ਹਰਜੀਤ ਅਟਵਾਲ
ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਕੰਪਨੀ ਵੱਲੋਂ ਵੋਕਿੰਗ ਵਿਚ ਇਕ ਹਫ਼ਤੇ ਦੀ ਮੇਰੀ ਟਰੇਨਿੰਗ ਸੀ। ਵੋਕਿੰਗ ਲੰਡਨ ਦੀ ਵੱਖੀ ਵਿਚ ਪੈਂਦਾ ਟਾਊਨ ਹੈ ਤੇ ਉੱਥੇ ਸਾਡੀ ਕੰਪਨੀ ਦਾ ਮੁੱਖ ਦਫ਼ਤਰ ਹੈ। ਟਰੇਨਿੰਗ ਦੇ ਆਖਰੀ ਦਿਨ ਅਸੀਂ ਜਲਦੀ ਵਿਹਲੇ ਹੋ ਗਏ। ਮੇਰਾ ਇਕ ਸਹਿਕਾਮਾ ਜ਼ਰਾ ਕਲਾਮਈ ਸੁਹਜ ਵਾਲਾ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੈਨੂੰ ਪਤਾ ਕਿ ਵੋਕਿੰਗ ਦੇ ਬਰੁੱਕਵੁੱਡ ਕਬਰਸਤਾਨ ਵਿਚ ਮਸ਼ਹੂਰ ਪੇਂਟਰ ਮਕਬੂਲ ਫਿਦਾ ਹੁਸੈਨ ਸੁੱਤਾ ਪਿਆ ਹੈ ਕਿਉਂ ਨਾ ਉਸ ਨੂੰ ਸਿਜਦਾ ਕਰ ਆਇਆ ਜਾਵੇ। ਸੁੱਤੇ ਪਏ ਹੋਣ ਤੋਂ ਉਸ ਦਾ ਭਾਵ ਸੀ ਕਿ ਉਸ ਦੀ ਕਬਰ ਇੱਥੇ ਹੈ। ਮੈਂ ਵੀ ਹੁਸੈਨ ਦੀ ਕਲਾ ਦਾ ਮੱਦਾਹ ਹਾਂ।
ਪਿਛਲੇ ਕੁਝ ਸਾਲਾਂ ਵਿਚ ਉਸ ਦੀਆਂ ਕਲਾ-ਕ੍ਰਿਤਾਂ ਨੂੰ ਲੈ ਕੇ ਜਿਹੜਾ ਵਿਵਾਦ ਖੜ੍ਹਾ ਹੋਇਆ ਸੀ, ਉਹ ਸਭ ਦਾ ਧਿਆਨ ਖਿੱਚਦਾ ਸੀ। ਮੈਂ ਤੇ ਮੇਰਾ ਸਹਿਕਾਮਾ ਉਸ ਦੀ ਕਬਰ ’ਤੇ ਗਏ। ਕਬਰ ਹਾਲੇ ਪੱਕੀ ਨਹੀਂ ਸੀ ਬਣਾਈ ਕਿਉਂਕਿ ਕਬਰ ਦਾ ਕੋਈ ਹਿਸਾਬ ਕਿਤਾਬ ਹੁੰਦਾ ਹੈ ਕਿ ਇਸ ਨੂੰ ਸੈਟਲ ਹੋ ਜਾਣ ਨੂੰ ਸਾਲ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਹੁਸੈਨ ਦੀ ਕਬਰ ਤੋਂ ਆ ਕੇ ਮੈਂ ਕਈ ਦਿਨ ਤਕ ਉਸ ਬਾਰੇ ਹੀ ਸੋਚਦਾ ਰਿਹਾ ਕਿ ਜਿਵੇਂ ਉਸ ਦਾ ਅੰਤ ਹੋਇਆ ਇਵੇਂ ਨਹੀਂ ਸੀ ਹੋਣਾ ਚਾਹੀਦਾ।
ਮਕਬੂਲ ਫਿਦਾ ਹੁਸੈਨ ਇਕ ਬੰਦੇ ਦਾ ਨਾਂ ਨਹੀਂ ਸੀ ਉਹ ਇਕ ਸੰਸਥਾ ਸੀ। ਪਚੱਨਵੇਂ ਸਾਲ ਦੀ ਉਮਰ ਤਕ ਜੀਵਿਆ ਤੇ ਉਸ ਨੇ ਚਾਲੀ ਹਜ਼ਾਰ ਦੇ ਨੇੜੇ ਤੇੜੇ ਪੇਂਟਿੰਗਜ਼ ਬਣਾਈਆਂ ਤੇ ਸਾਰੀਆਂ ਹੀ ਅਰਥ ਭਰਪੂਰ ਸਨ। ਉਹ ਮੁਸਲਮਾਨ ਪਰਿਵਾਰ ਵਿਚ ਜੰਮਿਆ ਸੀ, ਪਰ ਉਹ ਬਹੁਤਾ ਧਾਰਮਿਕ ਨਹੀਂ ਸੀ। ਉਸ ਨੂੰ ਹਿੰਦੂ ਧਰਮ ਦੀ ਵਿਸ਼ਾਲਤਾ ਬਹੁਤ ਖਿੱਚ ਪਾਉਂਦੀ ਸੀ ਤੇ ਹਿੰਦੂ ਧਰਮ ਨੂੰ ਉਸ ਨੇ ਆਪਣੀਆਂ ਬਹੁਤ ਸਾਰੀਆਂ ਪੇਟਿੰਗਜ਼ ਦਾ ਵਿਸ਼ਾ ਬਣਾਇਆ ਜਿਸ ਦਾ ਉਸ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ। ਮੁਕੱਦਮੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਆਪਣਾ ਦੇਸ਼ ਛੱਡਣਾ ਪਿਆ। ਉਸ ਦੀ ਮੌਤ ਵੀ ਲੰਡਨ ਦੇ ਹਸਪਤਾਲ ਵਿਚ ਹੋਈ ਤੇ ਉਸ ਦੀ ਕਬਰ ਵੀ ਲੰਡਨ ਵਿਚ ਹੈ। ਉਸ ਦੇ ਚਹੇਤਿਆਂ ਨੇ ਉਸ ਦੀ ਦੇਹ ਨੂੰ ਵਾਪਸ ਭਾਰਤ ਲੈ ਜਾਣਾ ਚਾਹਿਆ ਸੀ, ਪਰ ਉਸ ਦੀ ਵਸੀਅਤ ਸੀ ਕਿ ਉਸ ਨੂੰ ਯੂਕੇ ਵਿਚ ਹੀ ਦਫ਼ਨਾਇਆ ਜਾਵੇ।
ਮਕਬੂਲ ਫਿਦਾ ਹੁਸੈਨ ਬਹੁਪੱਖੀ ਕਲਾਕਾਰ ਸੀ। ਉਸ ਨੇ ਵੱਖ ਵੱਖ ਵਿਧਾਵਾਂ ਨਾਲ ਪੇਂਟਿੰਗਜ਼ ਬਣਾਈਆਂ। ਉਸ ਨੇ ਐਬਸਟਰੈਕਟ ਆਰਟ, ਐਕਸਪਰੈਸਨਿਜ਼ਮ, ਐਬਸਟਰੈਕਟ ਐਕਸਪਰੈਸਨਿਜ਼ਮ, ਨਿਓ ਡੈਟਾ ਆਦਿ ਵਿਧਾਵਾਂ ਦੀਆਂ ਤਸਵੀਰਾਂ ਬਣਾਈਆਂ। ਉਸ ਨੂੰ ਭਾਰਤ ਦਾ ਪਿਕਾਸੋ ਵੀ ਕਿਹਾ ਜਾਂਦਾ ਹੈ। ਉਸ ਦੀਆਂ ਬਣਾਈਆਂ ਪੇਂਟਿੰਗਜ਼ ਦੁਨੀਆਂ ਭਰ ਦੀਆਂ ਗੈਲਰੀਆਂ ਦੀ ਸ਼ਾਨ ਬਣਦੀਆਂ ਰਹੀਆਂ ਹਨ। ਉਹ ਭਾਰਤ ਦਾ ਸਭ ਤੋਂ ਮਹਿੰਗਾ ਕਲਾਕਾਰ ਸੀ। 2008 ਵਿਚ ਕ੍ਰਿਸਟੀ ਨਿਲਾਮੀ ਵਿਚ ਉਸ ਦੀ ਇਕ ਪੇਂਟਿੰਗ ਦੀ ਬੋਲੀ ਸੋਲਾਂ ਲੱਖ ਡਾਲਰ ਦੀ ਲੱਗੀ ਸੀ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਸੀ। ਭਾਰਤ ਦੇ ਤਕਰੀਬਨ ਸਾਰੇ ਹੀ ਇਨਾਮ ਉਸ ਨੂੰ ਮਿਲੇ ਹੋਏ ਸਨ ਜਿਵੇਂ ਕਿ ਪਦਮ ਭੂਸ਼ਨ, ਪਦਮ ਵਿਭੂਸ਼ਨ, ਪਦਮ ਸ੍ਰੀ ਆਦਿ। ਇਕ ਇਨਾਮ ‘ਭਾਰਤ ਰਤਨ’ ਜੋ ਹਿੰਦੋਸਤਾਨ ਦਾ ਸਭ ਤੋਂ ਵੱਡਾ ਇਨਾਮ ਹੈ, ਉਹ ਉਸ ਨੂੰ ਨਹੀਂ ਸੀ ਮਿਲਿਆ, ਪਰ ਜੇ ਭਾਰਤ ਵਿਚ ਰਹਿੰਦਾ ਤਾਂ ਸ਼ਾਇਦ ਉਹ ਵੀ ਮਿਲ ਜਾਂਦਾ।
ਫਿਦਾ ਹੁਸੈਨ ਪਹਿਲਾਂ ਤੋਂ ਹੀ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣਾਉਂਦਾ ਆਇਆ ਸੀ ਜਿਸ ਕਰਕੇ ਉਹ ਸਦਾ ਹੀ ਵਿਵਾਦ ਵਿਚ ਰਹਿੰਦਾ। ਇਸੇ ਵਿਵਾਦ ਨੇ ਉਸ ਦੀ ਮਸ਼ਹੂਰੀ ਵਿਚ ਵੀ ਖੂਬ ਵਾਧਾ ਕੀਤਾ ਸੀ। ਮਾਤਾ ਦੁਰਗਾ ਤੇ ਸਰਸਵਤੀ ਦੀਆਂ ਅਣਕੱਜੀਆਂ ਤਸਵੀਰਾਂ ਕਾਰਨ ਉਹ ਵੱਡੇ ਵਿਰੋਧ ਦਾ ਨਿਸ਼ਾਨਾ ਬਣਿਆ। ਇਹ ਵਿਰੋਧ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਰ 1996 ਵਿਚ ਆ ਕੇ ਇਹ ਬਹੁਤ ਤੇਜ਼ ਹੋ ਗਿਆ। ਅਸਲ ਵਿਚ ਹਿੰਦੂ ਮਾਸਿਕ ਮੈਗਜ਼ੀਨ ‘ਵਿਚਾਰ ਮਿਮਾਸ’ ਨੇ ਫਿਦਾ ਹੁਸੈਨ ਦੀਆਂ ਬਣਾਈਆਂ ਤਸਵੀਰਾਂ ਖਿਲਾਫ਼ ਇਕ ਲੇਖ ਛਾਪਿਆ ਸੀ ਕਿ ਇਹ ਪੇਂਟਿੰਗਜ਼ ਹਨ ਜਾਂ ਪ੍ਰਚਾਰ ਹੈ। ਉਸੇ ਵੇਲੇ ਉਸ ਉੱਪਰ ਅੱਠ ਮੁਕੱਦਮੇ ਠੋਕ ਦਿੱਤੇ ਗਏ ਸਨ। ਭਾਵੇਂ ਹਾਈ ਕੋਰਟ ਨੇ ਬਾਅਦ ਵਿਚ ਇਹ ਸਾਰੇ ਮੁਕੱਦਮੇ ਖਾਰਜ ਕਰ ਦਿੱਤੇ ਸਨ, ਪਰ ਹਿੰਦੂ ਮੂਲਵਾਦੀਆਂ ਨੇ ਉਸ ਨੂੰ ਮੁਆਫ਼ ਨਹੀਂ ਸੀ ਕੀਤਾ। ਬਜਰੰਗ ਦਲ ਵੱਲੋਂ ਉਸ ਦੇ ਘਰ ਉੱਪਰ ਪੱਥਰਬਾਜ਼ੀ ਵੀ ਕੀਤੀ ਗਈ ਸੀ। ਜਾਨੋਂ ਮਾਰਨ ਦੀਆਂ ਧਮਕੀਆਂ ਤਾਂ ਅਕਸਰ ਉਸ ਨੂੰ ਮਿਲਦੀਆਂ ਰਹਿੰਦੀਆਂ ਸਨ। ਉਨ੍ਹਾਂ ਦਿਨਾਂ ਵਿਚ ਇੰਗਲੈਂਡ ਵਿਚ ਉਸ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਚੱਲ ਰਹੀ ਸੀ ਤੇ ਇਸੇ ਕਾਰਨ ਉਸ ਨੂੰ ਇਹ ਪ੍ਰਦਰਸ਼ਨੀ ਬੰਦ ਕਰਨੀ ਪਈ ਸੀ।
ਇੱਥੇ ਹੀ ਬਸ ਨਹੀਂ ਫਿਦਾ ਹੁਸੈਨ ਨੇ ਭਾਰਤ ਮਾਤਾ ਦੀ ਵੀ ਅਣਕੱਜੀ ਤਸਵੀਰ ਬਣਾ ਦਿੱਤੀ ਸੀ ਜਿਸ ਕਾਰਨ ਉਸ ਦਾ ਵਿਰੋਧ ਬਹੁਤ ਵੱਡੇ ਪੱਧਰ ਤਕ ਫੈਲ ਗਿਆ ਸੀ। 6 ਫਰਵਰੀ 2006 ਨੂੰ ‘ਇੰਡੀਆ ਟੂਡੇ’ ਨੇ ਇਕ ਮਸ਼ਹੂਰੀ ਲਾਈ ਜਿਸ ਦਾ ਨਾਂ ਰੱਖਿਆ ਗਿਆ ‘ਆਰਟ ਆਫ ਮਿਸ਼ਨ ਕਸ਼ਮੀਰ’ ਤੇ ਉਸ ਵਿਚ ਭਾਰਤ ਮਾਤਾ ਦੀ ਅਣਕੱਜੀ ਤਸਵੀਰ ਲਾ ਕੇ ਉਸ ਦੇ ਅੰਗਾਂ ਉੱਪਰ ਵੱਖ ਵੱਖ ਰਾਜਾਂ ਦੇ ਨਾਂ ਲਿਖੇ ਗਏ। ਫਿਦਾ ਹੁਸੈਨ ਨੂੰ ਇਸ ਤਸਵੀਰ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਣ ਦੇ ਕਾਨੂੰਨ ਹੇਠ ਚਾਰਜ ਕਰ ਲਿਆ ਗਿਆ। ਉਸ ਵੇਲੇ ਦੀ ਮਸ਼ਹੂਰ ਐਕਟੀਵਿਸਟ ਨਫੀਸਾ ਅਲੀ ਵੱਲੋਂ ਇਸ ਤਸਵੀਰ ਦੀ ਪ੍ਰਦਰਸ਼ਨੀ ਦਾ ਇੰਤਜ਼ਾਮ ਕੀਤਾ ਗਿਆ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਸ ਪੇਂਟਿੰਗ ਦਾ ਵਿਰੋਧ ਕਰਨ ’ਤੇ ਫਿਦਾ ਹੁਸੈਨ ਨੇ ਸਭ ਤੋਂ ਮੁਆਫ਼ੀ ਮੰਗ ਲਈ ਤੇ ਇਸ ਨੂੰ ਵਾਪਸ ਲੈਣ ਦਾ ਵਾਅਦਾ ਵੀ ਕੀਤਾ। ਹੈਰਾਨੀ ਦੀ ਗੱਲ ਇਹ ਹੋਈ ਕਿ ਪ੍ਰਦਰਸ਼ਨੀ ਵਿਚ ਇਹ ਪੇਂਟਿੰਗ ਬੋਲੀ ਲੱਗ ਕੇ ਅੱਸੀ ਲੱਖ ਰੁਪਏ ਵਿਚ ਵਿਕ ਗਈ। ਬਾਅਦ ਵਿਚ ਹੁਸੈਨ ਨੇ ਇਹ ਤਸਵੀਰ ਆਪਣੀ ਵੈੱਬਸਾਈਟ ’ਤੇ ਵੀ ਪਾ ਦਿੱਤੀ। ਜ਼ਿਆਦਾ ਵਿਰੋਧ ਤੇ ਖ਼ਤਰਿਆਂ ਕਾਰਨ ਹੁਸੈਨ ਇੰਗਲੈਂਡ ਚਲੇ ਗਿਆ।
ਸਾਲ 2007 ਵਿਚ ਉਸ ਉੱਪਰ ਸੈਂਕੜੇ ਮੁਕੱਦਮੇ ਦਰਜ ਸਨ, ਪਰ ਉਹ ਕਿਸੇ ਵਿਚ ਪੇਸ਼ ਨਹੀਂ ਸੀ ਹੋਇਆ ਕਿਉਂਕਿ ਉਹ ਤਾਂ ਇੰਗਲੈਂਡ ਵਿਚ ਬੈਠਾ ਸੀ। ਉਹ ਮੁੜ ਕੇ ਕਦੇ ਭਾਰਤ ਨਹੀਂ ਸੀ ਗਿਆ। ਉਸ ਨੂੰ ਡਰ ਸੀ ਕਿ ਉਸ ਨੂੰ ਫੜ ਲਿਆ ਜਾਵੇਗਾ ਤੇ ਬਾਕੀ ਦੀ ਉਮਰ ਉਸ ਨੂੰ ਜੇਲ੍ਹ ਵਿਚ ਗੁਜ਼ਾਰਨੀ ਪਵੇਗੀ। ਉਸ ਦੇ ਭਾਰਤ ਛੱਡਣ ’ਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਕਸੂਰਵਾਰ ਠਹਿਰਾਇਆ। ਮੁੰਬਈ ਦੇ ਕਾਰੋਬਾਰੀ ਅਦਾਰਿਆਂ ਦੀ ਇਕ ਮੁਖੀ ਹਰਸ਼ਾ ਗੋਇੰਕਾ ਨੇ ਫਿਦਾ ਹੁਸੈਨ ਵੱਲੋਂ ਦੇਸ਼ ਛੱਡਣ ਲਈ ਮਜਬੂਰ ਹੋਣ ਨੂੰ ਸਿਸਟਮ ਦੀ ਕਮਜ਼ੋਰੀ ਦੱਸਿਆ ਜਿਹੜਾ ਆਪਣੇ ਸ਼ਹਿਰੀਆਂ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਦਾ। ਚੰਦਨ ਮਿਤਰਾ ਨਾਂ ਦੇ ਇਕ ਲੇਖਕ ਨੇ ਵੀ ਹੁਸੈਨ ਦੇ ਦੇਸ਼ ਛੱਡਣ ਨੂੰ ਕਾਨੂੰਨ ਦੀ ਕਮਜ਼ੋਰੀ ਕਿਹਾ ਸੀ। ਇਕ ਹੋਰ ਪ੍ਰਸਿੱਧ ਕਲਾਕਾਰ ਸਤੀਸ਼ ਗੁਜਰਾਲ ਨੇ ਫਿਦਾ ਹੁਸੈਨ ਖਿਲਾਫ਼ ਬਿਆਨ ਦਿੰਦਿਆਂ ਉਸ ਨੂੰ ਸਵਾਲ ਪੁੱਛਿਆ ਸੀ ਕਿ ਉਹ ਜਿਵੇਂ ਹਿੰਦੂ ਦੇਵੀਆਂ ਦੀਆਂ ਗ਼ਲਤ ਤਸਵੀਰਾਂ ਬਣਾਉਂਦਾ ਹੈ ਕੀ ਉਹ ਕਿਸੇ ਇਸਲਾਮਿਕ ਸ਼ਖ਼ਸੀਅਤ ਦੀ ਅਜਿਹੀ ਤਸਵੀਰ ਬਣਾ ਸਕਦਾ ਹੈ, ਪਰ ਬਾਅਦ ਵਿਚ ਸਤੀਸ਼ ਗੁਜਰਾਲ ਨੇ ਆਪਣੇ ਬਿਆਨ ਬਾਰੇ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਫਿਦਾ ਹੁਸੈਨ ‘ਦਿ ਮੌਬ ਕਲਚਰ’ ਦਾ ਸ਼ਿਕਾਰ ਹੋ ਗਿਆ ਹੈ। ਪ੍ਰਸਿੱਧ ਨੇਤਾ ਤੇ ਲੇਖਕ ਸ਼ਸ਼ੀ ਥਰੂਰ ਫਿਦਾ ਹੁਸੈਨ ਦੇ ਹੱਕ ਵਿਚ ਨਿਤਰਿਆ ਸੀ ਤੇ ਉਸ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਹੁਸੈਨ ਦਾ ਦੁੱਖ ਘੱਟ ਕਰਨ ਲਈ ਉਸ ਨੂੰ ਭਾਰਤ ਰਤਨ ਦਾ ਇਨਾਮ ਦਿੱਤਾ ਜਾਣਾ ਚਾਹੀਦਾ ਹੈ, ਪਰ ਸਰਕਾਰ ਨੇ ਉਸ ਦੀ ਗੱਲ ਨਾ ਮੰਨੀ। ਫਿਦਾ ਹੁਸੈਨ ਦਾ ਇਸ ਸਾਰੇ ਮਾਮਲੇ ਵਿਚ ਕਹਿਣਾ ਸੀ ਕਿ ਕੋਈ ਵੀ ਹਿੰਦੂ ਲੀਡਰ ਉਸ ਦੀਆਂ ਕ੍ਰਿਤਾਂ ਖਿਲਾਫ਼ ਨਹੀਂ ਬੋਲਿਆ, ਪਰ ਉਨ੍ਹਾਂ ਨੇ ਉਸ ਦੇ ਹੱਕ ਵਿਚ ਵੀ ਆਵਾਜ਼ ਨਹੀਂ ਉਠਾਈ। ਜਿਹੜੇ ਲੋਕ ਉਸ ਦੇ ਖਿਲਾਫ਼ ਬੋਲ ਰਹੇ ਸਨ ਉਨ੍ਹਾਂ ਦਾ ਮਕਸਦ ਰਾਜਨੀਤਕ ਲਾਭ ਲੈਣੇ ਸਨ।
ਇੰਗਲੈਂਡ ਆ ਕੇ ਵੀ ਉਹ ਆਪਣੇ ਖੇਤਰ ਵਿਚ ਸਰਗਰਮ ਰਿਹਾ। ਉਸ ਦਾ ਇਕ ਟਿਕਾਣਾ ਲੰਡਨ ਵਿਚ ਸੀ ਤੇ ਦੂਜਾ ਦੋਹਾ ਵਿਚ। ਆਪਣੇ ਆਪ ਸਹੇੜੀ ਜਲਾਵਤਨੀ ਤੋਂ ਪਹਿਲਾਂ ਵੀ ਉਹ ਬਹੁਤੀ ਦੇਰ ਦੋਹਾ ਵਿਚ ਹੀ ਰਿਹਾ ਕਰਦਾ ਸੀ, ਭਾਰਤ ਤਾਂ ਜਦੋਂ ਦੋਹਾ ਵਿਚ ਬਹੁਤੀ ਗਰਮੀ ਪੈਣ ਲੱਗਦੀ ਤਾਂ ਹੀ ਆਉਂਦਾ। 2008 ਵਿਚ ਉਸ ਨੂੰ ਭਾਰਤ ਦੇ ਇਤਿਹਾਸ ਉੱਪਰ ਵੱਡੇ ਪੱਧਰ ’ਤੇ ਬੱਤੀ ਪੇਂਟਿੰਗਜ਼ ਬਣਾਉਣ ਦਾ ਆਰਡਰ ਮਿਲਿਆ ਸੀ ਜਿਨ੍ਹਾਂ ਵਿਚੋਂ ਉਹ ਅੱਠ ਪੇਂਟਿੰਗਜ਼ ਹੀ ਪੂਰੀਆਂ ਕਰ ਸਕਿਆ। ਕਤਰ ਦੇ ਰਾਜੇ ਦੀ ਘਰਵਾਲੀ, ਜਿਸ ਨੂੰ ਕਲਾ ਵਿਚ ਬਹੁਤ ਦਿਲਚਸਪੀ ਸੀ, ਵੱਲੋਂ ਉਸ ਨੂੰ ਅਰਬ ਸਿਵਿਲਾਈਜੇਸ਼ਨ ਉੱਪਰ ਪੇਂਟਿੰਗ ਬਣਾਉਣ ਦੀ ਫਰਮਾਇਸ਼ ਮਿਲੀ ਸੀ। ਉੱਥੇ ਉਸ ਨੇ ਇਕ ਹੋਰ ਪੇਂਟਿੰਗ ਇੰਡੀਅਨ ਸਿਵਿਲਾਈਜੇਸ਼ਨ ਉੱਪਰ ਵੀ ਬਣਾਈ। ਇਹ ਦੋਵੇਂ ਪੇਂਟਿੰਗਜ਼ ਕਤਰ ਦੇ ਮਿਊਜ਼ੀਅਮ ਵਿਚ ਪਈਆਂ ਹਨ। 2010 ਵਿਚ ਕਤਰ ਸਰਕਾਰ ਨੇ ਉਸ ਨੂੰ ਕਤਰ ਦੀ ਨਾਗਰਿਕਤਾ ਦੇ ਦਿੱਤੀ ਤਾਂ ਉਸ ਨੇ ਭਾਰਤੀ ਪਾਸਪੋਰਟ ਤਿਆਗ ਕੇ ਕਤਰ ਦਾ ਪਾਸਪੋਰਟ ਲੈ ਲਿਆ ਸੀ। ਇਸੇ ਸਾਲ ਹੀ ਜੌਰਡਨ ਦੀ ਇਕ ਸੰਸਥਾ ਵੱਲੋਂ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਪੰਜ ਸੌ ਮੁਸਲਮਾਨਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਜਿਸ ਵਿਚ ਮਕਬੂਲ ਫਿਦਾ ਹੁਸੈਨ ਦਾ ਨਾਂ ਵੀ ਸੀ।
ਉਸ ਦੀ 92 ਸਾਲ ਦੀ ਉਮਰ ਵਿਚ ਕੇਰਲ ਸਰਕਾਰ ਨੇ ਉਸ ਨੂੰ ‘ਰਾਜਾ ਰਵੀ ਵਰਮਾ’ ਨਾਮੀਂ ਇਕ ਵੱਕਾਰੀ ਇਨਾਮ ਦੇਣ ਦਾ ਐਲਾਨ ਕੀਤਾ, ਪਰ ਸਰਕਾਰ ਦੇ ਅੰਦਰ ਹੀ ਇਕ ਗਰੁੱਪ ਇਸ ਦਾ ਵਿਰੋਧ ਕਰਨ ਲੱਗਾ ਤੇ ਇਸ ਦੇ ਖਿਲਾਫ਼ ਹਾਈਕੋਰਟ ਵਿਚ ਰਿੱਟ ਕਰ ਦਿੱਤੀ ਗਈ। ਇਵੇਂ ਇਹ ਇਨਾਮ ਵਿਚਕਾਰੇ ਹੀ ਰਹਿ ਗਿਆ। ਫਿਦਾ ਹੁਸੈਨ 95 ਸਾਲ ਦੀ ਉਮਰ ਭੋਗ ਕੇ 9 ਜੂਨ 2011 ਨੂੰ ਲੰਡਨ ਦੇ ਰੁਆਇਲ ਬਰੈਂਪਟਨ ਹਸਪਤਾਲ ਵਿਚ ਦਿਲ ਦੇ ਦੌਰੇ ਨਾਲ ਪੂਰਾ ਹੋ ਗਿਆ। ਇਵੇਂ ਉਸ ਦਿਨ ਇਕ ਯੁੱਗ ਦਾ ਅੰਤ ਹੋ ਗਿਆ। ਮਾਧੁਰੀ ਦੀਕਸ਼ਿਤ ਨੂੰ ਲੈ ਕੇ ਉਸ ਨੇ ‘ਗਜ ਗਾਮਿਨੀ’ ਨਾਂ ਦੀ ਫ਼ਿਲਮ ਵੀ ਬਣਾਈ ਸੀ। ਗਜ ਗਾਮਿਨੀ ਦਾ ਮਤਲਬ ਹੁੰਦਾ ਹੈ- ਹਾਥੀ ਚਾਲ ਚੱਲਣ ਵਾਲੀ ਔਰਤ। ਉਹ ਮਾਧੁਰੀ ਦਾ ਬਹੁਤ ਵੱਡਾ ਆਸ਼ਕ ਸੀ। ਉਸ ਨੇ ਮਾਧੁਰੀ ਦੀਆਂ ਤਸਵੀਰਾਂ ਵੀ ਬਣਾਈਆਂ। ਇਸ ਫ਼ਿਲਮ ਵਿਚ ਉਸ ਨੇ ਮਾਧੁਰੀ ਨੂੰ ਵੱਖ ਵੱਖ ਕੋਣਾਂ ਤੋਂ ਫ਼ਿਲਮਾਇਆ। ਇਵੇਂ ਹੀ ਉਸ ਨੇ ਇਕ ਹੋਰ ਫ਼ਿਲਮ ਬਣਾਈ ਜਿਸ ਦਾ ਨਾਂ ਸੀ- ‘ਮੀਨਾਕਸ਼ੀ-ਟੇਲ ਆਫ ਥ੍ਰੀ ਸਿਟੀ’ ਜਿਸ ਦੀ ਹੀਰੋਇਨ ਤੱਬੂ ਸੀ, ਪਰ ਇਸ ਫ਼ਿਲਮ ਨੂੰ ਮੁਸਲਮਾਨਾਂ ਨੇ ਸਿਨਮਿਆਂ ਵਿਚੋਂ ਲਹਾ ਦਿੱਤਾ ਕਿਉਂਕਿ ਇਸ ਵਿਚ ਇਕ ਕੱਵਾਲੀ ਇਸਲਾਮ ਖਿਲਾਫ਼ ਸੀ। ਉਸ ਨੇ ਕੁਝ ਹੋਰ ਫ਼ਿਲਮਾਂ ਵੀ ਬਣਾਈਆਂ। ਇਨ੍ਹਾਂ ਫ਼ਿਲਮਾਂ ਲਈ ਉਸ ਨੂੰ ਕੁਝ ਇਨਾਮ ਵੀ ਮਿਲੇ। ਮੈਂ ਸੋਚਦਾ ਹਾਂ ਕਿ ਉਹ ਵੇਲਾ ਫਿਰ ਵੀ ਚੰਗਾ ਸੀ ਕਿ ਉਸ ਨੂੰ ਦੇਸ਼ ਛੱਡਣ ਦਾ ਮੌਕਾ ਦੇ ਦਿੱਤਾ ਗਿਆ, ਜਿਹੜੇ ਅੱਜ ਦੇ ਹਾਲਾਤ ਹਨ ਇਹੋ ਗੱਲ ਅੱਜ ਦੇ ਸਮੇਂ ਵਿਚ ਵਾਪਰਦੀ ਤਾਂ ਸ਼ਾਇਦ ਉਸ ਨੂੰ ਦੇਸ਼ ਛੱਡਣ ਦਾ ਮੌਕਾ ਵੀ ਨਾ ਦਿੱਤਾ ਜਾਂਦਾ।
ਈ-ਮੇਲ : harjeetatwal@hotmail.co.uk