ਹਰਜੀਤ ਅਟਵਾਲ
ਅੱਜ ਲੰਡਨ ਨੂੰ ਭਾਰਤੀ ਖਾਣਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਹਰ ਡਾਊਨ-ਟਾਊਨ, ਹਰ ਹਾਈ ਸਟਰੀਟ ਉੱਪਰ ਕਈ ਕਈ ਭਾਰਤੀ ਰੈਸਟੋਰੈਂਟ ਮਿਲ ਜਾਂਦੇ ਹਨ। ਕਿਸੇ ਰਾਹ ਵਿਚ ਲੰਘਦਿਆਂ ਸਜਿਹੇ ਹੀ ਤੁਹਾਡੇ ਨੱਕ ਵਿਚ ਤੜਕੇ ਦੀ ਖੁਸ਼ਬੂ ਆ ਵੜਦੀ ਹੈ। ਪਰ ਪਹਿਲਾਂ ਇਹ ਅਜਿਹਾ ਨਹੀਂ ਸੀ। ਜਿਨ੍ਹਾਂ ਦਿਨਾਂ ਵਿਚ ਮੈਂ ਲੰਡਨ ਆ ਕੇ ਵਸਿਆ ਸਾਂ ਉਦੋਂ ਇਹ ਹੋਰ ਤਰ੍ਹਾਂ ਦਾ ਲੰਡਨ ਸੀ। ਭਾਰਤੀ ਖਾਣਿਆਂ ਵੱਲੋਂ ਫਿੱਕਾ-ਫਿੱਕਾ। ਭਾਰਤੀ ਰੈਸਟੋਰੈਂਟ ਬਹੁਤ ਘੱਟ ਹੁੰਦੇ ਸਨ। ਮੈਂ ਉੱਤਰੀ ਲੰਡਨ ਵਿਚ ਸ਼ਰਾਬ ਦਾ ਸਟੋਰ ਚਲਾਉਂਦਾ ਸਾਂ। ਵਕਤ ਦੀ ਸਦਾ ਘਾਟ ਹੁੰਦੀ। ਇਕੱਲਾ ਸਾਂ। ਖਾਣਾ ਬਾਹਰੋਂ ਹੀ ਖਾਣਾ ਪੈਂਦਾ ਤੇ ਬਾਹਰ ਦਾ ਖਾਣਾ ਆਮ ਤੌਰ ’ਤੇ ਅੰਗਰੇਜ਼ੀ ਨਾਸ਼ਤਾ ਤੇ ਦੁਪਹਿਰੇ-ਸ਼ਾਮ ਫਿਸ਼ ਐਂਡ ਚਿਪਸ। ਇਹ ਖਾ ਖਾ ਕੇ ਮੈਂ ਏਨਾ ਅੱਕ ਗਿਆ ਕਿ ਮੈਨੂੰ ਆਪਣਾ ਦੇਸੀ ਖਾਣਾ ਕਿਸੇ ਵਿੱਛੜੇ ਹੋਏ ਰਿਸ਼ਤੇਦਾਰ ਵਾਂਗ ਯਾਦ ਆਉਣ ਲੱਗਦਾ। ਮੈਨੂੰ ਯਾਦ ਹੈ ਕਿ ਕਈ ਕਈ ਮਹੀਨੇ ਦੇਸੀ ਖਾਣੇ ਨੂੰ ਖਾਧਿਆਂ ਨਿਕਲ ਜਾਣੇ। ਕਈ ਵਾਰ ਅਜਿਹੀ ਸਥਿਤੀ ਵਿਚ ਹੰਝੂ ਆ ਜਾਣੇ। ਦਿਲ ਕਰਨਾ ਕਿ ਹਰੀ ਮਿਰਚ ਮਿਲ ਜਾਵੇ ਤੇ ਸਾਬਤੀ ਨੂੰ ਚਿੱਥ ਜਾਵਾਂ ਜਾਂ ਲਸਣ-ਅਧਰਕ ਕੱਚੇ ਹੀ ਖਾ ਜਾਵਾਂ। ਲਸਣ ਤਾਂ ਗੋਰਿਆਂ ਦੀਆਂ ਦੁਕਾਨਾਂ ਉੱਪਰ ਮਿਲ ਜਾਂਦਾ ਸੀ, ਪਰ ਇਕੱਲਾ ਲਸਣ ਕੀ ਕਰਦਾ। ਆਪਣੇ ਖਾਣਿਆਂ ਲਈ ਮੇਰੀ ਇਹ ਤੜਫ ਕਿਸੇ ਨਾ ਕਿਸੇ ਪਾਤਰ ਰਾਹੀਂ ਜ਼ਰੂਰ ਮੇਰੀਆਂ ਲਿਖਤਾਂ ਵਿਚ ਆਈ ਹੋਵੇਗੀ ਤਾਂ ਹੀ ਤਾਂ ਮੇਰਾ ਅਜ਼ੀਜ਼ ਅਮਿਤ ਗਰਗ ਮੇਰੀਆਂ ਕਈ ਗੱਲਾਂ ਨੂੰ ਫੜ ਕੇ ਉਸ ਬਾਰੇ ਸਵਾਲ ਕਰਦਾ ਹੈ। ਅਮਿਤ ਗਰਗ ਮੇਰੇ ਨਾਵਲਾਂ, ਕਹਾਣੀਆਂ ਉੱਪਰ ਹਿੰਦੀ ਵਿਚ ਪੀ.ਐੱਚਡੀ ਕਰ ਰਿਹਾ ਹੈ। ਪਿੱਛੇ ਜਿਹੇ ਆਪਣੇ ਇਸੇ ਕਾਲਮ ਵਿਚ ਲੌਕਡਾਊਨ ਵਿਚ ਢਿੱਲ ਮਿਲਣ ’ਤੇ ਸਭ ਤੋਂ ਪਹਿਲਾਂ ਮੈਂ ਅੰਗਰੇਜ਼ੀ ਨਾਸ਼ਤਾ ਕਰਨ ਦੀ ਖਾਹਸ਼ ਜ਼ਾਹਰ ਕੀਤੀ ਸੀ ਜਿਸ ਨੂੰ ਅਮਿਤ ਨੇ ਖੂਬ ਫੜਿਆ ਤੇ ਇਸ ਬਾਰੇ ਸਵਾਲ ਵੀ ਕੀਤਾ ਕਿ ਮੇਰੇ ਵਰਗਾ ਪਰੌਂਠੇ ਖਾਣ ਵਾਲਾ ਬੰਦਾ ਇਕ ਮੋੜ ’ਤੇ ਆ ਕੇ ਕਿਵੇਂ ਅੰਗਰੇਜ਼ੀ ਨਾਸ਼ਤੇ ਵਿਚੋਂ ਵੱਡੀ ਤਸੱਲੀ ਲੱਭਦਾ ਹੈ। ਅਸਲ ਵਿਚ ਇਹ ਇਕ ਪਰਵਾਸੀ ਦੇ ਅੰਦਰਲਾ ਸਫ਼ਰ ਹੈ। ਵਾਸੀ ਤੋਂ ਪਰਵਾਸੀ ਤੇ ਫਿਰ ਨਵੇਂ ਮੁਲਕ ਦਾ ਵਾਸੀ ਬਣਨ ਦਾ ਸਫ਼ਰ। ਇਸ ਨੂੰ ਸਮਝਣ ਲਈ ਮੇਰੇ ਸਫ਼ਰ ਦੇ ਸ਼ੁਰੂ ਦੇ ਦਿਨਾਂ ਵਿਚ ਜਾਣਾ ਪਵੇਗਾ। ਜਦੋਂ ਮੈਂ ਇਕੱਲਾ ਰਹਿੰਦਾ ਸਾਂ ਤੇ ਖਾਣਾ ਬਾਹਰੋਂ ਖਾਣਾ ਪੈਂਦਾ ਸੀ।
ਉਂਜ ਤਾਂ ਭਾਰਤੀ ਰੈਸਟੋਰੈਂਟਾਂ ਵਿਚ ਬੰਗਲਾ ਦੇਸੀ, ਪਾਕਿਸਤਾਨੀ ਤੇ ਹੁਣ ਸ੍ਰੀਲੰਕਨ ਰੈਸਟੋਰੈਂਟ ਵੀ ਆ ਜਾਂਦੇ ਹਨ, ਪਰ ਆਪਣੀ ਪ੍ਰੋਮੋਸ਼ਨ ਜਾਂ ਮਸ਼ਹੂਰੀ ਸਭ ਭਾਰਤੀ ਰੈਸਟੋਰੈਂਟ ਦੇ ਤੌਰ ’ਤੇ ਹੀ ਕਰਦੇ ਹਨ। ਮੇਰੇ ਸ਼ੁਰੂ ਦੇ ਦਿਨਾਂ ਵਿਚ ਦੇਸੀ ਰੈਸਟੋਰੈਂਟਾਂ ਦੀ ਬਹੁਤ ਘਾਟ ਸੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਉੱਤਰੀ ਲੰਡਨ ਵਿਚ ਰਹਿੰਦਾ ਸਾਂ ਤੇ ਉਸ ਇਲਾਕੇ ਵਿਚ ਕੋਈ ਵੀ ਭਾਰਤੀ ਖਾਣਿਆਂ ਲਈ ਢਾਬਾ ਜਾਂ ਰੈਸਟੋਰੈਂਟ ਨਹੀਂ ਸੀ। ਮੇਰੇ ਆਲੇ ਦੁਆਲੇ ਤਾਂ ਮੀਲਾਂ ਤਕ ਦੇਸੀ ਖਾਣਾ ਨਹੀਂ ਸੀ ਮਿਲਦਾ। ਮੈਂ ਸਟੋਰ ਚਲਾਉਂਦਾ ਸਾਂ ਜਿਸ ਵਿਚ ਕੋਈ ਛੁੱਟੀ ਨਹੀਂ ਹੁੰਦੀ, ਇਸ ਲਈ ਕਿਤੇ ਦੇਸੀ ਖਾਣੇ ਲਈ ਆ ਜਾ ਸਕਣਾ ਵੀ ਬਹੁਤ ਮੁਸ਼ਕਲ ਸੀ। ਮੇਰੇ ਨੇੜੇ ਫਿਸ਼ ਐਂਚ ਚਿਪਸ ਦੀਆਂ ਕਈ ਦੁਕਾਨਾਂ ਸਨ ਜਾਂ ਅੰਗਰੇਜ਼ੀ ਨਾਸ਼ਤਿਆਂ ਵਾਲੀਆਂ ਕੈਫੀਆਂ। ਅੱਜਕੱਲ੍ਹ ਤਾਂ ਫਿਸ਼ ਐਂਡ ਚਿਪਸ ਦੀਆਂ ਦੁਕਾਨਾਂ ਉੱਪਰ ਚਿੱਲੀ ਸੌਸ ਮਿਲ ਜਾਂਦਾ ਹੈ ਜਿਸ ਨਾਲ ਤੁਸੀਂ ਆਪਣੀ ਕੌੜਾ ਖਾਣ ਦੀ ਲਲ੍ਹਕ ਪੂਰੀ ਕਰ ਸਕਦੇ ਹੋ, ਉਨ੍ਹਾਂ ਦਿਨਾਂ ਵਿਚ ਇਹ ਸਭ ਨਹੀਂ ਸੀ ਮਿਲਦਾ। ਕਦੇ ਕਦੇ ਮੌਕਾ ਲੱਗਣਾ ਤਾਂ ਗੁਰਦੁਆਰੇ ਚਲੇ ਜਾਣਾ। ਗੁਰਦੁਆਰੇ ਜਾਣ ਦਾ ਮੁੱਖ ਮਤਲਬ ਮਾਹਾਂ ਦੀ ਦਾਲ ਤੇ ਰੋਟੀ ਖਾਣਾ ਹੁੰਦਾ ਸੀ। ਕਈ ਵਾਰ ਸਾਊਥਾਲ ਜਾਂ ਹੋਰ ਭਾਰਤੀ ਵਸੋਂ ਵਾਲੇ ਇਲਾਕਿਆਂ ਵਿਚੋਂ ਸ਼ੌਪਿੰਗ ਕਰਨੀ, ਪਰ ਉਹ ਕਿੰਨੇ ਦਿਨ ਚੱਲਣੀ ਹੁੰਦੀ। ਅੱਜਕੱਲ੍ਹ ਤਾਂ ਰੋਟੀਆਂ ਦੇ ਬਦਲ ਵਿਚ ਨਾਨ, ਪੀਟ-ਬ੍ਰੈੱਡ ਵਰਗੀਆਂ ਚੀਜ਼ਾਂ ਮਿਲਦੀਆਂ ਹਨ, ਇਹ ਉਨ੍ਹਾਂ ਦਿਨਾਂ ਵਿਚ ਨਹੀਂ ਸਨ ਮਿਲਦੀਆਂ। ਫਿਰ ਮੈਨੂੰ ਪਤਾ ਚੱਲਾ ਕਿ ਚੀਨੀ ਲੋਕ ਵੀ ਚਿਕਨ-ਕਰੀ ਬਣਾਉਂਦੇ ਹਨ, ਆਪਣੀ ਰਿਸ਼ਤੇ ਵਿਚ ਲੱਗਦੀ ਭਰਜਾਈ ਜੋ ਕਿ ਮੇਰੀ ਰਿਹਾਇਸ਼ ਦੇ ਨਜ਼ਦੀਕ ਰਹਿੰਦੀ ਸੀ, ਕੋਲੋਂ ਵਾਹਵਾ ਸਾਰੀਆਂ ਰੋਟੀਆਂ ਬਣਵਾ ਲੈਣੀਆਂ ਤੇ ਚਾਈਨੀਜ਼ ਚਿਕਨ-ਕਰੀ ਨਾਲ ਕਈ ਦਿਨ ਖਾਂਦੇ ਰਹਿਣਾ। ਫਿਰ ਇਕ ਦਿਨ ਪਤਾ ਲੱਗਾ ਕਿ ਸਾਡੇ ਨੇੜੇ ਹੀ ਇਕ ਢਾਬਾ ਨੁਮਾ ਦੁਕਾਨ ਖੁੱਲ੍ਹੀ ਹੈ ਜਿੱਥੋਂ ਤੁਸੀਂ ਦੇਸੀ ਖਾਣੇ ਖ਼ਰੀਦ ਸਕਦੇ ਹੋ, ਮੈਂ ਗਿਆ, ਖਾਣਾ ਉਨ੍ਹਾਂ ਦਾ ਸਵਾਦ ਸੀ, ਪਰ ਉਹ ਇਸ ਖਾਣੇ ਨੂੰ ਗੋਰੀ ਜੀਭ ਦੇ ਹਿਸਾਬ ਨਾਲ ਬਣਾਉਂਦੇ ਸਨ-ਘੱਟ ਮਸਾਲੇਦਾਰ। ਉਨ੍ਹਾਂ ਦਿਨਾਂ ਵਿਚ ਹੀ ਚਾਰ ਸਾਲ ਬਾਅਦ ਮੇਰਾ ਭਾਰਤ ਦਾ ਗੇੜਾ ਵੱਜਾ। ਮੇਰੇ ਨਾਲ ਮੇਰਾ ਅੰਗਰੇਜ਼ ਦੋਸਤ ਟੌਮ ਵੀ ਗਿਆ ਸੀ। ਸਾਗ ਖਾਣ ਪ੍ਰਤੀ ਮੇਰਾ ਪਾਗਲਪਣ ਦੀ ਹੱਦ ਤਕ ਮੋਹ ਦੇਖ ਕੇ ਉਹ ਹੈਰਾਨ ਰਹਿ ਜਾਂਦਾ। ਹਰ ਇਕ ਨੂੰ ਆਪਣੀ ਮਾਂ ਦੇ ਹੱਥ ਦਾ ਖਾਣਾ ਵਧੀਆ ਲੱਗਦਾ ਹੀ ਹੁੰਦਾ ਹੈ। ਮੇਰੀ ਮਾਂ ਚਿਕਨ-ਕਰੀ ਬਣਾਉਂਦੀ ਮੇਰੇ ਨਾਲ ਨਾਲ ਟੌਮ ਵੀ ਇਸ ਨੂੰ ਬਹੁਤ ਪਸੰਦ ਕਰਦਾ। ਬਹੁਤ ਸਾਲ ਬਾਅਦ ਜਦੋਂ ਮੇਰੀ ਪਤਨੀ ਭਾਰਤ ਤੋਂ ਆਈ ਤਾਂ ਟੌਮ ਨੇ ਉਹੋ ਚਿਕਨ-ਕਰੀ ਖਾਣ ਦੀ ਫਰਮਾਇਸ਼ ਕੀਤੀ, ਪਰ ਮੇਰੀ ਮਾਂ ਵਾਲਾ ਜ਼ਾਇਕਾ ਮੇਰੀ ਪਤਨੀ ਨਾ ਭਰ ਸਕੀ। ਖ਼ੈਰ, ਟੌਮ ਮੇਰੇ ਨਾਲ ਰਹਿ ਕੇ ਭਾਰਤੀ ਖਾਣਿਆਂ ਦਾ ਸ਼ੌਕੀਨ ਹੋ ਚੁੱਕਾ ਸੀ ਤੇ ਖਾਣਾ ਖਾਣ ਉਹ ਅਕਸਰ ਸਾਡੇ ਘਰ ਆ ਜਾਇਆ ਕਰਦਾ। ਭਾਰਤੀ ਖਾਣੇ ਖਾਣ ਲਈ ਉਸ ਨੇ ਵਿਆਹ ਵੀ ਭਾਰਤੀ ਕੁੜੀ ਨਾਲ ਹੀ ਕਰਾਇਆ ਸੀ।
ਵਿਆਹ ਤੋਂ ਬਾਅਦ ਤਾਂ ਘਰ ਦਾ ਖਾਣਾ ਮਿਲਣ ਹੀ ਲੱਗ ਪਿਆ ਸੀ, ਪਰ ਹੁਣ ਤਕ ਮੇਰੇ ਮੂੰਹ ਦਾ ਸਵਾਦ ਬਦਲ ਚੁੱਕਾ ਸੀ। ਅਸਲ ਵਿਚ ਵਿਆਹ ਤੋਂ ਪਹਿਲਾਂ ਮੈਂ ਇਕ ਅੰਗਰੇਜ਼ ਕੁੜੀ ਨਾਲ ਦੋ ਸਾਲ ਲਿਵਇਨ ਰਿਲੇਸ਼ਨ ਵਿਚ ਰਹਿਣ ਲੱਗਾ ਸਾਂ ਜੋ ਕਿ ਚੈਨਲ ਫੋਰ ’ਤੇ ਸੈੱਟ ਡਿਜ਼ਾਈਨਰ ਸੀ। ਉਹ ਅੰਗਰੇਜ਼ੀ ਖਾਣੇ ਬਹੁਤ ਵਧੀਆ ਬਣਾਉਂਦੀ ਸੀ। ਇਨ੍ਹਾਂ ਦੋ ਸਾਲਾਂ ਵਿਚ ਮੇਰੀ ਜੀਭ ਨੂੰ ਅੰਗਰੇਜ਼ੀ ਖਾਣਿਆਂ ਦਾ ਜ਼ਾਇਕਾ ਲੱਗ ਗਿਆ। ਹੌਲੀ ਹੌਲੀ ਮੈਨੂੰ ਅੰਗਰੇਜ਼ੀ ਖਾਣੇ ਵੀ ਓਨੇ ਹੀ ਸਵਾਦ ਲੱਗਣ ਲੱਗ ਪਏ। ਸਵੇਰੇ ਉਸ ਨੇ ਅੰਗਰੇਜ਼ੀ ਨਾਸ਼ਤਾ ਬਣਾਉਣਾ, ਦੁਪਹਿਰ ਨੂੰ ਅਸੀਂ ਟੇਕਅਵੇ ਕਰਦੇ ਜਾਂ ਚਿਕਨ-ਚਿਪਸ ਜਾਂ ਫਿਸ਼ ਐਂਡ ਚਿਪਸ ਆਦਿ। ਸ਼ਾਮ ਨੂੰ ਪੱਬ ਜਾਣ ਤੋਂ ਪਹਿਲਾਂ ਉਸ ਨੇ ਅਜਿਹੀ ਸਟੇਕ ਬਣਾਉਣੀ ਕਿ ਮੂੰਹੋਂ ਨਾ ਲੱਥਣੀ। ਉਹ ਦਿਨ ਗਿਆ ਤੇ ਅੱਜ ਆਇਆ, ਮੈਨੂੰ ਅੰਗਰੇਜ਼ੀ ਨਾਸ਼ਤਾ ਏਨਾ ਪਸੰਦ ਹੈ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਅੰਗਰੇਜ਼ੀ ਨਾਸ਼ਤਾ ਕਰਨ ਲਈ ਕੈਫੈਟੇਰੀਆ ਗਿਆ ਸਾਂ। ਸਾਡੇ ਘਰ ਪਰੌਂਠੇ ਤਾਂ ਵਧੀਆ ਬਣ ਸਕਦੇ ਹਨ, ਪਰ ‘ਬੇਕਨ-ਐਗ-ਸੋਸੇਜ’ ਵਧੀਆ ਨਹੀਂ ਬਣਦੇ। ਜਿਸ ਦਿਨ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਹੈ, ਸਾਡੇ ਕੰਮ ਉੱਪਰ ਬਾਹਰੋਂ ਖਾਣਾ ਆਉਂਦਾ ਹੈ ਤੇ ਸਭ ਨੂੰ ਮੁਫ਼ਤ ਵਿਚ ਦਿੱਤਾ ਜਾਂਦਾ ਹੈ, ਕਾਰਨ ਇਹ ਹੈ ਕਿ ਕੋਈ ਵੀ ਕਾਮਾ ਖਾਣੇ ਲਈ ਇਮਾਰਤ ਤੋਂ ਬਾਹਰ ਨਾ ਜਾਵੇ, ਕਿਤੇ ਕੋਈ ਵਾਇਰਸ ਹੀ ਨਾ ਫੜ ਲਿਆਵੇ। ਸਾਨੂੰ ਪੱਛਮੀ ਤਰਜ਼ ਦਾ ਖਾਣਾ ਸਰਵ ਹੁੰਦਾ ਹੈ। ਮੇਰੇ ਨਾਲ ਦੇ ਦੇਸੀ ਕਾਮੇ ਨੱਕ-ਬੁੱਲ੍ਹ ਕੱਢਦੇ ਹਨ, ਪਰ ਮੈਂ ਇਸ ਨੂੰ ਖੁਸ਼ੀ ਖੁਸ਼ੀ ਮਨਜ਼ੂਰ ਕਰਦਾ ਹਾਂ।
ਹੁਣ ਲੰਡਨ ਦੇਸੀ ਖਾਣਿਆਂ ਦਾ ਘਰ ਬਣ ਚੁੱਕਾ ਹੈ। ਗੋਰਿਆਂ ਦੀਆਂ ਰਸੋਈਆਂ ਵਿਚ ਭਾਰਤੀ ਮਸਾਲੇ ਆਮ ਮਿਲਦੇ ਹਨ। ਕਰੀ-ਚੌਲ ਗੋਰਿਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਉਂਜ ਤਾਂ ਲੰਡਨ ਵਿਚ ਹਰ ਮੁਲਕ ਦੇ ਜਾਂ ਸੱਭਿਆਚਾਰ ਦੇ ਰੈਸਟੋਰੈਂਟ ਹਨ। ਚਾਈਨੀਜ਼ ਰੈਸਟੋਰੈਂਟ ਸਭ ਤੋਂ ਪੁਰਾਣੇ ਹਨ। ਦਸ ਸਾਲ ਪਹਿਲਾਂ ਚਾਈਨੀਜ਼ ਰੈਸਟੋਰੈਂਟਾਂ ਦੀ ਗਿਣਤੀ ਵੀ ਜ਼ਿਆਦਾ ਸੀ, ਪਰ ਭਾਰਤੀ ਰੈਸਟੋਰੈਂਟਾਂ ਦੀ ਗਿਣਤੀ ਉਨ੍ਹਾਂ ਤੋਂ ਕਿਤੇ ਵਧ ਗਈ ਹੈ। ਅੱਜ ਦੀ ਤਰੀਕ ਵਿਚ ਲੰਡਨ ਵਿਚ ਦਸ ਹਜ਼ਾਰ ਤੋਂ ਵੱਧ ਭਾਰਤੀ ਰੈਸਟੋਰੈਂਟ ਹਨ ਤੇ ਸਾਰੇ ਹੀ ਵਧੀਆ ਕਾਰੋਬਾਰ ਕਰ ਰਹੇ ਹਨ। ਇੱਥੇ ਸੀਟਾਂ ਲੈਣ ਲਈ ਲਾਈਨਾਂ ਵਿਚ ਖੜ੍ਹਨਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਲੰਡਨ ਵਿਚ ਦੱਖਣੀ ਭਾਰਤ ਜਾਂ ਸ੍ਰੀਲੰਕਨ ਰੈਸਟੋਰੈਂਟਾਂ ਦੀ ਭਰਮਾਰ ਹੋ ਗਈ ਹੈ, ਇਨ੍ਹਾਂ ਵਿਚ ਵੀ ਵਾਹਵਾ ਭੀੜ ਦਿਸਣ ਨੂੰ ਮਿਲ ਜਾਂਦੀ ਹੈ। ਨਿਪਾਲੀ ਰੈਸਟੋਰੈਂਟ ਵੀ ਕਾਫ਼ੀ ਗਿਣਤੀ ਵਿਚ ਖੁੱਲ੍ਹ ਰਹੇ ਹਨ। ਭਾਰਤੀ ਰੈਸਟੋਰੈਂਟਾਂ ਬਾਰੇ ਇਕ ਗੱਲ ਬਹੁਤ ਦਿਲਚਸਪ ਮਿਲਦੀ ਹੈ ਕਿ ਕਈ ਵਾਰ ਕੋਈ ਚਰਚ ਬੰਦ ਹੋਇਆ ਤਾਂ ਕਿਸੇ ਨੇ ਚਰਚ ਹੀ ਖ਼ਰੀਦ ਕੇ ਉੱਥੇ ਭਾਰਤੀ ਰੈਸਟੋਰੈਂਟ ਖੋਲ੍ਹ ਦਿੱਤਾ ਤੇ ਬਹੁਤ ਵਧੀਆ ਕਾਰੋਬਾਰ ਕੀਤਾ।
ਭਾਰਤੀ ਰੈਸਟੋਰੈਂਟ ਭਾਵੇਂ ਬਹੁਤ ਚੱਲਦੇ ਹਨ, ਪਰ ਇਨ੍ਹਾਂ ਦੇ ਬਹੁਤੇ ਗਾਹਕ ਗੋਰੇ ਹੀ ਹੁੰਦੇ ਹਨ ਜਾਂ ਯੂਰੋਪੀਅਨ। ਸਾਡੇ ਨਵੀਂ ਪੀੜ੍ਹੀ ਦੇ ਲੋਕ ਜ਼ਰੂਰ ਰੈਸਟੋਰੈਂਟਾਂ ਵਿਚ ਜਾਣ ਲੱਗੇ ਹਨ, ਪਰ ਪਹਿਲੀਆਂ ਦੋ ਪੀੜ੍ਹੀਆਂ ਦੇ ਲੋਕ ਰੈਸਟੋਰੈਂਟ ਵਿਚ ਖਾਣਾ ਖਾਣ ਨੂੰ ਚੰਗਾ ਨਹੀਂ ਸਨ ਸਮਝਦੇ। ਇਕ ਤਾਂ ਮਹਿੰਗਾ ਤੇ ਦੂਜੇ ਗੰਦੇ-ਮੰਦੇ ਤੇਲਾਂ ਵਿਚ ਬਣਿਆ ਹੋਇਆ ਆਖਦੇ ਸਨ। ਇਸ ਮਾਮਲੇ ਵਿਚ ਸਾਡੇ ਘਰ ਵਿਚ ਵੀ ਦੋ ਗਰੁੱਪ ਹਨ, ਬੱਚੇ ਬਾਹਰ ਰੈਸਟੋਰੈਂਟ ਜਾ ਕੇ ਜਾਂ ਬਾਹਰੋਂ ਖਾਣਾ ਮੰਗਵਾ ਕੇ ਖੁਸ਼ ਹੁੰਦੇ ਹਨ ਤੇ ਮੈਂ ਤੇ ਪਤਨੀ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰਦੇ ਰਹਿੰਦੇ ਹਾਂ।
ਹੁਣ ਲੰਡਨ ਵਿਚ ਭਾਰਤੀ ਰੈਸਟੋਰੈਂਟਾਂ ਤੇ ਭਾਰਤੀ ਖਾਣਿਆਂ ਦਾ ਬੋਲਬਾਲਾ ਏਨਾ ਹੈ ਕਿ ਇਨ੍ਹਾਂ ਬਾਰੇ ਅਖ਼ਬਾਰਾਂ ਵਿਚ ਰੀਵਿਊ ਲੱਗਦੇ ਹਨ। ਵੱਡੇ ਵੱਡੇ ਆਰਟੀਕਲ ਲਿਖੇ ਜਾਂਦੇ ਹਨ। ਹਰ ਸਾਲ ਲੰਡਨ ਦੇ ਸਭ ਤੋਂ ਵਧੀਆ ਰੈਸਟੋਰੈਂਟਾਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ। ਟੌਪ ਦੇ ਦਸ ਰੈਸਟੋਰੈਂਟਾਂ ਵਿਚੋਂ ਬਹੁਤੇ ਭਾਰਤੀ ਹੀ ਹੁੰਦੇ ਹਨ। ਭਾਰਤੀ ਰੈਸਟੋਰੈਂਟਾਂ ਦੇ ਆਪਸ ਵਿਚ ਮੁਕਾਬਲੇ ਵੀ ਕਰਾਏ ਜਾਂਦੇ ਹਨ। ਹਰ ਰੈਸਟੋਰੈਂਟ ਦੇ ਮਾਲਕ ਆਪਣੇ ਕਾਰੋਬਾਰ ਦੀ ਪੱਧਰ ਨੂੰ ਉੱਚੀ ਚੁੱਕਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਪਰ ਇਕ ਗੱਲ ਹੈ ਕਿ ਇਹ ਰੈਸਟੋਰੈਂਟ ਬਹੁਤ ਮਹਿੰਗੇ ਹਨ। ਇਕ ਬੰਦਾ ਜਿੰਨੀ ਪੂਰੇ ਹਫ਼ਤੇ ਦੀ ਸ਼ੌਪਿੰਗ ਕਰਦਾ ਹੈ ਓਨਾ ਖ਼ਰਚਾ ਉਸ ਦਾ ਇਕ ਵਾਰ ਰੈਸਟੋਰੈਂਟ ਵਿਚ ਖਾਣ ਨਾਲ ਹੋ ਜਾਂਦਾ ਹੈ। ਫਿਰ ਵੀ ਲੋਕ ਜਾਂਦੇ ਹਨ। ਸਾਊਥਾਲ ਜਾਂ ਕਈ ਹੋਰ ਥਾਵਾਂ ’ਤੇ ਸਸਤੇ ਢਾਬਾ ਨੁਮਾ ਰੈਸਟੋਰੈਂਟ ਦੇਖਣ ਨੂੰ ਵੀ ਮਿਲ ਜਾਂਦੇ ਹਨ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਇਨ੍ਹਾਂ ਢਾਬਿਆਂ ਦਾ ਖਾਣਾ ਵੱਡੇ ਰੈਸਟੋਰੈਂਟਾਂ ਨਾਲੋਂ ਵੱਧ ਸਵਾਦ ਹੁੰਦਾ ਹੈ, ਖ਼ਾਸ ਤੌਰ ’ਤੇ ਪਾਕਿਸਤਾਨੀ ਭਰਾਵਾਂ ਦੇ ਢਾਬਿਆਂ ਦਾ ਖਾਣਾ।