ਅਮਨਦੀਪ ਸਿੰਘ
ਮਾਨਸਿਕ ਤਣਾਅ ਦਾ ਸਿਹਤਮੰਦ ਤਰੀਕੇ ਨਾਲ ਸਾਹਮਣਾ ਕਰਨ ਨਾਲ ਤੁਹਾਡਾ ਮਨੋਬਲ ਵਧਦਾ ਹੈ ਜੋ ਤੁਹਾਨੂੰ ਹੋਰ ਵੀ ਤਾਕਤਵਰ ਬਣਾਉਂਦਾ ਹੈ। ਅੱਜਕੱਲ੍ਹ ਦੇ ਸਮੇਂ ਵਿੱਚ ਮਾਨਸਿਕ ਤਣਾਅ ਸਾਡੇ ਜੀਵਨ ਦਾ ਇੱਕ ਕੁਦਰਤੀ ਹਿੱਸਾ ਬਣ ਚੁੱਕਿਆ ਹੈ, ਇਸ ਕਰਕੇ ਸਾਨੂੰ ਆਪਣਾ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਲਈ ਚੰਗਾ ਭੋਜਨ, ਚੰਗੀ ਨੀਂਦ ਤੇ ਚੰਗੀ ਕਸਰਤ ਜ਼ਰੂਰੀ ਹੈ। ਚੰਗਾ ਭੋਜਨ ਸਾਡੀ ਸਰੀਰਕ ਸ਼ਕਤੀ ਵਧਾਉਂਦਾ ਹੈ। ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਬਖ਼ਸ਼ਦਾ ਹੈ। ਚੰਗੀ ਨੀਂਦ (ਘੱਟੋ ਘੱਟ 8 ਘੰਟੇ) ਵੀ ਸਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਤਕੜਾ ਕਰਦੀ ਹੈ। ਇਸ ਦੇ ਨਾਲ-ਨਾਲ ਚੰਗੀ ਨੀਂਦ ਦਿਮਾਗ਼ੀ-ਸ਼ਕਤੀ ਵਧਾਉਂਦੀ ਹੈ, ਮੂਡ ਵਧੀਆ ਰੱਖਦੀ ਹੈ, ਭਾਰ ਘਟਾਉਣ ਵਿੱਚ ਮਦਦ ਕਰਦੀ ਹੈ, ਚਿੰਤਾ ਤੇ ਤਣਾਅ-ਮੁਕਤ ਕਰਦੀ ਹੈ। ਚੰਗੀ ਨੀਂਦ ਪੜ੍ਹਾਈ ਤੇ ਕੰਮ ਵਿੱਚ ਧਿਆਨ ਲਗਾਉਣ ਵਿੱਚ ਵੀ ਸਹਾਇਤਾ ਕਰਦੀ ਹੈ।
ਕਸਰਤ, ਸੈਰ, ਯੋਗ-ਆਸਣ ਆਦਿ ਵੀ ਸਾਡੀ ਸਰੀਰਕ ਸ਼ਕਤੀ ਨੂੰ ਵਧਾਉਂਦੇ ਹਨ, ਮੂਡ ਤੇ ਚਿਹਰੇ ਦੀ ਚਮਕ ਨੂੰ ਹੋਰ ਨਿਖਾਰਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਨ ਨਾਲ ਤੁਹਾਡੇ ਰੋਜ਼ ਦੇ ਉਦੇਸ਼ਾਂ ਵਿੱਚ ਸਪੱਸ਼ਟਤਾ ਆਉਂਦੀ ਹੈ ਅਤੇ ਮਨ ਵਿੱਚ ਸਹਿਣਸ਼ੀਲਤਾ ਵਧਦੀ ਹੈ। ਇਸ ਲਈ ਪੰਜ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ- ਭਰੋਸੇ ਭਰਿਆ ਰਵੱਈਆ, ਚਿੰਤਨ ਤੇ ਧਿਆਨ ਲਗਾਉਣਾ, ਸਮਾਜਿਕ ਰਾਬਤਾ, ਸ਼ੁਕਰਾਨਾ ਅਤੇ ਸਵੈ-ਦਇਆ।
ਭਰੋਸੇ ਭਰਿਆ ਰਵੱਈਆ ਅਪਣਾਉਣ ਲਈ ਤੁਸੀਂ ਕਿਸੇ ਖ਼ਾਸ ਤਰ੍ਹਾਂ ਦੇ ਸੁਭਾਅ ਨੂੰ ਪੈਦਾ ਕਰਨ ਦੇ ਤਰੀਕੇ ਸਿੱਖ ਸਕਦੇ ਹੋ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਸੀਂ ਇਸ ਨੂੰ ਜਾਣੇ-ਅਣਜਾਣੇ ਅਕਸਰ ਵਰਤਦੇ ਵੀ ਹਾਂ, ਜਿਵੇਂ ਕਿ ਕਿਸੇ ਕੰਮ ਨੂੰ ਯਾਦ ਕਰਾਉਣ ਵਾਸਤੇ ਆਪਣੀ ਉਂਗਲ ’ਤੇ ਧਾਗੇ ਨਾਲ ਗੰਢ ਬੰਨ੍ਹਣੀ, ਕਿਤਾਬ ਜਾਂ ਡਾਇਰੀ ਵਿੱਚ ਯਾਦ ਰੱਖਣ ਲਈ ਨੋਟ ਲਿਖਣਾ। ਪਰ ਅਸੀਂ ਇਸ ਭਰੋਸੇ ਭਰੇ ਰਵੱਈਏ ਨੂੰ ਆਪਣੇ ਫਾਇਦੇ ਲਈ ਵੀ ਵਰਤ ਸਕਦੇ ਹਾਂ, ਜਿਵੇਂ ਕਸਰਤ ਕਰਨੀ, ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਗੱਲਬਾਤ ਕਰਨੀ, ਗਰਮ-ਗਰਮ ਚਾਹ ਜਾਂ ਕੌਫ਼ੀ ਦਾ ਪਿਆਲਾ ਪੀਣਾ, ਸੰਗੀਤ ਸੁਣਨਾ ਜੋ ਸਾਨੂੰ ਕਿਸੇ ਕੰਮ ਲਈ ਪ੍ਰੇਰਿਤ ਕਰ ਸਕਦੇ ਹਨ। ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਤੁਸੀਂ ਕੋਈ ਕੰਮ ਕਰਨ ਤੋਂ ਆਲਸ ਕਰਦੇ ਰਹਿੰਦੇ ਹੋ, ਪਰ ਜੇ ਤੁਸੀਂ ਕੋਈ ਆਸਰਾ ਲੱਭ ਲਓ ਜੋ ਤੁਹਾਨੂੰ ਪ੍ਰੇਰਿਤ ਕਰੇ ਤਾਂ ਤੁਸੀਂ ਉਹ ਕੰਮ ਸਹਿਜੇ ਹੀ ਕਰ ਸਕਦੇ ਹੋ, ਜਿਵੇਂ ਕੁਝ ਲਿਖਣ ਜਾਂ ਪੜ੍ਹਨ ਤੋਂ ਪਹਿਲਾਂ ਚਾਹ ਜਾਂ ਕੌਫ਼ੀ ਪੀਣੀ, ਕਿਸੇ ਦੋਸਤ ਨਾਲ ਗੱਲਬਾਤ ਕਰਨੀ ਜਾਂ ਇਕੱਠੇ ਬੈਠ ਕੇ ਜਾਂ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਨਾ। ਅਜਿਹਾ ਰਵੱਈਆ ਤੁਹਾਨੂੰ ਕੇਂਦਰਿਤ ਕਰਦਾ ਹੈ ਤੇ ਕੰਮ ਨਾਲ ਜੋੜਦਾ ਹੈ, ਸਹੀ ਦਿਸ਼ਾ-ਨਿਰਦੇਸ਼ ਤੇ ਸ਼ਕਤੀ ਪ੍ਰਦਾਨ ਕਰਦਾ ਹੈ। ਤੁਸੀਂ ਉਹ ਕੰਮ ਫਿਰ ਬੜੀ ਰੀਝ ਨਾਲ ਕਰਦੇ ਹੋ ਤੇ ਉਸ ਦਾ ਨਤੀਜਾ ਵੀ ਵਧੀਆ ਹੁੰਦਾ ਹੈ।
ਮਨੁੱਖੀ ਮਨ ਅਕਸਰ ਭਟਕਦਾ ਰਹਿੰਦਾ ਹੈ। ਪਰ ਫੇਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਧਿਆਨ ਲਗਾਉਣ ਦਾ ਅਭਿਆਸ ਕਰਨ ਨਾਲ ਸਾਡਾ ਧਿਆਨ ਕਿਸੇ ਇੱਕ ਚੀਜ਼ ’ਤੇ ਕੇਂਦਰਿਤ ਹੋ ਸਕਦਾ ਹੈ। ਧਿਆਨ ਲਗਾਉਣ ਨਾਲ ਸਾਡੇ ਵਿੱਚ ਸੰਵੇਦਨਾ ਤੇ ਦਇਆ ਦੀ ਭਾਵਨਾ ਵਧੇਗੀ, ਸਾਡੀ ਸਰੀਰਕ ਤੇ ਮਾਨਸਿਕ ਬੇਚੈਨੀ ਤੇ ਦਰਦ ਘਟਣਗੇ, ਸੁਹਾਵਣੀ ਨੀਂਦ ਆਵੇਗੀ, ਸਾਡੇ ਮਨ ਨੂੰ ਸ਼ਾਂਤੀ ਤੇ ਅਰਾਮ ਮਿਲੇਗਾ।
ਡੂੰਘੇ ਸਾਹ ਲੈਣਾ ਇਕ ਅਜਿਹੀ ਤਕਨੀਕ ਹੈ, ਜਿਸ ਵਿੱਚ ਡੂੰਘੇ ਸਾਹ ਲੈ ਕੇ ਤੁਸੀਂ ਆਪਣੀ ਸਾਹ-ਕਿਰਿਆ ਨੂੰ ਹੌਲਾ ਕਰ ਸਕਦੇ ਹੋ, ਜੋ ਕਿ ਬੇਚੈਨੀ ਨੂੰ ਨਿਯੰਤਰਿਤ ਕਰਦੀ ਹੈ। ਇਸ ਨੂੰ ਬਾਕਸ ਸਾਹ ਕਿਰਿਆ ਕਹਿੰਦੇ ਹਨ। ਇਹ ਤੁਹਾਡੇ ਮਨ ਨੂੰ ਹੋਰ ਪਾਸੇ ਲਗਾ ਕੇ ਨਰਵਸ ਸਿਸਟਮ ਨੂੰ ਸ਼ਾਂਤ ਕਰਕੇ, ਸਰੀਰ ਦੇ ਤਣਾਅ ਨੂੰ ਘੱਟ ਕਰਦੀ ਹੈ। ਬਾਕਸ ਸਾਹ-ਕਿਰਿਆ ਲੈਣ ਲਈ ਚਾਰ ਗਿਣਨ ਤੱਕ ਅਲ੍ਹਾ/ਈਸ਼ਵਰ/ਰਾਮ/ਵਾਹਿਗੁਰੂ ਜਾਂ ਕੁੱਝ ਹੋਰ ਮਨ ਵਿੱਚ ਬੋਲ ਕੇ ਜਾਂ ਧਿਆ ਕੇ ਡੂੰਘਾ ਸਾਹ ਅੰਦਰ ਲਓ। ਚਾਰ ਗਿਣਨ ਤੱਕ ਸਾਹ ਰੋਕੋ, ਚਾਰ ਗਿਣਨ ਤੱਕ ਸਾਹ ਬਾਹਰ ਕੱਢੋ, ਚਾਰ ਗਿਣਨ ਤੱਕ ਸਾਹ ਰੋਕੋ। ਫਿਰ ਇਸ ਕਿਰਿਆ ਨੂੰ ਕਈ ਵਾਰ ਦੁਹਰਾਓ। ਬਾਕਸ ਸਾਹ-ਕਿਰਿਆ ਅਥਲੀਟ ਤੇ ਅਮਰੀਕੀ ਨੇਵੀ ਸੀਲ ਦੇ ਫ਼ੌਜੀ ਰੋਜ਼ਾਨਾ ਕਰਦੇ ਹਨ, ਜੋ ਉਨ੍ਹਾਂ ਨੂੰ ਕੇਂਦਰਿਤ ਤੇ ਆਰਾਮ ਕਰਨ ਵਿੱਚ ਸਹਾਇਤਾ ਕਰਦੀ ਹੈ।
ਸੁਚੇਤ ਧਿਆਨ ਦਾ ਤਰੀਕਾ ਬੁੱਧ ਧਰਮ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਹੈ, ਜੋ ਤੁਹਾਡੇ ਮਨ ਦੇ ਕਿਵਾੜ ਖੋਲ੍ਹ ਕੇ ਤੁਹਾਨੂੰ ਸੁਚੇਤ ਕਰਦਾ ਹੈ ਤਾਂ ਜੋ ਤੁਸੀਂ ਆਪਣੀਆਂ ਸੋਚਾਂ ਤੇ ਜਜ਼ਬਾਤ ਇਮਾਨਦਾਰੀ ਨਾਲ, ਬਿਨਾਂ ਕਿਸੇ ਧਾਰਨਾ ਦੇ ਅਨੁਭਵ ਕਰ ਸਕੋ। ਇਸ ਤਰ੍ਹਾਂ ਤੁਹਾਨੂੰ ਆਪਣਾ-ਆਪ ਤੇ ਆਸ ਪਾਸ ਦੀ ਦੁਨੀਆਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਨਕਾਰਾਤਮਕ ਸੋਚਾਂ ਤੋਂ ਧਿਆਨ ਹਟ ਕੇ ਸਕਾਰਾਤਮਕ ਸੋਚਾਂ ਵੱਲ ਧਿਆਨ ਜਾਂਦਾ ਹੈ ਤੇ ਬੇਚੈਨੀ ਤੇ ਉਦਾਸੀ ਤੋਂ ਰਾਹਤ ਮਿਲਦੀ ਹੈ। ਸੁਚੇਤ ਧਿਆਨ ਲਗਾਉਣ ਲਈ ਧਰਤੀ ’ਤੇ ਆਰਾਮ ਨਾਲ ਆਪਣੀ ਪਿੱਠ ਸਿੱਧੀ ਕਰਕੇ ਬੈਠੋ, ਆਪਣੀਆਂ ਅੱਖਾਂ ਬੰਦ ਕਰੋ, ਹੌਲੀ ਹੌਲੀ ਆਰਾਮ ਨਾਲ ਸਾਹ ਲਓ, ਹਰ ਇੱਕ ਸਾਹ ’ਤੇ ਗੌਰ ਕਰੋ ਜਾਂ ਫਿਰ ਸਾਹ ‘ਅੰਦਰ’ ਜਾਂ ‘ਬਾਹਰ’ ਲਿਆਉਂਦੇ ਹੋਏ ਮਨ ਵਿੱਚ ਕੁੱਝ ਸੋਚੋ। ਜਦੋਂ ਤੁਹਾਡਾ ਮਨ ਭਟਕਣ ਲੱਗੇ, ਤਾਂ ਉਸ ਨੂੰ ਕਬੂਲ ਕਰਕੇ ਆਪਣੇ ਸਾਹਾਂ ਨੂੰ ਮਹਿਸੂਸ ਕਰੋ ਤੇ ਸਾਰੀ ਕਿਰਿਆ ਫਿਰ ਤੋਂ ਦੁਹਰਾਓ। ਸੁਚੇਤ ਧਿਆਨ ਇੱਕ ਮਸ਼ਹੂਰ ਵਿਧੀ ਹੈ, ਜੋ ਅੱਜਕੱਲ੍ਹ ਅਮਰੀਕਾ ਤੇ ਕਈ ਹੋਰ ਦੇਸ਼ਾਂ ਵਿੱਚ ਸਕੂਲਾਂ, ਹਸਪਤਾਲਾਂ ਆਦਿ ਵਿੱਚ ਵਰਤੀ ਜਾਂਦੀ ਹੈ।
ਨਿਰਦੇਸ਼ਿਤ ਧਿਆਨ ਗੁਰੂ ਜਾਂ ਨਿਪੁੰਨ ਸਾਧਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਿਆ ਜਾਂਦਾ ਹੈ। ਪਰ ਇਹ ਨਿਰਦੇਸ਼ ਤੁਹਾਡੀ ਕਲਪਨਾ, ਸੰਗੀਤ ਜਾਂ ਮੌਖਿਕ ਵੀ ਹੋ ਸਕਦਾ ਹੈ। ਨਿਰਦੇਸ਼ਿਤ ਧਿਆਨ ਸਿਮਰਨ ਸੰਗੀਤ, ਨਿਰਦੇਸ਼ਿਤ ਕਲਪਨਾ, ਸੁਚੇਤ ਧਿਆਨ, ਡਾਇਰੀ ਲਿਖਣ ਦਾ ਸੁਮੇਲ ਵੀ ਹੋ ਸਕਦਾ ਹੈ। ਇਹ ਸਭ ਤਰੀਕੇ ਬਹੁਤ ਲਾਭਦਾਇਕ ਹਨ, ਜੋ ਸਾਡੇ ਤਨ-ਮਨ ਨੂੰ ਸਕੂਨ ਪਹੁੰਚਾਉਂਦੇ ਹਨ। ਰੋਜ਼ਾਨਾ ਧਿਆਨ ਕਰਨ ਦਾ ਅਭਿਆਸ ਕਰਨ ਦੇ ਅਨੇਕਾਂ ਫਾਇਦੇ ਹਨ। ਅੱਜਕੱਲ੍ਹ ਫੋਨ ਵਿੱਚ ਕਈ ਐਪ ਵੀ ਉਪਲੱਬਧ ਹਨ ਜੋ ਤੁਹਾਨੂੰ ਨਿਰਦੇਸ਼ਿਤ ਧਿਆਨ ਲਗਾਉਣ ਵਿੱਚ ਸਹਾਇਤਾ ਕਰਦੀਆਂ ਹਨ।
ਸਮਾਜਿਕ ਰਾਬਤਾ ਬਣਾ ਕੇ ਰੱਖੋ। ਸਮਾਜਿਕ ਅਪ੍ਰਵਾਨਗੀ ਸਾਡੇ ਦਿਮਾਗ਼ ਵਿੱਚ ਸਰੀਰਕ ਦਰਦ ਵਾਂਗ ਹੁੰਦੀ ਹੈ ਕਿਉਂਕਿ ਸਮਾਜਿਕ ਮੇਲ-ਜੋਲ ਸਾਨੂੰ ਸਕਾਰਾਤਮਕ ਸਪਰਸ਼ ਤੇ ਖ਼ੁਸ਼ੀ ਪ੍ਰਦਾਨ ਕਰਦਾ ਹੈ। ਖ਼ੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਵੰਡਣ ਨਾਲ ਘੱਟ ਹੁੰਦਾ ਹੈ। ਸਾਡੇ ਪਿਆਰੇ ਮਿੱਤਰ ਤੇ ਸਕੇ ਸਬੰਧੀ ਸਾਡੇ ਦੁੱਖ-ਸੁੱਖ ਦੇ ਸਾਥੀ ਬਣਦੇ ਹਨ। ਸਮਾਜਿਕ ਰਾਬਤਾ ਰੱਖਣ ਨਾਲ ਅਸੀਂ ਇੱਕ ਟੀਮ ਵਿੱਚ ਵਿਚਰਦੇ ਹਾਂ ਤੇ ਸਾਡੇ ਸਵੈ ਤੇ ਦਬਾਅ ਆਪ-ਮੁਹਾਰੇ ਹੀ ਘੱਟ ਹੋ ਜਾਂਦਾ ਹੈ। ਪਰ ਇਹ ਸਮਾਜਿਕ ਰਾਬਤਾ ਕਿਵੇਂ ਰੱਖਿਆ ਜਾਣਾ ਚਾਹੀਦਾ ਹੈ? ਸਾਨੂੰ ਚੰਗੇ ਸਬੰਧ ਬਣਾਉਣੇ ਚਾਹੀਦੇ ਹਨ, ਦੋਸਤਾਂ ਦੇ ਗੁਣਾਂ ਨੂੰ ਨਾ ਕਿ ਗਣਨਾ ਨੂੰ ਤਰਜੀਹ ਦੇਣੀ ਚਾਹੀਦੀ ਹੈ। ਚੰਗੇ ਦੋਸਤਾਂ ਤੇ ਸਬੰਧੀਆਂ ਨਾਲ ਹਮੇਸ਼ਾਂ ਸੰਪਰਕ ਬਣਾਕੇ ਰੱਖਣਾ ਚਾਹੀਦਾ ਹੈ ਤਾਂ ਜੇ ਤੁਹਾਨੂੰ ਜ਼ਰੂਰਤ ਪਵੇ ਤਾਂ ਤੁਸੀਂ ਉਨ੍ਹਾਂ ਨੂੰ ਮਿਲ ਕੇ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕੋਂ। ਇਸ ਤਰ੍ਹਾਂ ਤੁਸੀਂ ਇੱਕ-ਦੂਜੇ ਨੂੰ ਸਮਝ ਸਕਦੇ ਹੋ। ਸ਼ੁਕਰਾਨਾ ਕਰਨ ਦੀ ਆਦਤ ਸਾਨੂੰ ਦਿਲੋਂ ਅਮੀਰ ਬਣਾਉਂਦੀ ਹੈ। ਸ਼ੁਕਰਾਨਾ ਕਰਨ ਨਾਲ ਅਸੀਂ ਹੋਰ ਸੰਵੇਦਨਸ਼ੀਲ ਬਣਦੇ ਹਾਂ। ਸ਼ੁਕਰਾਨਾ ਕਰਕੇ ਸਾਡਾ ਮਨ ਹਲਕਾ ਹੋ ਜਾਂਦਾ ਹੈ। ਜ਼ਿੰਦਗੀ ਸ਼ੁਕਰਾਨੇ ਨਾਲ ਜਿਊਣ ’ਤੇ ਤੁਸੀਂ ਛੋਟੀਆਂ ਛੋਟੀਆਂ ਜਿੱਤਾਂ ’ਤੇ ਗੌਰ ਕਰਨ ਲੱਗਦੇ ਹੋ – ਜੇ ਕੋਈ ਤੁਹਾਡੇ ਨਾਲ ਕੁੱਝ ਚੰਗਾ ਕਰਦਾ ਹੈ, ਕਿਸੇ ਅਜਨਬੀ ਦਾ ਤੁਹਾਡੀ ਮਦਦ ਕਰਨਾ, ਤੇ ਤੁਸੀਂ ਕਿਸੇ ਹੋਰ ਅਜਨਬੀ ਦੀ ਮਦਦ ਕਰਦੇ ਹੋ, ਤਾਂ ਕੁਦਰਤੀ ਹੀ ਅਸੀਂ ਇਨ੍ਹਾਂ ਸਭ ਹਾਲਤਾਂ ਵਿੱਚ ਇੱਕ-ਦੂਜੇ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸ਼ੁਕਰਾਨਾ ਕਰਨ ਲਈ ਤੁਸੀਂ ਡਾਇਰੀ ਵੀ ਲਿਖ ਸਕਦੇ ਹੋ। ਕਿਸੇ ਨੂੰ ਸ਼ੁਕਰਾਨੇ ਦੀ ਚਿੱਠੀ ਲਿਖੋ। ਆਪਣੇ ਆਪ ਨੂੰ ਸ਼ੁਕਰਾਨਾ ਕਰਨ ਲਈ ਯਾਦ ਦਿਵਾਉਂਦੇ ਰਹੋ। ਦੋ-ਤਿੰਨ ਮਿੰਟ, ਇੱਕ ਪੇਪਰ ’ਤੇ ਉਨ੍ਹਾਂ ਵਾਰੇ ਲਿਖੋ, ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ।
ਸਾਨੂੰ ਸਵੈ-ਦਇਆ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ’ਤੇ ਤਰਸ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਬਹੁਤਾ ਨਹੀਂ ਤੜਫਾਉਣਾ ਚਾਹੀਦਾ। ਜੇ ਅਸੀਂ ਆਪਣੇ ਨਾਲ ਦਇਆ ਕਰਾਂਗੇ ਤਾਂ ਹੀ ਦੂਜਿਆਂ ’ਤੇ ਦਇਆ ਕਰ ਸਕਾਂਗੇ। ਆਪਣੇ ਆਪ ਨੂੰ ਕੋਸਦੇ ਰਹਿਣਾ, ਪਰਖਦੇ ਰਹਿਣਾ, ਆਪਣੀਆਂ ਖਾਮੀਆਂ ਤੇ ਗ਼ਲਤੀਆਂ ’ਤੇ ਝੂਰਦੇ ਰਹਿਣ ਨਾਲੋਂ ਜੇ ਅਸੀਂ ਆਪਣੇ ’ਤੇ ਤਰਸ ਕਰੀਏ ਤਾਂ ਵਧੀਆ ਹੁੰਦਾ ਹੈ। ਜਦੋਂ ਅਸੀਂ ਸਵੈ-ਦਇਆ ਕਰਦੇ ਹਾਂ ਤਾਂ ਸਾਡੀ ਬੇਚੈਨੀ ਦੂਰ ਹੁੰਦੀ ਹੈ, ਉਦਾਸੀਨਤਾ ਘਟਦੀ ਹੈ, ਸੰਪੂਰਨ ਹੋਣ ਦਾ ਅਹਿਸਾਸ ਘੱਟ ਹੁੰਦਾ ਹੈ, ਫਾਲਤੂ ਵਿਚਾਰ ਘੱਟ ਆਉਂਦੇ ਹਨ, ਕਿਸੇ ਹੋਰ ਨਾਲ ਆਪਣੇ ਆਪ ਦੀ ਤੁਲਨਾ ਕਰਨ ਦਾ ਅਹਿਸਾਸ ਵੀ ਘਟਦਾ ਹੈ।
ਮਨੁੱਖੀ ਜ਼ਿੰਦਗੀ ਵਿੱਚੋਂ ਤਣਾਅ ਕਦੇ ਖ਼ਤਮ ਨਹੀਂ ਹੋਣਾ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਮਾਨਸਿਕ ਤਣਾਅ ਤੋਂ ਬਚਣ ਦੇ ਤਰੀਕੇ ਅਪਣਾਈਏ। ਮਨ ਵਿੱਚ ਆਸ ਦੀ ਚਿੰਗਾਰੀ ਮਘਦੀ ਰੱਖੀਏ ਜੋ ਸਾਡੇ ਜੀਵਨ ਵਿੱਚ ਰੌਸ਼ਨੀ ਬਣਾਈ ਰੱਖੇਗੀ।