ਲੰਡਨ ਤੋਂ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਹਰਜੀਤ ਅਟਵਾਲ

ਮੈਂ ਨਵਾਂ ਸ਼ਹਿਰ ਕਚਿਹਰੀਆਂ ਵਿਚ ਵਕਾਲਤ ਕਰਦਾ ਸਾਂ। ਉੱਥੇ ਇਕ ਅੰਗਰੇਜ਼ੀ ਸਕੂਲ ਹੁੰਦਾ ਸੀ। ਸਕੂਲ ਦੀ ਪ੍ਰਿੰਸੀਪਲ ਮੇਰੀ ਵਾਕਫ਼ ਸੀ। ਇਕ ਦਿਨ ਮੈਨੂੰ ਸਕੂਲ ਜਾਣ ਦਾ ਮੌਕਾ ਮਿਲਿਆ। ਮੈਂ ਕੀ ਦੇਖਦਾ ਹਾਂ ਕਿ ਸਕੂਲ ਦੇ ਛੋਟੇ ਛੋਟੇ ਬੱਚੇ ਕਵਿਤਾ ਗਾ ਰਹੇ ਸਨ, ‘ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ’...। ਦੋ ਬੱਚੇ ਹੱਥ ਉੱਪਰ ਨੂੰ ਚੁੱਕ ਕੇ ਡਾਟ (ਆਰਕ) ਜਿਹਾ ਬਣਾਉਂਦੇ ਜਿਹੜਾ ਪੁਲ ਦਾ ਪ੍ਰਭਾਵ ਦਿੰਦਾ, ਇਕ ਬੱਚਾ ਹੇਠ ਦੀ ਲੰਘਣ ਲੱਗਦਾ ਤਾਂ ਡਾਟ ਡਿੱਗ ਪੈਂਦਾ ਤੇ ਬੱਚਾ ਪੁਲ ਹੇਠ ਆ ਜਾਂਦਾ। ਮੈਂ ਜ਼ਰਾ ਹੈਰਾਨ ਹੁੰਦਾ ਕਿ ਪੁਲ ਦੇ ਡਿੱਗਣ ਦਾ ਹੀ ਗੋਰਿਆਂ ਨੇ ਗੀਤ ਬਣਾ ਲਿਆ। ਉਂਜ ਅੰਗਰੇਜ਼ੀ ਸਕੂਲਾਂ ਵਿਚ ਕੁਝ ਹੋਰ ਗੀਤ ਵੀ ਗਾਏ ਜਾਂਦੇ ਹਨ ਜਿਵੇਂ ਕਿ ‘ਬਾ ਬਾ ਬਲੈਕ ਸ਼ੀਪ’ ਜਾਂ ‘ਜੈਕ ਐੰਡ ਜਿਲ’ ਪਰ ਮੇਰਾ ਧਿਆਨ ‘ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ’ ਉੱਪਰ ਹੀ ਟਿਕਿਆ ਰਿਹਾ।

ਲੰਡਨ ਆ ਕੇ ਸਭ ਤੋਂ ਪਹਿਲੀ ਮੇਰੀ ਤਮੰਨਾ ਸੀ ਕਿ ਲੰਡਨ ਬਰਿੱਜ ਦੇਖਿਆ ਜਾਵੇ। ਮੇਰੇ ਉਦੋਂ ਦੇ ਮੇਜ਼ਬਾਨ ਨੂੰ ਵੀ ਲੰਡਨ ਦਾ ਬਹੁਤਾ ਨਹੀਂ ਸੀ ਪਤਾ। ਉਸ ਨੇ ਟਾਵਰ ਬਰਿੱਜ ਦਿਖਾ ਕੇ ਕਿਹਾ ਕਿ ਇਹੋ ਲੰਡਨ ਬਰਿੱਜ ਹੈ। ਕੁਝ ਦੇਰ ਮੈਂ ਟਾਵਰ ਬਰਿੱਜ ਨੂੰ ਹੀ ਲੰਡਨ ਬਰਿੱਜ ਸਮਝਦਾ ਰਿਹਾ ਕਿਉਂਕਿ ਦੋਵਾਂ ਦੀਆਂ ਕਈ ਵਾਰ ਤਸਵੀਰਾਂ (ਪੁਰਾਣੀਆਂ) ਵੀ ਤਕਰੀਬਨ ਇਕੋ ਜਿਹੀਆਂ ਹੁੰਦੀਆਂ। ਛੇਤੀ ਹੀ ਮੈਨੂੰ ਪਤਾ ਚੱਲ ਗਿਆ ਕਿ ਲੰਡਨ ਬਰਿੱਜ ਹੋਰ ਹੈ।

ਹੁਣ ਤਾਂ ਥੇਮਜ਼ ਦਰਿਆ ਉੱਪਰ ਬਹੁਤ ਸਾਰੇ ਪੁਲ ਹਨ ਤੇ ਹਰ ਪੁਲ ਇਕ ਇਤਿਹਾਸ ਸਾਂਭੀ ਬੈਠਾ ਹੈ, ਪਰ ਲੰਡਨ ਬਰਿੱਜ ਹਾਲੇ ਵੀ ਇਕ ਮਿੱਥ ਹੈ। ਸ਼ੁਰੂ ਦੇ ਦਿਨਾਂ ਵਿਚ ਮੈਂ ਕਿਸੇ ਨਾਲ ਲੰਡਨ ਬਰਿੱਜ ਬਾਰੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅਸਲੀ ਲੰਡਨ ਬਰਿੱਜ ਤਾਂ ਅਮਰੀਕਨ ਲਾਹ ਕੇ ਲੈ ਗਏ ਸਨ, ਹੁਣ ਵਾਲਾ ਇਹ ਨਕਲੀ ਹੈ। ਫਿਰ ਇਕ ਵਾਰ ਖ਼ਬਰ ਪੜ੍ਹੀ ਕਿ ਪੁਰਾਣਾ ਲੰਡਨ ਬਰਿੱਜ ਜਿਹੜਾ ਦਰਿਆ ਵਿਚ ਡਿੱਗ ਪਿਆ ਸੀ ਉਸ ਦੇ ਕੁਝ ਨਿਸ਼ਾਨ ਮਿਲੇ ਹਨ। ਅਜਿਹਾ ਕਿੰਨਾ ਕੁਝ ਸੁਣਨ-ਪੜ੍ਹਨ ਨੂੰ ਮਿਲਦਾ ਹੋਣ ਕਰਕੇ ਇਸ ਪੁਲ ਵਿਚ ਦਿਲਚਸਪੀ ਹੋਰ ਵੀ ਡੂੰਘੀ ਹੋ ਗਈ। ਸੰਖੇਪ ਵਿਚ ਇਸ ਪੁਲ ਦੀ ਕਹਾਣੀ ਇਹ ਹੈ ਕਿ ਅਸਲੀ ਲੰਡਨ ਬਰਿੱਜ ਰੋਮਨਾਂ ਨੇ ਈਸਾ ਤੋਂ ਵੀ ਬਹੁਤ ਸਾਲ ਪਹਿਲਾਂ ਬਣਾਇਆ ਸੀ, ਲੰਡਨ ਦੇ ਵਸਣ ਦੇ ਨੇੜੇ ਤੇੜੇ ਹੀ। ਇਹ ਪੁਲ ਬੇੜੀਆਂ ਦਾ ਸੀ। ਫਿਰ ਜਿਹੜਾ ਵੀ ਪਹਿਲਾ ਪੁਲ ਥੇਮਜ਼ ਉੱਪਰ ਬਣਿਆ ਉਸ ਦਾ ਨਾਂ ਲੰਡਨ ਬਰਿੱਜ ਪੈ ਗਿਆ। ਇਸ ਨਾਂ ਦਾ ਪੁਲ ਕਈ ਵਾਰ ਥੇਮਜ਼ ਉੱਪਰ ਬਣਿਆ ਤੇ ਡਿੱਗਿਆ। ਹਰ ਵਾਰ ਇਸ ਦੀ ਥਾਂ ਵੀ ਬਦਲਦੀ ਗਈ। ਸਤਾਰਵੀਂ ਸਦੀ ਵਿਚ ਲੰਡਨ ਬਰਿੱਜ ਥੇਮਜ਼ ਦਰਿਆ ਉੱਪਰ ਇਕ ਮਜ਼ਬੂਤ ਪੁਲ ਹੁੰਦਾ ਸੀ ਜਿਸ ਉੱਪਰ ਕਈ ਕਈ ਮੰਜ਼ਲੇ ਘਰ ਵੀ ਬਣੇ ਹੋਏ ਸਨ। ਇਹ ਪੁਲ ਭੀੜੇ ਭੀੜੇ ਉੱਨੀ ਆਰਕਾਂ (ਡਾਟਾਂ) ਉੱਪਰ ਖੜ੍ਹਾ ਸੀ। ਫਿਰ ਕੁਝ ਥੇਮਜ਼ ਦਰਿਆ ਦਾ ਵਹਿਣ ਬਦਲਿਆ ਤੇ ਇਹ ਪੁਲ ਵਹਿਣ ਵਿਚ ਅੜਿੱਕਾ ਬਣਨ ਲੱਗਾ। ਇਸ ਅੜਿੱਕੇ ਨੂੰ ਘੱਟ ਕਰਨ ਲਈ ਵਿਚਕਾਰਲਾ ਡਾਟ ਕੱਢ ਦਿੱਤਾ ਗਿਆ, ਪਰ ਵਹਿਣ ਫਿਰ ਵੀ ਕਾਬੂ ਵਿਚ ਨਹੀਂ ਸੀ ਹੋ ਰਿਹਾ। ਸੰਨ 1633 ਵਿਚ ਲੰਡਨ ਬਰਿੱਜ ਨੂੰ ਅੱਗ ਲੱਗ ਗਈ ਜਿਸ ਨਾਲ ਪੁਲ ਦਾ ਬਹੁਤ ਨੁਕਸਾਨ ਹੋਇਆ। ਅਜੀਬ ਗੱਲ ਇਹ ਹੋਈ ਕਿ ਸੰਨ 1666 ਵਿਚ ਲੰਡਨ ਸਿਟੀ ਵਿਚ ਲੱਗਣ ਵਾਲੀ ਵੱਡੀ ਅੱਗ, ਲੰਡਨ ਬਰਿੱਜ ਨੂੰ ਪਹਿਲਾਂ ਹੀ ਲੱਗੀ ਅੱਗ ਨਾਲ ਹੋਏ ਨੁਕਸਾਨ ਕਾਰਨ ਪੁਲ ਟੱਪ ਕੇ ਦੱਖਣੀ ਲੰਡਨ ਵੱਲ ਨਹੀਂ ਸੀ ਵਧ ਸਕੀ ਜਿਸ ਕਾਰਨ ਲੰਡਨ ਦਾ ਦਰਿਆ ਪਾਰ ਨੁਕਸਾਨ ਹੋਣ ਤੋਂ ਬਚ ਗਿਆ ਸੀ। ਲੰਡਨ ਬਰਿੱਜ ਦੀ ਮੁਰੰਮਤ ਸ਼ੁਰੂ ਹੋਈ। ਪੁਲ ਨੂੰ ਚੌੜਾ ਕਰਨ ਤੇ ਘਰਾਂ ਨੂੰ ਹਟਾਉਣ ਦਾ ਕੰਮ 1763 ਵਿਚ ਪੂਰਾ ਹੋਇਆ। ਸੰਨ 1831 ਵਿਚ ਪੁਲ ਨੂੰ ਪੂਰਾ ਹੀ ਤਬਦੀਲ ਕਰ ਦਿੱਤਾ ਗਿਆ ਜਿਹੜਾ 1972 ਤਕ ਕਾਇਮ ਰਿਹਾ। ਜਦੋਂ ਪੁਰਾਣੇ ਲੰਡਨ ਬਰਿੱਜ ਨੂੰ ਉਧੇੜਿਆ ਜਾ ਰਿਹਾ ਸੀ ਤਾਂ ਰੌਬਰਟ ਮੈਕੁਲੌਚ ਨਾਮੀ ਇਕ ਅਮਰੀਕਨ ਨੇ ਸਿਟੀ ਔਫ ਲੰਡਨ ਤੋਂ ਪੁਲ ਦਾ ਮਲਬਾ ਖ਼ਰੀਦ ਲਿਆ ਤੇ ਇਸ ਨੂੰ ਲੇਕ ਹਵਾਸੂ ਸਿਟੀ, ਐਰੀਜ਼ੋਨਾ ’ਤੇ ਦੁਬਾਰਾ ਬਣਾ ਲਿਆ ਜੋ ਹਾਲੇ ਵੀ ਕਾਇਮ ਹੈ। ਇਸੇ ਘਟਨਾ ਨੂੰ ਕਹਿੰਦੇ ਹਨ ਕਿ ਅਸਲੀ ਲੰਡਨ ਬਰਿੱਜ ਅਮਰੀਕਨ ਲੈ ਗਏ। ਅਠਾਰਵੀਂ ਸਦੀ ਦੇ ਅੱਧ ਤਕ ਲੰਡਨ ਬਰਿੱਜ ਥੇਮਜ਼ ਦਰਿਆ ਪਾਰ ਕਰਨ ਦਾ ਪ੍ਰਮੁੱਖ ਸਾਧਨ ਸੀ।

ਗੱਲ ਹੋ ਰਹੀ ਸੀ ‘ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ’ ਨਾਮੀ ਕਵਿਤਾ ਦੀ। ਇਹ ਕਵਿਤਾ ਵੀ ਹੈ ਤੇ ਇਕ ਗੇਮ ਵੀ। ਇਸ ਕਵਿਤਾ ਦਾ ਆਰੰਭ ਕਿੱਥੋਂ ਹੋਇਆ, ਇਸ ਬਾਰੇ ਬਹੁਤਾ ਕੁਝ ਸਪੱਸ਼ਟ ਨਹੀਂ ਹੈ, ਪਰ ਬਰਤਾਨੀਆ ਹੀ ਨਹੀਂ ਅੰਗਰੇਜ਼ੀ ਬੋਲਦੀ ਸਮੁੱਚੀ ਦੁਨੀਆਂ ਵਿਚ ਪੀੜ੍ਹੀ ਦਰ ਪੀੜ੍ਹੀ ਇਸ ਕਵਿਤਾ ਨੂੰ ਗਾਇਆ ਤੇ ਖੇਡਿਆ ਜਾ ਰਿਹਾ ਹੈ। ਇਹ ਕਵਿਤਾ ਅੰਗਰੇਜ਼ੀ ਵਿਚ ਹੀ ਨਹੀਂ ਬਲਕਿ ਯੂਰੋਪ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਥੋੜ੍ਹੇ ਬਹੁਤ ਬਦਲਾਵ ਨਾਲ ਮਿਲਦੀ ਹੈ। ਜਗ੍ਹਾ ਤੇ ਬੋਲੀ ਨਾਲ ਇਸ ਕਵਿਤਾ ਦਾ ਥੋੜ੍ਹਾ ਬਹੁਤ ਰੂਪ ਜ਼ਰੂਰ ਬਦਲ ਜਾਂਦਾ ਹੈ, ਪਰ ਕਵਿਤਾ ਦੀ ਰੂਹ ਉਹੀ ਰਹਿੰਦੀ ਹੈ। ਜਦੋਂ ਮੈਂ ਇਹ ਕਵਿਤਾ ਸੁਣੀ ਸੀ ਤਾਂ ਮੈਨੂੰ ਇਹ ਇਕ ਉਦਾਸ ਗੀਤ ਵਾਂਗ ਜਾਪੀ ਸੀ ਤੇ ਮੈਂ ਸੋਚਦਾ ਸਾਂ ਕਿ ਬੱਚਿਆਂ ਨੂੰ ਇਹ ਕਵਿਤਾ ਨਹੀਂ ਗਾਉਣੀ ਚਾਹੀਦੀ, ਪਰ ਫਿਰ ਇਸ ਬਾਰੇ ਖੋਜ ਕਰਨ ਤੋਂ ਪਤਾ ਚੱਲਿਆ ਕਿ ਇਹ ਲੰਡਨ ਬਰਿੱਜ ਨੂੰ ਡਿੱਗਣ ਤੋਂ ਅਗਾਹ ਕਰਦਾ ਗੀਤ ਹੈ ਤੇ ਗੇਮ ਵਿਚ ਵੀ ਪੁਲ ਦੇ ਡਿੱਗਣ ਕਾਰਨ ਕਿਸੇ ਦੇ ਇਸ ਹੇਠ ਆਉਣ ਦੇ ਡਰ ਦੀ ਗੱਲ ਆਉਂਦੀ ਹੈ। ਇਸ ਗੀਤ ਵਿਚ ਥੇਮਜ਼ ਦਰਿਆ ਜਾਂ ਹੋਰ ਵੱਡੇ ਦਰਿਆਵਾਂ ਉੱਪਰ ਬਣਾਏ ਜਾਣ ਵਾਲੇ ਪੁਲਾਂ ਨੂੰ ਬਣਾਉਣ ਵੇਲੇ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੀ ਗੱਲ ਵੀ ਹੋ ਸਕਦੀ ਹੈ। ਭਾਵ ਇਸ ਦੇ ਕਈ ਕਿਸਮ ਦੇ ਅਰਥ ਕੱਢੇ ਜਾ ਸਕਦੇ ਹਨ। ਅੰਗਰੇਜ਼ੀ ਵਿਚ ਇਹ ਗੀਤ ਅਠਾਰਵੀਂ ਸਦੀ ਵਿਚ ਮਸ਼ਹੂਰ ਹੋਣਾ ਸ਼ੁਰੂ ਹੋਇਆ। ਇਸ ਦੀ ਅੱਜ ਵਾਲੀ ਧੁਨ ਸ਼ਾਇਦ ਉੱਨੀਵੀਂ ਸਦੀ ਵਿਚ ਅਪਣਾਈ ਗਈ।

ਇਸ ਗੀਤ ਦੇ ਪਿਛੋਕੜ ਬਾਰੇ ਕਈ ਧਾਰਨਾਵਾਂ ਹਨ। ਸੈਮੂਅਲ ਲੈਂਗ ਨਾਮੀ ਬੰਦੇ ਨੇ ‘ਹੇਮਸਕਰਿੰਗਲਾ’ ਦੇ ਨਾਂ ਦੀ ਇਕ ਕਵਿਤਾ ਨੂੰ ਸੰਨ 1844 ਵਿਚ ਉਲਥਾਇਆ ਸੀ। ਇਸ ਮੁਤਾਬਕ 1009 ਜਾਂ 1014 ਵਿਚ ਵਾਈਕਿੰਗਾਂ ਨੇ (ਉਲਾਫ ਦੂਜਾ, ਨੌਰਵੇ) ਲੰਡਨ ਉੱਪਰ ਕੀਤੇ ਹਮਲੇ ਵੇਲੇ ਲੰਡਨ ਬਰਿੱਜ ਢਾਹ ਦਿੱਤਾ ਸੀ ਤੇ ਵਾਈਕਿੰਗਾਂ ਨੇ ਆਪਣੀ ਜਿੱਤ ਦੀ ਖੁਸ਼ੀ ਵਿਚ ਇਹ ਗੀਤ ਲਿਖਿਆ ਸੀ। ਪਰ ਇਸ ਦੇ ਸੱਚ ਉੱਪਰ ਬਹੁਤ ਕਿੰਤੂ-ਪ੍ਰੰਤੂ ਹਨ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਵਾਈਕਿੰਗਾਂ (ਨੌਰਵੀਅਨਾਂ) ਵੱਲੋਂ ਹਮਲਾ ਹੋਇਆ ਹੀ ਨਹੀਂ। ਇਸ ਹਮਲੇ ਦੀ ਕਹਾਣੀ ਇਸ ਤੋਂ ਸੌ ਸਾਲ ਬਾਅਦ ਹੋਂਦ (ਰਿਕਾਰਡ) ਵਿਚ ਆਈ ਸੀ। ਇਕ ਧਾਰਨਾ ਇਹ ਵੀ ਹੈ ਕਿ ਲੰਡਨ ਬਰਿੱਜ ਨੂੰ ਬਣਾਉਣ ਵੇਲੇ ਕੁਝ ਬੱਚਿਆਂ ਦੀ ਕੁਰਬਾਨੀ ਇਸ ਦੀਆਂ ਨੀਹਾਂ ਵਿਚ ਦਿੱਤੀ ਗਈ ਸੀ। ਉਨ੍ਹਾਂ ਦਿਨਾਂ ਵਿਚ ਯੂਰੋਪ ਵਿਚ ਇਹ ਆਮ ਵਹਿਮ ਸੀ ਕਿ ਜੇ ਇਮਾਰਤ ਦੀ ਲੰਮੀ ਉਮਰ ਚਾਹੀਦੀ ਹੈ ਤੇ ਇਸ ਨੂੰ ਡਿੱਗਣ ਤੋਂ ਬਚਾਉਣਾ ਹੈ ਤਾਂ ਇਸ ਦੀਆਂ ਨੀਹਾਂ ਵਿਚ ਇਨਸਾਨੀ ਕੁਰਬਾਨੀ ਦਿੱਤੀ ਜਾਣੀ ਚਾਹੀਦੀ ਹੈ। ਇਸੇ ਦੁੱਖ ਵਿਚੋਂ ਇਹ ਕਵਿਤਾ ਨਿਕਲੀ ਹੋ ਸਕਦੀ ਹੈ, ਪਰ ਲੰਡਨ ਬਰਿੱਜ ਦੀਆਂ ਨੀਹਾਂ ਵਿਚ ਇਨਸਾਨੀ ਹੱਡੀਆਂ ਦਾ ਨਾ-ਮਿਲਣਾ ਇਸ ਧਾਰਨਾ ਨੂੰ ਗ਼ਲਤ ਠਹਿਰਾਉਂਦਾ ਹੈ। ਇਕ ਧਾਰਨਾ ਇਹ ਵੀ ਹੈ ਕਿ ਉਮਰ ਦੇ ਹਿਸਾਬ ਨਾਲ ਪੁਲ ਡਿੱਗਣ ਲੱਗਾ ਤਾਂ ਇਹ ਗੀਤ ਹੋਂਦ ਵਿਚ ਆਇਆ। ਜੋ ਵੀ ਹੈ ਅਲਾਈਸ ਬਰਥਾ ਗੋਮੇ ਨਾਮੀਂ ਔਰਤ ਨੇ ਉੱਨੀਵੀਂ ਸਦੀ ਦੇ ਅਖੀਰ ਵਿਚ ਇਸ ਗੀਤ ਨੂੰ ਇੰਗਲੈਂਡ ਤੇ ਸਕੌਟਲੈਂਡ ਦੇ ਰਵਾਇਤੀ ਗੀਤਾਂ ਤੇ ਗੇਮਾਂ ਵਿਚ ਸ਼ਾਮਲ ਕਰ ਲਿਆ ਸੀ। ਇਸ ਗੀਤ ਦੀ ਪਹਿਲਾਂ ਧੁਨ ਜੌਹਨ ਪਲੇਫੋਰਡ ਦੇ ਗੀਤ ‘ਦਿ ਡਾਸਿੰਗ ਮਾਸਟਰ’ ਦੀ ਧੁਨ ’ਤੇ ਆਧਾਰਿਤ ਸੀ ਜੋ 1718 ਵਿਚ ਬਣਾਈ ਗਈ ਸੀ। ਇਸ ਦੀਆਂ ਧੁਨਾਂ ਸਮੇਂ ਸਮੇਂ ਬਦਲਦੀਆਂ ਰਹੀਆਂ ਹਨ। ਇਸੇ ਧੁਨ ਵਿਚ ਅਕਸਰ ਇੰਗਲੈਂਡ ਦੀ ਫੁੱਟਬਾਲ ਦੀ ਟੀਮ ਦੇ ਫੈਨ ਆਪਣੀ ਟੀਮ ਦਾ ਗੀਤ ਗਾਇਆ ਕਰਦੇ ਹਨ। ਉੱਨੀਵੀਂ ਸਦੀ ਵਿਚ ਇਸ ਗੀਤ ਦੀ ਸਾਹਿਤਕ ਪਛਾਣ ਵੀ ਸੀ ਤੇ ਸੱਭਿਆਚਾਰਕ ਪੱਖੋਂ ਵੀ ਬਹੁਤ ਮਹੱਤਤਾ ਸੀ। ਟੀ.ਐੱਸ. ਈਲੀਅਟ ਨੇ ਆਪਣੇ ‘ਦਿ ਵੈਸਟ ਲੈਂਡ’ ਵਿਚ ਇਸ ਗੀਤ ਨੂੰ ਵਰਤਿਆ ਸੀ। ਬਰੈਂਡਾ ਲੀ ਦਾ ਗੀਤ ‘ਮਾਈ ਹੋਲ ਵਰਲਡ ਇਜ਼ ਫਾਲਿੰਗ ਡਾਊਨ’ ਵੀ ਇਸੇ ਗੀਤ ’ਤੇ ਆਧਾਰਿਤ ਹੈ। ਹੌਲੀਵੁੱਡ ਦੀ ਮਸ਼ਹੂਰ ਫਿਲਮ ‘ਮਾਈ ਫੇਅਰ ਲੇਡੀ’ ਦਾ ਨਾਂ ਇਸ ਗੀਤ ਵਿਚ ਆਉਂਦੇ ਸ਼ਬਦਾਂ ‘ਮਾਈ ਫੇਅਰ ਲੇਡੀ’ ਤੋਂ ਲਿਆ ਗਿਆ ਸੀ।

ਇਸ ਗੀਤ ਵਿਚ ਹਰ ਛੰਦ ਤੋਂ ਬਾਅਦ ‘ਮਾਈ ਫੇਅਰ ਲੇਡੀ’ ਆਉਂਦਾ ਹੈ। ਭਾਵ ਕਿ ਇਹ ਗੀਤ ਕਿਸੇ ਮਾਈ ਫੇਅਰ ਲੇਡੀ ਨੂੰ ਸੰਬੋਧਨ ਹੋ ਕੇ ਗਾਇਆ ਜਾ ਰਿਹਾ ਹੈ। ਇਹ ਵੀ ਸਾਫ਼ ਨਹੀਂ ਹੈ ਕਿ ਇਹ ਸ਼ਬਦ ਪਹਿਲਾਂ ਹੀ ਇਸ ਗੀਤ ਵਿਚ ਸ਼ਾਮਲ ਸਨ ਜਾਂ ਬਾਅਦ ਵਿਚ ਕੀਤੇ ਗਏ। ਇਸ ਬਾਰੇ ਵੀ ਕਈ ਅੰਦਾਜ਼ੇ ਲਾਏ ਗਏ ਹਨ ਕਿ ਆਖਿਰ ਇਹ ਮਾਈ ਫੇਅਰ ਲੇਡੀ ਕੌਣ ਹੋਈ। ਇਸ ਬਾਰੇ ਵੀ ਕਈ ਧਾਰਨਾਵਾਂ ਹਨ। ਪਹਿਲੀ ਧਾਰਨਾ ਹੈ ਕਿ ਮਾਈ ਫੇਅਰ ਲੇਡੀ ਮਦਰ ਮੈਰੀ (ਜੀਸਸ ਕਰਾਈਸਟ ਦੀ ਮਾਂ) ਨੂੰ ਕਿਹਾ ਗਿਆ ਹੈ। ਵਾਈਕਿੰਗ ਵਰਜਨ ਮੈਰੀ ਨੂੰ ਮਦਰ ਔਫ ਗੌਡ ਮੰਨਦੇ ਸਨ। ਮਦਰ ਮੈਰੀ ਦਾ ਜਨਮ ਦਿਨ ਅੱਠ ਸਤੰਬਰ ਨੂੰ ਪੈਂਦਾ ਹੈ ਤੇ ਲੰਡਨ ਉੱਪਰ ਹਮਲਾ ਇਸੇ ਤਰੀਕ ਨੂੰ ਕੀਤਾ ਗਿਆ ਸੀ। ਦੂਜੀ ਧਾਰਨਾ ਹੈ ਕਿ ਮਾਈ ਫੇਅਰ ਲੇਡੀ ‘ਮਟਲਿਡਾ ਔਫ ਸਕੌਟਲੈਂਡ’ ਜੋ ਕਿ ਹੈਨਰੀ ਪਹਿਲੇ ਦੀ ਪਤਨੀ ਸੀ, ਨੂੰ ਕਿਹਾ ਗਿਆ ਹੈ ਕਿਉਂਕਿ ਉਸ ਨੇ ਕਈ ਦਰਿਆਵਾਂ ਉੱਪਰ ਪੁਲ ਬਣਾਏ ਸਨ ਤੇ ਲੰਡਨ ਬਰਿੱਜ ਡਿੱਗਣ ਦਾ ਫਿਕਰ ਉਸੇ ਨਾਲ ਸਾਂਝਾ ਕੀਤਾ ਗਿਆ ਸੀ। ਤੀਜੀ ਧਾਰਨਾ ਹੈ ਕਿ ਹੈਨਰੀ ਤੀਜੇ ਦੀ ਪਤਨੀ ਨੂੰ ਮਾਈ ਫੇਅਰ ਲੇਡੀ ਕਿਹਾ ਗਿਆ ਹੈ ਜੋ ਕੁਝ ਸਾਲ ਪੁਲ ਉੱਪਰ ਦੀ ਲੰਘਣ ਦਾ ਟੈਕਸ ਵਸੂਲ ਕਰਦੀ ਰਹੀ ਸੀ। ਜੋ ਵੀ ਸੀ ‘ਮਾਈ ਫੇਅਰ ਲੇਡੀ’ ਇਸ ਗੀਤ ਦਾ ਇਕ ਵਿਸ਼ੇਸ਼ ਕਿਰਦਾਰ ਬਣ ਕੇ ਉੱਭਰਦੀ ਹੈ।

ਇਸ ਦਾ ਆਰੰਭ ਜਾਂ ਮੂਲ ਕੁਝ ਵੀ ਹੋਵੇ, ਪਰ ਅੱਜ ਇਹ ਗੀਤ ਤੇ ਇਹ ਗੇਮ ਹਰ ਅੰਗਰੇਜ਼ੀ ਨਰਸਰੀ ਦਾ ਖਾਸ ਹਿੱਸਾ ਹੈ ਤੇ ਬੱਚਿਆਂ ਦੀਆਂ ਕਿਤਾਬਾਂ ਵਿਚ ਇਹ ਆਮ ਦੇਖਣ ਨੂੰ ਮਿਲਦਾ ਹੈ।

ਈਮੇਲ: harjeetatwal@hotmail.co.uk

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All