ਹਰੀਪਾਲ
ਦੁਨੀਆ ਭਰ ਵਿੱਚ ਸਰਕਾਰਾਂ ਸਭ ਤੋਂ ਵੱਧ ਪੱਤਰਕਾਰਾਂ/ ਲੇਖਕਾਂ ਤੋਂ ਡਰਦੀਆਂ ਹਨ। ਇਹ ਪੱਤਰਕਾਰ ਹੀ ਹਨ ਜੋ ਸਰਕਾਰਾਂ ਦੇ ਗੁੱਝੇ ਭੇਦ ਜਨਤਾ ਸਾਹਮਣੇ ਰੱਖਦੇ ਹਨ। ਸਰਕਾਰਾਂ ਜੋ ਵੀ ਆਪਣੇ ਲੋਕਾਂ ਵਿਰੁੱਧ ਜਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਵਿਰੁੱਧ ਸਾਜ਼ਿਸ਼ਾਂ ਰਚਦੀਆਂ ਹਨ, ਪੱਤਰਕਾਰ ਹੀ ਇਨ੍ਹਾਂ ਦਾ ਪਰਦਾਫਾਸ਼ ਕਰਦੇ ਹਨ। ਕਈ ਵਾਰ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਇਆ ਜਾਂਦਾ ਹੈ, ਪਰ ਅੰਦਰਖਾਤੇ ਕੁਝ ਹੋਰ ਹੀ ਪਕਾਇਆ ਜਾਂਦਾ ਹੈ। ਇਸ ਲਈ ਸਰਕਾਰਾਂ ਦਾ ਬਹੁਤਾ ਧਿਆਨ ਮੀਡੀਆ ਨੂੰ ਕੰਟਰੋਲ ਕਰਨ ਵਿੱਚ ਲੱਗਦਾ ਹੈ, ਪਰ ਫਿਰ ਵੀ ਕੁਝ ਮੀਡੀਆ ਸਰਕਾਰਾਂ ਤੋਂ ਨਾਬਰ ਹੁੰਦਾ ਹੈ। ਸਰਕਾਰ ਪੱਖੀ ਪੱਤਰਕਾਰਾਂ ਨੂੰ ਇਨਾਮ-ਸਨਮਾਨ, ਸੁੱਖ-ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪਰ ਨਿਧੜਕ ਅਤੇ ਨਿਰਪੱਖ ਪੱਤਰਕਾਰਾਂ ਲਈ ਇਨਾਮ ਕੁਝ ਹੋਰ ਤਰ੍ਹਾਂ ਦੇ ਹੁੰਦੇ ਹਨ।
ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ-ਸੀ.ਪੀ.ਜੇ. ਦੀ ਰਿਪੋਰਟ ਮੁਤਾਬਿਕ ਇਸ ਸਮੇਂ 293 ਪੱਤਰਕਾਰ ਜੇਲ੍ਹਾਂ ਵਿੱਚ ਬੰਦ ਹਨ, 24 ਪੱਤਰਕਾਰ ਰਿਪੋਰਟ ਕਰਦੇ ਹੋਏ ਮਾਰੇ ਗਏ ਅਤੇ 18 ਜ਼ਖ਼ਮੀ ਹੋਏ ਹਨ। ਜਿਹੜੇ 24 ਪੱਤਰਕਾਰ ਮਾਰੇ ਗਏ ਹਨ, ਇਨ੍ਹਾਂ ਵਿੱਚੋਂ ਤਿੰਨ ਪੱਤਰਕਾਰ ਭਾਰਤ ਵਿੱਚ ਮਾਰੇ ਗਏ ਹਨ। 2020 ਵਿੱਚ ਅਮਰੀਕਾ ਵਿੱਚ ਵੀ 110 ਪੱਤਰਕਾਰ ਗ੍ਰਿਫ਼ਤਾਰ ਕੀਤੇ ਗਏ, 300 ਪੱਤਰਕਾਰਾਂ ’ਤੇ ਪੁਲੀਸ ਵੱਲੋਂ ਹਮਲੇ ਕੀਤੇ ਗਏ ਅਤੇ 12 ਪੱਤਰਕਾਰ ਅਜੇ ਵੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਝੂਠੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਦੋਂ ਕਿ ਅਮਰੀਕਾ ਦੂਸਰੇ ਮੁਲਕਾਂ ਵਿੱਚ ਆਜ਼ਾਦ ਪ੍ਰੈੱਸ ਦੀ ਗੱਲ ਕਰਦਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਨਿਧੜਕ ਅਤੇ ਨਿਰਪੱਖ ਪੱਤਰਕਾਰ ਜੇਲ੍ਹਾਂ ਵਿੱਚ ਸੜ ਰਹੇ ਹਨ। ਅਜਿਹਾ ਹੀ ਇੱਕ ਨਿਧੜਕ ਪੱਤਰਕਾਰ ਹੈ ਜੂਲੀਅਨ ਅਸਾਂਜ। ਅਮਰੀਕੀ ਸਰਕਾਰ ਉਸ ਨੂੰ ਫਾਹੇ ਟੰਗਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ।
ਦਰਅਸਲ, ਅਸਾਂਜ ਅਤੇ ਉਸ ਦੇ ਸਾਥੀਆਂ ਨੇ 2006 ਵਿੱਚ ਵਿਕੀਲੀਕਸ ਦੀ ਸਥਾਪਨਾ ਕੀਤੀ ਸੀ। ਜੂਲੀਅਨ ਅਸਾਂਜ ਉਸ ਦਾ ਮੁੱਖ ਸੰਪਾਦਕ ਬਣਿਆ। ਵਿਕੀਲੀਕਸ ਦੀ ਸਥਾਪਨਾ ਕਰਨ ਦਾ ਮੁੱਖ ਮਕਸਦ ਇੱਕ ਇਹੋ ਜਿਹਾ ਮੀਡੀਆ ਕਾਇਮ ਕਰਨਾ ਸੀ ਜੋ ਬਿਨਾਂ ਕਿਸੇ ਡਰ ਤੋਂ ਸਰਕਾਰਾਂ ਦੀਆਂ ਕੂਟਨੀਤਕ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰੇ ਜੋ ਸਰਕਾਰ ਪੱਖੀ ਮੀਡੀਆ ਬਿਲਕੁਲ ਵੀ ਨਹੀਂ ਦਿਖਾਉਂਦਾ। ਸਰਕਾਰਾਂ ਦੇ ਉਹ ਝੂਠ ਫਰੇਬ ਜਿਸ ’ਤੇ ਸਰਕਾਰਾਂ ਪਰਦੇ ਪਾਉਂਦੀਆਂ ਹਨ, ਉਸ ਨੂੰ ਲੋਕ ਕਚਹਿਰੀ ਵਿੱਚ ਪੇਸ਼ ਕਰਨਾ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਵਾਰੇ ਸੁਚੇਤ ਕਰਨਾ ਹੈ। ਅਸਾਂਜ ਨੇ 2007 ਤੋਂ ਲੈ ਕੇ 2010 ਤੱਕ ਅਮਰੀਕਾ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਦੇਸ਼ਾਂ ਵਿੱਚ ਲੱਗੀ ਇੰਟਰਨੈੱਟ ਸੈਂਸਰਸ਼ਿਪ ’ਤੇ ਆਰਟੀਕਲ ਪ੍ਰਕਾਸ਼ਿਤ ਕੀਤੇ। ਇਹ ਆਰਟੀਕਲ ਦਰਸਾਉਂਦੇ ਸਨ ਕਿ ਕਿਵੇਂ ਸਰਕਾਰਾਂ ਆਪਣੇ ਵਿਰੋਧੀਆਂ ਦੀ ਜਸੂਸੀ ਕਰਦੀਆਂ ਹਨ, ਉਨ੍ਹਾਂ ’ਤੇ ਝੂਠੇ ਦੋਸ਼ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੰਦੀਆਂ ਹਨ। ਵਿਕੀਲੀਕਸ ਨੇ ਯਮਨ ਵਿੱਚ ਹੋ ਰਹੀਆਂ ਡਰੋਨ ਸਟਰਾਈਕਸ ਬਾਰੇ ਲਿਖਿਆ ਕਿ ਇਸ ਸਭ ਕਾਸੇ ਦੇ ਪਿੱਛੇ ਕੌਣ ਹੈ? ਅਰਬ ਦੇਸ਼ਾਂ ਦੇ ਸ਼ਹਿਨਸ਼ਾਹ ਕਿਸ ਤਰ੍ਹਾਂ ਰਿਸ਼ਵਤਾਂ ਲੈ ਕੇ ਬਾਹਰੀ ਕੰਪਨੀਆਂ ਨੂੰ ਕੰਮ ਕਰਨ ਦੇ ਠੇਕੇ ਦਿੰਦੇ ਹਨ। ਵਿਕੀਲੀਕਸ ਨੇ ਕੀਨੀਆ ਦੀ ਪੁਲੀਸ ਵੱਲੋਂ ਕੀਤੇ ਗਏ ਝੂਠੇ ਮੁਕਾਬਲੇ, ਤਿੱਬਤ ਵਿੱਚ ਚੀਨ ਦੇ ਵਿਰੁੱਧ ਹੁੰਦੀ ਬਗਾਵਤ ਅਤੇ ਪੀਰੂ ਵਿੱਚ ਪੈਟਰੋਲ ਦੇ ਘੁਟਾਲੇ ਬਾਰੇ ਵਿਸਥਾਰ ਸਾਹਿਤ ਲਿਖਿਆ।
ਵਿਕੀਲੀਕਸ ਨੇ ਆਪਣੀਆਂ ਰਿਪੋਰਟਾਂ ਨਾਲ ਖੁਲਾਸੇ ਕਰਕੇ ਪੂਰੀ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ। 2008 ਵਿੱਚ ਵਿਕੀਲੀਕਸ ਨੇ ਸਵਿੱਸ ਬੈਂਕਾਂ ਵਿੱਚ ਹੋ ਰਹੀਆਂ ਹੇਰਾਫੇਰੀਆਂ ਦਾ ਜ਼ਿਕਰ ਕੀਤਾ ਤਾਂ ਵਿਕੀਲੀਕਸ ਸੰਸਾਰ ਪੱਧਰ ’ਤੇ ਦੁਨੀਆ ਦੀਆਂ ਅੱਖਾਂ ਖੋਲ੍ਹਣ ਵਾਲਾ ਮੀਡੀਆ ਬਣ ਗਿਆ। ਅਸਾਂਜ ਨੇ ਕਿਹਾ ਕਿ ਇਹ ਬੈਂਕਾਂ ਸਭ ਤਰ੍ਹਾਂ ਦੇ ਕਾਨੂੰਨ ਤੋੜ ਕੇ ਚੱਲਦੀਆਂ ਹਨ। ਇਸ ਨਾਲ ਅਸਾਂਜ ਨੂੰ ਮਨੁੱਖੀ ਅਧਿਕਾਰ ਸੰਗਠਨ ਅਤੇ ਬੋਲਣ ਦੀ ਆਜ਼ਾਦੀ ਵਰਗੀਆਂ ਸੰਸਥਾਵਾਂ ਦਾ ਸਮਰਥਨ ਮਿਲਿਆ।
ਸਤੰਬਰ 2008 ਦੀਆਂ ਅਮਰੀਕਾ ਦੀਆਂ ਚੋਣਾਂ ਵਿੱਚ ਵਿਕੀਲੀਕਸ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ ਕਿਵੇਂ ਇੰਗਲੈਂਡ ਦੀ ਸੱਜੇ ਪੱਖੀ ਪਾਰਟੀ ਅਮਰੀਕਾ ਦੀਆਂ ਚੋਣਾਂ ਵਿੱਚ ਦਖਲ ਦਿੰਦੀ ਹੈ। 2009 ਵਿੱਚ ਇਸ ਨੇ ਇਰਾਨ ਦੀ ‘ਨੰਤਾਜ ਨਿਊਕਲੀਅਰ ਫੈਸਿਲਟੀ’ ਵਿੱਚ ਹੋਈ ਪਰਮਾਣੂ ਦੁਰਘਟਨਾ ਦੀ ਖ਼ਬਰ ਨਸ਼ਰ ਕੀਤੀ। ਵਿਕੀਲੀਕਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਇਸ ਪਿੱਛੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਈਬਰ ਮਾਹਿਰਾਂ ਦਾ ਹੱਥ ਹੈ।
ਅਪਰੈਲ 2010 ਵਿੱਚ ਇਸ ਨੇ ਇੱਕ ਵੀਡੀਓ ਰਿਲੀਜ਼ ਕੀਤੀ, ਜਿਸ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਅਮਰੀਕਨ ਫ਼ੌਜੀਆਂ ਦੇ ਹੈਲੀਕਾਪਟਰ ਵੱਲੋਂ ਫਾਇਰਿੰਗ ਕਰਕੇ 18 ਨਾਗਰਿਕ ਮੌਤ ਦੇ ਘਾਟ ਉਤਾਰੇ ਗਏ। ਇਨ੍ਹਾਂ ਵਿੱਚ ‘ਰਿਊਟਰ’ ਦਾ ਪੱਤਰਕਾਰ ਨਮੀਰ ਨੂਰ ਅਤੇ ਉਸ ਦਾ ਸਹਾਇਕ ਸਈਅਦ ਚਮਾਗ ਮਾਰੇ ਗਏ।
2004 ਤੋਂ 2009 ਤੱਕ ਅਮਰੀਕਾ ਵੱਲੋਂ ਇਰਾਕ ਵਿੱਚ ਕੀਤੀਆਂ ਗਈਆਂ ਧਾਂਦਲੀਆਂ, ਅਮਰੀਕੀ ਫ਼ੌਜਾਂ ਦੇ ਜ਼ੁਲਮ ਦੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ। ਵਿਕੀਲੀਕਸ ਨੇ 2010 ਵਿੱਚ ਅਫ਼ਗਾਨਿਸਤਾਨ ਦੀ ਲੜਾਈ ਦੀ ਰਿਪੋਰਟ ਅਤੇ ਅਪਰੈਲ 2011 ਵਿੱਚ ਗੁਆਟਾਨਮੋ ਬੇਅ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਅਫ਼ਗਾਨੀ ਜੰਗੀ ਕੈਦੀਆਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ।
ਵਿਕੀਲੀਕਸ ਨੇ ਕੇਬਲਗੇਟ ਰਾਹੀਂ ਅਮਰੀਕਾ ਦੀਆਂ ਢਾਈ ਲੱਖ ਤਾਰਾਂ ਦੇ ਮੈਸੇਜ ਜੱਗ ਜ਼ਾਹਰ ਕੀਤੇ ਕਿ ਕਿਵੇ ਅਮਰੀਕਾ ਯੂ. ਐੱਨ. ਓ. ਅਤੇ ਦੁਨੀਆ ਭਰ ਦੇ ਲੀਡਰਾਂ ਵਾਰੇ ਸਾਜ਼ਿਸ਼ਾਂ ਰਚਦਾ ਰਿਹਾ ਹੈ। 2016 ਵਿੱਚ ਇਸ ਨੇ ਡੈਮੋਕਰੇਟਿਕ ਪਾਰਟੀ ਦੀ ਇੱਕ ਈ-ਮੇਲ ਰਿਲੀਜ਼ ਕਰ ਦਿੱਤੀ ਜਿਸ ਵਿੱਚ ਪਾਰਟੀ ਬਰਨੀ ਸੈਂਡਰਸ ਦੀ ਜਗ੍ਹਾ ’ਤੇ ਹਿਲੇਰੀ ਕਲਿੰਟਨ ਨੂੰ ਤਰਜੀਹ ਦਿੰਦੀ ਸੀ।
ਜਿਸ ਤਰ੍ਹਾਂ ਇੱਕ ਪੁਰਾਣੀ ਕਹਾਵਤ ਹੈ, ‘ਕੌਣ ਕਹੇ ਰਾਣੀ ਅੱਗਾ ਢਕ’ ਪਰ ਹੁਣ ਦੀ ਨਵੀਂ ਰਾਣੀ (ਅਮਰੀਕਾ) ਤਾਂ ਸਭ ਕੁਝ ਹੀ ਢਕ ਕੇ ਰੱਖਦੀ ਹੈ। ਇਹ ਤਾਂ ਜੋ ਕੁਝ ਵੀ ਕਰਦੀ ਹੈ, ਪਰਦੇ ਦੇ ਪਿੱਛੇ ਹੀ ਕਰਦੀ ਹੈ ਅਤੇ ਜੂਲੀਅਨ ਅਸਾਂਜ ਨੇ ਇਸ ਦਾ ਪਰਦਾ ਚੁੱਕ ਕੇ ਇਸ ਦਾ ਕਰੂਪ ਚਿਹਰਾ ਜੱਗ ਜ਼ਾਹਿਰ ਕਰ ਦਿੱਤਾ। ਅਮਰੀਕਾ ਇੰਨਾ ਕੁਝ ਕਿੱਥੇ ਝੱਲ ਸਕਦਾ ਸੀ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਅਮਰੀਕਾ ਨੇ ਵਿਕੀਲੀਕਸ ਦੀਆਂ ਕਾਰਗੁਜ਼ਾਰੀਆਂ ’ਤੇ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ। ਨਵੰਬਰ 2010 ਵਿੱਚ ਹੀ ਅਮਰੀਕਾ ਦੇ ਕਹਿਣ ’ਤੇ ਸਪੇਨ ਨੇ ਅਸਾਂਜ ’ਤੇ ਇੱਕ ਫਰਜ਼ੀ ਜਿਨਸੀ ਸ਼ੋਸ਼ਣ ਦਾ ਕੇਸ ਪਾ ਕੇ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਅਸਾਂਜ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਇਕਵਾਡੋਰ ਦੀ ਅੰਬੈਸੀ ਵਿੱਚ ਸ਼ਰਨ ਲਈ। ਉਸ ਨੂੰ ਪਤਾ ਸੀ ਕਿ ਜੇਕਰ ਉਸ ਨੂੰ ਸਵੀਡਨ ਭੇਜ ਦਿੱਤਾ ਗਿਆ ਤਾਂ ਸਵੀਡਨ ਸਰਕਾਰ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇਗੀ ਅਤੇ ਉਸ ਨੂੰ ਉਮਰ ਭਰ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਸਵੀਡਨ ਦੀ ਸਰਕਾਰ ਨੂੰ ਸਬੂਤਾਂ ਦੀ ਘਾਟ ਕਰਕੇ ਇਹ ਕੇਸ ਵਾਪਸ ਲੈਣਾ ਪਿਆ। ਫਿਰ ਅਮਰੀਕਾ ਦਾ ਦਬਾਅ ਨਾ ਝੱਲਣ ਕਾਰਨ ਇਕਵਾਡੋਰ ਨੇ ਅਸਾਂਜ ਦੀ ਸ਼ਰਨ ਖਤਮ ਕਰ ਦਿੱਤੀ ਅਤੇ ਉਸ ਨੂੰ ਇੰਗਲੈਂਡ ਦੀ ਪੁਲੀਸ ਹਵਾਲੇ ਕਰ ਦਿੱਤਾ। ਅਮਰੀਕਾ ਨੇ ਇੰਗਲੈਂਡ ਦੀ ਹਾਈਕੋਰਟ ਵਿੱਚ ਅਸਾਂਜ ਨੂੰ ਗ੍ਰਿਫ਼ਤਾਰ ਕਰਨ ਲਈ ਅਪੀਲ ਕਰ ਦਿੱਤੀ। ਅਮਰੀਕਾ ਇਹ ਅਪੀਲ ਜਿੱਤ ਗਿਆ। ਫਿਰ ਅਸਾਂਜ ਨੇ ਇੰਗਲੈਂਡ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ। ਹੁਣ ਅੱਗੇ ਦੇਖੋ ਕੀ ਬਣਦਾ ਹੈ, ਪਰ ਅਮਰੀਕਾ ਕਿਸੇ ਵੀ ਹਾਲਤ ਵਿੱਚ ਅਸਾਂਜ ਨੂੰ ਨਹੀਂ ਛੱਡਣਾ ਚਾਹੁੰਦਾ। ਜੇਕਰ ਅਸਾਂਜ ਨੂੰ ਅਮਰੀਕਾ ਭੇਜ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅਮਰੀਕਾ ਦੀ ਜੇਲ੍ਹ ਵਿੱਚ ਜਿਉਂਦੀ ਜਾਗਦੀ ਮੌਤ (ਲਿਵਿੰਗ ਡੈੱਥ) ਹੰਢਾਉਣੀ ਪਵੇਗੀ।
ਜੇਕਰ ਅਸਾਂਜ ਦੇ ਕੇਸ ਦੀ ਗੱਲ ਕਰੀਏ ਤਾਂ ਅਸਾਂਜ ਨੂੰ ਸੱਚ ਬੋਲਣ ਦੀ , ਦਲੇਰ ਅਤੇ ਬੇਬਾਕ ਪੱਤਰਕਾਰ ਹੋਣ ਦੀ ਸਜ਼ਾ ਮਿਲੀ ਹੈ ਕਿਉਂਕਿ ਐੱਫ.ਬੀ.ਆਈ. ਦੇ ਇੱਕ ਏਜੰਟ ਨੇ ਮੰਨਿਆ ਕਿ ਉਸ ਨੇ ਅਸਾਂਜ ਵਿਰੁੱਧ ਸਾਰੇ ਦੋਸ਼ ਮਨਘੜਤ ਬਣਾਏ ਹਨ, ਪਰ ਇੰਗਲੈਂਡ ਦੀ ਅਦਾਲਤ ਨੇ ਇਸ ਨੂੰ ਵੀ ਨਕਾਰ ਦਿੱਤਾ। ਜਦੋਂ ਅਸਾਂਜ ਇਕਵਾਡੋਰ ਦੀ ਅੰਬੈਸੀ ਵਿੱਚ ਸ਼ਰਨ ਲੈ ਰਿਹਾ ਸੀ, ਉਸ ਸਮੇ. ਸੀ.ਆਈ.ਏ. ਅਸਾਂਜ ਦੇ ਵਕੀਲਾਂ ਤੇ ਡਾਕਟਰਾਂ ਦੀ ਜਾਸੂਸੀ ਕਰ ਰਹੀ ਸੀ, ਫਿਰ ਇਸ ਗੱਲ ’ਤੇ ਵੀ ਪਰਦਾ ਪਾ ਦਿੱਤਾ ਗਿਆ।
ਇਹ ਜਿੰਨੇ ਵੀ ਸਬੂਤ ਸਨ, ਜੋ ਜੱਜ ਦੇ ਸਾਹਮਣੇ ਪੇਸ਼ ਕੀਤੇ ਗਏ, ਉਹ ਅਸਾਂਜ ਨੂੰ ਬਰੀ ਕਰਨ ਲਈ ਕਾਫ਼ੀ ਸਨ। ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਇੰਗਲੈਂਡ ਹਾਈਕੋਰਟ ਦੇ ਜੱਜਾਂ ਨੇ ਅਸਾਂਜ ਨੂੰ ਜਿਉਂਦੀ ਮੌਤ ਝੱਲਣ ਯਾਨੀ ਅਮਰੀਕਾ ਦੇ ਹਵਾਲੇ ਕਰਨ ਦੀ ਸਜ਼ਾ ਸੁਣਾ ਦਿੱਤੀ।
ਬੇਸ਼ੱਕ ਅਮਰੀਕਾ ਨੇ ਕਿਹਾ ਹੈ ਕਿ ਅਸਾਂਜ ਨੂੰ ਇਨਸਾਫ ਮਿਲੇਗਾ, ਪਰ ਇਸ ਦੀ ਕੋਈ ਗਰੰਟੀ ਨਹੀਂ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਹੈ ਕਿ ਇਸ ਦਾ ਮਤਲਬ ਅਮਰੀਕਾ ਨੂੰ ਆਪਣੇ ਸਾਰੇ ਵਾਅਦੇ ਤੋੜਨ ਦੀ ਖੁੱਲ੍ਹ ਹੋਵੇਗੀ ਕਿਉਂਕਿ ਇਸ ਤਰ੍ਹਾਂ ਦੇ ਵਾਅਦੇ ਤੋੜਨ ਦੀਆਂ ਅਮਰੀਕਾ ਦੀਆਂ ਬਹੁਤ ਉਦਾਹਰਨਾਂ ਹਨ। ਸਪੇਨ ਦੇ ਇੱਕ ਨਾਗਰਿਕ ਮੈਨਡੋਜਾ ਨੂੰ ਜਦੋਂ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ, ਉਦੋਂ ਅਮਰੀਕਾ ਨੇ ਇਹ ਵਾਅਦਾ ਕੀਤਾ ਸੀ ਕਿ ਮੈਨਡੋਜਾ ਨੂੰ ਸਜ਼ਾ ਕੱਟਣ ਲਈ ਵਾਪਸ ਸਪੇਨ ਭੇਜਿਆ ਜਾਵੇਗਾ, ਪਰ ਬਾਅਦ ਵਿੱਚ ਅਮਰੀਕਾ ਆਪਣੇ ਵਾਅਦੇ ਤੋਂ ਮੁੱਕਰ ਗਿਆ ਸੀ।
ਹੁਣ ਤਾਂ ਖ਼ੁਦ ਅਮਰੀਕੀ ਪੱਤਰਕਾਰ ਵੀ ਇਹ ਮੰਨਣ ਲੱਗੇ ਹਨ ਕਿ ਦੇਸ਼ ਵਿੱਚ ਦਲੇਰ ਅਤੇ ਨਿਰਪੱਖ ਪੱਤਰਕਾਰੀ ਦਾ ਖਾਤਮਾ ਹੋ ਰਿਹਾ ਹੈ। ਸਿਰਫ਼ ਉਹੀ ਪੱਤਰਕਾਰੀ ਪ੍ਰਫੁੱਲਿਤ ਹੋ ਰਹੀ ਹੈ ਜੋ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਦੀ ਤਰਫ਼ਦਾਰੀ ਕਰਦੀ ਹੈ। ਅੱਜ ਲੋੜ ਹੈ ਦੁਨੀਆ ਭਰ ਦੇ ਅਗਾਂਹਵਧੂ ਲੋਕਾਂ, ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਇੱਕ ਲਹਿਰ ਚਲਾਉਣ ਦੀ ਤਾਂ ਕਿ ਅਸਾਂਜ ਦੀ ਜਾਨ ਹੀ ਨਹੀਂ ਸਗੋਂ ਪ੍ਰੈੱਸ ਦੀ ਆਜ਼ਾਦੀ ਵੀ ਬਚਾਈ ਜਾ ਸਕੇ। ਜੇਕਰ ਪ੍ਰੈੱਸ ਹੀ ਆਜ਼ਾਦ ਨਾ ਰਹੀ ਤਾਂ ਲੋਕਾਂ ਨੂੰ ਸਚਾਈ ਕੌਣ ਦੱਸੂਗਾ? ਆਜ਼ਾਦ ਪ੍ਰੈੱਸ ਤੋਂ ਬਿਨਾਂ ਤਾਂ ਲੋਕਤੰਤਰ ਵੀ ਤਾਨਾਸ਼ਾਹੀ ਦਾ ਰੂਪ ਧਾਰਨ ਕਰ ਲਵੇਗਾ।
ਸੰਪਰਕ: 403 714 4816