ਜਗਮੀਤ ਸਿੰਘ ਦੀ ਨਸਲਵਾਦ ਖ਼ਿਲਾਫ਼ ਜੰਗ

ਜਗਮੀਤ ਸਿੰਘ ਦੀ ਨਸਲਵਾਦ ਖ਼ਿਲਾਫ਼ ਜੰਗ

ਡਾ. ਗੁਰਵਿੰਦਰ ਸਿੰਘ

ਕੈਨੇਡਾ ਦੀ ਕਿਸੇ ਕੌਮੀ ਰਾਜਨੀਤਕ ਪਾਰਟੀ ਦਾ ਆਗੂ ਬਣਨ ਵਾਲੇ ਪਹਿਲੇ ਸਿੱਖ ਨੌਜਵਾਨ ਜਗਮੀਤ ਸਿੰਘ ਇਕ ਵਾਰ ਫੇਰ ਚਰਚਾ ਵਿਚ ਹਨ। ਇਸ ਤੋਂ ਪਹਿਲਾਂ ਉਸ ਵੱਲੋਂ ਲਿਖੀ ਸਵੈ-ਜੀਵਨੀ ‘ਲਵ ਐਂਡ ਕਰੇਜ’ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੇ ਹੌਸਲੇ ਦੀ ਸ਼ਲਾਘਾ ਕੀਤੀ ਸੀ। ਇਸ ਕਿਤਾਬ ਵਿਚ ਉਸਨੇ ਆਪਣੇ ਨਾਲ ਸਮੇਂ -ਸਮੇਂ ’ਤੇ ਹੋਏ ਨਸਲਵਾਦ ਨੂੰ ਬਿਆਨ ਕਰਦਿਆਂ ਕਿਹਾ ਸੀ ਕਿ ਕੈਨੇਡਾ ਵਰਗੇ ‘ਮਨੁੱਖੀ ਅਧਿਕਾਰਾਂ ਦੇ ਚੈਂਪੀਅਨ’ ਦੇਸ਼ ਵਿਚ ਵੀ ਨਸਲਵਾਦ ਖ਼ਤਮ ਨਹੀਂ ਹੋਇਆ। ਕਿਤਾਬ ’ਚ ਅੰਕਿਤ ਕਈ ਘਟਨਾਵਾਂ ਤਾਂ ਪਾਠਕਾਂ ਨੂੰ ਕਾਂਬਾ ਛੇੜ ਦਿੰਦੀਆਂ ਹਨ। ਜਗਮੀਤ ਸਿੰਘ ਦੀ ਚੋਣ ਸਮੇਂ ਵੀ ਉਸ ’ਤੇ ਦਸਤਾਰ, ਸਿੱਖੀ ਸਰੂਪ ਅਤੇ ਰੰਗ-ਨਸਲ ਨੂੰ ਲੈ ਕੇ ਵਿਰੋਧੀਆਂ ਵੱਲੋਂ ਭੱਦੀਆਂ ਟਿੱਪਣੀਆਂ ਕੀਤੀ ਗਈਆਂ ਸਨ, ਪਰ ਜਗਮੀਤ ਸਿੰਘ ਨੇ ਦਲੇਰੀ ਨਾਲ ਹਰ ਗੱਲ ਦਾ ਜਵਾਬ ਦਿੱਤਾ ਤੇ ਆਖਿਰਕਾਰ ਕੈਨੇਡਾ ਦੇ ਲੋਕਾਂ ਨੇ ਉਸਨੂੰ ਸਫਲ ਬਣਾਇਆ। ਅੱਜਕੱਲ੍ਹ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦੀ ਚਰਚਾ ਉਸ ਵੱਲੋਂ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤੇ ਇਸ ਮਤੇ ਨੂੰ ਲੈ ਕੇ ਹੋ ਰਹੀ ਹੈ, ਜੋ ਰੌਇਲ ਕੈਨੇਡੀਅਨ ਮੌਂਟੇਡ ਪੁਲੀਸ ਵੱਲੋਂ ਕੈਨੇਡਾ ਦੇ ਮੂਲਵਾਸੀ ਲੋਕਾਂ ਨਾਲ ਕੀਤੇ ਸੰਸਥਾਗਤ ਨਸਲਵਾਦ ਬਾਰੇ ਹੈ।

ਇਸ ਮਤੇ ਵਿਚ ਜਗਮੀਤ ਸਿੰਘ ਨੇ ਕੈਨੇਡਾ ਦੀ ਪਾਰਲੀਮੈਂਟ ਵਿਚ ਜ਼ੋਰਦਾਰ ਢੰਗ ਨਾਲ ਮੂਲਵਾਸੀਆਂ ਅਤੇ ਸਿਆਹ ਲੋਕਾਂ ਖ਼ਿਲਾਫ਼ ਪੁਲੀਸ ਵੱਲੋਂ ਕੀਤੇ ਜਾਂਦੇ ਵਿਤਕਰੇ ਅਤੇ ਜ਼ੁਲਮ ਦੇ ਮਾਮਲੇ ਉਠਾਏ ਹਨ। ਉਸਨੇ ਇਹ ਵੀ ਮੰਗ ਕੀਤੀ ਕਿ ਆਰ.ਸੀ. ਐੱਮ.ਪੀ. ਵੱਲੋਂ ਤਾਕਤ ਦੀ ਅੰਨ੍ਹੇਵਾਹ ਵਰਤੋਂ ਦੀਆਂ ਘਟਨਾਵਾਂ ਦੀ ਪੜਤਾਲ ਕੀਤੀ ਜਾਵੇ। ਪੁਲੀਸ ਨੂੰ ਜਵਾਬਦੇਹ ਬਣਾਇਆ ਜਾਵੇ, ਪੁਲੀਸ ਟਰੇਨਿੰਗ ਦੀ ਘੋਖ ਕੀਤੀ ਜਾਵੇ, ਆਰ.ਸੀ. ਐੱਮ.ਪੀ. ਰੋਜ਼ਾਨਾ ਖ਼ਰਚ ਹੁੰਦੇ 10 ਮਿਲੀਅਨ ਡਾਲਰਾਂ ਅਤੇ ਕਾਨੂੰਨੀ ਪੱਖਾਂ ਨੂੰ ਮੁੜ ਵਿਚਾਰਿਆ ਜਾਵੇ ਅਤੇ ਇਸ ਬਜਟ ’ਚ ਬਹੁਤ ਹਿੱਸਾ ਮਾਨਸਿਕ ਸਿਹਤ ਕਾਰਜਾਂ, ਅਹਿੰਸਕ ਦਖਲ ਅਤੇ ਹੋਰ ਇਮਦਾਦ ਵਜੋਂ ਵਰਤਿਆ ਜਾਵੇ। ਜਗਮੀਤ ਸਿੰਘ ਵੱਲੋਂ ਪਾਰਲੀਮੈਂਟ ’ਚ ਪੇਸ਼ ਕੀਤਾ ਮਤਾ ਬੜਾ ਅਹਿਮ ਤੇ ਸਾਰਥਿਕ ਹੋਣ ਕਰਕੇ ਉਸਨੂੰ ਯਕੀਨ ਸੀ ਕਿ ਸਾਰੀਆਂ ਪਾਰਟੀਆਂ ਇਸਨੂੰ ਸਰਬ- ਸੰਮਤੀ ਨਾਲ ਪ੍ਰਵਾਨ ਕਰਨਗੀਆਂ, ਪਰ ਉਸ ਵੇਲੇ ਸਾਰੇ ਹੈਰਾਨ ਰਹਿ ਗਏ ਜਦੋਂ ਕੈਨੇਡਾ ਦੀ ਵੱਖਵਾਦੀ ਸੁਰ ਅਲਾਪਣ ਵਾਲੀ ਪਾਰਟੀ ਬਲਾਕ ਕਿਊਬਿਕੁਆ ਦੇ ਹਾਊਸ ਲੀਡਰ ਐਲੇਨ ਥੈਰੇਨ ਵੱਲੋਂ ਮਤਾ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਥੈਰੇਨ ਨੇ ਜਗਮੀਤ ਸਿੰਘ ਵੱਲ ਦੇਖਦਿਆਂ ਉੱਚੀ ਸੁਰ ਵਿਚ ਨਾਂਹ ਦੁਹਰਾਈ ਤਾਂ ਜਗਮੀਤ ਸਿੰਘ ਨੇ ਉਸਨੂੰ ਨਸਲਵਾਦੀ ਆਖ ਦਿੱਤਾ। ਇਹ ਕਹਿਣ ਦੀ ਦੇਰ ਸੀ ਕਿ ਬਲਾਕ ਕਿਊਬਿਕੁਆ ਵੱਲੋਂ ਜਗਮੀਤ ਸਿੰਘ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ, ਪਰ ਉਸਨੇ ਅਜਿਹਾ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ। ਵਿਰੋਧੀ ਪਾਰਟੀ ਦੇ ਇਤਰਾਜ਼ ’ਤੇ ਸਪੀਕਰ ਐਂਥੋਨੀ ਰੂਟਾ ਨੇ ਐੱਨ.ਡੀ.ਪੀ. ਆਗੂ ਨੂੰ ਹਾਊਸ ਆਫ ਕਾਮਨਜ਼ ਵਿਚੋਂ ਬਾਹਰ ਕੱਢ ਦਿੱਤਾ।

ਬਾਹਰ ਆ ਕੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਨਸਲਵਾਦ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟੇਗਾ। ਉਸਨੇ ਮੰਨਿਆ ਕਿ ਉਹ ਪਾਰਲੀਮੈਂਟ ’ਚ ਗੁੱਸੇ ’ਚ ਸਨ, ਪਰ ਉਹ ਇਸ ਗੱਲ ’ਤੇ ਉਦਾਸ ਹਨ ਕਿ ਨਸਲਵਾਦ ਦੇ ਪੀੜਤ ਮੂਲਵਾਸੀ ਲੋਕਾਂ ਨੂੰ ਬਚਾਉਣ ਲਈ ਅਸੀਂ ਸਭ ਮਿਲਕੇ ਕਦਮ ਕਿਉਂ ਨਹੀਂ ਉਠਾ ਸਕਦੇ। ਉਸਨੇ ਕਿਹਾ ਕਿ ਆਰ.ਸੀ.ਐੱਮ.ਪੀ. ਵਿਚ ਨਸਲਵਾਦ ਹੈ ਅਤੇ ਇਹ ਸਭ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਗਮੀਤ ਸਿੰਘ ਨਾਲ ਜਦੋਂ ਵੀ ਨਿੱਜੀ ਤੌਰ ’ਤੇ ਨਸਲਵਾਦ ਦੀਆਂ ਘਟਨਾਵਾਂ ਵਾਪਰੀਆਂ ਤਾਂ ਉਨ੍ਹਾਂ ਦੇ ਜਵਾਬ ਵਿਚ ਨੌਜਵਾਨ ਆਗੂ ਨੇ ਨਫ਼ਰਤ ਦੀ ਜੰਗ ਪਿਆਰ ਨਾਲ ਹੀ ਜਿੱਤੀ ਅਤੇ ਕਿਸੇ ਨੂੰ ਵੀ ਗੁੱਸੇ ’ਚ ਉੱਤਰ ਨਹੀਂ ਦਿੱਤਾ। ਚਾਹੇ ਘਟਨਾ ਸਤੰਬਰ 2017 ਵਿਚ ਜਗਮੀਤ ਸਿੰਘ ਨੂੰ ਇਕ ਔਰਤ ਵੱਲੋਂ ਮਿਸਰ ਦੇ ਕੱਟੜਪੰਥੀ ਮੁਸਲਿਮ ਬ੍ਰਦਰਹੁਡ ਗੁੱਟ ਦਾ ਸਮਰਥਕ ਕਹਿ ਕੇ ਭੰਡਿਆ ਗਿਆ ਹੋਵੇ ਤੇ ਚਾਹੇ ਅਕਤੂਬਰ 2019 ਦੀਆਂ ਚੋਣਾਂ ਦੌਰਾਨ ਇਕ ਮਾਂਟਰੀਅਲ ਵਾਸੀ ਵੱਲੋਂ ਦਸਤਾਰ ਅਤੇ ਜਗਮੀਤ ਸਿੰਘ ਦੀ ਦਿੱਖ ’ਤੇ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਹੋਣ। ਹਰ ਵਾਰ ਜਗਮੀਤ ਸਿੰਘ ਨੇ ਨਫ਼ਰਤ ਦਾ ਜਵਾਬ ਹਲੀਮੀ ਨਾਲ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਉਸਨੇ ਆਪਣਾ ਪ੍ਰਤੀਕਰਮ ਗੁੱਸੇ ਵਿਚ ਦਿੱਤਾ, ਜਿਸ ਦਾ ਉਸਨੇ ਪਛਤਾਵਾ ਵੀ ਕੀਤਾ, ਪਰ ਮੁਆਫ਼ੀ ਮੰਗਣ ਨੂੰ ਤਰਜੀਹ ਇਸ ਕਰਕੇ ਨਹੀਂ ਦਿੱਤੀ ਤਾਂ ਕਿ ਕਿਧਰੇ ਮੂਲਵਾਸੀਆਂ ਲਈ ਉਠਾਈ ਆਵਾਜ਼ ਦੱਬ ਕੇ ਨਾ ਰਹਿ ਜਾਏ। ਇਸ ਸਾਰੇ ਘਟਨਾਕ੍ਰਮ ਤੋਂ ਇਹ ਵੀ ਜਾਪਦਾ ਹੈ ਕਿ ਜਗਮੀਤ ਸਿੰਘ ਨਿੱਜੀ ਪੱਧਰ ’ਤੇ ਹੋਏ ਨਸਲਵਾਦ ਤੇ ਵਿਤਕਰੇ ਨੂੰ ਤਾਂ ਬਰਦਾਸ਼ਤ ਕਰ ਗਏ, ਪਰ ਮੂਲਵਾਸੀ ਲੋਕਾਂ ਨਾਲ ਹੋ ਰਹੇ ਵਿਤਕਰੇ ਨੂੰ ਨਹੀਂ ਝਲ ਸਕੇ।

ਕੈਨੇਡਾ ਦੀ ਪਾਰਲੀਮੈਂਟ ’ਚ ਜਗਮੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਸਿਆਸਤ ਭਖ ਚੁੱਕੀ ਹੈ। ਪਾਰਟੀ ਬਲਾਕ ਕਿਊਬਿਕੁਆ ਦੇ ਆਗੂ ਯੁਵੇਸ਼ ਫਰੈਕੋਇਸ ਬਲੈਂਚੈਂਟ ਨੇ ਕਿਹਾ ਕਿ ਉਹ ਐੱਨ.ਡੀ.ਪੀ. ਆਗੂ ਤੋਂ ਮੁਆਫ਼ੀ ਮੰਗਵਾਉਣਗੇ, ਨਹੀਂ ਤਾਂ ਹਾਊਸ ਵਿਚ ਇਸ ਦੇ ਵਿਰੋਧ ’ਚ ਪਾਰਟੀ ਆਵਾਜ਼ ਉਠਾਏਗੀ। ਇਕ ਹੋਰ ਨਸਲਵਾਦੀ ਆਗੂ ਮੈਕਸੀਮ ਬਰਨੀਏ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਜਗਮੀਤ ਸਿੰਘ ਸਿੱਖ ਵੱਖਵਾਦ ਦਾ ਸਮਰਥਕ ਹੈ ਅਤੇ ਕਮਿਊਨਿਸਟ ਹਤਿਆਰੇ ਕੈਸਟਰੋ ਦੀ ਪ੍ਰਸੰਸਾ ਕਰਦਾ ਹੈ। ਇਸ ਤਰ੍ਹਾਂ ਹੀ ਕਈ ਸੱਜੇ ਪੱਖੀ ਤੇ ਚਿੱਟੇ ਮੂਲਵਾਦ ਦੇ ਹਮਾਇਤੀ ਵੀ ਜਗਮੀਤ ਸਿੰਘ ਦੀ ਆਲੋਚਨਾ ਕਰ ਰਹੇ ਹਨ, ਪਰ ਦੇਸ਼ ਦੇ ਸੂਝਵਾਨ ਤੇ ਬੁੱਧੀਜੀਵੀ ਵਰਗ ਨੇ ਉਸਦਾ ਸਮਰਥਨ ਕੀਤਾ ਹੈ। ਇੱਥੋਂ ਤਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਸ ਦੀ ਹਮਾਇਤ ’ਤੇ ਆ ਗਏ ਹਨ ਤੇ ਉਨ੍ਹਾਂ ਮੰਨਿਆ ਹੈ ਕਿ ਕੈਨੇਡਾ ’ਚ ਆਰ.ਸੀ.ਐੱਮ.ਪੀ ਅੰਦਰ ਮੂਲਵਾਸੀਆਂ ਪ੍ਰਤੀ ਨਸਲਵਾਦ ਹੈ। ਟਰੂਡੋ ਨੇ ਦੂਜੇ ਪਾਸੇ ਨਸਲਵਾਦ ਤੋਂ ਇਨਕਾਰ ਕਰਨ ਵਾਲੇ ਬਲਾਕ ਕਿਊਬਿਕੁਆ ਦੀ ਆਲੋਚਨਾ ਕੀਤੀ। ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜਹਾਨ ਹਾਰਗਨ ਨੇ ਜਗਮੀਤ ਸਿੰਘ ਦੇ ਹੌਸਲੇ ਤੇ ਮਜ਼ਬੂਤ ਇਰਾਦੇ ਦੀ ਸ਼ਲਾਘਾ ਕੀਤੀ ਹੈ। ਨਿਊ ਡੈਮੋਕਰੈਟਿਕ ਪਾਰਟੀ ਜਗਮੀਤ ਸਿੰਘ ਦੀ ਪਿੱਠ ’ਤੇ ਆ ਖੜ੍ਹੀ ਹੈ। ਐੱਮ.ਪੀ. ਡਾਨ ਡੇਇਸ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ’ਚ ਜਗਮੀਤ ਸਿੰਘ ਪਹਿਲਾ ਅਜਿਹਾ ਪਾਰਟੀ ਆਗੂ ਹੈ, ਜਿਸਨੇ ਨਸਲਵਾਦ ਹੰਢਾਇਆ ਵੀ ਹੈ ਤੇ ਉਸ ’ਤੇ ਹਰ ਸਮੇਂ ਦਲੇਰਾਨਾ ਢੰਗ ਨਾਲ ਪਹਿਰਾ ਵੀ ਦਿੱਤਾ ਹੈ।

ਨਸਲਵਾਦ ਖ਼ਿਲਾਫ਼ ਜਗਮੀਤ ਸਿੰਘ ਵੱਲੋਂ ਬੁਲੰਦ ਕੀਤੀ ਆਵਾਜ਼ ’ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਨੂੰ ਮਾਣ ਹੈ। ਸਿੱਖਾਂ ਨੂੰ ਤਾਂ ਇਸ ਗੱਲ ਦੀ ਹੋਰ ਵੀ ਖ਼ੁਸ਼ੀ ਹੈ ਕਿ ਮਾਨਸ ਦੀ ਇਕ ਜਾਤ ਦਾ ਸੰਦੇਸ਼ ਦੇਣ ਵਾਲੇ ਸਿੱਖੀ ਸਿਧਾਂਤਾਂ ’ਚ ਪਰਿਪੱਕ ਜਗਮੀਤ ਸਿੰਘ ਨੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਅਤੇ ਸਰਬੱਤ ਦੀ ਸਾਂਝੀਵਾਲਤਾ ਵਾਲੇ ਸੁਨੇਹੇ ’ਤੇ ਪਹਿਰਾ ਦੇ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਹੱਕ ਸੱਚ ਅਤੇ ਆਜ਼ਾਦੀ ਲਈ ਲੜਨ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਚੌਥੀ ਪੀੜ੍ਹੀ ’ਚ ਜਨਮੇ ਇਸ ਨੌਜਵਾਨ ਨੇ ਮਾਨਸਵਾਦ ਦੀ ਰੱਖ ਵਿਖਾਈ ਹੈ। ਇੱਥੇ ਹੀ ਬਸ ਨਹੀਂ ਕੈਨੇਡਾ ਦੇ ਮੂਲਵਾਸੀ ਲੋਕਾਂ ਨਾਲ 1835 ਤੋਂ ਰੈਂਜ਼ੀਡੈਸ਼ੀਅਲ ਅਤੇ ਬੋਰਡਿੰਗ ਸਕੂਲਾਂ ਦੇ ਨਾਂ ’ਤੇ ਸ਼ੁਰੂ ਹੋਏ ਨਸਲਵਾਦ, ਜਬਰ-ਜ਼ੁਲਮ ਅਤੇ ਹੱਤਿਆਵਾਂ ਦੇ ਦੌਰ ਦੀ ਦਾਸਤਾਨ ਨੂੰ ਮੁੜ ਜੱਗ ਜ਼ਾਹਿਰ ਕੀਤਾ ਹੈ। ਇਹ ਵੀ ਪ੍ਰਤੱਖ ਕਰ ਦਿੱਤਾ ਹੈ ਕਿ 1879 ਵਿਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜੌਹਨ ਏ. ਮੈਕਡੌਨਲਡ ਨੇ ਕੈਨੇਡੀਅਨ ਪੁਲੀਸ ਦਾ ਮੁੱਢ ਬੰਨ੍ਹਦੇ ਹੋਏ, ਇਸ ਰਾਹੀਂ ਮੂਲਵਾਸੀਆਂ ਦੇ ਬੱਚਿਆਂ ਨੂੰ ਜ਼ਾਲਮਾਨਾ ਢੰਗ ਨਾਲ ਘਸਿਆਰੇ ਬਣਾਉਣ ’ਚ ਭੂਮਿਕਾ ਨਿਭਾਈ।

ਅੱਜ ਵੀ ਇਹ ਨਸਲਵਾਦ ਜਾਰੀ ਹੈ। ਨਿਊ ਬਰਾਂਸਇਕ ਵਿਚ ਮੂਲਵਾਸੀ ਮਰਦ ਤੇ ਔਰਤ ਦੀਆਂ ਹੱਤਿਆਵਾਂ ਦੇ ਮਾਮਲੇ ਭਖੇ ਹੋਏ ਹਨ। ਅਮਰੀਕਾ ’ਚ ਸਿਆਹ ਵਿਅਕਤੀ ਜਾਰਜ ਫਲਾਇਡ ਦੇ ਕੀਤੇ ਕਤਲ ਨੂੰ ਲੈ ਕੇ ਕੈਨੇਡਾ ਵਿਚ ਵੀ ਰੋਸ ਵਿਖਾਵੇ ਹੋਏ ਹਨ। ਆਰ.ਸੀ.ਐੱਮ.ਪੀ. ਦੇ 150 ਸਾਲਾ ਇਤਿਹਾਸ ’ਚ ਉਸਦੀ ਨਸਲਵਾਦੀ ਪਹੁੰਚ ਖ਼ਿਲਾਫ਼ ਆਵਾਜ਼ ਉਠਾਉਣ ਦੇ ਮੌਕੇ ’ਤੇ ਜਗਮੀਤ ਸਿੰਘ ਵੱਲੋਂ ਨਸਲਵਾਦ ਖ਼ਿਲਾਫ਼ ਕੈਨੇਡਾ ਦੀ ਪਾਰਲੀਮੈਂਟ ਵਿਚ ਇਹ ਮਤਾ ਪੇਸ਼ ਕਰਨਾ ਵਿਸ਼ੇਸ਼ ਮਹੱਤਵ ਦਾ ਲਿਖਾਇਕ ਹੋ ਨਿਬੜਿਆ ਹੈ।

ਜਗਮੀਤ ਸਿੰਘ ਅੱਜ ਦੇ ਦੌਰ ’ਚ ਮਾਨਵਵਾਦ ਦਾ ਦੂਤ ਅਤੇ ਨਸਲਵਾਦ ਵਿਰੋਧੀ ਆਗੂ ਬਣ ਕੇ ਵਿਸ਼ਵ ਰਾਜਨੀਤੀ ਦੇ ਮੰਚ ’ਤੇ ਉਜਾਗਰ ਹੋ ਚੁੱਕਿਆ ਹੈ। ਜਗਮੀਤ ਸਿੰਘ ਦਾ ਇਹ ਕਦਮ ਜਿੱਥੇ ਰੰਗ- ਨਸਲ ਦਾ ਵਿਤਕਰਾ ਖ਼ਤਮ ਕਰਨ ਵਿਚ ਸਹਾਈ ਹੋਵੇਗਾ, ਉੱਥੇ ਲੋਕ ਮਨਾਂ ’ਚੋਂ ਨਫ਼ਰਤ ਕੱਢਣ ਵਿਚ ਵੀ ਮਹੱਤਵਪੂਰਨ ਸਿੱਧ ਹੋਏਗਾ।

ਸੰਪਰਕ : 001 604 825 1550

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All