ਸੁਖਦੇਵ ਸਿੱਧੂ
ਵਲਾਇਤ ਦਾ ਸਵਰਗੀ ਤਸੱਵੁਰ ਲੋਕਾਂ ਨੂੰ ਬਹੁਤ ਛੇਤੀ ਪੱਟ ਲੈਂਦਾ ਹੈ; ਪਰ ਇਹ ਹੈ ਅਧੂਰਾ। ਕਈ ਮਾਮਲਿਆਂ ਵਿਚ ਹਾਲਾਤ ਬਦਤਰ ਹਨ, ਪਰ ਭਲੇ ਦੀ ਆਸ ਲੈ ਕੇ ਘਰੋਂ ਨਿਕਲਿਆਂ ਨੂੰ ਸਿੱਕੇ ਦਾ ਦੂਸਰਾ ਪਾਸਾ ਦੇਖਣ ਦੀ ਫੁਰਸਤ ਨਹੀਂ ਹੁੰਦੀ। ਨਵੇਂ ਤੇ ਚੰਗੇਰੇ ਦਿਸਹੱਦੇ ਵੱਲ ਨੂੰ ਮਨੁੱਖ ਦੀ ਤਾਂਘ ਹਮੇਸ਼ਾਂ ਰਹੀ ਹੈ ਤੇ ਰਹੇਗੀ। ਇਹ ਦੇਸ਼ ਵਿਚ ਵੀ ਹੋ ਸਕਦਾ ਹੈ ਤੇ ਦੂਰ ਦੁਰਾਡੇ ਦੀਆਂ ਧਰਤੀਆਂ ’ਤੇ ਵੀ ਹੁੰਦਾ ਹੈ।
ਵਲਾਇਤ ਵਿਚ ਘਰਾਂ ਦੀ ਘਾਟ ਵਿਚ ਵਾਧਾ ਹੁੰਦਾ ਆ ਰਿਹਾ ਹੈ। ਇਹ ਮਸਲਾ ਪੈਸੇ ਵਾਲਿਆਂ ਦਾ ਨਹੀਂ ਹੈ, ਉਹ ਤਾਂ ਜਿੱਥੇ ਜਦੋਂ ਚਾਹੁਣ ਆਪਣਾ ਵਸੇਬਾ ਕਰ ਸਕਦੇ ਹਨ। ਗੱਲ ਆਮ ਲੋਕਾਂ ਦੀ ਹੋ ਰਹੀ ਹੈ। ਲੋਕਾਂ ਦੀ ਲੋੜ ਲਈ ਲੋੜੀਂਦੇ ਘਰ ਬਣਾਉਣ ਲਈ ਸਰਕਾਰਾਂ ਦੀ ਨੀਤੀ ਘਟਦੀ ਘਟਦੀ ਘਟੀ ਜਾ ਰਹੀ ਹੈ। ਸਿਆਸੀ ਪਾਰਟੀਆਂ ਚੋਣਾਂ ਵੇਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਚਕਮੇ ਦੇ ਕੇ ਚੋਣਾਂ ਜਿੱਤਦੀਆਂ ਹਨ। ਮਗਰੋਂ ਟਾਲਮਟੋਲ ਹੋ ਜਾਂਦੀ ਹੈ ਜਾਂ ਸ਼ਬਦ ਘਸਮਾਣ ਵਿਚ ਲੋਕਾਂ ਨੂੰ ਵਰਾਇਆ ਜਾਂਦਾ ਹੈ। ਪਰ ਹੋਰ ਨਵੇਂ ਘਰ ਬਣਾਉਣ ਦੇ ਸਿੱਧੇ ਹੱਲ ’ਤੇ ਕਦੇ ਅਮਲ ਨਹੀਂ ਕੀਤਾ ਜਾਂਦਾ। ਜੇਕਰ ਇਹ ਹੋਇਆ ਹੁੰਦਾ ਤਾਂ ਸਾਲੋ ਸਾਲ ਬੇਘਰਿਆਂ ਦੀ ਗਿਣਤੀ ਵਿਚ ਵਾਧਾ ਨਾ ਹੋਈ ਜਾਂਦਾ। ਬੇਘਰੀ ਦੀ ਔਕੜ ਕਿਸੇ ਨੂੰ ਵੀ ਆ ਸਕਦੀ ਹੈ, ਇਹ ਨਿਰੀ ਗ਼ੁਰਬਤ ਨਾਲ ਸਬੰਧਿਤ ਨਹੀਂ ਹੈ। ਮੈਂ ਚੰਗੇ ਭਲੇ ਵਪਾਰੀ ਵੀ ਘਰੋਂ ਬੇਘਰ ਹੁੰਦੇ ਦੇਖੇ ਹਨ ਤੇ ਪੌਂਡਾਂ ਦੀਆਂ ਪੰਡਾਂ ਕਮਾਉਂਦੇ ਫੁੱਟਬਾਲਰ ਵੀ।
ਸਮੁੱਚੇ ਤੌਰ ’ਤੇ ਭਾਰਤੀ ਭਾਈਚਾਰੇ ਵਿਚ ਆਪਣੇ ਘਰ ਖ਼ਰੀਦਣ ਦਾ ਰਿਵਾਜ ਚੱਲਿਆ ਆਉਂਦਾ ਹੈ। ਨਵੀਂ ਪੀੜ੍ਹੀ ਲਈ ਇਹ ਮੁਸ਼ਕਿਲ ਵੀ ਹੋ ਰਿਹਾ ਹੈ। ਨਤੀਜੇ ਵਜੋਂ ਸਰਕਾਰੀ ਘਰਾਂ ਦੀ ਲੋੜ ਵਧੇਰੇ ਪੈ ਰਹੀ ਹੈ। ਘਰਾਂ ਦਾ ਮਸਲਾ ਮੰਗ ਤੇ ਸਪਲਾਈ ਦਾ ਹੈ; ਸਪਲਾਈ ਦੀ ਘਾਟ ਕਾਰਨ ਇਹ ਔਖ ਪੈਦਾ ਕਰ ਰਿਹਾ ਹੈ। ਜੋ ਪ੍ਰਬੰਧ ਸਰਕਾਰਾਂ ਕਰਦੀਆਂ ਰਹੀਆਂ ਹਨ, ਉਨ੍ਹਾਂ ਵਿਚ ਸਾਰੇ ਇਹ ਹੱਕ ਲੈਣ ਦੇ ਹੱਕਦਾਰ ਨਹੀਂ ਹੁੰਦੇ। ਪ੍ਰਬੰਧ ਵਿਚੋਂ ਕੁਝ ਬਾਹਰ ਰਹਿ ਜਾਂਦੇ ਹਨ। ਇਨ੍ਹਾਂ ਬਾਹਰ ਰਹਿ ਗਿਆਂ ਵਿਚੋਂ ਸਭ ਤੋਂ ਵੱਡੀ ਔਖ ਗ਼ੈਰਕਾਨੂੰਨੀ ਰਹਿ ਰਹੇ ਇਨਸਾਨ ਨੂੰ ਹੁੰਦੀ ਹੈ। ਸਰਕਾਰ ਨੇ ਨਾ ਸਿਰਫ਼ ਇਨ੍ਹਾਂ ਨੂੰ ਕੋਈ ਦੇਣ ਤੋਂ ਵਾਂਝੇ ਰੱਖਿਆ ਹੋਇਆ ਹੈ ਸਗੋਂ ਮਾਲਕ ਮਕਾਨਾਂ ਨੂੰ ਇਨ੍ਹਾਂ ਨੂੰ ਕਿਰਾਏ ’ਤੇ ਘਰ ਦੇਣ ਤੋਂ ਮਨ੍ਹਾ ਕੀਤਾ ਹੋਇਆ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਸਜ਼ਾ ਮਿੱਥੀ ਹੋਈ ਹੈ। ਇਸ ਕਰਕੇ ਲੋਕ ਇਨ੍ਹਾਂ ਨੂੰ ਕਿਰਾਏ ’ਤੇ ਘਰ ਨਹੀਂ ਦਿੰਦੇ। ਦੂਸਰੇ ਮਾਲਕ ਮਕਾਨਾਂ ਨੂੰ ਕਿਰਾਇਆ ਨਾ ਮਿਲਣ ਦਾ ਡਰ ਵੀ ਰਹਿੰਦਾ ਹੈ। ਗ਼ੈਰ ਕਾਨੂੰਨੀ ਆਏ ਲੋਕ ਲੁਕ ਛਿਪ ਕੇ ਕੰਮ ਕਰਦੇ ਹਨ, ਜੋ ਕਿਸੇ ਲਿਹਾਜ ਨਾਲ ਪੱਕਾ ਨਹੀਂ ਹੁੰਦਾ। ਇਸ ਕਾਰਨ ਇਨ੍ਹਾਂ ਦੀ ਕਿਰਾਇਆ ਦੇ ਸਕਣ ਦੀ ਸਮਰੱਥਾ ’ਤੇ ਸ਼ੱਕ ਰਹਿੰਦੀ ਹੈ। ਜਾਅਲੀ ਆਵਾਸੀਆਂ ਨੂੰ ਕੰਮ ਦੇਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ।
ਵਲਾਇਤ ਵਿਚ ਆਏ ਗ਼ੈਰ ਕਾਨੂੰਨੀ ਪੰਜਾਬੀ ਵੀ ਹਨ। ਜਿਨ੍ਹਾਂ ਦਾ ਕੋਈ ਨਾ ਕੋਈ ਆਸਰਾ ਹੁੰਦਾ ਹੈ, ਉਨ੍ਹਾਂ ਦਾ ਵੇਲਾ ਕੁਵੇਲਾ ਨਿਕਲ ਜਾਂਦਾ ਹੈ, ਪਰ ਜਿਨ੍ਹਾਂ ਦੀ ਕੋਈ ਐਸੀ ਠਾਹਰ ਨਹੀਂ ਹੁੰਦੀ, ਉਨ੍ਹਾਂ ਲਈ ਸੜਕਾਂ ਤੇ ਪੁਲਾਂ ਹੇਠਾਂ, ਦੁਕਾਨਾਂ ਦਿਆਂ ਬੂਹਿਆਂ ਵਿਚ ਸੌਣਾ ਮਜਬੂਰੀ ਹੋ ਜਾਂਦਾ ਹੈ। ਉਹ ਪਾਸਪੋਰਟ ਗਵਾ ਬਹਿੰਦੇ ਹਨ ਜਾਂ ਜਾਣ ਕੇ ਨਸ਼ਟ ਕਰ ਦਿੰਦੇ ਹਨ। ਗਰਮੀਆਂ ਦੇ ਮੌਸਮ ਵਿਚ ਮੁਸ਼ਕਿਲ ਹੁੰਦੀ ਹੈ, ਪਰ ਸਰਦੀਆਂ ਵਿਚ ਇਹ ਮੁਸ਼ਕਿਲ ਬਹੁਤ ਵਧ ਜਾਂਦੀ ਹੈ।
ਬੇਘਰੀ ਦੀ ਸਮੱਸਿਆ ਨਿਰੀ ਸਿਰ ਲਕੋਣ ਦਾ ਮਸਲਾ ਨਹੀਂ ਹੈ। ਇਸ ਨਾਲ ਹੋਰ ਬਹੁਤ ਸਾਰੇ ਮਸਲੇ ਵੀ ਜੁੜ ਜਾਂਦੇ ਹਨ। ਇਹ ਗੱਲ ਪੱਕੀ ਹੋ ਗਈ ਹੈ ਕਿ ਇਨ੍ਹਾਂ ਦੀ ਮਾਨਸਿਕ ਸਿਹਤ ਵਿਗੜ ਜਾਂਦੀ ਹੈ, ਸਰੀਰਿਕ ਸਿਹਤ ’ਤੇ ਵੀ ਅਸਰ ਪੈਂਦਾ ਹੈ। ਗ਼ੈਰਕਾਨੂੰਨੀ ਆਏ ਲੋਕਾਂ ਕੋਲ ਡਾਕਟਰੀ ਸਹਾਇਤਾ ਲੈਣ ਦਾ ਵੀ ਹੱਕ ਨਹੀਂ ਹੁੰਦਾ। ਇਨ੍ਹਾਂ ਸਾਰੀਆਂ ਔਖਾਂ ਕਾਰਨ ਇਹ ਬੜੀ ਸੌਖ ਨਾਲ ਨਸ਼ਿਆਂ ਦੀ ਪਕੜ ਵਿਚ ਜਾਂਦੇ ਹਨ। ਨਸ਼ੇ ਦੇ ਤਸਕਰਾਂ ਲਈ ਇਹ ਫਾਇਦੇਮੰਦ ਗਾਹਕ ਹੁੰਦੇ ਹਨ ਕਿਉਂਕਿ ਇਹ ਪੁਲੀਸ ਕੋਲ ਸ਼ਿਕਾਇਤ ਨਹੀਂ ਕਰ ਸਕਦੇ। ਸਗੋਂ ਤਸਕਰ ਇਨ੍ਹਾਂ ਨੂੰ ਪੁਲੀਸ ਕੋਲ ਫੜਾਉਣ ਦਾ ਡਰਾਵਾ ਦੇ ਕੇ ਗ਼ਲਤ ਕੰਮ ਕਰਵਾਉਂਦੇ ਹਨ। ਜਿਵੇਂ ਨਸ਼ੇ ਦੇ ਪੈਸੇ ਨਾ ਦੇ ਸਕਣ ਦੀ ਹਾਲਤ ਵਿਚ ਇਨ੍ਹਾਂ ਕੋਲੋਂ ਚੋਰੀਆਂ ਕਰਵਾ ਕੇ ਆਪਣੇ ਪੈਸੇ ਵਸੂਲ ਕਰਦੇ ਹਨ। ਜੋ ਬਿਲਕੁਲ ਪੈਸੇ ਨਹੀਂ ਦੇ ਸਕਦੇ, ਉਨ੍ਹਾਂ ਰਾਹੀਂ ਆਪਣਾ ਨਸ਼ਾ ਵੇਚਦੇ ਹਨ ਤੇ ਸ਼ਾਮ ਨੂੰ ਥੋੜ੍ਹਾ ਜਿਹਾ ਉਨ੍ਹਾਂ ਨੂੰ ਦੇ ਦਿੰਦੇ ਹਨ। ਕਮਜ਼ੋਰ, ਨਿਆਸਰੇ ਤੇ ਨਿਓਟੇ ਇਸ ਭਵਚੱਕਰ ਵਿਚ ਵਲ਼ੇ ਜਾਂਦੇ ਹਨ। ਵਿਰਲੇ ਨਿਕਲ ਜਾਂਦੇ ਹਨ, ਕਈ ਫਸ ਜਾਂਦੇ ਹਨ, ਕਈ ਫਸੇ ਹੀ ਰਹਿੰਦੇ ਹਨ।
ਬਾਗੀ ਪ੍ਰਵਰਿਤੀਆਂ ਵਾਲੇ ਬੰਦੇ ਆਪਣਾ ਰੋਸ ਦਿਖਾਉਂਦੇ ਰਹਿੰਦੇ ਹਨ। ਜਿਨ੍ਹਾਂ ਨੇ ਇਹ ਜਾਣ ਲਿਆ ਹੁੰਦਾ ਹੈ ਕਿ ਹੁਣ ਮਰੇ ਤਾਂ ਹੋਏ ਹੀ ਹਾਂ, ਉਹ ਬੁਰੇ ਦੇ ਘਰ ਤੀਕ ਜਾ ਪਹੁੰਚਦੇ ਹਨ। ਉਹ ਰਾਤਾਂ ਨੂੰ ਸਰਕਾਰ ਦਿਆਂ ਬੂਹਿਆਂ ਵਿਚ ਜਾ ਕੇ ਸੌਂਦੇ ਹਨ। ਉਨ੍ਹਾਂ ਨੂੰ ਇਸਦਾ ਫਾਇਦਾ ਵੀ ਹੁੰਦਾ ਹੈ; ਦਫ਼ਤਰਾਂ ਅੱਗੇ ਕੈਮਰੇ ਲੱਗੇ ਹੁੰਦੇ ਹਨ, ਕੋਈ ਹਮਲਾ ਹੋਣ ਦਾ ਮੌਕਾ ਘੱਟ ਜਾਂਦਾ ਹੈ। ਸਰਕਾਰੀ ਦਫ਼ਤਰਾਂ ਵਿਚ ਸਕਿਊਰਿਟੀ ਵਗੈਰਾ ਵੀ ਹੁੰਦੀ ਹੈ।
ਸੁਰਿੰਦਰ ਸਿੰਘ (ਭੁਪਿੰਦਰ ਸਿੰਘ) ਪਹਿਲਾਂ ਥਾਈਲੈਂਡ ਗਿਆ। ਉੱਥੋਂ ਸਵੀਡਨ ਚਲਾ ਗਿਆ। ਸਵੀਡਨ ਵਾਲੀ ਭੈਣ ਜਰਮਨੀ ਵਿਚ ਭੇਜਣਾ ਚਾਹੁੰਦੀ ਸੀ। ਇਹ ਮੰਨਿਆ ਨਹੀਂ ਤੇ 16 ਸਾਲ ਪਹਿਲਾਂ ਏਜੰਟ ਨਾਲ ਗੱਲ ਕਰਕੇ ਵਲਾਇਤ ਆਇਆ ਸੀ। ਸਰਕਾਰ ਸੌਣ ਲਈ ਬੈਗ ਦਿੰਦੀ ਹੈ, ਇਸ ਲਈ ਉਹ ਜਿੱਥੇ ਥਾਂ ਮਿਲੇ ਸੌਂ ਜਾਂਦਾ ਹੈ। ਉਹ ਪਿੱਛੇ ਮੁੜਨ ਨੂੰ ਤਿਆਰ ਹੈ, ਪਰ ਪਾਸਪੋਰਟ ਕੋਲ ਨਹੀਂ ਹੈ। ਉਹ ਆਪ ਦੱਸਦਾ ਹੈ ਕਿ ਸ਼ਰਾਬ ਤੇ ਬੀਅਰ ਪੀਂਦਾ ਹੈ, ਪਰ ਹੋਰ ਕੋਈ ਨਸ਼ਾ ਨਹੀਂ ਕਰਦਾ। ਉਸਦਾ ਪਿੱਛੇ ਪਰਿਵਾਰ ਹੈ, ਉਸਦੇ ਦੋ ਪੁੱਤ ਹਨ ਜੋ ਖੇਤੀਬਾੜੀ ਦਾ ਕੰਮ ਕਰਦੇ ਹਨ।
ਅਜਿਹੀ ਸਥਿਤੀ ਵਿਚ ਫਸੇ ਬੰਦੇ ਵਾਪਸ ਪੰਜਾਬ ਆਉਣ ਜੋਗੇ ਵੀ ਨਹੀਂ ਹੁੰਦੇ। ਮੁੜਿਆਂ ਤੋਂ ਪਿੱਛੇ ਨਿਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਕੋਲ ਪਾਸਪੋਰਟ ਜਾਂ ਪਾਸਪੋਰਟ ਬਣਾਏ ਜਾ ਸਕਣ ਵਾਲੇ ਕਾਗਜ਼ ਨਹੀਂ ਹੁੰਦੇ। ਕੋਈ ਸ਼ਨਾਖ਼ਤੀ ਪੱਤਰ ਨਹੀਂ ਹੁੰਦਾ। ਵਲਾਇਤੀ ਅਮਲਾ ਆਪਣੀ ਮਜਬੂਰੀ ਦੱਸਦਾ ਹੈ ਤੇ ਭਾਰਤੀ ਦੂਤਘਰ ਮਦਦ ਨਹੀਂ ਕਰਦੇ ਜਾਂ ਪੈਰ ਘੜੀਸਦੇ ਰਹਿੰਦੇ ਹਨ। ਇਹ ਅਜਿਹੇ ਚੱਕਰ ਵਿਚ ਪਿਸਦੇ ਹਨ ਕਿ ਕਿਤੇ ਜਾਣ ਜੋਗੇ ਨਹੀਂ ਰਹਿੰਦੇ। ਕੋਈ ਕੰਮ ਕਰ ਨਹੀਂ ਸਕਦੇ। ਕੰਮ ਕਰਦੇ ਫੜੇ ਜਾਣ ਦਾ ਡਰ ਰਹਿੰਦਾ ਹੈ। ਬਹੁਤਾ ਬੁਰਾ ਹਾਲ ਨਸ਼ੇ ਵਿਚ ਫਸ ਗਿਆ ਦਾ ਹੁੰਦਾ ਹੈ। ਉਹ ਕੰਮ ਕਰਨ ਜੋਗੇ ਹੀ ਨਹੀਂ ਰਹਿੰਦੇ। ਪਿਛਲੇ ਪਰਿਵਾਰ ਉਨ੍ਹਾਂ ’ਤੇ ਆਸਾਂ ਲਾਈ ਰੱਖਦੇ ਹਨ, ਪਰ ਇਹ ਉਨ੍ਹਾਂ ਨੂੰ ਕੁਝ ਦੱਸਣ ਜੋਗੇ ਵੀ ਨਹੀਂ ਹੁੰਦੇ।
ਪਰਵੇਜ਼ ਮਸੀਹ ਨੂੰ ਸ਼ਰਾਬ ਦੀ ਲੱਤ ਸੀ। ਉਸਨੂੰ ਦੋ ਗੋਰਿਆਂ ਨੇ ਮਾਰ ਦਿੱਤਾ। ਉਸਦੇ ਕਤਲ ਦੀ ਵਜ੍ਹਾ ਇਹ ਬਣੀ ਕਿ ਉਸ ਕੋਲ 140 ਪੌਂਡ ਸਨ ਤੇ ਗੋਰਿਆਂ ਕੋਲ ਉਸ ਦਿਨ ਧੇਲਾ ਨਹੀਂ ਸੀ; ਉਪਰੋਂ ਉਨ੍ਹਾਂ ਦਾ ਨਸ਼ਾ ਟੁੱਟਾ ਹੋਇਆ ਸੀ। ਉਨ੍ਹਾਂ ਨੇ ਪਰਵੇਜ਼ ਨੂੰ ਮਾਰ ਕੇ ਨਸ਼ਾ ਕੀਤਾ ਤੇ ਭੱਜ ਗਏ। ਜਾਣ ਤੋਂ ਪਹਿਲਾਂ ਊਸਦੀ ਲਾਸ਼ ਫਰੀਜ਼ਰ ਵਿਚ ਬੰਦ ਕਰ ਗਏ। ਦੋ-ਤਿੰਨ ਦਿਨ ਮਗਰੋਂ ਬੇਪਛਾਣ ਲਾਸ਼ ਮਿਲੀ, ਪਰ ਪੁਲੀਸ ਨੇ ਮੁਲਜ਼ਮਾਂ ਨੂੰ ਡੇਢ ਸੌ ਮੀਲ ਦੂਰੋਂ ਜਾ ਫੜਿਆ।
ਬੇਘਰੀ ਦੀ ਸਮੱਸਿਆ ਲੰਡਨ ਵਿਚ ਸਭ ਤੋਂ ਵੱਧ ਹੈ। ਇਸ ਦੇ ਇਲਾਕੇ ਇਲਫੋਰਡ ਵਿਚ ਵੀ ਪੰਜਾਬੀ ਮਰ ਚੁੱਕੇ ਹਨ। 50 ਸਾਲਾਂ ਦੇ ਸੋਢੀ ਸਿੰਘ ਨੇ ਦਸ ਸਾਲਾਂ ਤੋਂ ਵਧੇਰੇ ਲੰਡਨ ਦੀਆਂ ਸੜਕਾਂ ’ਤੇ ਕੱਢੇ ਹਨ। ਉਹ ਪਿੱਛੇ ਮੁੜਨ ਜੋਗਾ ਵੀ ਨਹੀਂ ਸੀ; ਨਾ ਕੰਮ ਕਰ ਸਕਦਾ ਸੀ ਨਾ ਕੋਈ ਸਹਾਇਤਾ ਲੈ ਸਕਦਾ ਸੀ। ਅਜਿਹੀ ਤੰਗਦਸਤੀ ਵਿਚ ਉਹ ਆਖਿਰ ਜਾਨ ਹੀ ਦੇ ਗਿਆ। ਉਸ ਸਮੇਂ ਇਸ ਸ਼ਹਿਰ ਦਾ ਸਿਆਸੀ ਲੀਡਰ ਵੀ ਪੰਜਾਬੀ ਸੀ। ਕੁਝ ਚਿਰ ਲਈ ਮਸਲਾ ਉੱਭਰਿਆ, ਫਿਰ ਓਹੀ ਰਾਗ ਚੱਲ ਪਿਆ।
ਪਿਛਲੇ ਸਾਲ ਵਿਚ ਇਕੱਲੇ ਵਲਾਇਤ ਵਿਚ 726 ਬੇਘਰੇ ਲੋਕਾਂ ਦੀ ਮੌਤ ਹੋਈ। ਇਹ ਉਸ ਤੋਂ ਪਹਿਲੇ ਸਾਲ ਨਾਲੋਂ 22 ਫੀਸਦ ਵਧ ਗਈ ਸੀ। ਜਾਨ ਗੁਆ ਲੈਣ ਵਾਲਿਆਂ ਵਿਚੋਂ ਪੰਜਾਬੀਆਂ ਦੀ ਗਿਣਤੀ 35 ਕੁ ਲਾਗੇ ਬੰਨੇ ਸਮਝੀ ਜਾਂਦੀ ਹੈ। ਵਲਾਇਤ ਵਿਚ ਜੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਿਤਕਰਾ ਹੁੰਦਾ ਹੈ ਤਾਂ ਜਾਅਲੀ ਪਰਵਾਸੀਆਂ ’ਤੇ ਇਸਦੀ ਮਾਰ ਕਈ ਗੁਣਾ ਵਧ ਹੁੰਦੀ ਹੈ।
ਪੰਜਾਬੀ ਭਾਈਚਾਰੇ ਵੱਲੋਂ ਜਾਅਲੀ ਆਵਾਸੀਆਂ ਦੀ ਮਦਦ ਦੇ ਆਪਣੇ ਤੌਰ ’ਤੇ ਕੁਝ ਹੀਲੇ ਕੀਤੇ ਜਾਂਦੇ ਹਨ। ਗੁਰਦੁਆਰਿਆਂ ਵਿਚ ਮੀਟਿੰਗਾਂ ਹੁੰਦੀਆਂ ਹਨ। ਕੁਝ ਸ਼ਹਿਰਾਂ ਦੇ ਗੁਰਦੁਆਰੇ ਇਨ੍ਹਾਂ ਦੇ ਖਾਣ ਦਾ ਖਿਆਲ ਰੱਖਦੇ ਹਨ। ਕੁਝ ਜਥੇਬੰਦੀਆਂ ਹੋਰ ਲੋੜਾਂ ਦਾ ਖਿਆਲ ਰੱਖਦੀਆਂ ਹਨ ਤੇ ਕੁਝ ਭਲੇ ਡਾਕਟਰ ਵੀ ਇਨ੍ਹਾਂ ਦੀ ਸਿਹਤ ਦਾ ਧਿਆਨ ਕਰਦੇ ਹਨ। ਪਰ ਇਨ੍ਹਾਂ ਦੀਆਂ ਮੁਸ਼ਕਿਲਾਂ ਬਹੁਤ ਹਨ। ਸਾਲਾਂ ਬੱਧੀ ਬੇਤਰਤੀਬਾ ਜੀਵਨ ਜਿਉਣ ਕਾਰਨ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਹਨ, ਹੋਰ ਕੋਈ ਸਹੂਲਤਾਂ ਵੀ ਨਹੀਂ ਲੈ ਸਕਦੇ। ਕਈਆਂ ਦੀਆਂ ਸਿਹਤ ਸਮੱਸਿਆਵਾਂ ਕਾਫ਼ੀ ਵਧ ਗਈਆਂ ਹਨ ਜਿਨ੍ਹਾਂ ਦਾ ਇਲਾਜ ਸਿਰਫ਼ ਹਸਪਤਾਲ ਜਾਂ ਹੋਰ ਸਪੈਸ਼ਲਿਸਟ ਹੀ ਕਰ ਸਕਦੇ ਹਨ। ਕਈਆਂ ਦੀ ਬੋਲੀ ਦੀ ਸਮੱਸਿਆ ਵੀ ਹੁੰਦੀ ਹੈ।
ਦੁੱਖ ਦੀ ਗੱਲ ਇਹ ਹੈ ਕਿ ਜਾਨਾਂ ਗਵਾਉਣ ਵਾਲੇ ਇਹ ਮਨੁੱਖ ਨਿਗੁਣੇ ਰਹਿ ਜਾਂਦੇ ਹਨ; ਪੰਜਾਬੀਆਂ ਦੇ ਧੂਮ ਧੜੱਕੇ ਦੇ ਸ਼ੋਰ ਵਿਚ ਇਹ ਦਬਾਏ ਜਾਂਦੇ ਹਨ। ਕਈਆਂ ਦੀ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਉਹ ਸ਼ਰੇਆਮ ਚੋਰੀਆਂ ਕਰਦੇ ਹਨ। ਮਾਨਸਿਕ ਦਬਾਅ ਦਾ ਭਾਰ ਝੱਲਦੇ ਹਨ ਜਾਂ ਅਰਧ ਪਾਗਲ ਹੋਏ ਪੰਜਾਬੀ ਬਾਜ਼ਾਰਾਂ ਵਿਚ ਤੁਰੇ ਜਾਂਦੇ ਗੋਰਿਆਂ ਨੂੰ ਗਾਲ੍ਹਾਂ ਕੱਢਦੇ ਵੀ ਦਿਸ ਜਾਂਦੇ ਹਨ।
ਮੇਰਾ ਰਿਸ਼ਤੇਦਾਰ (ਕੁੱਲ ਤਿੰਨ ਜੀਆਂ ਦਾ ਪਰਿਵਾਰ) ਹਿਮਾਚਲ ਪ੍ਰਦੇਸ਼ ਸਰਕਾਰ ਦੀ ਵੱਡੀ ਨੌਕਰੀ ਛੱਡ ਕੇ ਵਲਾਇਤ ਆਇਆ। ਜਲੰਧਰ ਤੇ ਧਰਮਸ਼ਾਲਾ ਵਿਚ ਵੱਡੀਆਂ ਕੋਠੀਆਂ ਦਾ ਇਕੱਲਾ ਮਾਲਕ ਹੈ। ਵਲਾਇਤੋਂ ਮੁੜੇ ਰਿਸ਼ਤੇਦਾਰਾਂ ਨੂੰ ਦੇਖ ਦੇਖ ਕੇ ਪੱਟਿਆ ਹੋਇਆ ਉਹ ਵੀ ਵਲਾਇਤ ਆ ਗਿਆ। ਕਈ ਮਹੀਨੇ ਏਸ ਗੱਲ ਤੋਂ ਪ੍ਰੇਸ਼ਾਨ ਰਿਹਾ ਕਿ ਸਰਕਾਰ ਤਾਲੀਮ ਅਨੁਸਾਰ ਨੌਕਰੀ ਕਿਉਂ ਨਹੀਂ ਦਿੰਦੀ। ਪੰਜ ਛੇ ਮਹੀਨੇ ਤਾਂ ਰਿਸ਼ਤੇਦਾਰਾਂ ਨੇ ਕਢਾਏ, ਫਿਰ ਕਿਰਾਏ ’ਤੇ ਮਕਾਨ ਲੈਣਾ ਪਿਆ ਤਾਂ ਹੋਰ ਦਿੱਕਤਾਂ ਆਈਆਂ। ਹੁਣ ਦਸਾਂ ਸਾਲਾਂ ਬਾਅਦ ਕਹਿੰਦਾ ਹੈ ਕਿ ਮੈਂ ਗ਼ਲਤੀ ਕਰ ਲਈ। ਪਿੱਛੇ ਬਾਪ ਤਾਂ ਪਹਿਲਾਂ ਗੁਜ਼ਰ ਗਿਆ ਸੀ। ਪਿੱਛੇ ਇਕੱਲੀ ਮਾਂ ਵੀ ਚੱਲ ਵਸੀ। ਫਿਰ ਭੈਣ ਵੀ ਤੁਰ ਗਈ। ਸੁਰਜੀਤ ਪਾਤਰ ਨੇ ਇਸ ਦਰਦ ਨੂੰ ਬਾਖੂਬੀ ਨਾਲ ਬਿਆਨ ਕੀਤਾ ਹੈ :
ਜੋ ਵਿਦੇਸ਼ਾਂ ’ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।