ਲੰਡਨ, 10 ਮਈ
ਕੈਨੇਡਾ ਤੋਂ ਬਰਤਾਨੀਆ ‘ਚ ਕਰੀਬ 10 ਲੱਖ ਪੌਂਡ ਦੀ ਭੰਗ ਦੀ ਤਸਕਰੀ ਕਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ ਸੰਗਠਿਤ ਅਪਰਾਧ ਸਮੂਹ ਦੇ ਤਿੰਨ ਮੈਂਬਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਕੈਂਟ ਪੁਲੀਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰਨ ਗਿੱਲ, ਜਗ ਸਿੰਘ ਅਤੇ ਗੋਵਿੰਦ ਬਾਹੀਆ ਵਜੋਂ ਹੋਈ ਹੈ। ਇਨ੍ਹਾਂ ਨੂੰ ‘ਕਲਾਸ ਬੀ’ ਡਰੱਗ ਦਰਾਮਦ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਅਤੇ ਵੂਲਵਿਚ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਗਈ। ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਫਰਵਰੀ 2021 ਵਿੱਚ ਹੀਥਰੋ ਹਵਾਈ ਅੱਡੇ ‘ਤੇ ਕੰਪਿਊਟਰ ਕੇਸਿੰਗ ਦੀ ਖੇਪ ਦੇ ਅੰਦਰੋਂ ਇਹ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। 32 ਸਾਲਾ ਕਰਨ ਗਿੱਲ ਨੂੰ ਸੱਤ ਸਾਲ, 32 ਸਾਲਾ ਜਗ ਸਿੰਘ ਨੂੰ ਚਾਰ ਸਾਲ ਅਤੇ ਨੌਂ ਮਹੀਨਿਆਂ ਤੇ 30 ਸਾਲਾ ਗੋਵਿੰਦ ਬਾਹੀਆ ਨੂੰ ਤਿੰਨ ਸਾਲ ਦੀ ਜੇਲ੍ਹ ਹੋਈ।