ਨਿਊ ਯਾਰਕ, 30 ਮਈ
ਭਾਰਤੀ ਮੂਲ ਦੇ ਵਿਗਿਆਨਕ ਦੀ ਅਗਵਾਈ ਵਾਲੀ ਟੀਮ ਨੇ ਇਕ ਅਜਿਹਾ ਟੈਸਟ ਵਿਕਸਿਤ ਕੀਤਾ ਹੈ ਜਿਸ ਰਾਹੀਂ ਕੋਵਿਡ ਇਨਫੈਕਸ਼ਨ ਬਾਰੇ ਰੰਗ ’ਚ ਬਦਲਾਅ ਦੇਖ ਕੇ 10 ਮਿੰਟ ਵਿਚ ਹੀ ਪਤਾ ਲਾਇਆ ਜਾ ਸਕਦਾ ਹੈ। ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਿਨ ਵੱਲੋਂ ਵਿਕਸਿਤ ਟੈਸਟ ਇਕ ਪ੍ਰੀਖਣ ਕਿੱਟ ’ਤੇ ਅਧਾਰਿਤ ਹੈ।
ਇਹ ਪਲਾਜ਼ਮੋਨਿਕ ਗੋਲਡ ਨੈਨੋਪਾਰਟੀਕਲਜ਼ ਦੀ ਵਰਤੋਂ ਕਰਦੀ ਹੈ, ਜੇ ਵਾਇਰਸ ਮੌਜੂਦ ਹੋਵੇ ਤਾਂ ਰੰਗ ਵਿਚ ਬਦਲਾਅ ਨੋਟ ਕਰ ਲੈਂਦੀ ਹੈ। ਇਸ ਟੈਸਟ ਵਿਚ ਕਿਸੇ ਅਤਿ-ਆਧੁਨਿਕ ਲੈਬ ਤਕਨੀਕ ਦੀ ਵਰਤੋਂ ਦੀ ਲੋੜ ਨਹੀਂ ਪੈਂਦੀ। ਇਸ ਅਧਿਐਨ ਦੇ ਆਗੂ ਦੀਪਾਂਜਨ ਪਾਨ ਜੋ ਕਿ ਰੇਡੀਓਲੋਜੀ ਤੇ ਨਿਊਕਲੀਅਰ ਮੈਡੀਸਨ ਦੇ ਪ੍ਰੋਫੈਸਰ ਹਨ, ਨੇ ਕਿਹਾ ‘ਸਾਡਾ ਮੰਨਣਾ ਹੈ ਕਿ ਟੈਸਟ ਵਾਇਰਸ ਵਿਚੋਂ ਇਨਫੈਕਸ਼ਨ ਦੇ ਪਹਿਲੇ ਦਿਨ ਹੀ ਆਰਐਨਏ ਦੀ ਸ਼ਨਾਖ਼ਤ ਕਰ ਲੈਂਦਾ ਹੈ।’ ਉਨ੍ਹਾਂ ਅਨੁਸਾਰ ਪੂਰੀ ਤਰ੍ਹਾਂ ਪੁਸ਼ਟੀ ਲਈ ਹੋਰ ਅਧਿਐਨ ਦੀ ਲੋੜ ਪਵੇਗੀ। -ਆਈਏਐਨਐੱਸ