ਪ੍ਰੋ. ਸੁਹਿੰਦਰ ਬੀਰ
ਗੁਰਸ਼ਰਨ ਸਿੰਘ ਅਜੀਬ ਬਰਤਾਨਵੀ ਪੰਜਾਬੀ ਗ਼ਜ਼ਲ ਦਾ ਇਕ ਉੱਘਾ ਹਸਤਾਖ਼ਰ ਹੈ। ਹੁਣ ਤਕ ਉਹ ਦੋ ਗ਼ਜ਼ਲ ਸੰਗ੍ਰਹਿ ‘ਗ੍ਰੰਥਕੂੰਜਾਂਵਲੀ’ (2008), ‘ਪੁਸ਼ਪਾਂਜਲੀ’ (2014) ਲਿਖ ਚੁੱਕਾ ਹੈ ਅਤੇ ‘ਇਕ ਬਰਤਾਨਵੀ ਪੰਜਾਬੀ ਗ਼ਜ਼ਲ’ (1997) ਨਾਮ ਦੀ ਪੁਸਤਕ ਵੀ ਸੰਪਾਦਿਤ ਕਰ ਚੁੱਕਾ ਹੈ। ਇਨ੍ਹਾਂ ਸਾਰੀਆਂ ਗ਼ਜ਼ਲ-ਰਚਨਾਵਾਂ ਨੂੰ ਪੜ੍ਹਨ ਉਪਰੰਤ ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ ਪ੍ਰਤੀ ਪ੍ਰਤੀਬੱਧਤਾ ਦਾ ਡੂੰਘਾ ਅਹਿਸਾਸ ਹੁੰਦਾ ਹੈ। ਉਸ ਦਾ ਜਨਮ ਭਾਵੇਂ ਪਾਕਿਸਤਾਨ ਵਿਖੇ 1946 ਨੂੰ ਹੋਇਆ ਅਤੇ ਦੇਸ਼ ਵੰਡ ਦੌਰਾਨ ਉਸ ਨੂੰ ਭਾਰਤ ਆਉਣਾ ਪਿਆ, ਪਰ ਇਨ੍ਹਾਂ ਦੋਹਾਂ ਮੁਲਕਾਂ ਵਿਚ ਹੀ ਉਸ ਨੂੰ ਰਹਿਣਾ ਨਸੀਬ ਨਾ ਹੋਇਆ ਅਤੇ ਕਿਸ਼ੋਰ ਅਵਸਥਾ (1969) ਵਿਚ ਹੀ ਉਸ ਨੂੰ ਪਰਵਾਸ ਧਾਰਨ ਕਰਕੇ ਇੰਗਲੈਂਡ ਵਿਖੇ ਜੀਵਨ ਬਤੀਤ ਕਰਨਾ ਪਿਆ। 1960-70 ਦੇ ਦਹਾਕੇ ਵਿਚ ਦੇਸ਼ ਤੋਂ ਵਿਦੇਸ਼ ਜਾਣ ਵਾਲਿਆਂ ਦੀ ਬੁਨਿਆਦੀ ਤਮੰਨਾ ਆਰਜ਼ੀ ਠਾਹਰ ਦੀ ਹੁੰਦੀ ਸੀ। ਮਨ ਵਿਚ ਪੰਜ-ਸੱਤ ਸਾਲ ਮਿਹਨਤ-ਮੁਸ਼ੱਕਤ ਕਰਕੇ, ਕੀਤੀ ਕਮਾਈ ਨੂੰ ਦੇਸ਼ ਵਿਚ ਲਿਆਉਣ ਦਾ ਜਜ਼ਬਾ ਪ੍ਰਧਾਨ ਰਹਿੰਦਾ ਸੀ। ਅਜੀਬ ਦੀ ਦਿਲੀ ਖ਼ਾਹਿਸ਼ ਵੀ ਕੁਝ ਅਜਿਹੀ ਹੀ ਸੀ। ਸੁਪਨੇ ਵਿਅਕਤੀ ਦੀ ਮਾਨਸਿਕ ਉਪਜ ਹੁੰਦੇ ਹਨ। ਇੰਗਲੈਂਡ ਵਿਚ ਪੰਜਾਬੀ ਗ਼ਜ਼ਲ ਦੀ ਦਾਬ ਜੋ ਈਸ਼ਵਰ ਚਿਤ੍ਰਕਾਰ ਨੇ 1961 ਵਿਚ ਲਗਾਈ ਸੀ, ਨਿਰੰਜਨ ਸਿੰਘ ਨੂਰ ਅਤੇ ਮੁਸ਼ਤਾਕ ਸਿੰਘ ਮੁਸ਼ਤਾਕ ਨੇ ਆਪਣੀ ਰਚਨਾਤਮਕ ਸਾਧਨਾ ਰਾਹੀਂ ਇਸ ਨੂੰ ਪ੍ਰਫੁੱਲਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਗੁਰਦਾਸ ਸਿੰਘ ਪਰਮਾਰ (1975) ਨੇ ਗ਼ਜ਼ਲ ਦੇ ਕਾਵਿ ਸ਼ਾਸਤਰੀ ਅਤੇ ਵਿਧਾਨਕ ਗਿਆਨ ਰਾਹੀਂ ਇਸ ਦੀ ਪਰੰਪਰਾ ਨੂੰ ਪ੍ਰਮਾਣਿਕ ਬਣਾਉਣ ਵਿਚ ਅਹਿਮ ਹਿੱਸਾ ਪਾਇਆ ਹੈ। ਗੁਰਦਾਸ ਸਿੰਘ ਪਰਮਾਰ ਦਾ ‘ਪਰਮਾਰ ਗ਼ਜ਼ਲ ਸਕੂਲ’ ਹੁਣ ਕੇਵਲ ਬਰਤਾਨਵੀ ਖਿੱਤੇ ਤਕ ਮਹਿਦੂਦ ਨਹੀਂ ਰਿਹਾ ਬਲਕਿ ਵਿਸ਼ਵ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰ ਰਿਹਾ ਹੈ। ਗੁਰਸ਼ਰਨ ਸਿੰਘ ਅਜੀਬ ਤੋਂ ਇਲਾਵਾ ਇਸ ਗ਼ਜ਼ਲ-ਸਕੂਲ ਦੇ ਕੁਝ ਹੋਰ ਨਾਮਵਰ ਗ਼ਜ਼ਲਕਾਰ ਵੀ ਹਨ, ਜਿਨ੍ਹਾਂ ਵਿਚ ਗੁਰਨਾਮ ਸਿੰਘ ਗਿੱਲ, ਗੁਰਨਾਮ ਢਿੱਲੋਂ, ਸੁਰਿੰਦਰ ਸੀਹਰਾ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਹੱਥਲੇ ਖੋਜ-ਪੱਤਰ ਦਾ ਮਨੋਰਥ ਗੁਰਸ਼ਰਨ ਸਿੰਘ ਅਜੀਬ ਦੇ ਦੀਵਾਨ-ਏ-ਗ਼ਜ਼ਲ ‘ਪੁਸ਼ਪਾਂਜਲੀ’ ਦੀ ਗ਼ਜ਼ਲ ਸੰਵੇਦਨਾ ਬਾਰੇ ਵਿਚਾਰ ਕਰਨਾ ਹੈ।
ਸਮਾਜ ਵਿਚ ਸਮੇਂ ਸਮੇਂ ਵਿਚਾਰਧਾਰਾਈ ਲਹਿਰਾਂ ਉਤਪੰਨ ਹੁੰਦੀਆਂ ਹਨ। ਜਦੋਂ ਵਿਚਾਰਧਾਰਾਈ ਲਹਿਰਾਂ ਵਿਚ ਵੱਡੀ ਉਥਲ-ਪੁਥਲ ਸਾਹਮਣੇ ਆਉਂਦੀ ਹੈ ਤਾਂ ਉਸ ਨਾਲ ਸਾਹਿਤਕਾਰ ਦੀ ਮਾਨਸਿਕਤਾ ਵਿਚ ਵੀ ਤਬਦੀਲੀ ਵਾਪਰਦੀ ਹੈ। ਇਹ ਤਬਦੀਲੀ ਹੀ ਮਨੁੱਖ ਦੀ ਸੰਵੇਦਨ ਸ਼ਕਤੀ ਦਾ ਆਧਾਰ ਬਣਦੀ ਹੈ। ਯਥਾਰਥ ਦੇ ਗਤੀਸ਼ੀਲ ਅਰਥਾਂ ਨੂੰ ਗ੍ਰਹਿਣ ਕਰਦਾ ਹੋਇਆ ਮਨੁੱਖ ਇਸ ਦੇ ਵਿਕਾਸ ਪੜਾਅ ਅਤੇ ਵਿਕਾਸ ਰੁਖ਼ ਦੀਆਂ ਗਤੀਵਿਧੀਆਂ ਨੂੰ ਸਮਝਣ ਲਈ ਯਤਨਸ਼ੀਲ ਰਹਿੰਦਾ ਹੈ। ਸੰਵੇਦਨਾ ਦਾ ਸ਼ਾਬਦਿਕ ਅਰਥ ਸੰਵੇਦਨ ਸ਼ਕਤੀ ਤੋਂ ਹੈ, ਜਿਸ ਦਾ ਭਾਵ ਹੈ ਕਿਸੇ ਆਮ ਵਿਅਕਤੀ, ਪਦਾਰਥ, ਸਥਾਨ ਆਦਿ ਦੇ ਵਿਸ਼ੇ ਨਾਲ ਆਪਣਾ ਦ੍ਰਿਸ਼ਟੀਕੋਣ। ਜੀਵਨ ਦੇ ਵੱਖ ਵੱਖ ਅਨੁਭਵਾਂ ਵਿਚੋਂ ਉਪਜੀ ਬੌਧਿਕਤਾ ਦਾ ਦੂਸਰਾ ਨਾਮ ਹੀ ਸੰਵੇਦਨਾ ਹੈ। ਮਨੁੱਖ ਅੰਦਰ ਜਾਗਰੂਕ ਹੋਈ ਸੰਵੇਦਨਾ ਨੇ ਮਨੁੱਖ ਦੀਆਂ ਬਹੁਤ ਸਾਰੀਆਂ ਪੁਰਾਤਨ ਧਾਰਨਾਵਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਨਵੀਨ ਸੰਵੇਦਨਾ ਨੇ ਨਵੀਂ ਸੂਝ-ਸ਼ਕਤੀ ਦੇ ਸਹਾਰੇ ਪ੍ਰਕਿਰਤੀ, ਲੋਕ-ਪ੍ਰਲੋਕ ਅਤੇ ਜੀਵਨ ਦੇ ਅਨੇਕਾਂ ਵਿਹਾਰਾਂ ਬਾਰੇ ਮਨੁੱਖ ਨੂੰ ਆਪਣੀ ਦ੍ਰਿਸ਼ਟੀ ਬਦਲਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਸਾਰੇ ਤੱਤਾਂ ਦੇ ਆਧਾਰ ’ਤੇ ਸੰਵੇਦਨਾ ਨੂੰ ਕੁਝ ਨੁਕਤਿਆਂ ’ਤੇ ਕੇਂਦਰਿਤ ਕੀਤਾ ਜਾ ਸਕਦਾ ਹੈ : ਸੰਵੇਦਨਾ ਤੋਂ ਭਾਵ ਉਹ ਦ੍ਰਿਸ਼ਟੀ ਹੈ ਜੋ ਕਿਸੇ ਘਟਨਾ, ਵਿਅਕਤੀ, ਪਦਾਰਥ ਜਾਂ ਸਥਿਤੀ ਪ੍ਰਤੀ ਜੁਆਬਦੇਹ ਹੁੰਦੀ ਹੈ। ਸੰਵੇਦਨਾ ਕਲਾ ਨੂੰ ਗਤੀਸ਼ੀਲ ਕਰਨ ਦਾ ਨਿਵੇਕਲਾ ਆਧਾਰ ਹੈ। ਸੰਵੇਦਨਾ ਮਨੁੱਖੀ ਅਨੁਭਵ ਦੀ ਪ੍ਰਤੀਤੀ ਰਾਹੀਂ ਜੀਵਨ ਦੇ ਰਹੱਸਮਈ ਅਰਥ ਦੀ ਸਾਧਨਾ ਦਾ ਆਧਾਰ ਬਣਦੀ ਹੈ। ਕਲਾ ਦੇ ਸੁਮੇਲ ਨਾਲ ਕਲਾਕਾਰ ਦੀ ਸੰਵੇਦਨਾ ਸੁਹਜਾਤਮਕ ਹੋ ਜਾਂਦੀ ਹੈ ਜਿਸ ਨਾਲ ਕਲਾ ਸਦੀਵੀ ਅਰਥਾਂ ਨੂੰ ਹਾਸਲ ਕਰਦੀ ਹੈ। ਗ਼ਜ਼ਲ-ਸੰਵੇਦਨਾ ਦੇ ਪੱਖ ਤੋਂ ‘ਪੁਸ਼ਪਾਂਜਲੀ’ ਦੇ ਵਿਚਾਰਧਾਰਾਈ ਨੁਕਤੇ ਨਿਰਧਾਰਤ ਕੀਤੇ ਜਾ ਸਕਦੇ ਹਨ :
1. ਕਾਵਿ/ਗ਼ਜ਼ਲ-ਸਿਧਾਂਤ
2. ਪਰਵਾਸ ਅਤੇ ਪਰਵਾਸੀ ਅਨੁਭਵ
3. ਪਿਆਰ ਦੀ ਪ੍ਰਕਿਰਤੀ ਅਤੇ ਪਾਰਲੌਕਿਕ ਅਨੁਭਵ
4. ਅਜੋਕੇ ਜੀਵਨ ਵਿਚ ਮਾਨਵੀ ਸੰਕਟ
ਪੰਜਾਬੀ ਵਿਚ ਗ਼ਜ਼ਲ ਕਾਵਿ ਰੂਪ ਦਾ ਆਰੰਭ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਮੁਹੰਮਦ ਬਖ਼ਸ਼ ਕਰਤਾ ‘ਸੈਫ਼ਲ ਮਲੂਕ’ ਦੇ ਆਗ਼ਮਨ ਨਾਲ ਮੰਨਿਆ ਜਾਂਦਾ ਹੈ, ਪਰ ਪਰੰਪਰਾਗਤ ਮੁਹਾਵਰੇ ਤੋਂ ਅਲਹਿਦਾ ਹੋ ਕੇ ਆਧੁਨਿਕ ਜੀਵਨ ਦੀਆਂ ਰਮਜ਼ਾਂ ਨੂੰ ਪੇਸ਼ ਕਰਨ ਦਾ ਅਮਲ ਉੱਤਰ ਬਸਤੀਵਾਦੀ ਕਾਲ ਤੋਂ ਹੋਇਆ। ਗ਼ਜ਼ਲ ਦਾ ਰੂਪਾਕਾਰ ਥੀਮਿਕ ਪੱਖ ਤੋਂ ਇਕ ਅਜਿਹੀ ਬਹੁਪਰਤੀ ਪ੍ਰਕਿਰਤੀ ਦਾ ਅਨੁਸਾਰੀ ਹੁੰਦਾ ਹੈ ਜਿਸ ਵਿਚ ਗੰਭੀਰ ਦਾਰਸ਼ਨਿਕ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ, ਉੱਥੇ ਨਾਲ ਹੀ ਤਰਲ ਭਾਵਾਂ ਨੂੰ ਪ੍ਰਗੀਤਕ ਅੰਦਾਜ਼ ਵਿਚ ਪ੍ਰਗਟ ਕਰਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਦਾਰਸ਼ਨਿਕਤਾ ਅਤੇ ਭਾਵਨਾਤਮਕ ਤਰਲਤਾ ਇਸ ਦੇ ਦੋ ਬੁਨਿਆਦੀ ਥੀਮਿਕ ਪਹਿਲੂ ਹਨ। ਬਾਕੀ ਕਾਵਿ ਰੂਪਾਂ ਦੇ ਬਨਿਸਪਤ ਗ਼ਜ਼ਲ ਕਾਵਿ ਰੂਪ ਵਿਧਾਨ ਕਰੜਾਈ ਵਾਲੇ ਨੇਮਾਂ ਦਾ ਅਨੁਸਾਰੀ ਹੁੰਦਾ ਹੈ। ਜਿਸ ਸ਼ਾਇਰ ਨੇ ਗ਼ਜ਼ਲ ਦੀ ਰਚਨਾਤਮਕ ਸਿਰਜਣਾ ਕਰਨੀ ਹੁੰਦੀ ਹੈ ਉਸ ਲਈ ਉਸ ਦੇ ਕਾਵਿ ਸ਼ਾਸਤਰੀ ਨੇਮਾਂ ਦਾ ਮੁਕੰਮਲ ਗਿਆਨ ਹੋਣਾ ਲਾਜ਼ਮੀ ਬਣ ਜਾਂਦਾ ਹੈ। ਗ਼ਜ਼ਲ ਦੇ ਨੇਮਾਂ ਨੂੰ ਜਾਣੇ ਬਗ਼ੈਰ ਇਸ ਦੀ ਰਚਨਾਤਮਕਤਾ ਵਿਚੋਂ ਗੁਜ਼ਰਨਾ ਇਸ ਦੀ ਮਰਿਆਦਾ ਨੂੰ ਉਲੰਘਦੇ ਹੋਏ ਕਿਸੇ ਭਰਮ-ਭੁਲੇਖੇ ਵਿਚ ਪੈਣਾ ਹੈ। ਇਸ ਦੇ ਨਾਲ ਨਾਲ ਅਰੂਜ਼ ਅਤੇ ਪਿੰਗਲ ਦੀ ਜਾਣਕਾਰੀ ਪ੍ਰਾਪਤ ਕਰਕੇ ਗ਼ਜ਼ਲ ਕਹਿਣਾ ਤਾਂ ਹੀ ਸਾਰਥਕ ਹੈ ਜੇ ਰਚਨਾਕਾਰ ਕੋਲ ਉਚੇਰੀ ਕਾਵਿਕ-ਪ੍ਰਤਿਭਾ ਵੀ ਹੈ। ਦੋਹਾਂ ਵਿਚੋਂ ਇਕ ਦੀ ਘਾਟ ਗ਼ਜ਼ਲ ਦੇ ਮਿਆਰ ਨੂੰ ਠੇਸ ਪਹੁੰਚਾ ਸਕਦੀ ਹੈ।
ਕਾਵਿ/ਗ਼ਜ਼ਲ-ਸਿਧਾਂਤ
ਕਾਵਿ ਸਿਧਾਂਤ ਤੋਂ ਮੇਰਾ ਭਾਵ ਉਸ ਅਮਲ ਤੋਂ ਹੈ ਜਿਹੜਾ ਅਮਲ ਇਕ ਸਿਰਜਕ ਆਪਣੀ ਰਚਨਾਤਮਕ-ਸਾਧਨਾ ਤੋਂ ਗ੍ਰਹਿਣ ਕਰਦਾ ਹੈ। ਵਿਸ਼ਵ ਦਾ ਸ਼ਾਇਦ ਕੋਈ ਹੀ ਅਜਿਹਾ ਸਾਹਿਤਕਾਰ ਹੋਵੇਗਾ, ਜਿਸ ਨੇ ਆਪਣੀ ਰਚਨਾਤਮਕ-ਸਾਧਨਾ ਬਾਰੇ ਆਪਣਾ ਅਨੁਭਵ ਸਾਂਝਾ ਨਾ ਕੀਤਾ ਹੋਵੇ। ‘ਘੜੀਐ ਸਬਦੁ ਸਚੀ ਟਕਸਾਲ’ ਜਾਂ ‘ਜੈਸੀ ਮੈ ਆਵੇ ਖਸਮ ਕੀ ਬਾਣੀ’ ਆਦਿ ਤੁਕਾਂ ਰਚਨਾਕਾਰ ਦੀ ਰਚਨਾਤਮਕਤਾ ਦੀ ਛੋਹ ਦਿੰਦੀਆਂ ਹਨ। ਕੀ ਗ਼ਜ਼ਲ-ਰਚਨਾ ਇਲਹਾਮੀ ਰਚਨਾ ਹੈ ਜਾਂ ਅਚੇਤ-ਸੁਚੇਤ-ਸੰਗਮ ਦੀ ਮਾਨਸਿਕ ਸਿਰਜਣਾ ਹੈ? ਆਦਿ ਪ੍ਰਸ਼ਨ ਬਹਿਸ-ਮੁਬਾਹਿਸ ਵਾਲੇ ਹਨ। ਇਹੀ ਪ੍ਰਸ਼ਨ ਜਦੋਂ ਬਰਨਾਰਡ ਸ਼ਾਹ ਨੂੰ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਾਈਕਲ ਦੇ ਦੋ ਪਹੀਆਂ ਵਿਚੋਂ ਕਿਹੜਾ ਪਹੀਆ ਵਧੇਰੇ ਮਹੱਤਵਪੂਰਨ ਹੈ, ਅਸੀਂ ਗੁਰਸ਼ਰਨ ਸਿੰਘ ਅਜੀਬ ਦੀ ਰਚਨਾ ਦੇ ਹਵਾਲੇ ਨਾਲ ਆਪਣੇ ਪ੍ਰਸ਼ਨ ਦੇ ਉੱਤਰ ਦੀ ਤਲਾਸ਼ ਕਰਾਂਗੇ:
* ਸ਼ਾਮ ਦੀ ਲਾਲੀ ਗ਼ਜ਼ਲ ਹੈ ਤੇ ਸੁਬ੍ਹਾ ਦੀ ਕਿਰਨ ਵੀ,
ਬੰਦਗੀ ਦਾ ਅੰਤ ਤੇ ਆਗ਼ਾਜ਼ ਹੈ ਮੇਰੀ ਗ਼ਜ਼ਲ।
ਮੇਰੀ ਰੂਹ ਵਿਚ ਵੱਸ ਰਹੀ ਤੇ ਜ਼ਿਹਨ ਵਿਚ ਹੈ ਮੌਲਦੀ,
ਸੋਚ ਮੇਰੀ ਦੀ ਅਸਲ ਪਰਵਾਜ਼ ਹੈ ਮੇਰੀ ਗ਼ਜ਼ਲ।
ਉਤਰਦੀ ਇਲਹਾਮ ਵਾਂਗੂੰ ਹਰ ਸੁਬ੍ਹਾ ਤੇ ਸ਼ਾਮ ਹੈ,
ਲਰਜ਼ਦੇ ਜਜ਼ਬਾਤ ਤੇ ਅਲਫ਼ਾਜ਼ ਹੈ ਮੇਰੀ ਗ਼ਜ਼ਲ।
ਕਹਿ ‘ਅਜੀਬਾਂ’ ਲੋਕਤਾ ਦੇ ਦਰਦ ਦੀ ਤੂੰ ਦਾਸਤਾਂ,
ਫਿਰ ਕਹੀ ਲੋਕਾਂ ਦੀ ਇਹ ਆਵਾਜ਼ ਹੈ ਮੇਰੀ ਗ਼ਜ਼ਲ।
* ਗ਼ਜ਼ਲ ਇੱਟਾਂ ਨੂੰ ਚਿਣਨਾ ਹੈ
ਇਮਾਰਤ ਨੂੰ ਖੜ੍ਹਾ ਕਰਨਾ,
ਅਸਾਂ ਇਹ ਕਿਰਤ ਕਰਨੇ ਦਾ
ਅਖ਼ੀਰੀ ਤਾਣਿਆ ਯਾਰੋ।
* ਮੈਂ ਆਪਣੀ ਜਾਨ ਤੋਂ ਵੱਧ ਇਸ ਨੂੰ
ਪਿਆਰ ਕਰਦਾ ਹਾਂ,
ਗ਼ਜ਼ਲ ਮਹਬਿੂਬ ਹੈ ਮੇਰੀ ਗ਼ਜ਼ਲ ਦਿਲਦਾਰ ਹੈ ਮੇਰਾ
* ਨਿਰਾ ਦਰਪਣ ਹਿਯਾਤੀ ਦਾ
ਮੇਰਾ ਹਰ ਸ਼ਿਅਰ ਗ਼ਜ਼ਲਾਂ ਦਾ,
ਖ਼ਿਆਲਾਂ ਵਿਚ ਸਦਾ ਲੋਚਾਂ ਮੈਂ ਭਰਨੀ ਪੁਖ਼ਤਗੀ ਯਾਰੋ
* ਤਰਾਸ਼ੀ ਜੋ ਸਤਰ ਜਾਵੇ
ਉਹ ਅਕਸਰ ਹੋ ਗ਼ਜ਼ਲ ਜਾਵੇ
ਮੈਂ ਮੁੜ ਮੁੜ ਸੋਧ ਕੇ ਹਰ ਇਕ
ਗ਼ਜ਼ਲ ਕਈ ਵੇਰ ਰੱਖੀ ਹੈ
* ਤੁਰੇ ਪਾਣੀ ’ਤੇ ਸੱਪ ਦੇ ਵਾਂਗ ਜੋ ਓਹੀ ਗ਼ਜ਼ਲ ਹੋਵੇ
ਤੇ ਪੁੱਟੇ ਮਟਕ ਮਟਕ ਪੁਲਾਂਘ ਜੋ ਉਹੀ ਗ਼ਜ਼ਲ ਹੋਵੇ
ਗ਼ਜ਼ਲ ਦੇ ਕਾਵਿ ਸਿਧਾਂਤ ਬਾਰੇ ਉਪਰੋਕਤ ਸ਼ਿਅਰਾਂ ਦੀ ਨਿਰਖ-ਪਰਖ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਗ਼ਜ਼ਲ ਦੀ ਸਿਰਜਣਾ ਆਵੇਸ਼ਮਈ ਹੈ। ਗ਼ਜ਼ਲਗੋ ਦੇ ਸਾਹਾਂ ਵਿਚ ਇਸ ਦਾ ਵਸੇਬਾ ਹੈ। ਗ਼ਜ਼ਲ ਦੀ ਸਿਰਜਣਾ ਇਕ ਇਮਾਰਤ/ਭਵਨ ਦੇ ਨਿਰਮਾਣ ਵਾਂਗ ਹੁੰਦੀ ਹੈ। ਗ਼ਜ਼ਲ ਸਿਰਜਣਾ ਹਯਾਤੀ ਦਾ ਅਕਸ ਹੈ ਜਾਂ ਲੋਕਾਂ ਦੀ ਆਵਾਜ਼ ਹੈ। ਗ਼ਜ਼ਲ ਦੀ ਸਿਰਜਣਾ ਲਈ ਇਸ ਨੂੰ ਮੁੜ ਮੁੜ ਤਰਾਸ਼ਣਾ ਪੈਂਦਾ ਹੈ। ਗ਼ਜ਼ਲ ਦੀ ਰਵਾਨਗੀ ਪਾਣੀ ’ਤੇ ਸੱਪ ਦੇ ਤੁਰਨ ਵਾਂਗ ਹੋਣੀ ਚਾਹੀਦੀ ਹੈ।
ਗੁਰਸ਼ਰਨ ਸਿੰਘ ਅਜੀਬ ਦਾ ਗ਼ਜ਼ਲ ਦੇ ਕਾਵਿ-ਸ਼ਾਸਤਰ ਬਾਰੇ ਸਿਰਜਿਆ ਗਿਆ ਫਾਰਮੂਲਾ ਸਰਬ-ਪ੍ਰਵਾਨਿਤ ਹੈ। ਮੇਰਾ ਖ਼ਿਆਲ ਨਹੀਂ ਕਿ ਕੋਈ ਪਾਠਕ/ਸਰੋਤਾ/ ਸਮੀਖਿਅਕ ਇਸ ਨੂੰ ਮੰਨਣ ਤੋਂ ਇਨਕਾਰੀ ਹੋਵੇ। ਇਸ ਕਾਵਿ-ਸਿਧਾਂਤ ਵਿਚ ਕਵੀ ਦੀ ਮਾਨਸਿਕਤਾ ਦੇ ਸਗਲੇ ਪਸਾਰ ਅਚੇਤ ਅਤੇ ਸੁਚੇਤ ਸ਼ਾਮਲ ਹੋ ਗਏ ਹਨ। ਇਸ ਕਾਵਿ ਸ਼ਾਸਤਰ ਦੇ ਨਿਰਮਾਣ ਤੋਂ ਗ਼ਜ਼ਲਕਾਰ ਦੀ ਪ੍ਰੋੜਤਾ ਦਾ ਗਹਿਰਾ ਪ੍ਰਮਾਣ ਮਿਲਦਾ ਹੈ। ਗ਼ਜ਼ਲ ਦੀ ਰਚਨਾਤਮਕਤਾ ਪ੍ਰਤੀ ਕਵੀ ਦਾ ਸਰਸਰੀ ਜਿਹਾ ਭਾਵੁਕ ਲਗਾਉ ਨਹੀਂ ਬਲਕਿ ਉਹ ਇਸ ਦੀ ਸਿਰਜਣਾ ਨਾਲ ਸੁਹਿਰਦ ਅਤੇ ਪ੍ਰਤੀਬੱਧ ਰੂਪ ਵਿਚ ਜੁੜਿਆ ਹੋਇਆ ਹੈ।
ਪਰਵਾਸ ਅਤੇ ਪਰਵਾਸੀ ਅਨੁਭਵ ਪਰਵਾਸ ਧਾਰਨ ਕਰਨ ਦਾ ਰੁਝਾਨ ਕੋਈ ਨਵਾਂ-ਨਵੇਲਾ ਨਹੀਂ ਹੈ। ਆਦਿ ਕਾਲ ਤੋਂ ਹੀ ਮਨੁੱਖੀ ਜੀਵਨ ਬਦਤਰ ਤੋਂ ਬਿਹਤਰ ਅਵਸਥਾਵਾਂ ਵੱਲ ਤੁਰਦਾ ਰਿਹਾ ਹੈ। ਵੀਹਵੀਂ ਸਦੀ ਦੇ ਦੂਸਰੇ ਅੱਧ ਤੋਂ ਬਾਅਦ ਤਾਂ ਪਰਵਾਸ ਦੀ ਪ੍ਰਕਿਰਿਆ ਦਾ ਗ੍ਰਾਫ਼ ਏਨੀ ਤੇਜ਼ੀ ਨਾਲ ਉੱਪਰ ਗਿਆ ਹੈ ਕਿ ਘਰ, ਦੇਸ਼, ਰਾਸ਼ਟਰੀਅਤਾ, ਮਾਤਭੂਮੀ ਆਦਿ ਦੇ ਸੰਕਲਪ ਧੁੰਦਲੇ ਪੈ ਗਏ ਹਨ। ਉੱਤਰ ਬਸਤੀਵਾਦੀ ਦੌਰ ਵਿਚ ਵਿਸ਼ਵੀਕਰਨ ਅਤੇ ਤਕਨਾਲੋਜੀ ਦਾ ਜੋ ਪਸਾਰ ਹੋਇਆ ਹੈ, ਸੰਚਾਰ ਸਾਧਨ ਏਨੇ ਵਿਕਸਤ ਹੋ ਗਏ ਹਨ ਕਿ ਉਸ ਨੇ ਭੂਗੋਲਿਕ ਦੂਰੀਆਂ ਦੇ ਅਹਿਸਾਸ ਨੂੰ ਵੀ ਭਾਵੇਂ ਮੱਠਾ ਕਰ ਦਿੱਤਾ ਹੈ, ਪਰ ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਸਾਹਿਤ ਅਵਚੇਤਨ ਮਨ ਦੀ ਉਪਜ ਹੈ, ਇਸ ਲਈ ਸੰਵੇਦਨਸ਼ੀਲ ਇਨਸਾਨ ਆਪਣੇ ਭੂਤਕਾਲ ਅਤੇ ਸੱਭਿਆਚਾਰਕ ਭੂਮੀ ਨਾਲ ਅਨਿੱਖੜ ਰੂਪ ਵਿਚ ਜੁੜਿਆ ਰਹਿੰਦਾ ਹੈ। ਜਿਸ ਸਮੇਂ ਵਿਚ ਗੁਰਸ਼ਰਨ ਸਿੰਘ ਅਜੀਬ ਅਤੇ ਹੋਰਨਾਂ ਪੰਜਾਬੀਆਂ ਨੇ ਬਰਤਾਨੀਆ ਜਾਂ ਦੂਸਰੇ ਦੇਸ਼ਾਂ ਵਿਚ ਵਸੇਬਾ ਕੀਤਾ ਸੀ ਉਸ ਸਮੇਂ ਦੇ ਪਰਵਾਸੀਆਂ ਦੀ ਰੁਚੀ ਆਰਜ਼ੀ ਤੌਰ ’ਤੇ ਪਰਵਾਸ ਧਾਰਨ ਦੀ ਹੁੰਦੀ ਸੀ। ਬਾਹਰਲੇ ਦੇਸ਼ਾਂ ਵਿਚ ਕਮਾਈ ਕਰਕੇ ਆਪਣੇ ਦੇਸ਼ ਪਰਤਣ ਦਾ ਲਕਸ਼ ਹੁੰਦਾ ਸੀ, ਪਰ ਸੁਪਨਾ ਅਤੇ ਹਕੀਕਤ ਜਾਂ ਸੋਚ ਅਤੇ ਯਥਾਰਥ ਇਕ ਰੂਪ ਨਹੀਂ ਹੁੰਦੇ ਤੇ ਬੰਦੇ ਨੂੰ ਸਮੇਂ ਅਤੇ ਸਥਿਤੀਆਂ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਗੁਰਸ਼ਰਨ ਸਿੰਘ ਅਜੀਬ ਦੇ ਨਿਮਨ ਲਿਖਤ ਸ਼ਿਅਰਾਂ ਰਾਹੀਂ ਉਸ ਦੇ ਪਰਵਾਸੀ ਅਨੁਭਵ ਬਾਰੇ ਵਿਭਿੰਨ ਪਸਾਰਾਂ ਨੂੰ ਸਮਝਿਆ ਜਾ ਸਕਦਾ ਹੈ:
* ਆਈਆਂ ਪਰ ਨਾ ਗਈਆਂ ਕੂੰਜਾਂ
ਏਥੇ ਮਰ ਮੁਕ ਗਈਆਂ ਕੂੰਜਾਂ
* ਮੇਰੇ ਪਿੰਡ ਹੀ ਕਿਹਾ ਮੈਨੂੰ
ਕਿਸੇ ਜਦ ਬਾਹਰਲਾ ਲੱਗਦਾ,
ਬਿਗਾਨੀ ਧਰਤ ਜਾਪੀ ਆਪਣੇ
ਪਿੱਤਰਾਂ-ਪਿਤਾਵਾਂ ਦੀ।
* ਜਦੋਂ ਪਰਤੇਗਾ ਪਰਵਾਸੀ ਕਦੇ ਤੂੰ ਆਪਣੇ ਵਤਨੀਂ,
ਮਿਲੇਗਾ ਬੂਹੇ ਤੇ ਤਾਲਾ ਨਹੀਂ ਮਾਂ-ਬਾਪ ਦਿਸਣਗੇ।
ਪਰਾਈ ਧਰਤ ਸੰਗ ਯਾਰੀ ਅਜੀਬਾਂ ਸੋਚ ਕੇ ਪਾਈ;
ਇਦ੍ਹੇ ਖੇੜੇ ਵੀ ਰੂਹ ਨੂੰ ਇਕ ਦਿਨ ਸੰਤਾਪ ਦਿਸਣਗੇ।
* ਬੋਟ ਪਾਲੇ ਸਨ ਬੁਢਾਪੇ ਵਿਚ ਮਿਲੂ ਕੁਝ ਆਸਰਾ,
ਉਡ ਗਏ ਦਿਲ ਵਿਚ ਉਮੰਗਾਂ ਸਾਰੀਆਂ ਦਫ਼ਨਾ ਗਏ।
* ਨਾ ਰੁੱਖਾਂ ਨਾਲ ਲੱਗਦੇ ਨੇ
ਨਾ ਅਸਮਾਨੋਂ ਇਹ ਗਿਰਦੇ ਨੇ,
ਕਮਾਉਣੇ ਪੌਂਡ ਪੈਂਦੇ ਨੇ ਦਰੱਖਤਾਂ ਤੋਂ ਨਾ ਕਿਰਦੇ ਨੇ।
ਲਹੂ ਦਾ ਬਾਲ ਕੇ ਦੀਵਾ ਜਿਸਮ ਦੀ ਢਾਲ ਕੇ ਚਰਬੀ,
ਹੈ ਪੌਂਡਾਂ ਦੀ ਕਿਰਤ ਹੁੰਦੀ
ਜਦੋਂ ਤਨ ਮਨ ਇਹ ਭਿੜਦੇ ਨੇ।
* ਰੁਲ ਰਹੇ ਹੀਰੇ ਵਤਨ ਦੇ ਦਰ-ਬ-ਦਰ ਪ੍ਰਦੇਸ ਵਿਚ,
ਭਾਲ ਵਿਚ ਰੁਜ਼ਗਾਰ ਦੀ ਸੜਕਾਂ ਤੇ ਵੇਖਾਂ ਖੜ੍ਹੇ।
ਗੁਰਸ਼ਰਨ ਸਿੰਘ ਅਜੀਬ ਉੱਤਰ ਬਸਤੀਵਾਦੀ ਕਾਲ ਦਾ ਸ਼ਾਇਰ ਹੈ। ਬਸਤੀਵਾਦੀ ਦੌਰ ਦੇ ਭਾਰਤੀ ਨਾਗਰਿਕਾਂ ਦਾ ਸੁਪਨਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੀ। ਇਹ ਸੁਪਨਾ ਭਾਰਤ-ਪਾਕਿਸਤਾਨ ਵੰਡ ਦੇ ਦੁਖਾਂਤਕ ਸਰੂਪ ਵਿਚ ਪੂਰਾ ਹੋਇਆ। ਉੱਤਰ-ਸੁਤੰਤਰਤਾ ਜਾਂ ਉੱਤਰ/ਬਸਤੀਵਾਦੀ ਕਾਲ ਵਿਚ ਦੇਸ਼ ਦੀ ਖ਼ੁਸ਼ਹਾਲੀ ਦਾ ਇਕ ਸੁਪਨਾ ਸੀ। ਭਾਰਤ ਵਾਸੀਆਂ ਦਾ ਇਹ ਸੁਪਨਾ ਅੱਜ ਤਕ ਅਧੂਰਾ ਰਿਹਾ- ਜੇ ਉੱਤਰ-ਬਸਤੀਵਾਦੀ ਕਾਲ ਵਿਚ ਦੇਸ਼ ਖ਼ੁਸ਼ਹਾਲ ਹੋ ਜਾਂਦਾ, ਜੇ ਰਾਜਸੀ ਚਰਿੱਤਰ ਰਾਸ਼ਟਰੀ ਕਿਰਦਾਰ ਵਾਲਾ ਰੋਲ ਨਿਭਾਉਂਦੇ ਤਾਂ ਦੇਸ਼ ਤੋਂ ਕਿਸੇ ਵੀ ਨਾਗਰਿਕ ਦਾ ਬਾਹਰਲੇ ਦੇਸ਼ਾਂ ਵੱਲ ਹਿਜਰਤ ਕਰਨ ਲਈ ਮਨ ਉਪਰਾਮ ਨਾ ਹੁੰਦਾ। ਰਾਜਸੀ ਕਿਰਦਾਰਾਂ ਦੀ ਸੁਆਰਥੀ ਅਤੇ ਖ਼ੁਦਗ਼ਰਜ਼ੀ ਨੀਤੀ ਕਰਕੇ ਦੇਸ਼ ਵਾਸੀਆਂ ਨੂੰ ਮਜਬੂਰ ਹੋ ਕੇ ‘ਜੋ ਸੁਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ’ ਮੁਹਾਵਰੇ ਦੇ ਉਲਟ ‘ਬਲਖ ਬੁਖਾਰੇ’ ਜਾਣ ਲਈ ਤਿਆਰ ਹੋਣਾ ਪਿਆ। ਗੁਰਸ਼ਰਨ ਸਿੰਘ ਅਜੀਬ ਅਨੁਸਾਰ ਬਾਹਰਲੇ ਦੇਸ਼ਾਂ ਵਿਚ ਪਹੁੰਚ ਕੇ ਪੰਜਾਬੀ ਪਰਵਾਸੀਆਂ ਨੇ ਆਪਣੀ ਕਰੜੀ-ਸਾਧਨਾ ਨਾਲ ਜੀਵਨ-ਪੱਧਰ ਉਚੇਰਾ ਕਰ ਲਿਆ ਹੈ, ਪਰ ਪਰਿਵਾਰ ਅਤੇ ਸੱਭਿਆਚਾਰ ਦਾ ਵਿਗੋਚਾ ਉਨ੍ਹਾਂ ਨੂੰ ਮਾਨਸਿਕ ਸਕੂਨ ਨਹੀਂ ਦੇ ਸਕਿਆ। ਪਰਵਾਸੀ ਪੰਜਾਬੀ ਇਸ ਮੋਹ-ਪਿਆਰ ਦੇ ਵਿਗੋਚੇ ਵਿਚ ਦੋਹਰੇ ਸੰਤਾਪ ਦੇ ਭਾਗੀ ਬਣੇ। ਇਹ ਪੀੜ੍ਹੀ ਮਾਂ-ਬਾਪ ਨੂੰ ਦੇਸ਼ ਛੱਡ ਕੇ ਇਕ ਪਾਸੇ ਵੈਰਾਗ ਵਿਚ ਰਹੀ ਅਤੇ ਦੂਸਰੇ ਪਾਸੇ ਪੱਛਮੀ ਰਹਿਤਲ ਦੇ ਪ੍ਰਭਾਵ ਅਧੀਨ ਅਗਲੇਰੀ ਪੀੜ੍ਹੀ ਉਨ੍ਹਾਂ ਨੂੰ ਛੱਡ ਕੇ ਤੁਰ ਗਈ, ਜਿਸ ਕਰਕੇ ਇਹ ਪਰਵਾਸੀ ਪੰਜਾਬੀ ਆਪਣੇ ਆਪ ਨੂੰ ਦੋਵੇਂ ਕੋਨਾਂ ਤੋਂ ਟੁੱਟੇ ਹੋਏ ਬੇਗਾਨਗੀ ਅਤੇ ਇਕੱਲਤਾ ਦੇ ਅਹਿਸਾਸ ਨੂੰ ਭੋਗਦੇ ਹੋਏ ਸਰਾਪੀ ਜ਼ਿੰਦਗੀ ਜਿਉਣ ਲਈ ਮਜਬੂਰ ਹੁੰਦੇ ਹਨ। ਪਹਿਲੀ ਪੀੜ੍ਹੀ ਨੂੰ ਇਹ ਸਮਾਂ ਸਰਾਪਿਆ ਹੋਇਆ ਇਸ ਕਰਕੇ ਵੀ ਲੱਗਦਾ ਹੈ ਕਿ ਇਹ ਜੜ੍ਹਹੀਨ ਪੀੜ੍ਹੀ ਸੀ ; ਜਿਸ ਨੇ ਨਵੀਂ ਧਰਤੀ ’ਤੇ ਨਾ ਕੇਵਲ ਆਪਣੀਆਂ ਜੜ੍ਹਾਂ ਹੀ ਲਗਾਉਣੀਆਂ ਸਨ ਸਗੋਂ ਪਿਛਲੇ ਪਰਿਵਾਰਾਂ ਨੂੰ ਵੀ ਆਰਥਿਕ ਇਮਦਾਦ ਰਾਹੀਂ ਗ਼ੁਰਬਤ ਦੇ ਜੰਜਾਲ ਤੋਂ ਮੁਕਤ ਕਰਨਾ ਸੀ। ਇਹ ਪੀੜ੍ਹੀ ਪਿਛਲੀ ਅਗਲੀ ਪੀੜ੍ਹੀ ਨੂੰ ਗ਼ੁਰਬਤ ਦੇ ਜੰਜਾਲ ਹੋ ਮੁਕਤੀ ਤਾਂ ਦਿਵਾਉਂਦੀ ਰਹੀ ਹੈ, ਪਰ ਖ਼ੁਦ ਜੰਜਾਲ ਵਿਚ ਘਿਰੀ ਰਹੀ ਹੈ। ਇਸ ਕਰਕੇ ਇਹ ਪੀੜ੍ਹੀ ਜਲਾਵਤਨੀ ਦੇ ਅਹਿਸਾਸ ਨੂੰ ਆਪਣੇ ਤਨ ਮਨ ਉੱਪਰ ਹੰਢਾਉਂਦੀ ਹੋਈ ਜੀਵਨ ਬਸਰ ਕਰਦੀ ਹੈ। ਜ਼ਿੰਦਗੀ ਜਿਉਣ ਦਾ ਇਹ ਢੰਗ ਮਾਣ-ਮੱਤਾ ਨਹੀਂ ਬਲਕਿ ਡੰਗ-ਟਪਾਊ ਕਰਨ ਵਾਲਾ ਹੀ ਰਿਹਾ ਹੈ। ਪਰਵਾਸੀਆਂ ਦੀ ਪਹਿਲੀ ਪੀੜ੍ਹੀ ਸੰਘਰਸ਼ਮਈ ਜੀਵਨ ਬਤੀਤ ਕਰਦੀ ਹੈ। ਇਸ ਸਥਿਤੀ ਦੀ ਵਿਡੰਬਨਾ ਦੇਖੋ ਕਿ ਭਾਰਤੀ ਪੰਜਾਬੀਆਂ ਦੀ ਸਾਰੀ ਅਗਲੇਰੀ ਪੀੜ੍ਹੀ ਹੱਥ ਵਿਚ ਸ਼ਨਾਖ਼ਤੀ ਕਾਰਡ/ਪਾਸਪੋਰਟ ਲੈ ਕੇ ਬੈਠੀ ਹੈ, ਸੰਘਰਸ਼ਮਈ ਜੀਵਨ ਜਿਉਣ ਦੀ ਤਿਆਰੀ ਵਿਚ ਹੈ। ਭਾਰਤੀ ਮਨ ਦਾ ਭਵਿੱਖਮਈ ਸੁਪਨਾ ਅਜੇ ਵੀ ਨਿਰਾਸ਼ਾਜਨਕ ਅਤੇ ਜਲਾਵਤਨੀ ਭਰਪੂਰ ਹੈ। ਪਰਵਾਸੀ ਮਨੁੱਖ ਦਾ ਇਕ ਹੋਰ ਦੁਖਾਂਤ ਇਹ ਵੀ ਹੈ ਕਿ ਦੂਸਰੇ ਸੱਭਿਆਚਾਰ ਵਿਚ ਵਿਚਰਦਿਆਂ ਉਹ ਹਾਸ਼ਿਆਈ ਸਥਿਤੀ ਉੱਪਰ ਰਹਿੰਦਾ ਹੈ। ਕੇਂਦਰ ਵਿਚ ਆਉਣ ਲਈ ਉਹ ਸਦਾ ਜੱਦੋ-ਜਹਿਦ ਕਰਦਾ ਹੈ। ਜਦੋਂ ਇਹੀ ਪਰਵਾਸੀ ਆਪਣੇ ਵਤਨ ਪਰਤਦਾ ਹੈ ਤਾਂ ਇਕ ਅਜਨਬੀਪਣ ਦੇ ਅਹਿਸਾਸ ਨੂੰ ਭੋਗਦਾ ਹੈ। ਆਪਣੇ ਜਿਸਮ ਦੀ ਆਹੂਤੀ ਦੇ ਕੇ ਪਰਦੇਸੀ ਕੁਝ ਸੰਸਾਰੀ-ਸੁੱਖਾਂ ਨੂੰ ਪ੍ਰਾਪਤ ਤਾਂ ਕਰ ਲੈਂਦਾ ਹੈ, ਪਰ ਮਾਨਸਿਕ ਤੌਰ ’ਤੇ ਬੇਚੈਨੀ ਦਾ ਸ਼ਿਕਾਰ ਹੋ ਜਾਂਦਾ ਹੈ।
ਪਿਆਰ ਦੀ ਪ੍ਰਕਿਰਤੀ
ਗੁਰਸ਼ਰਨ ਸਿੰਘ ਅਜੀਬ ਨੇ ਪਿਆਰ ਦੇ ਵਿਸ਼ੇ ਉੱਪਰ ਬਿਰਤੀ ਕੇਂਦਰਿਤ ਕਰਕੇ ਵਧੀਕ ਗ਼ਜ਼ਲਾਂ ਦੀ ਰਚਨਾ ਕੀਤੀ ਹੈ। ਵਿਸ਼ਵ ਸ਼ਾਇਰੀ ਦੇ ਇਤਿਹਾਸ ’ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਸਭ ਤੋਂ ਵਧੀਕ ਸ਼ਾਇਰੀ ਹੁਸਨ, ਇਸ਼ਕ ਅਤੇ ਵਿਯੋਗ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ। ਬਿਰਹਾ ਹੀ ਅਜਿਹਾ ਵਿਸ਼ਾ ਹੈ ਜਿਸ ਰਾਹੀਂ ਮਨੁੱਖੀ ਹੋਂਦ ਦੇ ਜੀਵਿਤ ਹੋਣ ਦਾ ਗਿਆਨ ਹੁੰਦਾ ਹੈ। ਇਸ ਤਰ੍ਹਾਂ ਵਿਯੋਗ ਸ਼ਾਇਰੀ ਦਾ ਮਹਾਨ ਪ੍ਰੇਰਨਾ ਸਰੋਤ ਬਣਿਆ ਰਿਹਾ ਹੈ। ਆਮ ਤੌਰ ’ਤੇ ਸ਼ਾਇਰ ਵਿਯੋਗ ਦੇ ਇਕਹਿਰੇ ਪ੍ਰਗਟਾ ਉੱਪਰ ਹੀ ਸੀਮਤ ਹੋ ਜਾਂਦੇ ਹਨ, ਪਰ ਗੁਰਸ਼ਰਨ ਸਿੰਘ ਅਜੀਬ ਦੀ ਖ਼ਾਸੀਅਤ ਇਹ ਹੈ ਕਿ ਉਹ ਰੁਮਾਂਸ ਦੀਆਂ ਵਿਭਿੰਨ ਪਰਤਾਂ ਹੁਸਨ, ਇਸ਼ਕ, ਵਿਯੋਗ, ਮਿਲਾਪ, ਰਹੱਸ-ਮਸਤੀ ਦੇ ਆਲਮ ਨੂੰ ਪ੍ਰਗਟਾਉਂਦਿਆਂ ਉਲਾਰਤਾ ਦਾ ਨਹੀਂ ਬਲਕਿ ਸਹਿਜਤਾ ਦਾ ਬੋਲ ਬਣਦਾ ਹੈ। ਇਹੀ ਬੋਲ ਉਸ ਦੀ ਸ਼ਾਇਰੀ ਵਿਚ ਕਾਵਿਕਤਾ ਦੇ ਪੱਖ ਤੋਂ ਨਿਖਾਰ ਲਿਆਉਂਦੇ ਹਨ। ਉਸ ਦੀ ਮੁਹੱਬਤ ਦੀ ਪ੍ਰਕਿਰਤੀ ਨਾਟਕੀ ਜਾਂ ਕਾਵਿਕ ਨਹੀਂ ਬਲਕਿ ਇਕ ਸੱਚੇ-ਸੁੱਚੇ ਪਾਕ ਹਿਰਦੇ ਨਾਲ ਧੁਰ ਮਾਨਸਿਕਤਾ ਵਿਚੋਂ ਕੀਤੀ ਹੋਈ ਮਹਬਿੂਬ ਦੀ ਅਰਾਧਨਾ ਹੈ। ਸਰਵ ਈਸ਼ਵਰਵਾਦ ਦਾ ਆਧੁਨਿਕ ਰੂਪਾਂਤਰਣ ਹੈ। ਇਸ਼ਕ ਦਾ ਅਜਿਹਾ ਜਲਵਾ-ਜਾਦੂ ਹੈ ਜੋ ਸਿਰ ਚੜ੍ਹਕੇ ਬੋਲਦਾ ਹੈ ; ਉਦਾਹਰਣ ਵਜੋਂ :
* ਤੇਰੀ ਸੂਰਤ ਨਜ਼ਰ ਆਵੇ ਮੈਨੂੰ ਚੰਨ ਤਾਰਿਆਂ ਵਿਚੋਂ,
ਕੁਦਰਤੀ ਜਲਵਿਆਂ ਵਿਚੋਂ ਤੇ ਮਸਤ ਨਜ਼ਾਰਿਆਂ ਵਿਚੋਂ।
ਜਮੀਂ ਦੇ ਹਰ ਜ਼ੱਰੇ ਵਿਚੋਂ ਚਮਕ ਦੀ ਹਰ ਕਲੀ ਵਿਚੋਂ,
ਤੇਰਾ ਹੀ ਰੂਪ ਬਸ ਦਿਸਦੈ ਹੈ ਫੁੱਲਾਂ ਪਿਆਰਿਆਂ ਵਿਚੋਂ।
* ਮੇਰੇ ਖ਼ਾਬਾਂ ’ਚ ਵਸਦੀ ਰਾਤ ਦਿਨ ਤਸਵੀਰ ਹੈ ਤੇਰੀ,
ਜੋ ਮੇਰੀ ਸੋਚ ਵਿਚ ਰਲਕੇ ਬਣੀ ਤਦਬੀਰ ਹੈ ਮੇਰੀ।
ਤੇਰੀ ਸੂਰਤ ਤੇਰੀ ਮੂਰਤ ਖ਼ੁਦਾ ਜਾਣੇ ਬਣਾਈ ਕਿਸ,
ਮੈਂ ਕੇਵਲ ਜਾਣਦਾ ਇਤਨਾ ਕਿ ਇਹ ਤਕਦੀਰ ਹੈ ਮੇਰੀ।
ਹੁਸਨ ਅਤੇ ਇਸ਼ਕ ਦਾ ਸਬੰਧ ਕੁਦਰਤੀ ਅਤੇ ਸਦੀਵੀ ਹੈ। ਹੁਸਨ ਬੇਸ਼ੱਕ ਕੁਦਰਤ ਦਾ ਹੋਵੇ ਜਾਂ ਇਨਸਾਨੀ, ਇਹ ਕਵੀਆਂ ਦੀ ਕਾਵਿ-ਸਿਰਜਣਾ ਲਈ ਪ੍ਰੇਰਨਾ ਦਾ ਅਥਾਹ ਸੋਮਾ ਬਣਦਾ ਹੈ। ਮਨਸੂਰ ਅੱਲ-ਹਲਾਜ ਨੇ ਜਦੋਂ ਖ਼ੁਦਾਈ ਪ੍ਰੇਮ ਦਾ ਇਜ਼ਹਾਰ ਕੀਤਾ ਸੀ ਤਾਂ ਕਿਹਾ ਸੀ : ‘ਤੇਰੀ ਰੂਹ ਮੇਰੀ ਰੂਹ ਨਾਲ ਇੰਜ ਰਲ ਗਈ ਏ ਜਿਵੇਂ ਨਿਤਰੇ ਹੋਏ ਪਾਣੀ ਵਿਚ ਸ਼ਰਾਬ ਰਲ ਜਾਏ। ਕੋਈ ਸ਼ੈਅ ਤੈਨੂੰ ਛੂਹਣ ਨਾਲ ਮੈਨੂੰ ਛੋਹ ਲੈਂਦੀ ਹੈ ਤੂੰ ਹਰ ਹਾਲ ਵਿਚ ਮੈਂ ਵੇ। ਮੈਂ ਉਹ ਵਾਂ ਜਿਹਨੂੰ ਮੈਂ ਪਿਆਰ ਕਰਨਾ, ਜਿਹਨੂੰ ਮੈਂ ਪਿਆਰ ਕਰਨਾ ਉਹ ਮੈਂ ਵੇ। ਅਸੀਂ ਇਕ ਜੁੱਸੇ ਅੰਦਰ ਦੋ ਰੂਹਾਂ ਆਂ, ਤੂੰ ਮੈਨੂੰ ਵੇਖੇ ਤਾਂ ਉਹਨੂੰ ਵੇਹਨਾਂ ਏ, ਜੇ ਉਹਨੂੰ ਵੇਖੇ ਤਾਂ ਸਾਨੂੰ ਦੋਹਾਂ ਨੂੰ ਵੇਹਨਾ ਏ।’ ਗੁਰਸ਼ਰਨ ਸਿੰਘ ਅਜੀਬ ਦੀ ਸ਼ਾਇਰੀ ਵਿਚ ਇਹ ਸਾਰੇ ਰੰਗ ਬਿਰਾਜਮਾਨ ਹਨ, ਇਸ ਵਿਚ ਹੁਸਨ-ਇਸ਼ਕ-ਸ਼ਾਇਰੀ ਦਾ ਅਨੋਖਾ ਸੰਗਮ ਦੇਖਿਆ ਜਾ ਸਕਦਾ ਹੈ :
* ਪਿਲਾ ਕੇ ਜਾਮ ਮਸਤੀ ਦਾ ਕਰੇ ਮਦਹੋਸ਼ ਇਹ ਮੈਨੂੰ,
ਹੁਸਨ ਨਿਰਾ ਮਸਤੀ ਦਾ ਸੋਮਾ ਹੈ ਮੇਰੇ ਯਾਰਾਂ ਤੇਰੀ ਸੂਰਤ।
ਤਸੱਵਰ ਵਿਚ ਤੇ ਖ਼ਾਬਾਂ ਵਿਚ ਰਹਾਂ ਸੁਪਨੇ ਤੇਰੇ ਬੁਣਦਾ,
ਤਖੱਈਅਲ ਹੈ ਇਹ ਗ਼ਜ਼ਲਾਂ ਦਾ ਗ਼ਜ਼ਲਧਾਰਾ ਤੇਰੀ ਸੂਰਤ।
ਮੇਰੀ ਗ਼ਜ਼ਲ ਦਾ ਮਤਲਾ ਮਕਤਾ ਵੀ ਯਾਰ ਤੂੰ ਹੈਂ।
ਜੋ ਦਿਲ ਮੇਰੇ ’ਚ ਵਸਦਾ ਦਿਲ ਦਾ ਕਰਾਰ ਤੂੰ ਹੈ।
ਸੁਰਤਾਲ ਤੂੰ ਗ਼ਜ਼ਲ ਦੀ ਹੈ ਚਾਲ ਤੂੰ ਗ਼ਜ਼ਲ ਦੀ,
ਹੈ ਸੋਚ ਦੀ ਬੁਲੰਦੀ ਉੱਚਾ ਮਿਆਰ ਤੂੰ ਹੈਂ
ਬਣਕੇ ਮੈਂ ਸਾਇਆ ਤੇਰਾ ਕਟਸਾਂ ਹਿਯਾਤ ਤੇਰੀ
ਤੂੰ ਦਿਲ ਮੇਰੇ ਦੀ ਮਲਕਾ ਦਿਲ ਦਾ ਖ਼ੁਮਾਰ ਤੂੰ ਹੈਂ।
ਇਨ੍ਹਾਂ ਰੁਮਾਂਟਿਕ ਗ਼ਜ਼ਲਾਂ ਦੇ ਪ੍ਰਗਟਾਵੇ ਦਾ ਰੰਗ ਕਿਤੇ ਕਿਤੇ ਉਰਦੂ-ਫ਼ਾਰਸੀ ਦੀ ਪਰੰਪਰਾ ਵਾਲਾ ਅਤੇ ਵਧੇਰੇ ਕਰਕੇ ਪੰਜਾਬੀ ਸੱਭਿਆਚਾਰਕ ਦਿੱਖ ਦੇ ਸੁਮੇਲ ਵਾਲਾ ਹੈ, ਉਦਾਹਰਣ ਵਜੋਂ :
* ਮੇਰੇ ਖ਼ਾਬਾਂ ਦੀ ਬਸਤੀ ਵਿਚ ਬੜੀ ਸੁੰਨਸਾਨ ਹੈ
ਨਾ ਕੋਈ ਕੂਕਦੀ ਕੋਇਲ ਚਮਨ ਵੀਰਾਨ ਹੈ ਆ ਜਾ
* ਅਦਾਵਾਂ ਸ਼ੋਖ਼ ਮੁਖ ਗੁਲਾਬ ਵਰਗਾ
ਤੇਰੇ ਨੈਣੀ ਖ਼ੁਮਾਰ ਸ਼ਰਾਬ ਵਰਗਾ
* ਸਰੋਂ ਦੇ ਖੇਤ ਵਾਂਗੂੰ ਤੇਰਾ ਜੋਬਨ ਰਹੇ ਖਿੜਿਆ,
ਕਿ ਜਿਸਨੂੰ ਵੇਖਕੇ ਮਿਲਦੀ ਹੈ ਰੂਹ ਨੂੰ ਤਾਜ਼ਗੀ ਯਾਰਾ।
ਗੁਜ਼ਾਰੀ ਰਾਤ ਸੀ ਆਪਾਂ ਤਾਂ ਤਾਰੇ ਗਿਣਦਿਆਂ ਯਾਰੋ,
ਦਿਨੇ ਉੱਡੇ ਮੇਰੇ ਮਹਬਿੂਬ ਨੇ ਤਾਰੇ ਵਿਖਾ ਦਿੱਤੇ।
ਤੇਰੇ ਬੋਲਾਂ ’ਚ ਮਿਸ਼ਰੀ ਖੰਡ ਗੁੜ ਸਭੇ ਮਿਠਾਸਾਂ ਨੇ,
ਤੇਰੀ ਆਵਾਜ਼ ਵਿਚ ਕੋਈ ਤਰੰਗ ਰਬਾਬ ਵਰਗਾ ਹੈ।
ਪੰਜਾਬੀ ਰੂਪਕਾਂ ਅਤੇ ਤਸ਼ਬੀਹਾਂ ਨਾਲ ਸੱਭਿਆਚਾਰਕ ਰੰਗ ਦੇ ਜੋ ਚਿੱਤਰ ਦਿਸਦੇ ਹਨ ਉਹ ਪੰਜਾਬੀ ਪਾਠਕਾਂ ਦੇ ਮਨ ਉੱਪਰ ਆਪਣਾ ਗਹਿਰਾ ਅਸਰ ਪਾਉਣ ਦੀ ਸਮਰੱਥਾ ਰੱਖਦੇ ਹਨ। ਗੁਰਸ਼ਰਨ ਸਿੰਘ ਅਜੀਬ ਦੇ ਗ਼ਜ਼ਲ-ਸੰਗ੍ਰਹਿ ‘ਪੁਸ਼ਪਾਂਜਲੀ’ ਵਿਚ ਦੁਨਿਆਵੀ ਪਿਆਰ ਦੇ ਨਾਲ ਨਾਲ ਅਧਿਆਤਮਕ ਪਿਆਰ ਦੀ ਪਰਤ ਵੀ ਮਿਲਦੀ ਹੈ। ਪੰਜਾਬੀ ਦੇ ਪਿਤਾਮਾ ਕਵੀ ਬਾਬਾ ਫਰੀਦ ਜੀ ਵਾਂਗ ਗੁਰਸ਼ਰਨ ਸਿੰਘ ਅਜੀਬ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦਾ ਹੋਇਆ ਲਿਖਦਾ ਹੈ ਕਿ ਮਨੁੱਖੀ ਹਿਰਦੇ ਵਿਚ ਹੀ ਪਰਮਾਤਮਾ ਦਾ ਵਸੇਬਾ ਹੈ ਅਤੇ ਇੱਥੋਂ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਿਆਰ ਦੇ ਪ੍ਰਗਟਾਵੇ ਦਾ ਜੋ ਰੂਪਕ-ਪ੍ਰਬੰਧ ਸਿਰਜਿਆ ਗਿਆ ਹੈ ਉਹ ਪੰਜਾਬੀ ਸੂਫ਼ੀ-ਕਾਵਿ ਵਾਲਾ ਹੈ। ਮੁਰਸ਼ਦ ਅਤੇ ਪਰਮਾਤਮਾ ਵਿਚ ਵਿਥ-ਵਖਰੇਵਾਂ ਵੀ ਖ਼ਤਮ ਹੋ ਗਿਆ ਹੈ। ਜਿਵੇਂ ਉਹ ਲਿਖਦਾ ਹੈ :
* ਮੁਰਸ਼ਦ ਵੀ ਮੇਰਾ ਤੂੰ ਹੈਂ ਪਰਵਰਦਗਾਰ ਤੂੰ ਹੀ,
ਤੇਰੇ ’ਚ ਲੀਨ ਰਹਿੰਦਾ ਮੇਰਾ ਧਿਆਨ ਸੱਜਣਾ।
* ਬਥੇਰਾ ਢੂੰਡਿਆ ਥਾਂ ਥਾਂ ਨਹੀਂ ਕਿਧਰੇ ਖ਼ੁਦਾ ਮਿਲਿਆ
ਜਦੋਂ ਮਿਲਿਆ ਤਾਂ ਆਪਣੇ ਦਿਲ ’ਚੋਂ
ਉਸ ਥਾਂ ਦਾ ਪਤਾ ਮਿਲਿਆ
ਸੂਫ਼ੀ ਪ੍ਰਭਾਵਾਂ ਦੇ ਨਾਲ ਨਾਲ ਗੁਰਸ਼ਰਨ ਸਿੰਘ ਅਜੀਬ ਦਾ ਅਧਿਆਤਮਵਾਦ ਗੁਰਮਤਿ ਸਾਹਿਤ ਦਾ ਅਨੁਸਾਰੀ ਹੈ। ਇਹ ਮਨੁੱਖ ਨੂੰ ਸਹਿਜ ਮਈ ਜੀਵਨ ਜਿਉਣ ਦਾ ਸੰਦੇਸ਼ ਦਿੰਦਾ ਹੈ। ਅੱਜ ਦੇ ਪਦਾਰਥਕ ਯੁੱਗ ਵਿਚ ਵਸਤਾਂ ਦੀ ਦਲਦਲ ਵਿਚ ਫਸੇ ਹੋਏ ਮਨੁੱਖ ਨੂੰ ਇਕ ਆਦਰਸ਼ਕ ਜੀਵਨ ਵੱਲ ਤੋਰਨ ਦਾ ਯਤਨ ਕਰਦਾ ਹੈ, ਉਹ ਲਿਖਦਾ ਹੈ :
ਹਲੀਮੀ, ਸਾਦਗੀ ਤੇ ਮਿੱਠਿਆਂ ਬੋਲਾਂ ’ਤੇ ਪਹਿਰਾ ਦੇ,
ਭੁਲਾ ਦਿਲ ’ਚੋਂ ਗਿਲੇ ਸ਼ਿਕਵੇ ਕੁੜੱਤਣ ਤੇ ਭੜਾਸਾਂ ਨੂੰ।
ਅਜੋਕੇ ਜੀਵਨ ਵਿਚ ਮਾਨਵੀ ਸੰਕਟ
ਮਨੁੱਖੀ ਜੀਵਨ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਅਜਿਹਾ ਯੁੱਗ ਹੋਵੇਗਾ, ਜਦੋਂ ਮਾਨਵੀ-ਸੰਕਟ ਪੈਦਾ ਨਾ ਹੋਏ ਹੋਣ। ਭਾਵ ਮਨੁੱਖ ਦਾ ਇਤਿਹਾਸ ਘੋਰ ਸੰਕਟਾਂ ਨਾਲ ਭਰਿਆ ਪਿਆ ਹੈ। ਪ੍ਰਸਿੱਧ ਮਨੋਵਿਗਿਆਨੀ ਫਰਾਇਡ ਨੇ ਮਨੁੱਖੀ ਮਨ ਦੀ ਠੀਕ ਹੀ ਵਿਆਖਿਆ ਕੀਤੀ ਸੀ ਜਿਸ ਵਿਚ ਸਚਿਆਰੇ ਆਪੇ ਦੇ ਨਾਲ ਨਾਲ ਪਸ਼ੂ ਬਿਰਤੀਆਂ ਵੀ ਬਿਰਾਜਮਾਨ ਰਹਿੰਦੀਆਂ ਹਨ। ਆਮ ਸਾਧਾਰਨ ਮਨੁੱਖ ਹਮੇਸ਼ਾਂ ਜੀਵਨ ਦੇ ਆਦਰਸ਼ਕ ਪੱਖ ਤੋਂ ਬੇਮੁਖ ਹੋ ਕੇ ਵਕਤੀ ਲਾਲਸਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ, ਪਰ ਸਾਹਿਤਕਾਰ ਇਕ ਅਜਿਹਾ ਸ਼ਖ਼ਸ ਹੁੰਦਾ ਹੈ ਜੋ ਸਮਾਜਿਕ ਕਟਹਿਰੇ ਵਿਚ ਖਲੋ ਕੇ ਸਚਾਈ ਵਾਲੇ ਪੈਗੰਬਰੀ ਬੋਲ ਉਚਾਰਦਾ ਹੈ। ਇਹ ਸਾਹਿਤਕਾਰ ‘ਬਸਤੀਆਂ ਦਾ ਬਾਦਸ਼ਾਹ’ ਵੀ ਹੁੰਦਾ ਹੈ, ਜੋ ਦਬਾਏ ਗਏ ਲੋਕਾਂ ਦੀ ਆਵਾਜ਼ ਬਣਦਾ ਹੈ। ਇਹ ਸਾਹਿਤਕਾਰ ਹੀ ਅਜਿਹਾ ਵਿਅਕਤੀ ਹੁੰਦਾ ਹੈ ਜੋ ਡੋਲ ਰਹੇ ਮਨੁੱਖ ਨੂੰ ਇਨਸਾਨੀਅਤ ਦੇ ਜਜ਼ਬੇ ਨਾਲ ਹਲੂਣਾ ਦੇ ਕੇ ਉਨ੍ਹਾਂ ਦੇ ਮਨ ਅੰਦਰੋਂ ਡੁੱਬ ਰਹੀ ਭਾਵਨਾ ਨੂੰ ਮੁੜ ਜਗਾਉਂਦਾ ਅਤੇ ਪ੍ਰਚੰਡ ਕਰਦਾ ਹੈ, ਇਸ ਕਰਕੇ ਸਾਹਿਤਕਾਰ ਨੂੰ ‘ਬੇਚੈਨ ਰੂਹ’ ਦਾ ਮਾਲਕ ਵੀ ਕਿਹਾ ਜਾਂਦਾ ਹੈ। ਗੁਰਸ਼ਰਨ ਸਿੰਘ ਅਜੀਬ ਵੀ ਇਕ ਅਜਿਹਾ ਗ਼ਜ਼ਲਕਾਰ ਹੈ ਜਿਸ ਦੀ ਆਤਮਾ ਦੁਖਦ ਅਵਸਥਾ ਵਾਲੀ ਹੈ। ਆਲੇ-ਦੁਆਲੇ ਦੇ ਸਮਾਜਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਇਨਸਾਨੀ ਜੀਵਨ ਵਿਚ ਆ ਰਹੇ ਪਤਨ ਅਤੇ ਗਿਰਾਵਟਾਂ ਨੇ ਉਸ ਨੂੰ ਧੁਰ ਮਾਨਸਿਕਤਾ ਵਿਚ ਬੈਠ ਕੇ, ਇਨ੍ਹਾਂ ਨੂੰ ਸੋਚਣ-ਸਮਝਣ ਅਤੇ ਸਮਕਾਲੀ ਲੋਕਾਂ ਨੂੰ ਇਸ ਤੋਂ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ। ਅੱਜਕੱਲ੍ਹ ਦੇਸ਼-ਦੁਨੀਆ ਵਿਚ ਸੁਹਿਰਦਤਾ ਦਾ ਕਾਲ ਪਿਆ ਹੋਇਆ ਹੈ, ਹਰ ਮਨੁੱਖ ਸੱਚ ਦਾ ਪ੍ਰਚਾਰ ਕਰਦਾ ਹੈ, ਪਰ ਵਿਹਾਰ ਵਿਚ ਕੂੜ ਹੀ ਕੂੜ ਪ੍ਰਧਾਨ ਹੋ ਰਿਹਾ ਹੈ। ਆਦਰਸ਼ ਅਤੇ ਵਿਹਾਰ ਵਿਚ ਏਕਤਾ ਗ਼ਾਇਬ ਹੋ ਗਈ ਹੈ ਜਿਸ ਕਰਕੇ ਮਾਨਵਤਾ ਅਤੇ ਮਨੁੱਖੀ ਸਦਾਚਾਰਕ ਕਦਰਾਂ ਕੀਮਤਾਂ ਨੂੰ ਵੱਡੀ ਠੇਸ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ। ਇਹੋ ਜਿਹੇ ਮਾਨਵੀ ਸੰਕਟ ਦੇ ਸਮਿਆਂ ਵਿਚ ਗੁਰਸ਼ਰਨ ਸਿੰਘ ਅਜੀਬ ਆਪਣੇ ਕਾਵਿ-ਧਰਮ ਰਾਹੀਂ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਲਈ ਉਹ ਮੁਬਾਰਕ ਦਾ ਹੱਕਦਾਰ ਹੈ। ਉਸ ਦੇ ਗ਼ਜ਼ਲ ਗ੍ਰੰਥ ਵਿਚ ਅਨੇਕਾਂ ਹਵਾਲੇ ਅਜਿਹੇ ਮਿਲ ਜਾਂਦੇ ਹਨ ਜੋ ਸਮਕਾਲੀ ਹਾਲਤਾਂ ਨੂੰ ਸੰਤੁਲਿਤ ਅਤੇ ਸੁਖਾਂਵਿਆਂ ਰੱਖਣ ਲਈ ਪੁਰਜ਼ੋਰ ਵਕਾਲਤ ਕਰਦੇ ਹਨ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਉਹ ਆਮ ਸਾਧਾਰਨ ਮਨੁੱਖ ਵਾਂਗ ਹੋਂਦ ਦੇ ਸੰਕਟਾਂ ਵਿਚ ਘਿਰ ਕੇ ਵਿਅਕਤੀਵਾਦ ਦੀਆਂ ਖਾਈਆਂ ਅਤੇ ਵਸਤਾਂ ਵਿਚ ਨਹੀਂ ਡੁੱਬਿਆ ਬਲਕਿ ਸਮੂਹ ਭਾਵੀ ਦੁੱਖਾਂ-ਦਰਦਾਂ ਨੂੰ ਜ਼ੁਬਾਨ ਦੇਣ ਵਾਲਾ ‘ਲੋਕਾਈ ਦਾ ਕਵੀ’ ਬਣ ਕੇ ਸਾਹਮਣੇ ਆਇਆ ਹੈ ਅਤੇ ਮਾਨਵਤਾ ਦੇ ਰਸਤੇ ਦੀਆਂ ਮਿਟ ਰਹੀਆਂ ਪੈੜਾਂ ਨੂੰ ਪੁਨਰ ਸੁਰਜੀਤ ਕਰਨ ਵਿਚ ਰੁੱਝਾ ਹੋਇਆ ਨਜ਼ਰ ਆਉਂਦਾ ਹੈ। ਉਸ ਦੀ ਇਹ ਆਸ, ਖ਼ਾਹਿਸ਼ ਅਤੇ ਤ੍ਰਿਸ਼ਨਾ ਆਦਿ-ਜੁਗਾਦਿ ਤੋਂ ਚਲੇ ਆ ਰਹੇ ਮਨ ਦੀ ਸਦੀਵੀ ਭਟਕਣਾ ਹੈ, ਜਿਸ ਨੂੰ ਉਸ ਨੇ ਆਪਣੇ ਹਿਰਦੇ ਵਿਚ ਆਤਮਸਾਤ ਕੀਤਾ ਹੋਇਆ ਹੈ:
* ਅਜੀਬ ਆਪਣੀ ਖ਼ਾਤਰ ਦੁਆਵਾਂ ਲੋਕ ਸਭ ਮੰਗਣ,
ਮਗਰ ਮੈਂ ਲੋਕਤਾ ਖ਼ਾਤਰ ਸਮਾਧੀ ਲਾ ਲਾ ਬਹਿੰਦਾ ਹਾਂ।
ਰਹੇ ਦੁਨੀਆ ਸਾਰੀ ਹੀ ਪਿੰਡ ਇਕ ਬਣ ਕੇ,
ਜਿਵੇਂ ਖ਼ਾਬ ਕੋਈ ਸੁਹਾਨਾ ‘ਅਜੀਬਾ’।
* ਆਪਣੇ ਲਈ ਜੋ ਜੀਵਿਆ ਕਾਹਦਾ ਉਹ ਜੀਣ ਹੈ,
ਹੋਰਾਂ ਲਈ ਹਉਕੇ ਐ ਦਿਲਾ ਭਰ ਕੇ ਵਿਖਾਲ ਤੂੰ।
* ਸਦਾ ਢੂੰਡੀ ਅਸਾਂ ਇਨਸਾਨੀਅਤ ਇਨਸਾਨ ਦੇ ਵਿਚੋਂ,
ਮਗਰ ਐਸਾ ਨਾ ਅੱਜਕੱਲ੍ਹ ਕਰ
ਰਿਹਾ ਵਿਵਹਾਰ ਹੀ ਕੋਈ।
ਅੰਤ ਵਿਚ ਗੁਰਸ਼ਰਨ ਸਿੰਘ ਅਜੀਬ ਹੋਰਾਂ ਦੀ ਗ਼ਜ਼ਲ ਕਾਵਿ ਸਾਧਨਾ ਬਾਰੇ ਦੋਹਰਫ਼ੀ ਗੱਲ ਇਹ ਹੈ ਕਿ ਉਸ ਦਾ ਇਸ ਨਾਲ ਪ੍ਰਤੀਬੱਧਤਾ ਵਾਲਾ ਰਿਸ਼ਤਾ ਹੈ। ਉਸ ਨੇ ਲੰਮੀ ਕਾਵਿ ਸਾਧਨਾ ਅਤੇ ਇਸ ਦੇ ਸਿਧਾਂਤਕ ਪੱਖਾਂ ਵੱਲ ਏਨੀ ਪਕਿਆਈ ਪ੍ਰਾਪਤ ਕਰ ਲਈ ਹੈ ਕਿ ਬਰਤਾਨੀਆ ਦਾ ਇਹ ਗ਼ਜ਼ਲਗੋ ਇੰਗਲੈਂਡ ਦੀ ਸਰਹੱਦੀ ਰੇਖਾ ਵਿਚ ਸੀਮਤ ਨਾ ਰਹਿ ਕੇ ਵਿਸ਼ਵ-ਵਿਆਪੀ ਪੰਜਾਬੀ ਗ਼ਜ਼ਲ ਦੀ ਮੁੱਖ ਧਾਰਾ ਦਾ ਇਕ ਨਾਮਵਰ ਹਸਤਾਖ਼ਰ ਬਣ ਗਿਆ ਹੈ:
ਗ਼ਜ਼ਲ ਸੀਨੇ ’ਚੋਂ ਨਿਕਲੀ ਹੂਕ ਮੇਰੀ ਆਤਮਾ ਯਾਰੋ।
ਹੈ ਮੇਰੇ ਵਾਸਤੇ ਮੇਰੀ ਗ਼ਜ਼ਲ ਪਰਮਾਤਮਾ ਯਾਰੋ।
ਗ਼ਜ਼ਲ ਮਸਤੀ ਗ਼ਜ਼ਲ ਖੇੜਾ ਗ਼ਜ਼ਲ ‘ਪੁਸ਼ਪਾਂਜਲੀ’ ਮੇਰੀ,
ਗ਼ਜ਼ਲ ਸੰਗ ਮੈਂ ਬਿਤਾਵਾਂ ਰਾਤ ਦਿਨ ਸਾਰਾ ਸਮਾਂ ਯਾਰੋ।
ਅਜੀਬਾ ਠਾਣ ਲੈ ਨਿਤ ਕਹਿਣ ਦੀ
ਗ਼ਜ਼ਲਾਂ ਸਿਰਫ਼ ਗ਼ਜ਼ਲਾਂ,
ਰਹੇ ਚੱਲਦਾ ਸਦਾ ਸ਼ਾਲਾ! ਗ਼ਜ਼ਲ ਦਾ ਕਾਰਵਾਂ ਯਾਰੋ।
‘ਪੁਸ਼ਪਾਂਜਲੀ’ ਇਕ ਅਜਿਹਾ ਸਾਹਿਤਕ ਗੁਲਦਸਤਾ ਹੈ ਜਿਸ ਵਿਚ ਜੀਵਨ ਦੇ ਵੰਨ-ਸੁਵੰਨੇ ਪਸਾਰਾਂ ਦੀ ਮਹਿਕ ਸਮਾਈ ਹੋਈ ਹੈ ਅਤੇ ਇਹ ਪਾਠਕ ਨੂੰ ਆਪਣੇ ਜਾਦੂਮਈ ਪ੍ਰਭਾਵ ਨਾਲ ਮੋਹਿਤ ਕਰਨ ਦੀ ਅਥਾਹ ਸ਼ਕਤੀ ਰੱਖਦਾ ਹੈ।
ਸੰਪਰਕ: 98552-04102