਣਪਾਂ ਉੱਤੇ ਵੱਡਾ ਪ੍ਰਸ਼ਨ-ਚਿੰਨ੍ਹ ਲਾ ਦਿੱਤਾ ਹੈ।
ਇਸ ਨੇ ਇਹ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਇਨਸਾਨ ਸਿਆਣਾ ਹੈ ਜਾਂ ਮੂਰਖ? ਮੂਰਖ ਉਹ ਹੁੰਦਾ ਹੈ ਜੋ ਆਪਾ-ਮਾਰੂ ਜਾਂ ਮਾਨਵਤਾ ਅਤੇ ਕੁਦਰਤ ਵਿਰੋਧੀ ਕੰਮ ਕਰੇ; ਜਾਣ-ਬੁਝ ਕੇ ਕਰੇ ਭਾਵੇਂ ਅਣਜਾਣ-ਪੁਣੇ ਵਿੱਚ ਕਰੇ। ਇਤਿਹਾਸ ਨੂੰ ਪੜ੍ਹ ਕੇ ਅਤੇ ਅੱਜ ਦੀਆਂ ਨਿਰਾਸ਼ਾਜਨਕ ਸਥਿਤੀਆਂ ਨੂੰ ਦੇਖ ਕੇ ਸਿੱਧ ਹੋ ਜਾਂਦਾ ਹੈ ਕਿ ਮਨੁੱਖ ਸੁਭਾਵਿਕ ਤੌਰ ’ਤੇ ਸਿਆਣਾ ਘੱਟ ਅਤੇ ਮੂਰਖ ਵੱਧ ਹੈ। ਸੰਸਾਰ ਦੇ ਉੱਘੇ ਫ਼ਿਲਾਸਫ਼ਰ- ਇਤਿਹਾਸਕਾਰ ਯੂਵਲ ਹਰਾਰੀ ਨੇ ਆਪਣੀ ਕਿਤਾਬ ‘21ਵੀਂ ਸਦੀ ਵਾਸਤੇ 21 ਸਬਕ’ ਵਿੱਚ ਲਿਖਿਆ ਹੈਃ “ਸਾਨੂੰ ਮਨੁੱਖੀ ਮੂਰਖਤਾ – ਭਾਵੇਂ ਇਹ ਵਿਅਕਤੀਗਤ ਪੱਧਰ ਦੀ ਹੋਵੇ ਭਾਵੇਂ ਸਮੂਹਿਕ ਪੱਧਰ ਦੀ- ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ਮਨੁੱਖ ਵਿੱਚ ਆਪਣੀ ਤਬਾਹੀ ਆਪ ਕਰਨ ਦੀ ਕੁਦਰਤੀ ਪ੍ਰਵਿਰਤੀ ਹੈ। ਮਨੁੱਖੀ ਮੂਰਖਤਾ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਹੈ, ਫਿਰ ਵੀ ਅਸੀਂ ਇਸ ਨੂੰ ਘਟਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਸੂਝਵਾਨ ਲੀਡਰ ਵੀ ਅਕਸਰ ਵੱਡੀਆਂ-ਵੱਡੀਆਂ ਮੂਰਖਤਾਵਾਂ ਕਰ ਬੈਠਦੇ ਹਨ।” ਮੂਰਖਤਾ ਕਰਕੇ ਹੀ ਸਰਕਾਰਾਂ ਅਤੇ ਜ਼ਿੰਮੇਵਾਰ ਹਸਤੀਆਂ ਨਾ ਤਾਂ ਆ ਰਹੀਆਂ ਸਮੱਸਿਆਵਾਂ ਨੂੰ ਗੌਲ਼ਦੀਆਂ ਹਨ ਅਤੇ ਨਾ ਹੀ ਪਈਆਂ ਹੋਈਆਂ ਨੂੰ ਨਜਿੱਠ ਸਕਦੀਆਂ ਹਨ।
ਨਿਰਾਸ਼ਾਜਨਕ ਗੱਲ ਇਹ ਹੈ ਕਿ ਮੂਰਖਤਾ ਦੇ ਹਰ ਪੱਧਰ ’ਤੇ ਸਦੀਵੀ ਅਤੇ ਸਰਬ-ਵਿਆਪੀ ਹੋਣ ਦੇ ਬਾਵਜੂਦ ਇਸ ਵਿਸ਼ੇ ’ਤੇ ਨਾਂ-ਮਾਤਰ ਖੋਜ ਹੋਈ ਹੈ, ਜਦੋਂ ਕਿ ਮਨੋਵਿਗਿਆਨੀ, ਸਮਾਜਿਕ ਮਨੋਵਿਗਿਆਨੀ ਅਤੇ ਚਿੰਤਕ ਹੋਰ ਅਣਗਿਣਤ ਕਿਸਮ ਦੀਆਂ ਖੋਜਾਂ ਕਰੀ ਜਾ ਰਹੇ ਹਨ। ਇਸ ਵਿਸ਼ੇ ’ਤੇ ਕਿਤੇ ਕੋਈ ਸੈਮੀਨਾਰ, ਕੋਈ ਕੋਰਸ ਜਾਂ ਟਰੇਨਿੰਗ ਆਦਿ ਨਹੀਂ ਹੁੰਦੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕੁਦਰਤੀ ਸੁਭਾਅ ਕਰਕੇ ਅਸੀਂ ਆਪਣੇ ਔਗੁਣਾਂ-ਵਿਕਾਰਾਂ, ਆਪਣੀਆਂ ਗਲਤੀਆਂ-ਕਮਜ਼ੋਰੀਆਂ ਅਤੇ ਮੂਰਖਤਾਵਾਂ ਪ੍ਰਤੀ ਬਹੁਤ ਭਾਵੁਕ ਹਾਂ ਅਤੇ ਆਪਣੇ ਨੇੜੇ ਤੋਂ ਨੇੜੇ ਦੇ ਵਿਅਕਤੀ ਨਾਲ ਵੀ ਇਨ੍ਹਾਂ ਬਾਰੇ ਗੱਲਬਾਤ ਨਹੀਂ ਕਰ ਸਕਦੇ। ਹੋਰ ਕਿਸੇ ਦੀ ਗੱਲ ਛੱਡੀਏ, ਨਿਰਪੱਖ ਢੰਗ ਨਾਲ ਆਪਣੀ ਸਵੈ-ਪੜਚੋਲ ਵੀ ਨਹੀਂ ਕਰ ਸਕਦੇ। ਇਹ ਗੱਲ ਵਿਅਕਤੀਗਤ, ਸਮੂਹਿਕ ਅਤੇ ਸਰਕਾਰਾਂ, ਸਭ ਪੱਧਰ ’ਤੇ ਢੁਕਦੀ ਹੈ। ਆਪਣੇ ਇਸ ਸੁਭਾਅ ਦੇ ਸਬੂਤਾਂ ਵਾਸਤੇ ਆਪਾਂ ਨੂੰ ਬਾਹਰੋਂ ਤੱਥ ਲੱਭਣ ਦੀ ਜ਼ਰੂਰਤ ਨਹੀਂ, ਆਪਾਂ ਇਹ ਸਭ ਆਪ ਕਰਦੇ ਹਾਂ ਅਤੇ ਦੂਸਰਿਆਂ ਨੂੰ ਕਰਦੇ ਦੇਖਦੇ ਹਾਂ। ਪਰਿਵਾਰਾਂ, ਸਮਾਜਿਕ ਇਕੱਠਾਂ, ਮੀਟਿੰਗਾਂ ਅਤੇ ਵੱਡੀਆਂ-ਵੱਡੀਆਂ ਸਭਾਵਾਂ ਵਿੱਚ ਵੱਡੇ-ਵੱਡੇ ਮਸਲੇ ਬਾਰੀਕੀਆਂ ਨਾਲ ਵਿਚਾਰੇ ਜਾਂਦੇ ਹਨ ਅਤੇ ਵੱਡੇ-ਵੱਡੇ ਸਹੀ ਫੈਸਲੇ ਲਏ ਜਾਂਦੇ ਹਨ, ਪਰ ਕਦੇ ਅੰਤਰਝਾਤ ਨਹੀਂ ਪਾਈ ਜਾਂਦੀ, ਸਵੈ-ਪੜਚੋਲ ਨਹੀਂ ਕੀਤੀ ਜਾਂਦੀ। ਸਿਰਫ਼ ਆਪਣੀਆਂ ਮੂਰਖਤਾਵਾਂ ਤੋਂ ਮੁੱਕਰਨ ਜਾਂ ਇਨ੍ਹਾਂ ਨੂੰ ਜਾਇਜ਼ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਹੀ ਕੀਤੀਆਂ ਜਾਂਦੀਆਂ ਹਨ।
ਆਪਾਂ ਸਿਆਣੇ ਜਾਂ ਮੂਰਖ ਇਨਸਾਨਾਂ ਵਿੱਚ ਕੋਈ ਵੰਡ ਨਹੀਂ ਪਾ ਸਕਦੇ ਕਿਉਂਕਿ ਵਾਧੇ-ਘਾਟੇ ਅਤੇ ਕਿਸਮ ਦੇ ਫਰਕ ਨਾਲ ਹਰ ਇਨਸਾਨ ਆਪਣੇ-ਆਪ ਵਿੱਚ ਸਿਆਣਪ ਅਤੇ ਮੂਰਖਤਾ ਦਾ ਮਿਸ਼ਰਣ ਹੈ, ਕਾਰਨ-ਵਸ ਆਪਾਂ ਸਾਰੇ ਦੋਹਾਂ ਕਿਸਮਾਂ ਦੇ ਕੰਮ ਕਰਦੇ ਹਾਂ। ਡਾ. ਜੌਨਥਨ ਹਾਈਟ ਅਨੁਸਾਰ ਸਾਡੀ ਸ਼ਖ਼ਸੀਅਤ ਇੱਕ ਇਕਾਈ ਨਾ ਹੋ ਕੇ ਇੱਕ ਐਸੀ ਕਮੇਟੀ ਵਾਂਗ ਹੈ ਜਿਸ ਨੂੰ ਇੱਕ ‘ਮਹੱਤਵਪੂਰਨ ਕੰਮ’ ਮਿਲਿਆ ਹੋਇਆ ਹੈ, ਪਰ ਜਿਸ ਦੇ ਮੈਂਬਰ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਹਨ। ਇਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਇਸ ਤੋਂ ਵੱਧ ਤੋਂ ਵੱਧ ਸਿਆਣੇ ਫੈਸਲੇ ਕਰਵਾਈਏ ਤਾਂ ਕਿ ਅਸੀਂ ਮਿਲੇ ਹੋਏ ‘ਮਹੱਤਵਪੂਰਨ ਕੰਮ’ ਨੂੰ ਪੂਰਾ ਕਰ ਸਕੀਏ। ਪਰ ਦੋ ਕਾਰਨਾਂ ਕਰਕੇ ਆਪਾਂ ਇਹ ਸਭ ਕਰਨ ਤੋਂ ਅਸਮਰੱਥ ਹਾਂ। ਪਹਿਲਾ ਸੁਖਾਵੇਂ ਬਾਹਰੀ ਮਾਹੌਲ ਦੀ ਘਾਟ: ਜਿਵੇਂ ਕਿ ਸਮਾਜ, ਪ੍ਰਬੰਧ, ਰਾਜਨੀਤੀ ਅਤੇ ਸਰਕਾਰੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਪ੍ਰਤੀ ਆਪਾਂ ਬੇਵੱਸ ਹਾਂ। ਅਸੀਂ ਆਪਣੇ-ਆਪ ਇਸ ਸਮਾਜਿਕ ਜਾਲ ਵਿੱਚੋਂ ਨਿਕਲ ਨਹੀਂ ਸਕਦੇ। ਇਸ ਪਾਸੇ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਵਿਅਰਥ ਹੋ ਜਾਂਦੀਆਂ ਹਨ। ਦੂਜਾ ਹੈ
ਸਾਡੀ ਫਜ਼ੂਲ ਦੀ ਭਾਵੁਕਤਾ: ਜਿਹੜੀ ਸਾਨੂੰ ਸਾਡੇ ਔਗੁਣਾਂ-ਵਿਕਾਰਾਂ ਪ੍ਰਤੀ ਨਿਰਪੱਖ ਰਵੱਈਆ ਨਹੀਂ ਅਪਣਾਉਣ ਦਿੰਦੀ, ਸਾਨੂੰ ਯਥਾਰਥਵਾਦੀ ਨਹੀਂ ਬਣਨ ਦਿੰਦੀ। ਇਨ੍ਹਾਂ ਨੂੰ ਪਛਾਣਨ, ਸਵੀਕਾਰ ਕਰਨ ਅਤੇ ਦੂਰ ਕਰਨ ਦੀਆਂ ਸੁਹਿਰਦ ਅਤੇ ਸੁਚੇਤ ਕੋਸ਼ਿਸ਼ਾਂ ਤੋਂ ਬਗੈਰ ਅੱਗੇ ਵਾਸਤੇ ਇਨ੍ਹਾਂ ਤੋਂ ਬਚ ਸਕਣਾ ਅਸੰਭਵ ਹੈ।
ਸਪੱਸ਼ਟ ਹੈ ਕਿ ਸਾਡੀਆਂ ਪ੍ਰਚੱਲਿਤ ਸਿਆਣਪਾਂ ਜਿਨ੍ਹਾਂ ਦਾ ਆਧਾਰ ਜ਼ਿਆਦਾਤਰ ਅਜੋਕੀਆਂ ਪੱਛਮੀ ਖੋਜਾਂ ਹਨ, ਸਾਨੂੰ ਆਪਣੀ ਸੁਭਾਵਿਕ ਮੂਰਖਤਾ ਤੋਂ ਰੋਕ ਨਹੀਂ ਸਕੀਆਂ। ਇਸੇ ਕਰਕੇ ਪਿਛਲੇ ਛੇ-ਸੱਤ ਦਹਾਕਿਆਂ ਤੋਂ ਪੱਛਮ ਦੇ ਹਰ ਖੇਤਰ ਦੇ ਮਨੋ-ਵਿਗਿਆਨਕ ਪੂਰਬੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਗੰਭੀਰਤਾ ਨਾਲ ਅਧਿਐਨ ਕਰ ਰਹੇ ਹਨ ਅਤੇ ਇਨ੍ਹਾਂ ਦਾ ਪੱਛਮ ਵਿੱਚ ਹੋ ਰਹੀਆਂ ਖੋਜਾਂ ਨਾਲ ਸੁਮੇਲ ਕਰ ਰਹੇ ਹਨ। ਹੁਣ ਜੇ ਪੱਛਮ ਵਾਲੇ ਖੁੱਲ੍ਹਦਿਲੀ ਨਾਲ ਇਹ ਸਭ ਕਰ ਰਹੇ ਹਨ ਤਾਂ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵੀ ਉਨ੍ਹਾਂ ਦੀਆਂ ਖੋਜਾਂ ਰਾਹੀਂ ਆਪਣੀ ਅਧਿਆਤਮਕ ਵਿਰਾਸਤ ਨੂੰ ਅੱਜ ਦੇ ਸਾਇੰਸੀ ਪਰਿਪੇਖ ਵਿੱਚ ਨਵੇਂ ਸਿਰੇ ਤੋਂ ਸਮਝੀਏ। ਇਸ ਵਾਸਤੇ ਅਧਿਆਤਮਕ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣਾ ਹੀ ਸਾਡੇ ਵਾਸਤੇ ਇੱਕ ਰਾਹ ਹੈ। ਇੱਥੇ ਇਹ ਵਿਚਾਰ ਵੀ ਜ਼ਰੂਰੀ ਹੈ ਕਿ ਸਭ ਧਰਮਾਂ ਦੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਆਧਾਰ ਇੱਕ ਹੀ ਸਚਾਈ ਹੈ। ਜਿਵੇਂ ਸਾਇੰਸਦਾਨ ਮਨੁੱਖੀ ਜੂਨ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹਨ, ਉਸੇ ਤਰ੍ਹਾਂ ਮਹਾਂਪੁਰਖਾਂ ਨੇ ਵੀ ਮਨੁੱਖ ਦੀ ਜੂਨ ਨੂੰ ਸਰਬ-ਸ੍ਰੇਸ਼ਟ ਕਿਹਾ ਹੈ। ਗੁਰਬਾਣੀ ਨੇ ਕੁਦਰਤ ਵੱਲੋਂ ਇਸ ਨੂੰ ਬਾਕੀ ਸਭ ਜੂਨਾਂ ਦੀ ਸਰਦਾਰੀ ਦਿੱਤੀ ਹੋਈ ਦੱਸਿਆ ਹੈ। ਇਸ ਦੇ ਸਰੀਰ ਨੂੰ ਹਰੀ ਮੰਦਰ ਅਤੇ ਮਨ ਨੂੰ ਜੋਤ ਸਰੂਪ ਕਿਹਾ ਹੈ। ਪਰ ਨਾਲ ਹੀ ਉਹ ਮਨੁੱਖ ਨੂੰ ਮੂਰਖ, ਅਣਜਾਣ, ਮਤਹੀਣ, ਅੰਨ੍ਹਾ ਅਤੇ ਇਸ ਤਰ੍ਹਾਂ ਦੇ ਭਾਵ ਵਾਲੇ ਹੋਰ ਅਨੇਕਾਂ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਹਨ। ਇੰਨਾ ਹੀ ਨਹੀਂ ਉਹ ਸਾਨੂੰ ਖੁਦਗਰਜ਼, ਹੰਕਾਰੀ ਪਖੰਡੀ, ਨੀਚ ਤੱਕ ਕਹਿੰਦੇ ਹਨ। ਇਹ ਸਭ ਉਹ ਵਾਰ-ਵਾਰ ਕਹਿੰਦੇ ਅਤੇ ਕਰਦੇ ਹਨ। ਇਹ ਸਭ ਉਹ ਕਿਸੇ ਖਾਸ ਦੇਸ਼, ਧਰਮ, ਕੌਮ ਜਾਂ ਗਰੁੱਪ ਦੇ ਬੰਦਿਆਂ ਨੂੰ ਨਹੀਂ ਬਲਕਿ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਸਾਂਝੇ ਤੌਰ ’ਤੇ ਕਹਿੰਦੇ ਹਨ ਅਤੇ ਇਨ੍ਹਾਂ ਔਗੁਣਾਂ ਵਿਕਾਰਾਂ ਕਰਕੇ ਕੀਤੀਆਂ ਸਾਡੀਆਂ ਮੂਰਖਤਾਵਾਂ ਦੀ ਖੁੱਲ੍ਹੇਆਮ ਚਰਚਾ ਕਰਦੇ ਹਨ।
ਮਨੁੱਖ ਮੁੱਢ-ਕਦੀਮ ਤੋਂ ਹੀ ਸੁਭਾਵਿਕ ਤੌਰ ’ਤੇ ਬੁਰਾ ਅਤੇ ਮੂਰਖ ਹੈ। ਉਸ ਨੂੰ ਬੁਰਿਆਈਆਂ ਅਤੇ ਮੂਰਖਤਾਵਾਂ ਤੋਂ ਵਰਜਣ ਵਾਸਤੇ ਹੀ ਹਜ਼ਰਤ ਮੂਸਾ ਨੇ ਦਸ ਰੱਬੀ ਨੇਮ ਜਾਰੀ ਕੀਤੇ, ਮਹਾਤਮਾ ਬੁੱਧ ਨੇ ਅਸ਼ਟ-ਮਾਰਗ ਦਾ ਸਿਧਾਂਤ ਦਿੱਤਾ, ਇਸਾਈ ਧਰਮ ਵਿੱਚ ਸੱਤ ਮਹਾਂ-ਪਾਪਾਂ ਤੋਂ ਵਰਜਿਆ। ਮੁਸਲਿਮ ਧਰਮ ਨੇ ਆਪਣੇ ਪੈਰੋਕਾਰਾਂ ਨੂੰ ਬੁਰਾਈਆਂ ਤੋਂ ਰੋਕਣ ਵਾਸਤੇ ਗੁਨਾਹਾਂ ਦੀ ਲੰਬੀ ਲਿਸਟ ਬਣਾਈ ਹੋਈ ਹੈ। ਹਿੰਦੂ ਧਰਮ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਨੂੰ ਮਨੁੱਖ ਦੇ ਹੋਰ ਸਭ ਔਗੁਣਾਂ-ਵਿਕਾਰਾਂ ਦਾ ਆਧਾਰ ਮੰਨਿਆ ਹੈ। ਗੁਰਬਾਣੀ ਵਿੱਚ ਇਸ ਨੂੰ ਹੋਰ ਸਪੱਸ਼ਟ ਅਤੇ ਵਿਗਿਆਨਕ ਢੰਗ ਨਾਲ ਸਮਝਾਇਆ ਹੈ ਕਿ ਮਨੁੱਖ ਦਾ ਇੱਕ ਹੀ ਮੁੱਖ ਔਗੁਣ (ਰੋਗ) ਹੈ: ਹਉਮੈਂ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਦਾ ਮੂਲ ਹੈ। ਅਸੀਂ ਸਾਰੇ ਬੁਰੇ ਕੰਮ ਇਨ੍ਹਾਂ ਵਿੱਚੋਂ ਕਿਸੇ ਇੱਕ ਜਾਂ ਇਨ੍ਹਾਂ ਦੇ ਸਮੂਹਾਂ ਅਧੀਨ ਹੋ ਕੇ ਕਰਦੇ ਹਾਂ, ਭਾਵ ਹਉਮੈ ਦੇ ਕਿਸੇ ਨਾਂ ਕਿਸੇ ਹਿੱਸੇ ਅਧੀਨ ਹੋ ਕੇ।
ਕੀ ਅਸੀਂ ਆਪਣੇ ਕੁਦਰਤੀ ਅਤੇ ਸੁਭਾਵਿਕ ਔਗੁਣਾਂ-ਵਿਕਾਰਾਂ ਵਾਸਤੇ ਜ਼ਿੰਮੇਵਾਰ ਹਾਂ? ਨਾ ਵੀ ਹੋਈਏ ਤਾਂ ਵੀ ਵਿਹਾਰਕ ਅਤੇ ਕਾਨੂੰਨੀ ਤੌਰ ’ਤੇ ਇਨ੍ਹਾਂ ਦੇ ਮਾਲਕ ਹੋਣ ਦੇ ਨਾਤੇ ਅੱਜ ਅਸੀਂ ਹੀ ਦੋਸ਼ੀ ਹਾਂ। ਫਿਰ ਵੀ ਮਹਾਂਪੁਰਖ ਸਾਨੂੰ ਇਨ੍ਹਾਂ ਦੇ ਮਾਲਕ ਹੋਣ ਦੇ ਨਾਤੇ ਬੁਰਾ ਨਹੀਂ ਕਹਿੰਦੇ ਬਲਕਿ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਇਨ੍ਹਾਂ ਨੂੰ ਬੇਦਖਲ ਕਰਨ ਤੋਂ ਇਨਕਾਰੀ ਹੋਣ ਕਰਕੇ ਕਹਿੰਦੇ ਹਨ। ਸਾਡੇ ਔਗੁਣਾਂ-ਵਿਕਾਰਾਂ ਦਾ ਵਾਰ-ਵਾਰ ਜ਼ਿਕਰ ਕਰਨ ਤੋਂ ਉਨ੍ਹਾਂ ਦਾ ਭਾਵ ਸਾਨੂੰ ਨਿਰ-ਉਤਸ਼ਾਹਿਤ ਕਰਨ ਤੋਂ ਨਹੀਂ, ਬਲਕਿ ਇਨ੍ਹਾਂ ਦੀ ਹੋਂਦ ਪ੍ਰਤੀ ਸਾਨੂੰ ਜਾਗਰੂਕ ਕਰਨ ਤੋਂ ਹੈ। ਇਸ ਹੱਦ ਤੱਕ ਕਿ ਅਸੀਂ ਇਨ੍ਹਾਂ ਪ੍ਰਤੀ ਆਪਣੀ ਫਜ਼ੂਲ ਭਾਵੁਕਤਾ ਨੂੰ ਛੱਡ ਕੇ ਇਨ੍ਹਾਂ ਨੂੰ ਪਛਾਣੀਏ, ਸਵੀਕਾਰ ਕਰੀਏ ਅਤੇ ਇਨ੍ਹਾਂ ਦੇ ਤਿਆਗਣ ਵਾਸਤੇ ਸੁਹਿਰਦ ਅਤੇ ਸੁਚੇਤ ਕੋਸ਼ਿਸ਼ਾਂ ਕਰ ਸਕੀਏ ਤਾਂ ਕਿ ਕੁਦਰਤ ਵੱਲੋਂ ਸਾਨੂੰ ਮਿਲੇ ‘ਮਹੱਤਵਪੂਰਨ ਕੰਮ’ ਨੂੰ ਸਿਰੇ ਚਾੜ੍ਹ ਸਕੀਏ। ਇਹ ਕੰਮ ਹੈ ਆਪਣੇ ਅਧਿਆਤਮਕ ਫਰਜ਼ ਨੂੰ ਪੂਰਾ ਕਰਨ ਦੇ ਨਾਲ-ਨਾਲ ਇਸ ਜੀਵਨ ਨੂੰ ਸਿਆਣਪ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਜਿਉਣਾ ਅਤੇ ਮਨੁੱਖਤਾ ਦੇ ਹਰ ਵਰਗ ਪ੍ਰਤੀ ਆਪਣੇ ਬਣਦੇ ਫਰਜ਼ ਪੂਰੇ ਕਰਨੇ। ਪੂਰੇ ਵਿਚਾਰ ਦਾ ਸਾਰ-ਤੱਤ ਇਹ ਹੈ ਕਿ ‘ਸਿਆਣੇ ਮਨੁੱਖ’ ਦੇ ਨਾਂ ’ਤੇ ਸਾਡਾ ਹੱਕ ਤਾਂ ਜੱਦੀ ਹੈ ਕਿਉਂਕਿ ਮਹਾਂਪੁਰਖਾਂ ਨੇ ਇਹ ਪਹਿਲਾਂ ਹੀ ਸਾਨੂੰ ਦਿੱਤਾ ਹੋਇਆ ਹੈ, ਪਰ ਸਾਨੂੰ ਨਵੇਂ ਸਿਰੇ ਤੋਂ ਇਸ ਦੇ ਪਾਤਰ ਬਣਨਾ ਪਵੇਗਾ।
ਸੰਪਰਕ: 647 640 2014