ਸ਼ਮੀਲ
ਇਹ ਬੜੀ ਆਮ ਗੱਲ ਹੈ ਕਿ ਜੋ ਲੋਕ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕਾਂ ਵਿਚ ਜਾਂਦੇ ਹਨ, ਉਨ੍ਹਾਂ ਅੰਦਰ ਥੋੜ੍ਹੀ ਦੇਰ ਬਾਅਦ ਹੀ ਆਪਣੀ ਜਨਮ ਭੂਮੀ ਦੀ ਤਾਂਘ ਪੈਦਾ ਹੋ ਜਾਂਦੀ ਹੈ। ਉਹ ਵਾਪਸ ਮੁੜਨਾ ਚਾਹੁੰਦੇ ਹਨ। ਕਈ ਸੋਚਦੇ ਹਨ ਕਿ ਕੁੱਝ ਪੈਸੇ ਕਮਾ ਲਈਏ, ਫੇਰ ਵਾਪਸ ਜਾਵਾਂਗੇ। ਕਈ ਸੋਚਦੇ ਹਨ ਕਿ ਬੱਚੇ ਇਕ ਵਾਰ ਸੈਟਲ ਹੋ ਜਾਣ, ਉਸ ਤੋਂ ਬਾਅਦ ਵਾਪਸ ਮੁੜ ਜਾਵਾਂਗੇ। ਇਸੇ ਤਰ੍ਹਾਂ ਦੀ ਸੋਚ ਕਰਕੇ ਪੰਜਾਬ ਦੇ ਬਹੁਤ ਸਾਰੇ ਪਰਵਾਸੀ ਬੜੀ ਦੇਰ ਤਕ ਪਿੰਡਾਂ ਵਿਚ ਆਪਣੇ ਵੱਡੇ ਵੱਡੇ ਮਕਾਨ ਬਣਾਉਂਦੇ ਰਹੇ। ਹੌਲੀ ਹੌਲੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਵਾਪਸ ਮੁੜਨਾ ਔਖਾ ਹੈ ਅਤੇ ਇਹ ਰੁਝਾਨ ਸਮੇਂ ਨਾਲ ਕੁੱਝ ਘਟਣਾ ਸ਼ੁਰੂ ਹੋਇਆ। ਪਰ ਮਨ ਦੇ ਪੱਧਰ ’ਤੇ ਇਹ ਅਹਿਸਾਸ ਖ਼ਤਮ ਨਹੀਂ ਹੁੰਦਾ। ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ਵਿਚ ਤਾਂਘ ਬਣੀ ਰਹਿੰਦੀ ਹੈ।
ਬਹੁਤਿਆਂ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇਕ ਵਾਰ ਵਿਦੇਸ਼ ਜਾਣ ਤੋਂ ਬਾਅਦ ਕਈ ਸਾਲ ਤਕ ਭਾਰਤ ਬਾਰੇ, ਜਾਂ ਪੰਜਾਬ ਬਾਰੇ ਮਨ ਵਿਚ ਇਕ ਰੁਮਾਂਟਿਕ ਜਿਹਾ ਖਿਆਲ ਪਾਲਕੇ ਰੱਖਦੇ ਹਨ। ਸੋਚਦੇ ਵੀ ਹਨ ਅਤੇ ਗੱਲਾਂ ਵੀ ਕਰਦੇ ਹਨ ਕਿ ਸਾਡੀ ਪਿੱਛੇ ਰਹਿ ਗਈ ਜ਼ਿੰਦਗੀ ਬਹੁਤ ਵਧੀਆ ਸੀ। ਫੇਰ ਦੋ ਚਾਰ ਸਾਲ ਬਾਅਦ ਜਦੋਂ ਚੱਕਰ ਮਾਰਨ ਆਉਂਦੇ ਨੇ ਤਾਂ ਦਿੱਲੀ ਏਅਰਪੋਰਟ ’ਤੇ ਉਤਰਨ ਤੋਂ ਬਾਅਦ ਹੀ ਉਹ ਭਰਮ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਫੇਰ ਭਾਰਤ ਦੀ ਭੀੜ, ਸ਼ੋਰ ਸ਼ਰਾਬਾ, ਗੰਦਗੀ, ਬੇਕਾਬੂ ਟਰੈਫਿਕ ਤੰਗ ਕਰਨ ਲੱਗਦੀ ਹੈ ਅਤੇ ਵਾਪਸ ਮੁੜਨ ਤਕ ਇਹ ਸੋਚਣ ਲੱਗਦੇ ਹਨ ਕਿ ਹੁਣ ਵਾਪਸ ਨਹੀਂ ਆਉਣਾ, ਪਰ ਇਕ ਵਾਰ ਭਾਰਤ ਤੋਂ ਵਾਪਸ ਮੁੜਨ ਤੋਂ ਬਾਅਦ ਕੁੱਝ ਹੀ ਮਹੀਨਿਆਂ ਵਿਚ ਫੇਰ ਪੁਰਾਣੀ ਕਸ਼ਿਸ਼ ਪੈਦਾ ਹੋ ਜਾਂਦੀ ਹੈ। ਮੈਂ ਆਪਣੇ ਆਲੇ ਦੁਆਲੇ ਅਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਕੈਨੇਡਾ ਵਿਚ ਰਹਿੰਦੇ ਹੋਏ ਤਿੰਨ ਜਾਂ ਚਾਰ ਦਹਾਕੇ ਹੋ ਗਏ ਹਨ, ਪਰ ਪਿੱਛੇ ਦੀ ਤਾਂਘ ਉਨ੍ਹਾਂ ਦੇ ਮਨਾਂ ਅੰਦਰ ਵੀ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਇਹ ਗੱਲ ਆਪਣੇ ਆਪ ਨੂੰ ਸਮਝਾ ਲਈ ਹੁੰਦੀ ਹੈ ਕਿ ਹੁਣ ਉਹ ਵਾਪਸ ਭਾਰਤ ਜਾ ਕੇ ਰਹਿ ਨਹੀਂ ਸਕਦੇ। ਪਰ ਤਾਂਘ ਦੇ ਰੂਪ ਵਿਚ, ਇਕ ਹੇਰਵੇ ਦੇ ਰੂਪ ਵਿਚ ਇਹ ਭਾਵ ਬਹੁਤ ਦੇਰ ਤਕ ਰਹਿੰਦਾ ਹੈ। ਮੇਰਾ ਮੰਨਣਾ ਹੈ ਕਿ ਜਿਹੜੇ ਰਾਜਨੀਤਕ ਕਾਰਨਾਂ ਕਰਕੇ ਕਿਸੇ ਸਥਿਤੀ ਵਿਚ ਫਸ ਗਏ ਹਨ ਅਤੇ ਕਾਨੂੰਨੀ ਤੌਰ ’ਤੇ ਪੰਜਾਬ ਵਿਚ ਵਾਪਸ ਨਹੀਂ ਆ ਸਕਦੇ, ਉਹ ਆਪਣੀ ਇਸ ਤਾਂਘ ਨੂੰ ਅਚੇਤ ਪੱਧਰ ’ਤੇ ਨਫ਼ਰਤ ਵਿਚ ਬਦਲ ਲੈਂਦੇ ਹਨ। ਪਰ ਜਨਮ-ਭੂਮੀ ਦੀ ਤਾਂਘ ਅਜਿਹੀ ਚੀਜ਼ ਹੈ, ਜਿਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਸ ਦਾ ਪ੍ਰਗਟਾਵਾ ਸਾਹਿਤ ਵਿਚ ਵੀ ਹੁੰਦਾ ਹੈ। ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਵਿਚ ਇਸ ਹੇਰਵੇ ਦੀ ਝਲਕ ਮਿਲਦੀ ਹੈ। ਇਸ ਲੇਖ ਦਾ ਮਕਸਦ ਹੇਰਵੇ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਨਾ ਨਹੀਂ ਹੈ, ਇਸ ਕਰਕੇ ਇਸਦੇ ਉਸ ਪੱਖ ਵਿਚ ਨਹੀਂ ਜਾਵਾਂਗੇ।
ਇੱਥੇ ਮਕਸਦ ਇਕ ਅਜਿਹੇ ਵਰਗ ਜਾਂ ਤਬਕੇ ਦੀ ਗੱਲ ਕਰਨਾ ਹੈ, ਜਿਨ੍ਹਾਂ ਅੰਦਰ ਇਹ ਹੇਰਵਾ ਨਹੀਂ ਹੁੰਦਾ; ਜਾਂ ਬਹੁਤ ਘੱਟ ਹੈ। ਉਹ ਸਾਨੂੰ ਸਾਡੇ ਸਮਾਜ ਦੀ ਇਕ ਅਲੱਗ ਤਸਵੀਰ ਦੇਖਣ ਵਿਚ ਮਦਦ ਕਰ ਸਕਦਾ ਹੈ।
ਪੰਜਾਬੀ ਲੋਕਾਂ ਨਾਲ ਆਪਣੇ ਵਾਹ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਦਲਿਤ ਪਿਛੋਕੜ ਵਾਲੇ ਲੋਕਾਂ ਅਤੇ ਔਰਤਾਂ ਵਿਚ ਹੇਰਵੇ ਦਾ ਅਹਿਸਾਸ ਬਹੁਤ ਘੱਟ ਹੈ ਜਾਂ ਕਹਿ ਸਕਦੇ ਹਾਂ ਕਿ ਇਕ ਵੱਖਰੇ ਰੂਪ ਵਿਚ ਹੈ। ਇਹ ਫ਼ਰਕ ਦੇਖਿਆ ਗਿਆ ਹੈ ਕਿ ਵਾਪਸ ਭਾਰਤ ਜਾ ਕੇ ਸੈਟਲ ਹੋਣ ਦੀ ਜਿੰਨੀ ਤੜਫ਼ ਮਰਦ ਦਿਖਾਉਂਦੇ ਹਨ, ਉਸ ਤਰ੍ਹਾਂ ਦੀ ਔਰਤਾਂ ਨਹੀਂ ਦਿਖਾਉਂਦੀਆਂ। ਉਸਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਕਾਰਨ ਇਹ ਹੈ ਕਿ ਪੱਛਮੀ ਮੁਲਕਾਂ ਦਾ ਸਮਾਜ ਔਰਤ ਨੂੰ ਜਿੰਨੀ ਖੁੱਲ੍ਹ, ਬਰਾਬਰੀ, ਸੁਰੱਖਿਆ ਦਿੰਦਾ ਹੈ, ਉਹ ਪੰਜਾਬ ’ਚੋਂ ਗਈਆਂ ਔਰਤਾਂ ਲਈ ਇਕ ਬਹੁਤ ਵੱਡੀ ਤਬਦੀਲੀ ਹੁੰਦੀ ਹੈ। ਇਸ ਖੁੱਲ੍ਹ ਅਤੇ ਸੁਰੱਖਿਆ ਦੇ ਮੁਕਾਬਲੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਹੋਰ ਸਭ ਸਮੱਸਿਆਵਾਂ ਦੂਜੇ ਦਰਜੇ ਦੀਆਂ ਲੱਗਦੀਆਂ ਹਨ। ਪੰਜਾਬ ਜਾਂ ਭਾਰਤ ਵਿਚ ਰਹਿੰਦੀ ਔਰਤ ਇਹ ਮਹਿਸੂਸ ਕਰਦੀ ਹੈ ਕਿ ਘਰ ਤੋਂ ਬਾਹਰ ਨਿਕਲਕੇ ਉਹ ਹਮੇਸ਼ਾਂ ਅਸੁਰੱਖਿਅਤ ਹੈ। ਹਰ ਥਾਂ ਉਸ ਨੂੰ ਕੋਈ ਦੇਖ ਰਿਹਾ ਹੈ। ਘਰ ਦੇ ਅੰਦਰ ਵੀ ਉਹ ਸਮਝੌਤੇ ਕਰਕੇ ਰਹਿ ਰਹੀ ਹੈ। ਉਸ ’ਤੇ ਤਰ੍ਹਾਂ ਤਰ੍ਹਾਂ ਦੇ ਸਮਾਜਿਕ ਬੰਧਨ ਹਨ। ਉਹ ਹਮੇਸ਼ਾਂ ਕਿਸੇ ਅਚੇਤ ਭੈਅ ਵਿਚ ਰਹਿੰਦੀ ਹੈ ਜਿਹੜਾ ਬਚਪਨ ਤੋਂ ਚਲਿਆ ਆ ਰਿਹਾ ਹੋਣ ਕਰਕੇ ਉਸਦੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦਾ ਹੈ। ਪੱਛਮੀ ਮੁਲਕਾਂ ਵਿਚ ਰਹਿੰਦੀਆਂ ਪੰਜਾਬੀ ਔਰਤਾਂ ਇਹ ਮਹਿਸੂਸ ਕਰਦੀਆਂ ਹਨ ਕਿ ਅਚਾਨਕ ਉਨ੍ਹਾਂ ਦੇ ਸਿਰ ਤੋਂ ਭੈਅ ਦੀ ਉਹ ਅਦਿੱਖ ਤਲਵਾਰ ਹਟ ਗਈ ਹੈ। ਭਾਵੇਂ ਜ਼ਿੰਦਗੀ ਪੱਛਮੀ ਮੁਲਕਾਂ ਵਿਚ ਵੀ ਆਸਾਨ ਨਹੀਂ ਹੁੰਦੀ, ਪਰ ਜਦੋਂ ਉਹ ਇਕ ਔਰਤ ਦੇ ਰੂਪ ਵਿਚ ਆਪਣੀ ਜ਼ਿੰਦਗੀ ਦੀ ਤੁਲਨਾ ਭਾਰਤ ਨਾਲ ਕਰਦੀਆਂ ਹਨ ਤਾਂ ਉਹ ਵਾਪਸ ਉਸ ਥਾਂ ’ਤੇ ਨਹੀਂ ਜਾਣਾ ਚਾਹੁੰਦੀਆਂ, ਜਿੱਥੇ ਹਮੇਸ਼ਾਂ ਇਕ ਡਰ ਦਾ ਸਾਇਆ ਉਨ੍ਹਾਂ ਦੇ ਨਾਲ ਨਾਲ ਤੁਰਦਾ ਹੈ। ਇਸ ਕਰਕੇ ਔਰਤਾਂ ਅੰਦਰ ਵਾਪਸੀ ਦੀ ਉਸ ਤਰ੍ਹਾਂ ਦੀ ਤਾਂਘ ਨਹੀਂ ਹੁੰਦੀ, ਜਿਹੋ ਜਿਹੀ ਮਰਦਾਂ ਵਿਚ ਦੇਖਦੇ ਹਾਂ।
ਇਸਦਾ ਇਕ ਹੋਰ ਪੱਖ ਵੀ ਹੈ। ਔਰਤਾਂ ਮਾਵਾਂ ਦੇ ਰੂਪ ਵਿਚ ਸਮਝਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਜੋ ਇਨ੍ਹਾਂ ਮੁਲਕਾਂ ਵਿਚ ਜੰਮੇ ਪਲੇ, ਉਨ੍ਹਾਂ ਨੇ ਹੁਣ ਇੱਥੇ ਹੀ ਰਹਿਣਾ ਹੈ। ਉਹ ਉੱਥੇ ਹੀ ਰਹਿਣਾ ਚਾਹੁੰਦੀਆਂ ਹਨ, ਜਿੱਥੇ ਉਨ੍ਹਾਂ ਦੇ ਬੱਚੇ ਹਨ। ਇਸ ਕਰਕੇ ਔਰਤਾਂ ਦੇ ਸੁਪਨਿਆਂ ਵਿਚ ਇਹ ਖਿਆਲ ਨਹੀਂ ਆਉਂਦੇ ਕਿ ਉਹ ਬੱਚਿਆਂ ਨੂੰ ਛੱਡਕੇ ਰਿਟਾਇਰ ਹੋਣ ਤੋਂ ਬਾਅਦ ਭਾਰਤ ਜਾ ਕੇ ਰਹਿਣ। ਇਹ ਵੀ ਇਕ ਪਹਿਲੂ ਹੈ, ਜਿਹੜਾ ਉਨ੍ਹਾਂ ਅੰਦਰ ਉਸ ਤਰ੍ਹਾਂ ਦੇ ਹੇਰਵੇ ਦੇ ਰੁਮਾਂਟਿਕ ਖਿਆਲ ਪੈਦਾ ਨਹੀਂ ਹੋਣ ਦਿੰਦਾ, ਜਿਸ ਤਰ੍ਹਾਂ ਬੰਦੇ ਪਾਲਦੇ ਹਨ।
ਇਕ ਹੋਰ ਵਰਗ, ਜਿਸ ਅੰਦਰ ਜਨਮ ਭੂਮੀ ਦਾ ਹੇਰਵਾ ਨਹੀਂ ਪੈਦਾ ਹੁੰਦਾ ਜਾਂ ਬਹੁਤ ਕਮਜ਼ੋਰ ਹੈ, ਉਹ ਦਲਿਤ ਵਰਗ ਹੈ। ਉਸਦਾ ਕਾਰਨ ਬੜਾ ਸਪੱਸ਼ਟ ਹੈ। ਇਕ ਦਲਿਤ ਦੀਆਂ ਆਪਣੀ ਜਨਮ ਭੂਮੀ ਦੀਆਂ ਯਾਦਾਂ ਅਕਸਰ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ’ਤੇ ਉਨ੍ਹਾਂ ਨੂੰ ਕੋਈ ਬਹੁਤ ਮਾਣ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਦੇ ਅਚੇਤ ਜਾਂ ਸੁਚੇਤ ਮਨ ਨੂੰ ਇਹ ਪਤਾ ਹੈ ਕਿ ਜਿਸ ਥਾਂ ’ਤੇ ਅਸੀਂ ਪੈਦਾ ਹੋਏ, ਉਸ ਮੁਲਕ ਦੇ ਸਮਾਜ ਵਿਚ ਸਾਨੂੰ ਸਾਡੇ ਜਨਮ ਕਰਕੇ ਹੀ ਬਾਕੀਆਂ ਨਾਲੋਂ ਨੀਵੇਂ ਦਰਜੇ ਦੇ ਸਮਝਿਆ ਗਿਆ। ਅਪਮਾਨ ਦਾ ਇਹ ਅਹਿਸਾਸ ਲੈ ਕੇ ਜੋ ਲੋਕ ਵੱਡੇ ਹੋਏ, ਉਹ ਉਸ ਥਾਂ ਵਾਪਸ ਨਹੀਂ ਜਾਣਾ ਚਾਹੁੰਦੇ, ਜਿੱਥੇ ਹਮੇਸ਼ਾਂ ਉਨ੍ਹਾਂ ਨੂੰ ਹੀਣੇਪਣ ਦੇ ਭਾਵ ਨਾਲ ਜਿਊਣਾ ਪੈਂਦਾ ਸੀ। ਦਲਿਤਾਂ ਦੇ ਮਨਾਂ ਵਿਚ ਪਿੰਡ ਦੀ ਉਸ ਤਰ੍ਹਾਂ ਦੀ ਰੁਮਾਂਚਕ ਯਾਦ ਨਹੀਂ ਹੋ ਸਕਦੀ, ਜਿਹੋ ਜਿਹੀ ਕਿਸੇ ਜੱਟ ਦੇ ਮਨ ਵਿਚ ਹੋਵੇਗੀ। ਅਜਿਹੇ ਲੋਕ ਅਚੇਤੇ ਹੀ ਉਸ ਪਿਛੋਕੜ ਤੋਂ ਬੇਮੁਖ ਹੋਣਾ ਚਾਹੁੰਦੇ ਹਨ। ਬਹੁਤ ਅਜਿਹੇ ਲੋਕ ਹਨ, ਜਿਹੜੇ ਹੁਣ ਕੈਨੇਡਾ ਵਿਚ ਵਧੀਆ ਸੈਟਲ ਹੋ ਚੁੱਕੇ ਹਨ। ਵਧੀਆ ਕਾਰੋਬਾਰ ਹਨ। ਬੱਚੇ ਵੀ ਅੱਛੀਆਂ ਥਾਵਾਂ ’ਤੇ ਸੈਟਲ ਹੋ ਗਏ ਹਨ। ਉਹ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ਸਾਡੀਆਂ ਅਸਥੀਆਂ ਵੀ ਉਸ ਥਾਂ ਨਾ ਲਿਜਾਇਓ, ਜਿੱਥੋਂ ਅਸੀਂ ਆਏ। ਅਸੀਂ ਮਰਕੇ ਵੀ ਉਸ ਥਾਂ ਵਾਪਸ ਮੁੜਨਾ ਨਹੀਂ ਚਾਹੁੰਦੇ।
ਜਿਸ ਤਰ੍ਹਾਂ ਦਾ ਜਨਮ ਭੂਮੀ ਦਾ ਹੇਰਵਾ ਅਸੀਂ ਆਮ ਕਰਕੇ ਪੰਜਾਬੀ ਸਾਹਿਤ ਜਾਂ ਲਿਖਤਾਂ ਵਿਚ ਦੇਖਦੇ ਹਾਂ, ਉਹ ਅਸਲ ਵਿਚ ਇਕ ਜੱਟ ਅਤੇ ਮਰਦ ਦੇ ਮਨ ’ਚ ਪੈਦਾ ਹੋਵੇ ਹੇਰਵੇ ਦੀ ਤਸਵੀਰ ਹੈ। ਜਿਨ੍ਹਾਂ ਦੇ ਮਨਾਂ ਵਿਚ ਇਹ ਹੇਰਵਾ ਨਹੀਂ, ਉਨ੍ਹਾਂ ਨੂੰ ਅਸੀਂ ਕਦੇ ਸੁਣਨ-ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਨਮ ਭੂਮੀ ਦੇ ਹੇਰਵੇ ਦੀ ਸਾਡੀ ਇਹ ਕਹਾਣੀ ਅਧੂਰੀ ਕਹਾਣੀ ਹੈ।