ਆਸਟਰੇਲੀਆ ਦੀਆਂ ਪਾਕਿਸਤਾਨੀ ਅਤੇ ਭਾਰਤੀ ਭਾਈਚਾਰੇ ਨਾਲ ਸਬੰਧਿਤ ਦੋ ਸਿਰਮੌਰ ਸੰਸਥਾਵਾਂ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਅਦਬੀ ਕੌਂਸਲ ਆਫ਼ ਆਸਟਰੇਲੀਆ ਵੱਲੋਂ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਦਿਹਾੜਾ ਸਥਾਨਕ ਅਮੈਰੀਕਨ ਕਾਲਜ ਦੇ ਹਾਲ ਵਿਚ ਮਨਾਇਆ ਗਿਆ। ਇਹ ਸਮਾਗਮ ਅਮੈਰੀਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਿਕ ਅਤੇ ਕਵੀਨਜ਼ਲੈਂਡ ਸਕੂਲ ਆਫ਼ ਬਿਊਟੀ ਥੈਰੇਪੀ ਦੇ ਡਾਇਰੈਕਟਰ ਸਤਵਿੰਦਰ ਟੀਨੂ ਵੱਲੋਂ ਦੋਵਾਂ ਸਾਹਿਤਕ ਸੰਸਥਾਵਾਂ ਅਤੇ ਸਥਾਨਕ ਹਸਤੀਆਂ ਦੇ ਸਹਿਯੋਗ ਨਾਲ ਉਲੀਕਿਆ ਗਿਆ।
ਸਮਾਗਮ ਦੀ ਸ਼ੁਰੂਆਤ ਗੁਰਦੀਪ ਜਗੇੜੇ ਦੇ ਖ਼ੂਬਸੂਰਤ ਸ਼ਬਦਾਂ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੇ ਭਵਿੱਖ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ। ਇਸ ਉਪਰੰਤ ਇਪਸਾ ਦੇ ਸੰਸਥਾਪਕ ਸ਼ਾਇਰ ਸਰਬਜੀਤ ਨੇ ਮਾਤ-ਭਾਸ਼ਾ ਦੀ ਮਹੱਤਤਾ, ਪੰਜਾਬੀਅਤ ਦੇ ਸੰਕਲਪ ਅਤੇ ਪਰਵਾਸ ਵਿਚ ਮਾਤ-ਭਾਸ਼ਾ ਦੇ ਵਿਕਾਸ ਵਿਚ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਮਾਤ-ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਵਿਚ ਹੈਪੀ ਚਾਹਲ, ਹਰਮਨਦੀਪ ਸਿੰਘ ਖਿਲਚੀਆਂ, ਪ੍ਰਿੰਸਪਾਲ ਕੌਰ, ਸਰਬਜੀਤ ਸੋਹੀ, ਰੁਪਿੰਦਰ ਸੋਜ਼, ਆਤਮਾ ਸਿੰਘ ਹੇਅਰ, ਰਿਪਜੀਤ ਬਰਾੜ ਆਦਿ ਸ਼ਾਇਰਾਂ ਅਤੇ ਗੀਤਕਾਰਾਂ ਨੇ ਭਰਵੀਂ ਹਾਜ਼ਰੀ ਲਵਾਈ। ਪਿਛਲੇ ਦਿਨੀਂ ਵਿਛੜੇ ਨਾਮਵਰ ਗ਼ਜ਼ਲ ਗਾਇਕ ਜਗਜੀਤ ਜ਼ੀਰਵੀ ਨੂੰ ਸ਼ਰਧਾਂਜਲੀ ਦਿੰਦਿਆਂ ਦਲਵੀਰ ਹਲਵਾਰਵੀ ਨੇ ਉਨ੍ਹਾਂ ਦਾ ਜੀਵਨ ਸਫ਼ਰ ਅਤੇ ਇਕ ਗੀਤ ਸਰੋਤਿਆਂ ਦੀ ਨਜ਼ਰ ਕੀਤਾ। ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਪਾਲ ਰਾਊਕੇ ਨੇ ਸਰਦੂਲ ਦੇ ਖ਼ੂਬਸੂਰਤ ਗੀਤ ਬਹੁਤ ਦਿਲਟੁੰਬਵੀਂ ਆਵਾਜ਼ ਵਿਚ ਪੇਸ਼ ਕਰਕੇ ਹਾਜ਼ਰੀਨ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ।
ਇਸ ਸਮਾਗਮ ਵਿਚ ਪਾਕਿਸਤਾਨੀ ਪੰਜਾਬ ਦੇ ਆਲਮੀ ਸ਼ਾਇਰ ਬਾਬਾ ਨਜਮੀ ਅਤੇ ਮਸ਼ਹੂਰ ਸ਼ਾਇਰ ਅਫ਼ਜਲ ਸਾਹਿਰ ਨੇ ਲਾਈਵ ਸ਼ਿਰਕਤ ਕਰਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਅਫ਼ਜਲ ਸਾਹਿਰ ਨੇ ਮਾਦਰੀ ਜ਼ੁਬਾਨ ਦੀ ਲਹਿੰਦੇ ਪੰਜਾਬ ਵਿਚ ਬੇਕਦਰੀ ਵਾਲੀ ਹਾਲਤ ਬਾਰੇ ਵਿਸਥਾਰ ਪੂਰਵਕ ਦੱਸਿਆ। ਬਾਬਾ ਨਜਮੀ ਨੇ ਆਪਣੀਆਂ ਮਸ਼ਹੂਰ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਆਪਣੇ ਬ੍ਰਿਸਬੇਨ ਵਿਚ ਹੋਣ ਵਰਗਾ ਅਹਿਸਾਸ ਕਰਵਾ ਦਿੱਤਾ।
ਇਸ ਸਮਾਗਮ ਵਿਚ ਬੱਚਿਆਂ ਦੀ ਸੁੰਦਰ ਇਬਾਰਤ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਲਈ ਸੇਵਾਮੁਕਤ ਕਮਿਸ਼ਨਰ ਹਰਚਰਨ ਸਿੰਘ ਜੱਜ ਦੀ ਭੂਮਿਕਾ ਵਿਚ ਮਨੋਨੀਤ ਸਨ। ਇਸ ਵਿਚ 10 ਸਾਲ ਤੋਂ ਛੋਟੀ ਉਮਰ ਦੇ ਸਬ ਜੂਨੀਅਰ ਵਰਗ ਅਤੇ 16 ਸਾਲ ਤੋਂ ਛੋਟੇ ਬੱਚਿਆਂ ਦੇ ਜੂਨੀਅਰ ਵਰਗ ਵਿਚ ਕ੍ਰਮਵਾਰ ਬੱਚਿਆਂ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਦਬੀ ਕੌਂਸਲ ਆਫ਼ ਆਸਟਰੇਲੀਆ ਦੇ ਜਨਰਲ ਸਕੱਤਰ ਜਨਾਬ ਸ਼ੋਇਬ ਜ਼ਾਇਦੀ ਅਤੇ ਇਪਸਾ ਦੇ ਜਨਰਲ ਸਕੱਤਰ ਰੁਪਿੰਦਰ ਸੋਜ਼ ਨੇ ਦੋਵਾਂ ਪੰਜਾਬਾਂ ਦੇ ਇਸ ਸੰਗਮ ਨੂੰ ਇਸ ਮਹਾਂਦੀਪ ਵਿਚ ਮੁਹੱਬਤ ਦਾ ਨਵਾਂ ਅਧਿਆਇ ਆਖ ਕੇ ਸਵਾਗਤ ਕੀਤਾ। ਸਮਾਗਮ ਵਿਚ ਪਾਕਿਸਤਾਨੀ ਪੰਜਾਬ ਦੇ ਬੁਲਾਰੇ ਖਾਲਿਦ ਭੱਟੀ ਨੇ ਮਾਂ-ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਕ ਖ਼ੂਬਸੂਰਤ ਨਜ਼ਮ ਪੇਸ਼ ਕੀਤੀ।
ਇਸ ਮੌਕੇ ਰਣਜੀਤ ਵਿਰਕ, ਪੁਸ਼ਪਿੰਦਰ ਤੂਰ, ਕਮਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ, ਭੁਪਿੰਦਰ ਮੁਹਾਲੀ, ਹਰਿੰਦਰ ਸੋਹੀ, ਅਮਨਪ੍ਰੀਤ ਕੌਰ ਟੱਲੇਵਾਲ ਆਦਿ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿਚ ਇਸ ਪ੍ਰੋਗਰਾਮ ਦੇ ਸੂਤਰਧਾਰ ਅਤੇ ਪ੍ਰਬੰਧਕ ਡਾ. ਬਰਨਾਰਡ ਮਲਿਕ ਨੇ ਧੰਨਵਾਦੀ ਭਾਸ਼ਨ ਵਿਚ ਅਜਿਹੇ ਕਾਰਜਾਂ ਨੂੰ ਆਪਣੀ ਮਿੱਟੀ ਦਾ ਰਿਣ ਕਿਹਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਅਸੀਂ ਆਪਣੀ ਮਾਂ ਨੂੰ ਯਾਦ ਰੱਖਦੇ ਹਨ, ਇਵੇਂ ਹੀ ਮਾਂ-ਬੋਲੀ ਪਰਵਾਸ ਵਿਚ ਵੀ ਸਾਡੇ ਨਾਲ ਰਹਿੰਦੀ ਹੈ।