ਹਰਜੀਤ ਅਟਵਾਲ
ਦਰਿਆ ਥੇਮਜ਼ ਉੱਪਰ ਲੰਡਨ ਵਿੱਚ ਪੈਂਤੀ ਪੁਲ ਹਨ ਤੇ ਹਰ ਪੁਲ ਦਾ ਇਕ ਆਪਣਾ ਇਤਿਹਾਸ ਹੈ, ਪਰ ਸਭ ਤੋਂ ਮਹੱਤਵਪੂਰਨ ਤੇ ਅਨੋਖਾ ਪੁਲ ਟਾਵਰ ਬ੍ਰਿਜ ਹੈ। ਇਹ ਮਹਿਜ਼ ਇਕ ਪੁਲ ਨਹੀਂ ਹੈ ਸਗੋਂ ਲੰਡਨ ਦੀਆਂ ਖ਼ਾਸ-ਖ਼ਾਸ ਦੇਖਣ ਵਾਲੀਆਂ ਥਾਵਾਂ ਵਿੱਚੋਂ ਇਕ ਹੈ। ਇਹ ਇਕ ਅਜਿਹਾ ਪੁਲ ਹੈ ਜਿਸ ਦੀ ਆਪਣੀ ਵੈੱਬਸਾਈਟ ਹੈ, ਫੇਸਬੁੱਕ ’ਤੇ ਵੀ ਹੈ, ਜਿਸ ਦਾ ਆਪਣਾ ਨੁਮਾਇਸ਼-ਘਰ ਹੈ, ਆਪਣੀ ਵੱਖਰੀ ਸ਼ਾਨ ਹੈ ਤੇ ਪੁਲ ਨੂੰ ਉੱਪਰੋਂ, ਹੇਠੋਂ ਤੇ ਇਸ ਦੇ ਕੰਮ ਕਰਨ ਦੀ ਤਰੀਕਾਕਾਰੀ ਨੂੰ ਦੇਖਣ ਲਈ ਦਸ ਪੌਂਡ ਦਾ ਟਿਕਟ ਹੈ। ਹੋਰ ਤੇ ਹੋਰ ਇਸ ਦਾ ਜਨਮ-ਦਿਨ ਵੀ ਮਨਾਇਆ ਜਾਂਦਾ ਹੈ। ਟਾਵਰ-ਬ੍ਰਿਜ ਮਹਿਜ਼ ਇੱਕ ਪੁਲ ਨਹੀਂ ਹੈ ਬਲਕਿ ਇਮਾਰਤਸਾਜ਼ੀ ਦਾ ਵਧੀਆ ਨਮੂਨਾ ਹੈ। ਇਹ ਸਮੁੰਦਰ ਵੱਲ ਨੂੰ ਲੰਡਨ ਦਾ ਆਖਰੀ ਪੁਲ ਹੈ/ਸੀ। ‘ਹੈ’ ਇਸ ਕਰਕੇ ਕਿ ਸਿਰਫ਼ ਇਸ ਪੁਲ ’ਤੇ ਹੀ ਵੱਡੇ ਜਹਾਜ਼ ਲੰਘਣ ਦੀ ਵਿਵਸਥਾ ਹੈ। ‘ਸੀ’ ਇਸ ਕਰਕੇ ਕਿ ਕੁਝ ਮੀਲ ਅੱਗੇ ਜਾ ਕੇ ਡਾਟਫੋਰਡ ਇਕ ਨਵਾਂ ਪੁਲ ‘ਕੁਈਨ ਐਲਿਜ਼ਬੈੱਥ-ਬ੍ਰਿਜ ਬਣ ਗਿਆ ਹੈ, ਪਰ ਉਹ ਪੁਲ ਏਨਾ ਉੱਚਾ ਹੈ ਕਿ ਜਹਾਜ਼ ਉਸ ਦੇ ਹੇਠੋਂ ਦੀ ਲੰਘ ਜਾਂਦੇ ਹਨ। ਸੋ ਨਵਾਂ ਪੁਲ ਬਣਨ ਤੋਂ ਬਾਅਦ ਵੀ ਟਾਵਰ ਬ੍ਰਿਜ ਦੀ ਟੌਹਰ ਪਹਿਲਾਂ ਵਾਂਗ ਕਾਇਮ ਹੈ।
ਇਹ ਪੁਲ ਪਹਿਲੀ ਦੇਖਣੀ ਵਿਚ ਹੀ ਤੁਹਾਡੇ ਲਈ ਖਿੱਚ ਦਾ ਕਾਰਨ ਬਣ ਜਾਂਦਾ ਹੈ, ਪਰ ਜੇ ਇਸ ਦੇ ਇਤਿਹਾਸ ਜਾਂ ਇਸ ਦੀਆਂ ਹੋਰ ਮਹੱਤਤਾਵਾਂ ਦੇਖੀਏ ਤਾਂ ਤੁਸੀਂ ਹੋਰ ਵੀ ਪ੍ਰਭਾਵਿਤ ਹੋਵੋਗੇ। ਮੈਂ ਜਦੋਂ ਵੀ ਲੰਡਨ ਜਾਵਾਂ ਤਾਂ ਮੈਂ ਆਪਣੀ ਕਾਰ ਇਸ ਬ੍ਰਿਜ ਦੇ ਉੱਪਰ ਦੀ ਜ਼ਰੂਰ ਲੰਘਾਉਂਦਾ ਹਾਂ। ਜਦੋਂ ਤੋਂ ਮੇਰਾ ਬੱਸਾਂ-ਟਰੇਨਾਂ ਦਾ ਸਫ਼ਰ ਮੁਫ਼ਤ ਹੋਇਆ ਹੈ ਤਾਂ ਛੁੱਟੀ ਵਾਲੇ ਦਿਨ ਐਵੇਂ ਹੀ ਨਿਕਲ ਜਾਂਦਾ ਹਾਂ। ਟਾਵਰ-ਬ੍ਰਿਜ ਦੇ ਦੁਆਲੇ ਪੱਚੀ ਮਿੰਟ ਤੁਰਨ ਦੀ ਵਿੱਥ ਦੇ ਵਿੱਚ-ਵਿੱਚ ਬਹੁਤ ਅਮੀਰ ਇਤਿਹਾਸ ਪਿਆ ਹੈ। ਇੱਥੇ ਘੁੰਮਦਿਆਂ ਤੁਸੀਂ ਆਪਣੇ ਆਪ ਨੂੰ ਇਤਿਹਾਸ ਵਿੱਚ ਸਾਹ ਲੈਂਦਿਆਂ ਮਹਿਸੂਸ ਕਰਦੇ ਹੋ। ਟਾਵਰ ਆਫ ਲੰਡਨ ਵੀ ਬਿਲਕੁਲ ਨਾਲ ਹੈ ਜਿੱਥੇ ਸਾਡਾ ਕੋਹੇਨੂਰ ਪਿਆ ਹੈ। ਟਾਵਰ ਆਫ ਲੰਡਨ ਉਹੀ ਕਿਲ੍ਹਾ ਹੈ ਜਿੱਥੋਂ ਬ੍ਰਿਟਿਸ਼ ਨੇਵੀ ਮਾਰਾਂ ’ਤੇ ਨਿਕਲਦੀ ਸੀ। ਟਾਵਰ ਆਫ ਲੰਡਨ ਦੇ ਨਾਂ ’ਤੇ ਹੀ ਇਸ ਦਾ ਨਾਂ ਹੈ। ਵੈਸੇ ਨਕਲੋ-ਨਕਲੀ ਕਈ ਹੋਰ ਦੇਸ਼ਾਂ ਦੇ ਪੁਲਾਂ ਦੇ ਨਾਂ ਵੀ ਟਾਵਰ-ਬ੍ਰਿਜ ਰੱਖ ਲਏ ਗਏ ਹਨ।
ਇਸ ਪੁਲ ਦੀ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਵਿਚਕਾਰੋਂ ਖੁੱਲ੍ਹਦਾ ਹੈ। ਇਸ ਦੇ ਦੋ ਪੱਲੜੇ ਹਨ ਜੋ ਉੱਪਰ ਨੂੰ ਉੱਠਦੇ ਹਨ। ਇਹ ਪੱਲੜੇ ਨਹੀਂ ਸੜਕਾਂ ਹਨ। ਇਹ 83 ਡਿਗਰੀ ਤੱਕ ਖੁੱਲ੍ਹਦੇ ਹਨ। ਇਨ੍ਹਾਂ ਪੱਲੜਿਆਂ ਨੂੰ ਖੁੱਲ੍ਹਣ ਲਈ ਪੰਜ ਮਿੰਟ ਲੱਗ ਜਾਂਦੇ ਹਨ। ਇਨ੍ਹਾਂ ਦਾ ਭਾਰ 1100 ਟਨ ਹੈ। ਇਸ ਭਾਰ ਨੂੰ ਸੰਤੁਲਨ ਵਿੱਚ ਰੱਖਣ ਲਈ ਪੁਲ ਦੇ ਹੇਠਾਂ ਵਿਸ਼ੇਸ਼ ਸਿਸਟਮ ਹੈ। ਹਰ-ਰੋਜ਼ ਇਸ ਦੇ ਖੁੱਲ੍ਹਣ ਦਾ ਬਾਕਾਇਦਾ ਟਾਈਮ-ਟੇਬਲ ਹੈ। ਇਸ ਸਮੇਂ ਇੱਥੋਂ ਜਹਾਜ਼ ਲੰਘਦੇ ਹਨ। ਇਸ ਸਮੇਂ ਦੋ ਅਦਭੁੱਤ ਨਜ਼ਾਰੇ ਦਿਸਣ ਨੂੰ ਮਿਲਦੇ ਹਨ, ਇਕ ਤਾਂ ਐਡੇ ਵੱਡੇ ਜਹਾਜ਼ ਦਾ ਲੰਡਨ ਵਿੱਚ ਵੜਨ ਦਾ ਦ੍ਰਿਸ਼ ਤੇ ਦੂਜਾ ਪੁਲ ਖੁੱਲ੍ਹਣ ਦਾ ਨਜ਼ਾਰਾ। ਇਸ ਨੂੰ ਦੇਖਣ ਲਈ ਅਨੇਕਾਂ ਲੋਕ ਇਕੱਠੇ ਹੋ ਜਾਂਦੇ ਹਨ। ਹੁਣ ਇਸ ਤਰਜ਼ ’ਤੇ ਦੁਨੀਆ ਵਿਚ ਬਹੁਤ ਸਾਰੇ ਪੁਲ ਹੋਣਗੇ, ਪਰ ਸਵਾ-ਡੇਢ ਸੌ ਸਾਲ ਪਹਿਲਾਂ ਸ਼ਾਇਦ ਹੀ ਕੋਈ ਹੋਰ ਹੋਵੇਗਾ। ਪੁਲ ਤੋਂ ਵੀ ਖ਼ਾਸ ਚੀਜ਼ ਹੈ ਇਸ ਨੂੰ ਖੋਲ੍ਹਣ ਦੀ ਤਕਨੀਕ। ਇਹ ਪੁਲ ਹਾਈਡਰੌਲਿਕ ਪਾਵਰ ਦੀ ਵਿਧੀ ਨਾਲ ਖੁੱਲ੍ਹਦਾ ਹੈ। ਇਸ ਦੇ ਦੋਵੇਂ ਪੱਲੜੇ ਜਾਂ ਸੜਕ ਦੇ ਟੋਟੇ ਏਨੇ ਭਾਰੇ ਹਨ ਕਿ ਇਨ੍ਹਾਂ ਨੂੰ ਚੁੱਕਣ ਲਈ ਬਹੁਤ ਸਾਰੀ ਸ਼ਕਤੀ ਦੀ ਲੋੜ ਪੈਂਦੀ ਹੈ। ਜਦੋਂ ਇਹ ਪੁਲ ਬਣਾਇਆ ਗਿਆ ਸੀ ਤਾਂ ਉਨ੍ਹਾਂ ਦਿਨਾਂ ਵਿਚ ਭਾਫ਼ ਵਿੱਚੋਂ ਮਿਲਦੀ ਊਰਜਾ ਪ੍ਰਚੱਲਤ ਸੀ। ਰੇਲ ਗੱਡੀਆਂ, ਪਾਣੀ ਵਾਲੇ ਜਹਾਜ਼ ਆਦਿ ਇਸੇ ਊਰਜਾ ਨਾਲ ਚੱਲਦੇ ਸਨ ਤੇ ਇੰਜਨੀਅਰਾਂ ਨੇ ਇਸ ਪੁਲ ਲਈ ਵੀ ਸਟੀਮ ਭਾਵ ਭਾਫ਼ ਹੀ ਵਰਤੀ ਤੇ ਫਿਰ ਇਸ ਨੂੰ ਬਿਜਲਈ ਉਪਰਕਨਾਂ ਵਿੱਚ ਬਦਲ ਦਿੱਤਾ। 1972 ਵਿੱਚ ਇਸ ਨੂੰ ਇਲੈੱਕਟ੍ਰਿਕ ਹਾਈਡਰੌਲਿਕ ਵਿਚ ਬਦਲ ਦਿੱਤਾ ਗਿਆ। ਇੱਕੀਵੀਂ ਸਦੀ ਵਿਚ ਆ ਕੇ ਇਸ ਦੇ ਕੰਟਰੋਲ ਨੂੰ ਕੰਪਿਊਟਰਾਈਜ਼ਡ ਕਰ ਦਿੱਤਾ ਗਿਆ ਹੈ।
ਇਸ ਪੁਲ ਨੂੰ ਬਣਾਉਣ ਦੇ ਮਕਸਦ ਪਿੱਛੇ ਪੂਰਬੀ ਲੰਡਨ ਨੂੰ ਦਰਿਆਓਂ ਪਾਰ ਨਾਲ ਜੋੜਨਾ ਸੀ। ਸਿਵਲ ਇੰਜਨੀਅਰਾਂ ਵੱਲੋਂ ਇਸ ਪੁਲ ਦੇ ਤਕਰੀਬਨ ਪੰਜਾਹ ਨਕਸ਼ੇ ਪੇਸ਼ ਕੀਤੇ ਗਏ ਤੇ ਅਖੀਰ ਵਿੱਚ ਹੋਰੇਸ ਜੋਨਜ਼ ਦੇ ਨਕਸ਼ੇ ਨੂੰ ਮਨਜ਼ੂਰੀ ਮਿਲੀ। ਹੋਰੇਸ ਜੋਨਜ਼ ਅਜਿਹਾ ਡਿਜ਼ਾਈਨਰ ਸੀ ਜਿਸ ਨੇ ਲੰਡਨ ਦੀਆਂ ਹੋਰ ਵੀ ਕਈ ਇਮਾਰਤਾਂ ਦੇ ਨਕਸ਼ੇ ਬਣਾਏ ਸਨ ਜਿਵੇਂ ਕਿ ਸਮਿੱਥਫੀਲਡ ਮਾਰਕੀਟ, ਬਿਲਿੰਗਜ਼ਗੇਟ ਮਾਰਕੀਟ ਤੇ ਲੀਡਨਹਾਲ ਮਾਰਕੀਟ। ਪੁਲ ਬਣਨ ਦੇ ਦਰਮਿਆਨ 1887 ਵਿੱਚ ਹੋਰੇਸ ਜੋਨਜ਼ ਦੀ ਮੌਤ ਹੋ ਗਈ ਤੇ ਉਸ ਦੇ ਕੰਮ ਨੂੰ ਜੌਰਜ ਸਟੀਵਨਸਨ ਨੇ ਸੰਭਾਲਿਆ ਸੀ। ਇਹ ਪੁਲ ਇੰਜਨੀਅਰ ਜੌਹਨ ਵੁਲਫ ਬੈਰੀ ਦੀ ਦੇਖ-ਰੇਖ ਵਿੱਚ ਬਣਿਆਂ ਤੇ ਇਸ ਦੀ ਸਾਂਭ-ਸੰਭਾਲ ਤੇ ਹੋਰ ਖ਼ਰਚੇ ‘ਬ੍ਰਿਜ ਹਾਊਸ ਇਸਟੇਟ’ ਨਾਂ ਦੀ ਸੰਸਥਾ ਕਰਦੀ ਹੈ। ਇਸ ਨੂੰ ਬਣਾਉਣ ਵਿੱਚ ਅੱਠ ਸਾਲ ਲੱਗੇ। 432 ਕਾਮੇ ਲਗਾਤਾਰ ਇਸ ਨੂੰ ਬਣਾਉਣ ਵਿੱਚ ਲੱਗੇ ਰਹੇ। ਇਕ ਅੰਦਾਜ਼ੇ ਮੁਤਾਬਕ ਇਸ ਪੁਲ ਵਿੱਚ ਸੱਤਰ ਹਜ਼ਾਰ ਟਨ ਕੰਕਰੀਟ ਤੇ ਗਿਆਰਾਂ ਹਜ਼ਾਰ ਟਨ ਸਟੀਲ ਲੱਗਾ ਹੋਇਆ ਹੈ। ਇਸ ਨੂੰ ਬਣਾਉਣ ਵਿੱਚ 31 ਮਿਲੀਅਨ ਇੱਟਾਂ ਲੱਗੀਆਂ ਹਨ ਤੇ ਦੋ ਮਿਲੀਅਨ ਰਿਵਟਾਂ। ਇਹ ਅੱਠ ਸੌ ਫੁੱਟ ਜਾਂ ਦੋ ਸੌ ਚਾਲੀ ਮੀਟਰ ਲੰਮਾ ਪੁਲ ਹੈ। ਇਸ ਦੇ ਦੋ ਥੰਮ੍ਹ ਜਾਂ ਟਾਵਰ 213 ਫੁੱਟ ਜਾਂ 65 ਮੀਟਰ ਉੱਚੇ ਹਨ। ਇਨ੍ਹਾਂ ਥੰਮ੍ਹਾਂ ਜਾਂ ਟਾਵਰਾਂ ਦੇ ਵਿਚਕਾਰਲਾ ਪੁਲ ਹੀ ਖੁੱਲ੍ਹਦਾ ਹੈ, ਬਾਕੀ ਦੋਵੇਂ ਪਾਸੇ ਸਥਿਰ ਹਨ। ਪੁਲ ਦੇ ਖੁੱਲ੍ਹਣ ਦੀ ਵਿਧੀ ਨੂੰ ਬੈਸਕਿਉਲ ਵੀ ਕਹਿੰਦੇ ਹਨ ਤੇ ਇਹ ਪੁਲ ਬੈਸਕਿਉਲ ਤੇ ਸਸਪੈਂਸ਼ਨ ਬ੍ਰਿਜ ਦਾ ਮਿਸ਼ਰਣ ਹੈ। ਇਹ ‘ਏ’ ਗਰੇਡ ਲਿਸਟਿਡ ਬ੍ਰਿਜ ਹੈ। ਇਹ 1886 ਵਿੱਚ ਬਣਨਾ ਸ਼ੁਰੂ ਹੋਇਆ ਸੀ, 1894 ਵਿੱਚ ਪੂਰਾ ਹੋਇਆ। ਇਸ ਦਾ ਉਦਘਾਟਨ ਉਸ ਵੇਲੇ ਦੇ ਪ੍ਰਿੰਸ ਤੇ ਪ੍ਰਿੰਸਸ ਆਫ ਵੇਲਜ਼ ਨੇ 30 ਜੂਨ 1894 ਨੂੰ ਕੀਤਾ ਸੀ। ਉਸ ਵੇਲੇ ਇਸ ਉੱਪਰ 1.20 ਮਿਲੀਅਨ ਪੌਂਡ ਖ਼ਰਚ ਆਏ ਸਨ ਜੋ ਅੱਜ ਦੇ 153 ਮਿਲੀਅਨ ਪੌਂਡ ਦੇ ਕਰੀਬ ਬਣਦੇ ਹਨ। ਇਸ ਉੱਪਰੋਂ ਲੰਘਣ ਦਾ ਕੋਈ ਟੌਲ-ਟੈਕਸ ਨਹੀਂ ਲਿਆ ਜਾਂਦਾ। ਹਰ ਰੋਜ਼ ਚਾਲੀ ਹਜ਼ਾਰ ਤੋਂ ਵੱਧ ਲੋਕ ਇਸ ਪੁਲ ਦੀ ਵਰਤੋਂ ਕਰਦੇ ਹਨ।
ਬੀਬੀਸੀ ਦੀ ਇਕ ਡਾਕੂਮੈਂਟਰੀ ਮੁਤਾਬਕ ਟਾਵਰ-ਬ੍ਰਿਜ ਬਰਤਾਨੀਆ ਦੀਆਂ ਚਾਰ ਵਧੀਆ ਇਮਾਰਤਾਂ ਵਿੱਚੋਂ ਇੱਕ ਹੈ। ਇਹ ਲੰਡਨ ਦਾ ਲੈਂਡਮਾਰਕ ਹੈ। ਕਿਸੇ ਫ਼ਿਲਮ ਵਿੱਚ ਇਸ ਦੀ ਤਸਵੀਰ ਹੀ ਦਿਖਾ ਦਿੱਤੀ ਜਾਵੇ ਤਾਂ ਦਰਸ਼ਕ ਸਮਝ ਜਾਂਦੇ ਹਨ ਕਿ ਲੰਡਨ ਦੀ ਗੱਲ ਹੋ ਰਹੀ ਹੈ।
ਇਸ ਪੁਲ ਤੋਂ ਪਹਿਲਾਂ ਇੱਥੋਂ ਲੰਡਨ ਨੂੰ ਜੋੜਨ ਲਈ ਦਰਿਆ ਦੇ ਹੇਠਾਂ ਦੀ ਪੌਣਾ ਮੀਲ ਲੰਮਾ ਸਬਵੇਅ ਬਣਾਇਆ ਗਿਆ ਸੀ। ਕੁਝ ਦੇਰ ਇਹ ਸਬਵੇਅ ਲੋਕਾਂ ਲਈ ਖਿੱਚ ਦਾ ਕਾਰਨ ਬਣਿਆ ਰਿਹਾ, ਪਰ ਫਿਰ ਇਹ ਜਰਾਇਮ ਪੇਸ਼ਾ ਲੋਕਾਂ ਦਾ ਅੱਡਾ ਬਣਨ ਲੱਗ ਪਿਆ, ਲੁੱਟ-ਖੋਹ ਹੋਣ ਲੱਗ ਪਈ ਤਾਂ ਸਬਵੇਅ ਨੂੰ ਬੰਦ ਕਰ ਦਿੱਤਾ ਗਿਆ। ਜਦੋਂ ਤੱਕ ਇਸ ਦੀ ਜ਼ਰੂਰਤ ਵੀ ਨਹੀਂ ਸੀ। ਟਾਵਰ-ਬ੍ਰਿਜ ਉੱਪਰ ਵੀ ਪੈਦਲ ਲੰਘਣ ਲਈ ਰਾਹ ਹਨ। ਹੁਣ ਇਸ ਸਬਵੇਅ ਦੀ ਵਧੀਆ ਤਰੀਕੇ ਨਾਲ ਵਰਤੋਂ ਕਰ ਲਈ ਹੈ।
ਦੂਜੇ ਮਹਾਂਯੁੱਧ ਵਿੱਚ ਟਾਵਰ-ਬ੍ਰਿਜ ਦੁਸ਼ਮਣ ਦੇ ਨਿਸ਼ਾਨੇ ਹੇਠ ਰਿਹਾ ਤੇ ਇਸ ਦੀ ਸੁਰੱਖਿਆ ਵੀ ਬਹੁਤ ਵਧਾ ਦਿੱਤੀ ਗਈ ਸੀ। ਲੰਡਨ ਵਿੱਚ ਕੋਈ ਵੀ ਵੱਡਾ ਜਸ਼ਨ ਮਨਾਇਆ ਜਾਵੇ ਜਿਵੇਂ ਕਿ ਮੈਰਾਥਨ, ਓਲੰਪਿਕ, ਕਿਸੇ ਫ਼ਿਲਮ ਦੀ ਸ਼ੂਟਿੰਗ ਬਗੈਰਾ ਤਾਂ ਟਾਵਰ ਬ੍ਰਿਜ ਨੂੰ ਉਸ ਦਾ ਹਿੱਸਾ ਜ਼ਰੂਰ ਬਣਾਇਆ ਜਾਂਦਾ ਹੈ। 2012 ਵਿੱਚ ਓਲੰਪਿਕ ਦੇ ਪੰਜ ਰਿੰਗ ਇੱਥੇ ਲਟਕਾਏ ਗਏ ਸਨ। ਇਕ ਵਾਰ ਦੋਵਾਂ ਟਾਵਰਾਂ ਵਿਚਕਾਰ ਕਿਸੇ ਪਾਇਲਟ ਨੇ ਹਵਾਈ ਜਹਾਜ਼ ਵੀ ਲੰਘਾ ਦਿੱਤਾ ਸੀ। ਕਈ ਵਿਖਾਵਾਕਾਰੀ ਆਪਣਾ ਵਿਰੋਧ ਜਾਂ ਰੋਸ ਦਿਖਾਉਣ ਲਈ ਇਸ ਦੀ ਉਚਾਈ ਦਾ ਫਾਇਦਾ ਉਠਾਉਂਦੇ ਇਸ ਉੱਪਰ ਵੀ ਚੜ੍ਹ ਜਾਂਦੇ ਹਨ। ਕਈ ਵਾਰ ਇੱਥੇ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਕ ਵਾਰ ਇਕ ਬੱਸ ਦੇ ਲੰਘਦਿਆਂ ਹੀ ਪੁਲ ਖੋਲ੍ਹ ਦਿੱਤਾ ਗਿਆ ਸੀ। ਕੁਝ ਸਾਲ ਪਹਿਲਾਂ ਪੁਲ ਤੋਂ ਇੱਕ ਮੁੰਡਾ ਦਰਿਆ ਵਿੱਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਇੱਕ ਜਾਂਬਾਜ਼ ਨੇ ਛਾਲ ਮਾਰ ਦਿੱਤੀ, ਪਰ ਪਾਣੀ ਦਾ ਤੇਜ਼ ਵਹਾਅ ਦੋਵਾਂ ਨੂੰ ਹੜ੍ਹਾ ਕੇ ਲੈ ਗਿਆ।
ਮੈਂ ਆਪਣੀਆਂ ਲਿਖਤਾਂ ਵਿੱਚ ਲੰਡਨ ਦੇ ਕਈ ਪੁਲਾਂ ਦੀ ਗੱਲ ਕੀਤੀ ਹੈ, ਪਰ ਟਾਵਰ-ਬ੍ਰਿਜ ਦਾ ਜ਼ਿਕਰ ਘੱਟ ਕੀਤਾ ਹੈ। ਕੁਝ ਦੇਰ ਲਈ ਮੈਂ ਇਸ ਨੂੰ ਲੰਡਨ-ਬ੍ਰਿਜ ਹੀ ਸਮਝਦਾ ਰਿਹਾ ਸਾਂ। ਮੇਰੇ ਵਾਂਗ ਹੋਰ ਲੋਕ ਵੀ ਇਹ ਗ਼ਲਤੀ ਕਰ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਰੌਬਰਟ ਮੈਕਾਊਕ ਨਾਂ ਦੇ ਇਕ ਅਮਰੀਕਨ ਬੰਦੇ ਨੇ ਪੁਰਾਣਾ ਲੰਡਨ-ਬ੍ਰਿਜ ਖ਼ਰੀਦਿਆ ਸੀ ਜਿਸ ਦੀ ਉਹ ਇੱਕ-ਇੱਕ ਇੱਟ 1968 ਵਿੱਚ ਸ਼ਿੱਪ ’ਤੇ ਲੱਦ ਕੇ ਲੇਕ ਹਵਾਸੂ ਸਿਟੀ, ਐਰੀਜ਼ੋਨਾ ਲੈ ਗਿਆ ਸੀ, ਉਸ ਨੇ ਟਾਵਰ-ਬ੍ਰਿਜ ਦੇ ਭੁਲੇਖੇ ਹੀ ਪੁਰਾਣਾ ਲੰਡਨ-ਬ੍ਰਿਜ ਖ਼ਰੀਦ ਲਿਆ ਸੀ।
ਇਸ ਨੂੰ ਬਣਾਉਣ ਵੇਲੇ ਇਸ ਦੀ ਪੁਰਾਣੀ ਦਿੱਖ ਰੱਖੀ ਗਈ ਸੀ ਤਾਂ ਜੋ ਇਹ ਹੋਰਨਾਂ ਪੁਲਾਂ ਵਿੱਚ ਰਲ਼ ਜਾਵੇ ਨਹੀਂ ਤਾਂ ਇਹ ਬਹੁਤ ਸਾਰੇ ਪੁਲਾਂ ਤੋਂ ਨਵਾਂ ਹੈ। 1977 ਵਿੱਚ ਮਹਾਰਾਣੀ ਐਲਿਜ਼ਬੈੱਥ ਦੀ ਮਹਾਰਾਣੀ ਬਣਨ ਦੀ ਸਿਲਵਰ ਜੁਬਲੀ ਵੇਲੇ ਇਸ ਪੁਲ ਨੂੰ ਸਫ਼ੈਦ, ਲਾਲ ਤੇ ਨੀਲਾ ਰੰਗਿਆ ਗਿਆ ਸੀ। ਹੁਣ ਇਸ ਦੀ ਪੂਰੀ ਮਾਡਰਨ ਦਿੱਖ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣਦੀ ਹੈ। ਟਾਵਰ ਬ੍ਰਿਜ ਤੋਂ ਵੀ ਪਹਿਲਾਂ ਇੱਥੇ ਹੀ ਦਰਿਆ ਹੇਠ ਸਬਵੇਅ ਬਣਿਆ ਸੀ। ਇਹ ਸਬਵੇਅ 1870 ਵਿੱਚ ਖੁੱਲ੍ਹਿਆ ਸੀ ਤੇ ਹੌਲੀ-ਹੌਲੀ ਇੱਥੇ ਗ਼ਲਤ ਕੰਮ ਹੋਣ ਲੱਗੇ ਸਨ। ਸੋ 1910 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਇਸ ਸਬਵੇਅ ਨੂੰ ਟਾਵਰ ਬ੍ਰਿਜ ਦਾ ਨੁਮਾਇਸ਼ ਘਰ ਜਾਂ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ। ਇੱਥੇ ਇਸ ਪੁਲ ਦਾ ਸਾਰਾ ਇਤਿਹਾਸ ਸਾਂਭਿਆ ਪਿਆ ਹੈ। ਇਸ ਨੂੰ ਚਲਾਉਂਦੀਆਂ ਨਵੀਆਂ-ਪੁਰਾਣੀਆਂ ਮਸ਼ੀਨਾਂ, ਉਪਕਰਣ ਸਾਂਭੇ ਪਏ ਹਨ। ਕੋਇਲੇ ਨਾਲ ਚੱਲਣ ਵਾਲਾ ਇੰਜਣ ਜੋ ਇਸ ਨੂੰ ਉੱਪਰ-ਹੇਠ ਕਰਦਾ ਸੀ ਭਾਵੇਂ ਹੁਣ ਰਿਟਾਇਰ ਹੋ ਚੁੱਕਾ ਹੈ, ਪਰ ਉਹ ਰੰਗ-ਰੋਗਨ ਕਰਕੇ ਪੂਰੀ ਤਰ੍ਹਾਂ ਲਿਸ਼ਕਦਾ ਹੈ। ਇੱਥੇ ਪੁਲ ਦਾ ਇਤਿਹਾਸ ਤਸਵੀਰਾਂ ਰਾਹੀਂ ਤੇ ਫ਼ਿਲਮਾਂ ਰਾਹੀਂ ਦਿਖਾਇਆ ਜਾਂਦਾ ਹੈ।
ਇਹ ਪੁਲ ਦੋ ਟਾਵਰਾਂ ਸਹਾਰੇ ਖੜ੍ਹਾ ਹੈ। 65 ਮੀਟਰ ਉੱਚੇ ਟਾਵਰਾਂ ਨੂੰ ਧੁਰ ਉੱਪਰੋਂ ਵੀ ਆਪਸ ਵਿੱਚ ਜੋੜਿਆ ਹੋਇਆ ਹੈ ਤੇ ਕਾਫ਼ੀ ਖੁੱਲ੍ਹਾ ਆਇਤਕਾਰ ਤੁਰਨ-ਰਾਹ ਬਣਾਇਆ ਗਿਆ ਹੈ। ਕਈ ਬੰਦੇ ਇੱਕੋ ਵੇਲੇ ਤੁਰ ਸਕਦੇ ਹਨ। ਇਹ ਕਾਫ਼ੀ ਉੱਚੀ ਜਗ੍ਹਾ ਹੋਣ ਕਰਕੇ ਇੱਥੋਂ ਪੂਰੇ ਲੰਡਨ ਦਾ ਖ਼ੂਬਸੂਰਤ ਨਜ਼ਾਰਾ ਦਿੱਸਦਾ ਹੈ। ਇਸ ਜਗ੍ਹਾ ਨੂੰ ਹੋਰ ਵੀ ਰੁਮਾਂਚਿਤ ਬਣਾਉਣ ਲਈ ਇਸ ਤੁਰਨ-ਰਾਹ ਦੀ ਫਰਸ਼ ਦਾ ਕੁਝ ਹਿੱਸਾ ਚੀਨ ਦੀਆਂ ਸੈਰਗਾਹਾਂ ਦੀ ਤਰਜ਼ ’ਤੇ ਸ਼ੀਸ਼ੇ ਦਾ ਬਣਾਇਆ ਹੋਇਆ ਹੈ ਜਿਸ ਰਾਹੀਂ ਧੁਰ ਹੇਠਾਂ ਪੁਲ ਉੱਪਰ ਦੀ ਲੰਘਦਾ ਟਰੈਫਿਕ ਤੇ ਦਰਿਆ ਦਿਸਦੇ ਹਨ। ਪਹਿਲੀਆਂ ਵਿੱਚ ਟਾਵਰ-ਬ੍ਰਿਜ ਅੱਜ ਵਾਂਗ ਆਕਰਸ਼ਿਤ ਨਹੀਂ ਸੀ। ਹੁਣ ਜਿਹੜਾ ਵੀ ਸੈਲਾਨੀ ਲੰਡਨ ਆਉਂਦਾ ਹੈ ਉਸ ਦੀ ਲਿਸਟ ਵਿਚਲੀਆਂ ਦੇਖਣ ਵਾਲੀਆਂ ਥਾਵਾਂ ਵਿੱਚ ਟਾਵਰ ਬ੍ਰਿਜ ਵੀ ਸ਼ਾਮਲ ਹੁੰਦਾ ਹੈ।
ਈ-ਮੇਲ : harjeetatwal@hotmail.co.uk