ਸਰਬਜੀਤ ਸੋਹੀ
ਭਾਰਤੀ ਆਜ਼ਾਦੀ ਅੰਦੋਲਨ ਦੇ ਇਤਿਹਾਸ ਵਿਚ ਗ਼ਦਰ ਲਹਿਰ ਦਾ ਜ਼ਿਕਰ ਹਨੇਰੇ ਵਿਚ ਸੂਰਮਗਤੀ ਦੀ ਉਸ ਬੜ੍ਹਕ ਵਰਗਾ ਸੀ, ਜਿਸ ਨੇ ਚਾਨਣ ਦੀ ਅਜਿਹੀ ਇਬਾਰਤ ਲਿਖੀ ਕਿ ਗੋਰੀ ਹਕੂਮਤ ਦੀਆਂ ਅੱਖਾਂ ਚੁੰਧਿਆ ਗਈਆਂ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਬਸਤੀਵਾਦ ਦੀ ਲੜਾਈ ਪੂਰੇ ਸਿਖ਼ਰ ’ਤੇ ਪਹੁੰਚ ਚੁੱਕੀ ਸੀ। ਪੁਰਾਣੇ ਲੁਟੇਰਿਆਂ ਨਾਲ ਨਵੇਂ ਲੁਟੇਰੇ ਧਰਤੀ ਦੀ ਵੰਡ ਲਈ ਵਿਸ਼ਵ ਦੇ ਹਰ ਖਿੱਤੇ ਵਿਚ ਇਸ ਪੱਧਰ ਤਕ ਉਲਝੇ ਹੋਏ ਸਨ ਕਿ ਇਹ ਚੰਗਿਆੜੀਆਂ 1914 ਵਿਚ ਪਹਿਲੀ ਵਿਸ਼ਵ ਜੰਗ ਦੇ ਭਾਂਬੜ ਦੀ ਬੁਨਿਆਦ ਬਣ ਗਈਆਂ। ਇੰਗਲੈਂਡ-ਫਰਾਂਸ ਦੀ ਗੁੱਟਬੰਦੀ ਦੇ ਖਿਲਾਫ਼ ਜਰਮਨ ਅਤੇ ਤੁਰਕੀ ਦਾ ਆਟੋਮਨ ਸਾਮਰਾਜ ਖੁੱਲ੍ਹ ਕੇ ਨਿੱਤਰ ਆਇਆ। ਸਾਡਾ ਭਾਰਤ ਉਸ ਵੇਲੇ ਬ੍ਰਿਟਿਸ਼ ਬਸਤੀ ਹੋਣ ਕਰਕੇ ਇਸ ਜੰਗ ਲਈ ਬਲੀ ਦਾ ਬੱਕਰਾ ਬਣਨਾ ਲਾਜ਼ਮੀ ਹੀ ਸੀ। ਭਾਰਤੀ ਹਕੂਮਤ ਨੇ ਵੱਡੀ ਗਿਣਤੀ ਵਿਚ ਗ਼ੁਲਾਮਾਂ ਦੀ ਫ਼ੌਜ ਵਿਚ ਭਰਤੀ ਕਰਕੇ ਜੰਗ ਵਿਚ ਝੋਕ ਦਿੱਤੀ। ਭਾਰਤ ਵਿਚ ਉਸ ਵੇਲੇ ਕਾਂਗਰਸ ਭਾਰਤੀਆਂ ਦੀ ਵੱਡੀ ਪਾਰਟੀ ਸੀ, ਪਰ ਉਸ ਦੀ ਭੂਮਿਕਾ ਵਿਚ ਵਿਦਰੋਹ ਦੀ ਕੋਈ ਤਿੱਖੀ ਸੁਰ ਨਹੀਂ ਸੀ। ਸਾਰਾ ਦੇਸ਼ ਗ਼ੁਲਾਮੀ ਦੀ ਨੀਂਦ ਵਿਚ ਆਰਾਮ ਫਰਮਾ ਰਿਹਾ ਸੀ। ਠੀਕ ਇਸੇ ਸਮੇਂ ਅਮਰੀਕਾ ਦੀ ਧਰਤੀ ’ਤੇ ਗਏ ਭਾਰਤੀ ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਉਨ੍ਹਾਂ ਨੇ ਬੇਵਤਨੀ ਦੇ ਆਲਮ ਵਿਚ ਵੀ ਆਜ਼ਾਦੀ ਦੀ ਕਸਕ ਨੂੰ ਮਹਿਸੂਸ ਕੀਤਾ। ਪਰਾਈ ਧਰਤੀ ’ਤੇ ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ ਗਏ ਵਾਸੀਆਂ ਨੇ ਕਿਰਤ ਭਰੀ ਕਠਿਨ ਜ਼ਿੰਦਗੀ ਵਿਚ ਦੇਸ਼ ਭਗਤੀ ਦਾ ਅਹਿਦ ਪਾਲ ਲਿਆ। ਇਹ ਅਹਿਦ ਗ਼ਦਰ ਪਾਰਟੀ ਦੇ ਰੂਪ ਵਿਚ ਸਾਹਮਣੇ ਆਇਆ।
ਗ਼ਦਰੀ ਬਾਬਾ ਜਵਾਲਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਿਚ ਪੈਂਦੇ ਸੰਧੂ ਜੱਟਾਂ ਦੇ ਪਿੰਡ ਠੱਠੀਆਂ ਨਾਲ ਸਬੰਧਿਤ ਸਨ। ਬਾਬਾ ਜੀ ਦਾ ਜਨਮ ਬ੍ਰਿਟਿਸ਼ ਸ਼ਾਸਨ ਕਾਲ ਦੌਰਾਨ 1876 ਵਿਚ ਘਨੱਈਆ ਸਿੰਘ ਦੇ ਘਰ ਹੋਇਆ ਜੋ ਕਿ ਕੁਹਾਰ (ਮਹਿਰੇ) ਜਾਤੀ ਨਾਲ ਸਬੰਧ ਰੱਖਦੇ ਸਨ। ਘਰ ਦੇ ਤੰਗ ਹਾਲਾਤ ਨੇ ਬਾਬਾ ਜੀ ਨੂੰ ਮਾਤ-ਭੂਮੀ ਛੱਡਣ ਲਈ ਮਜਬੂਰ ਕਰ ਦਿੱਤਾ। 1905 ਵਿਚ ਜਵਾਲਾ ਸਿੰਘ ਨੇ ਭਾਰਤ ਛੱਡ ਕੇ ਕੈਨੇਡਾ ਜਾਣ ਦਾ ਫ਼ੈਸਲਾ ਕਰ ਲਿਆ। ਉਹ ਚੀਨ ਤੋਂ ਮੈਕਸੀਕੋ, ਪਨਾਮਾ ਹੁੰਦੇ ਹੋਏ ਆਖ਼ਰ 1908 ਵਿਚ ਸਾਂਫਰਾਂਸਿਸਕੋ ਪਹੁੰਚ ਗਏ। ਉੱਥੇ ਵਿਸਾਖਾ ਸਿੰਘ ਹੁਰਾਂ ਬਾਬਾ ਜਵਾਲਾ ਸਿੰਘ ਨੂੰ ਆਪਣੇ ਕੋਲ ਬੁਲਾ ਲਿਆ ਤੇ ਸਟਾਕਟਨ ਦੇ ਕੋਲ ਹੋਲਟਸਵਿਲੇ ਵਿਚ 500 ਏਕੜ ਦਾ ਫਾਰਮ ਲੀਜ਼ ’ਤੇ ਲੈ ਲਿਆ ਅਤੇ ਆਲੂਆਂ ਦੀ ਖੇਤੀਬਾੜੀ ਸ਼ੁਰੂ ਕਰ ਦਿੱਤੀ। ਕੁਝ ਹੀ ਅਰਸੇ ਵਿਚ ਦਿਨ-ਰਾਤ ਮਿਹਨਤ ਕਰਕੇ ਦੋਵਾਂ ਕਿਰਤੀਆਂ ਨੇ ਇਲਾਕੇ ਵਿਚ ਆਪਣੇ ਆਪ ਨੂੰ ਆਲੂਆਂ ਦੇ ਬਾਦਸ਼ਾਹ ਵਜੋਂ ਸਥਾਪਿਤ ਕਰ ਲਿਆ। ਇਹ ਫਾਰਮ ਕ੍ਰਾਂਤੀਕਾਰੀਆਂ ਦਾ ਕੇਂਦਰ ਬਣ ਗਿਆ। ਸ਼ਹਿਰ ਵਿਚ ਗੁਰਦੁਆਰੇ ਦੀ ਉਸਾਰੀ ਹੋਈ ਤਾਂ ਉਹ ਗੁਰਦੁਆਰੇ ਦੇ ਮਾਧਿਅਮ ਰਾਹੀਂ ਦੇਸ਼ ਪ੍ਰੇਮ ਦੀ ਲਹਿਰ ਹੋਰ ਪ੍ਰਚੰਡ ਹੋ ਗਈ। ਬਾਬਾ ਜਵਾਲਾ ਸਿੰਘ ਅਤੇ ਕੁਝ ਹੋਰ ਵਤਨ ਪ੍ਰੇਮੀਆਂ ਦੇ ਯਤਨਾਂ ਸਦਕਾ ਇਹ ਕਾਫ਼ਲਾ ਲਗਾਤਾਰ ਵੱਡਾ ਹੁੰਦਾ ਗਿਆ। ਫਰਵਰੀ 1914 ਵਿਚ ਸਟਾਕਟਨ ਵਿਖੇ ਬਾਬਾ ਜਵਾਲਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਜਲਸਾ ਰੱਖਿਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਨ੍ਹਾਂ ਵਿਚ ਪ੍ਰਮੁੱਖ ਸਨ ਬਾਬਾ ਸੋਹਣ ਸਿੰਘ ਭਕਨਾ, ਬਾਬਾ ਕੇਸਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਾ. ਉਧਮ ਸਿੰਘ ਕਸੇਲ, ਸ਼ਹੀਦ ਭਗਤ ਸਿੰਘ ਉਰਫ਼ ਗਾਂਧਾ ਸਿੰਘ, ਸ਼ਹੀਦ ਕਾਂਸ਼ੀ ਰਾਮ, ਲਾਲਾ ਹਰਦਿਆਲ, ਤਾਰਕਨਾਥ ਦਾਸ, ਕਾਮਰੇਡ ਪ੍ਰਿਥਵੀ ਸਿੰਘ, ਬਾਬਾ ਕਰਮ ਸਿੰਘ ਚੀਮਾ, ਵਸਾਖਾ ਸਿੰਘ, ਪੂਰਨ ਸਿੰਘ ਜੰਡਿਆਲਾ, ਨਰੰਜਣ ਸਿੰਘ ਪੰਡੋਰੀ, ਦਲੀਪ ਸਿੰਘ ਫਾਲਾ, ਪੰਡਿਤ ਜਗਤ ਰਾਮ ਹਰਿਆਣਾ, ਕਰਮ ਸਿੰਘ ਧੂਤ, ਬਾਬਾ ਅਰੂੜ ਸਿੰਘ ਐੱਮ.ਐੱਲ.ਏ., ਨਿਰੰਜਣ ਸਿੰਘ ਪੰਡੋਰੀ, ਨਿਧਾਨ ਸਿੰਘ ਮਹੇਸਰੀ, ਬਾਬਾ ਨਿਧਾਨ ਸਿੰਘ ਚੁੱਘਾ, ਸ਼ਹੀਦ ਬਾਬੂ ਹਰਨਾਮ ਸਿੰਘ, ਕਰਤਾਰ ਸਿੰਘ ਲਤਾਲਾ ਤੇ ਸੋਹਣ ਲਾਲ ਪੱਟੀ ਆਦਿ ਦੇ ਨਾਮ ਪ੍ਰਮੁੱਖ ਸਨ। ਬਾਅਦ ਵਿਚ ਛੇਤੀ ਹੀ ਅਜਿਹਾ ਜਲਸਾ ਰਿਆਸਤ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਹੋਇਆ। ਇਸ ਦੇ ਨਾਲ ਹੀ ਵੱਖ ਵੱਖ ਥਾਵਾਂ ਉੱਪਰ ਜਲਸੇ ਹੋਣ ਲੱਗੇ।
ਇਸ ਉਤਸ਼ਾਹ ਭਰੇ ਮਾਹੌਲ ਵਿਚ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ। ਬਾਬਾ ਸੋਹਨ ਸਿੰਘ ਭਕਨਾ ਨੂੰ ਇਸ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ। ਬਾਬਾ ਜਵਾਲਾ ਸਿੰਘ ਠੱਠੀਆਂ ਇਸ ਦੇ ਉਪ ਪ੍ਰਧਾਨ ਸਨ। ਲਾਲਾ ਹਰਦਿਆਲ ਇਸ ਦੇ ਪਹਿਲੇ ਜਨਰਲ ਸਕੱਤਰ ਬਣੇ। ਸਾਂਫਰਾਂਸਿਸਕੋ ਵਿਖੇ ਇਸ ਦਾ ਮੁੱਖ ਦਫ਼ਤਰ ਬਣਾਇਆ ਗਿਆ। ਅਮਰੀਕਾ ਵਿਚ ਜਦੋਂ ਗੁਰੂ ਘਰ ਦੀ ਇਮਾਰਤ ਤਿਆਰ ਹੋ ਗਈ ਤਾਂ ਇੱਥੇ ਹੌਲੀ ਹੌਲੀ ਗ਼ਦਰ ਕਾਫ਼ਲਾ ਵੱਡਾ ਹੋਣ ਲੱਗਾ। ਜਿਉਂ ਹੀ ਪਹਿਲੀ ਵਿਸ਼ਵ ਜੰਗ ਦਾ ਬਿਗਲ ਵੱਜਿਆ ਤਾਂ ਆਜ਼ਾਦੀ ਦੀ ਉਮੰਗ ਨਾਲ ਭਰਿਆ ਕਿਰਤੀਆਂ ਦਾ ਗ਼ਦਰ ਕਬੀਲਾ ਭਾਰਤ ਨੂੰ ਤੁਰ ਪਿਆ। ਸਬੱਬ ਨਾਲ ਬਾਬਾ ਗੁਰਦਿੱਤ ਸਿੰਘ ਦਾ ਕੈਨੇਡਾ ਵੱਲੋਂ ਮੋੜਿਆ ਗਿਆ ਜਹਾਜ਼ ਕਾਮਾਗਾਟਾਮਾਰੂ ਇਨ੍ਹਾਂ ਮਰਜੀਵੜਿਆਂ ਲਈ ਭਾਰਤ ਪਹੁੰਚਣ ਦਾ ਜ਼ਰੀਆ ਬਣ ਗਿਆ। ਭਾਰਤ ਪਹੁੰਚਦਿਆਂ ਹੀ ਕਲਕੱਤਾ ਦੀ ਬਜਬਜ ਘਾਟ ਬੰਦਰਗਾਹ ’ਤੇ ਆਪਣੀ ਮਿੱਟੀ ਨਾਲ ਵਫ਼ਾ ਕਰਨ ਆਏ ਇਨ੍ਹਾਂ ਪ੍ਰਵਾਨਿਆਂ ਦਾ ਗੋਲੀਆਂ ਨਾਲ ਸਵਾਗਤ ਹੋਇਆ। ਬਾਬਾ ਜਵਾਲਾ ਸਿੰਘ ਠੱਠੀਆਂ ਇਕ ਹੋਰ ਸਮੁੰਦਰੀ ਜਹਾਜ਼ ਵਿਚ ਕੋਰੀਆ ਤੋਂ ਸਵਾਰ ਹੋ ਕੇ ਭਾਰਤ ਵੱਲ ਤੁਰ ਪਏ। ਜਿਸ ਦੇ 62 ਮੁਸਾਫ਼ਰਾਂ ਵਿਚ 60 ਗ਼ਦਰੀ ਸਨ। ਭਾਰਤ ਪਹੁੰਚਣ ’ਤੇ ਬਾਬਾ ਜੀ ਸਮੇਤ ਬਹੁਤੇ ਗ਼ਦਰੀ ਗ੍ਰਿਫ਼ਤਾਰ ਕਰ ਲਏ ਗਏ। ਗ਼ਦਰੀਆਂ ਦਾ ਰਾਜ ਪਲਟੇ ਦਾ ਸੁਪਨਾ ਪੂਰਾ ਨਾ ਹੋ ਸਕਿਆ, ਪਰ ਗ੍ਰਿਫ਼ਤਾਰੀਆਂ ਅਤੇ ਤਮਾਮ ਰੋਕਾਂ ਦੇ ਬਾਵਜੂਦ ਇਕ ਵਾਰ ਗ਼ਦਰ ਦੇ ਇਨਕਲਾਬੀ ਬਿਗਲ ਨੇ ਬਰਤਾਨਵੀ ਹਕੂਮਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਸਪੈਸ਼ਲ ਟ੍ਰਿਬਿਊਨਲ ਰਾਹੀਂ ਲਾਹੌਰ ਸਾਜ਼ਿਸ਼ ਦੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ ਗਈ। ਕੁੱਲ 291 ਬੰਦਿਆਂ ਵਿਰੁੱਧ ਕੇਸ ਚੱਲੇ ਜਿਨ੍ਹਾਂ ਵਿਚੋਂ 42 ਵਿਅਕਤੀਆਂ ਨੂੰ ਫਾਂਸੀ, 114 ਨੂੰ ਉਮਰ ਭਰ ਜਲਾਵਤਨੀ ਅਤੇ 93 ਨੂੰ ਹੋਰ ਸਜ਼ਾਵਾਂ ਦਿੱਤੀਆਂ ਗਈਆਂ। 42 ਵਿਅਕਤੀਆਂ ਨੂੰ ਬੇਕਸੂਰ ਸਮਝ ਕੇ ਛੱਡ ਦਿੱਤਾ ਗਿਆ। ਜਿਨ੍ਹਾਂ ਫ਼ੌਜੀ ਟੁਕੜੀਆਂ ਜਾਂ ਯੂਨਿਟਾਂ ਵਿਚ ਬਗ਼ਾਵਤ ਹੋਈ, ਉਨ੍ਹਾਂ ਨੂੰ ਵੀ ਕਠੋਰ ਸਜ਼ਾ ਦਿੱਤੀ ਗਈ। ਉਨ੍ਹਾਂ ਵਿਚ 21 ਨੂੰ ਫਾਂਸੀ ਅਤੇ 65 ਨੂੰ ਉਮਰ ਭਰ ਜਲਾਵਤਨੀ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਸਿੰਗਾਪੁਰ ਵਿਚ ਸਥਿਤ 5 ਲਾਈਟ ਇਨਫੈਂਟਰੀ ਦੇ ਸੱਤ ਸੌ ਬੰਦਿਆਂ ਨੇ 15 ਫਰਵਰੀ ਨੂੰ ਬਗ਼ਾਵਤ ਕੀਤੀ ਅਤੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ, ਪਰ ਅੰਗਰੇਜ਼ ਫ਼ੌਜਾਂ ਨੇ ਉਨ੍ਹਾਂ ਦੀ ਕਾਰਵਾਈ ਨੂੰ ਦਬਾ ਦਿੱਤਾ। ਕੁੱਲ 126 ਫ਼ੌਜੀਆਂ ਦਾ ਕੋਰਟ ਮਾਰਸ਼ਲ ਹੋਇਆ ਜਿਨ੍ਹਾਂ ਵਿਚ 37 ਨੂੰ ਫਾਂਸੀ ਅਤੇ 41 ਨੂੰ ਉਮਰ ਭਰ ਦੀ ਜਲਾਵਤਨੀ ਦੀ ਸਜ਼ਾ ਮਿਲੀ। ਬਾਕੀਆਂ ਨੂੰ ਵੀ ਵੱਖ ਵੱਖ ਤਰ੍ਹਾਂ ਦੀ ਸਜ਼ਾ ਹੋਈ। ਇਸ ਤਰ੍ਹਾਂ ਬ੍ਰਿਟਿਸ਼ ਸਰਕਾਰ ਦੁਆਰਾ ਇਸ ਲਹਿਰ ਨੂੰ ਮਿਧ ਦਿੱਤਾ ਗਿਆ। ਗ਼ਦਰ ਲਹਿਰ ਬੇਸ਼ੱਕ ਸਰਕਾਰ ਵੱਲੋਂ ਦਬਾ ਦਿੱਤੀ ਗਈ, ਪਰ ਇਸ ਲਹਿਰ ਦੀਆਂ ਕੁਰਬਾਨੀਆਂ, ਸਿਦਕ ਅਤੇ ਸੰਕਲਪ ਨੇ ਇਨਕਲਾਬੀ ਭਾਵਨਾਵਾਂ ਨੂੰ ਬਹੁਤ ਤੀਬਰ ਕਰ ਦਿੱਤਾ।
ਬਾਬਾ ਜਵਾਲਾ ਸਿੰਘ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਪਹਿਲਾਂ ਫਾਂਸੀ ਦੀ ਸਜ਼ਾ ਹੋਈ, ਪਰ ਬਾਅਦ ਵਿਚ ਇਹ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ। ਅਮਰੀਕਾ ਵਿਚ ਸਾਰੀ ਜਾਇਦਾਦ ਅਤੇ ਸੁਨਹਿਰਾ ਭਵਿੱਖ ਛੱਡ ਕੇ ਆਏ ਬਾਬਾ ਜਵਾਲਾ ਸਿੰਘ ਦੀ ਭਾਰਤੀ ਜਾਇਦਾਦ ਵੀ ਕੁਰਕ ਕਰ ਲਈ ਗਈ। ਵਤਨ ਅੰਦਰ ਇਸ ਜਲਾਵਤਨੀ ਅਤੇ ਜ਼ਿੱਲਤ ਭਰੇ ਮਾਹੌਲ ਵਿਚ ਬਾਬਾ ਜੀ ਸਮੇਤ ਗ਼ਦਰੀ ਬਾਬਿਆਂ ਖਿਲਾਫ਼ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਫ਼ਤਵੇ ਜਾਰੀ ਕਰਵਾ ਦਿੱਤੇ ਸਨ ਕਿ ਉਹ ਸਿੱਖ ਨਹੀਂ ਹਨ। ਉਨ੍ਹਾਂ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖੀ ਜਾਵੇ। ਅਜਿਹੇ ਆਲਮ ਵਿਚ ਵੀ ਬਾਬਾ ਜੀ ਥਿੜਕੇ ਨਹੀਂ, ਸਗੋਂ ਰਾਵਲਪਿੰਡੀ ਜੇਲ੍ਹ ਵਿਚ ਵੀ ਬੰਬ ਬਣਾ ਕੇ ਇਨਕਲਾਬ ਦੀ ਮੁਹਾਰਨੀ ’ਤੇ ਬਗ਼ਾਵਤ ਦੇ ਹਰਫ਼ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਇੱਥੋਂ ਉਨ੍ਹਾਂ ਨੂੰ ਅੰਡੇਮਾਨ ਦੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਜਦੋਂ ਉਸ ਜੇਲ੍ਹ ਦੀਆਂ ਅਣਮਨੁੱਖੀਆਂ ਕਹਾਣੀਆਂ ਕਾਰਨ ਰਾਇਲ ਕਮਿਸ਼ਨ ਨੇ 1921 ਵਿਚ ਅੰਡੇਮਾਨ ਦੀ ਜੇਲ੍ਹ ਰਾਜਸੀ ਕੈਦੀਆਂ ਲਈ ਬੰਦ ਕਰ ਦਿੱਤੀ ਤਾਂ ਬਾਬਾ ਜੀ ਨੂੰ ਬੰਗਾਲ ਦੀ ਕੈਮਬਟੋਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਉੱਥੇ ਵੀ ਬਾਬਾ ਜਵਾਲਾ ਸਿੰਘ ’ਤੇ ਤਸ਼ੱਦਦ ਜਾਰੀ ਰਿਹਾ। ਇੱਥੋਂ ਬਾਬਾ ਜਵਾਲਾ ਸਿੰਘ ਨੂੰ ਭੰਡਾਰਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਵੀਹਵੀਂ ਸਦੀ ਦੇ ਤੀਸਰੇ ਦਹਾਕੇ ਦੇ ਸ਼ੁਰੂ ਵਿਚ ਭਾਰਤ ਵਿਚ ਆਜ਼ਾਦੀ ਦੀ ਲਹਿਰ ਨੇ ਕਾਫ਼ੀ ਜ਼ੋਰ ਫੜ ਲਿਆ। ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਹੋਣ ਲੱਗ ਪਈ। ਲੋਕਾਂ ਦੇ ਦਬਾਅ ਤਹਿਤ ਸਰਕਾਰ ਨੂੰ ਬਹੁਤ ਸਾਰੇ ਰਾਜਸੀ ਕੈਦੀ ਰਿਹਾਅ ਕਰਨੇ ਪਏ। ਬਾਬਾ ਜਵਾਲਾ ਸਿੰਘ ਜੀ ਨੂੰ ਵੀ 1933 ਵਿਚ ਉਮਰ ਕੈਦ ਤੋਂ ਰਿਹਾਈ ਮਿਲ ਗਈ। ਬਾਬਾ ਜੀ ਬਾਹਰ ਆਏ ਤਾਂ ਕਾਬਲ ਦੀ ਹਕੂਮਤ ਖਿਲਾਫ਼ ਸੰਘਰਸ਼ ਮਘਿਆ ਹੋਇਆ ਸੀ। ਬਾਬਾ ਜੀ ਪੰਜਾਬ ਪਹੁੰਚਦੇ ਹੀ ਇਸ ਵਿਚ ਸ਼ਾਮਲ ਹੋ ਗਏ। ਉਹ 1934 ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਐਕਟਿੰਗ ਪ੍ਰਧਾਨ ਬਣੇ ਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੰਦਾ ਇਕੱਠਾ ਕਰਨ ਲਈ ਦੇਸ਼ ਭਰ ਵਿਚ ਘੁੰਮਦੇ ਰਹੇ। 1934 ਵਿਚ ਹੀ ਉਨ੍ਹਾਂ ਨੂੰ ‘ਕਿਰਤੀ’ ਅਖ਼ਬਾਰ ਦੇ ਮੈਨੇਜਰ ਦੀ ਡਿਊਟੀ ਵੀ ਸੌਂਪ ਦਿੱਤੀ ਗਈ। 1935 ਵਿਚ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਕ ਸਾਲ ਦੀ ਸਖ਼ਤ ਸਜ਼ਾ ਹੋਈ। ਜਦੋਂ ਹੀ ਬਾਬਾ ਜੀ ਰਿਹਾਅ ਹੋਏ, ਉਸੇ ਸਾਲ ਹੀ ਭਾਰਤੀ ਫੈਡਰਲ ਐਕਟ ਹੇਠ ਚੋਣਾਂ ਦੀ ਤਿਆਰੀ ਹੋ ਰਹੀ ਸੀ। ਇਸ ਵਿਚ ਸੋਸ਼ਲਿਸਟ ਉਮੀਦਵਾਰਾਂ ਨੂੰ ਸਫਲ ਬਣਾਉਣ ਲਈ ਦੇਸ਼ ਭਗਤ ਇਲੈੱਕਸ਼ਨ ਬੋਰਡ ਕਾਇਮ ਕੀਤਾ ਗਿਆ ਅਤੇ ਜਵਾਲਾ ਸਿੰਘ ਨੂੰ ਇਸ ਬੋਰਡ ਦੇ ਪ੍ਰਧਾਨ ਬਣਾਇਆ ਗਿਆ। ਚੋਣਾਂ ਸਬੰਧੀ ਜਦੋਂ ਬਾਬਾ ਜੀ ਭਾਰਤ ਵਿਚ ਵਿਚਰੇ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕਿਸਾਨ ਵਰਗ ਦੀ ਹਾਲਤ ਬਹੁਤ ਮਾੜੀ ਹੈ ਤੇ ਇਸ ਦਾ ਇਕੋ ਇਕ ਕਾਰਨ ਕਿਸੇ ਜਥੇਬੰਦੀ ਦੀ ਅਣਹੋਂਦ ਹੀ ਸੀ। ਬਾਬਾ ਜੀ ਨੇ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਜਥੇਬੰਦੀ ਬਣਾਈ। ਥੋੜ੍ਹੇ ਹੀ ਸਮੇਂ ਵਿਚ 75000 ਕਿਸਾਨ ਇਸ ਦੇ ਮੈਂਬਰ ਬਣ ਗਏ। ਇਸ ਜਥੇਬੰਦੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਵੀ ਬਾਬਾ ਜੀ ਨੂੰ ਸੌਂਪੀ ਗਈ। ਨੀਲੀਬਾਰ ਵਿਚ ਜਦੋਂ 50,000 ਮੁਜਾਰਿਆਂ ਨੇ ਜ਼ਿਮੀਂਦਾਰਾਂ ਦੇ ਜ਼ੁਲਮਾਂ ਵਿਰੁੱਧ ਹੜਤਾਲ ਕੀਤੀ ਤਾਂ ਬਾਬਾ ਜੀ ਆਪਣੇ ਸਾਥੀਆਂ ਨਾਲ ਉਸ ਅੰਦੋਲਨ ਵਿਚ ਸ਼ਾਮਲ ਹੋ ਗਏ।
ਆਪਣੀ ਜ਼ਿੰਦਗੀ ਦੀ ਆਖ਼ਰੀ ਲੜਾਈ ਉਨ੍ਹਾਂ ਨੇ ਨੀਲੀਬਾਰ ਵਿਚ ਲੜੀ। ਜਦੋਂ 50,000 ਮੁਜਾਰਿਆਂ ਨੇ ਜ਼ਿਮੀਂਦਾਰਾਂ ਵਿਰੁੱਧ ਹੜਤਾਲ ਕੀਤੀ ਸੀ ਤਾਂ ਬਾਬਾ ਜੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘੋਲ ਦਾ ਸਾਥ ਦੇਣ ਲਈ ਉੱਥੇ ਪਹੁੰਚੇ ਸਨ ਤੇ ਮੁਜਾਰਿਆਂ ਦੀ ਧਿਰ ਬਣਕੇ ਖੜ੍ਹ ਗਏ ਸਨ। ਇਸ ਸੰਘਰਸ਼ ਨੂੰ ਦੇਸ਼ ਵਿਆਪੀ ਹੁੰਗਾਰਾ ਮਿਲਣ ਨਾਲ ਮੁਜਾਰਿਆਂ ਦੀ ਜਿੱਤ ਹੋਈ ਸੀ। ਬਾਬਾ ਭਗਤ ਸਿੰਘ ਬਿਲਗਾ ਨੇ ਲਿਖਿਆ ਹੈ ਕਿ ‘ਇਹ ਮੁਜਾਰਿਆਂ ਦੀ ਪਹਿਲੀ ਵੱਡੀ ਜਿੱਤ ਸੀ। ਬਾਬਾ ਜੀ 1938 ਵਿਚ ਕੋਮੀਲਾ (ਬੰਗਾਲ) ਵਿਚ ਹੋਣ ਵਾਲੀ ਆਲ ਇੰਡੀਆ ਕਿਸਾਨ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਇਸੇ ਦੀਆਂ ਤਿਆਰੀਆਂ ਦੇ ਸਬੰਧ ਵਿਚ 6, ਮਈ 1938 ਨੂੰ ਬੱਸ ਰਾਹੀਂ ਜਾ ਰਹੇ ਸਨ ਕਿ ਰਸਤੇ ਵਿਚ ਦੋ ਬੱਸਾਂ ਦੀ ਭਿਆਨਕ ਟੱਕਰ ਹੋ ਗਈ। ਬਾਬਾ ਜੀ ਨੂੰ ਵੀ ਸਖ਼ਤ ਸੱਟਾਂ ਲੱਗੀਆਂ। ਚਾਰ ਪਸਲੀਆਂ ਟੁੱਟ ਗਈਆਂ ਤੇ ਖੱਬੀ ਬਾਂਹ ਵੀ ਟੁੱਟ ਗਈ। ਗਹਿਰੀਆਂ ਸੱਟਾਂ ਦੀ ਤਾਬ ਝੱਲਦੇ ਹੋਏ ਵੀ ਬਾਬਾ ਜਵਾਲਾ ਸਿੰਘ ਪੂਰੀ ਹੋਸ਼ ਵਿਚ ਸਨ। ਕਿਸਾਨ ਅੰਦੋਲਨ ਨੂੰ ਲਾਮਬੰਦ ਕਰਨ ਵਾਲਾ ਇਹ ਯੋਧਾ ਆਖ਼ਰ ਆਪਣੇ ਖੂਨ ਦੇ ਆਖਰੀ ਕਤਰੇ ਨਾਲ ਇਸ ਲਹਿਰ ਨੂੰ ਸਿੰਜ ਕੇ 9, ਮਈ 1938 ਦੀ ਸਵੇਰ ਨੂੰ ਇਸ ਜਹਾਨ ਤੋਂ ਕੂਚ ਕਰ ਗਿਆ।
ਜਦੋਂ ਭਾਰਤ ਵਿਚ ਗ਼ਦਰ ਦਾ ਬਿਗਲ ਵੱਜਿਆ ਤਾਂ ਧਰਮ ਦੀਆਂ ਉੱਚ ਸੰਸਥਾਵਾਂ ਨੇ ਉਨ੍ਹਾਂ ਖਿਲਾਫ਼ ਫ਼ਤਵੇ ਜਾਰੀ ਕਰਵਾਏ। ਜਦੋਂ ਬੱਬਰ ਅਕਾਲੀਆਂ ਨੇ ਅਖੌਤੀ ਅਕਾਲੀਆਂ ਨੂੰ ਸਿੱਖੀ ਦਾ ਜਬਰ ਜ਼ੁਲਮ ਖਿਲਾਫ਼ ਲੜ ਮਰਨ ਦਾ ਅਹਿਦ ਨਿਭਾ ਕੇ ਵਿਖਾਇਆ ਤਾਂ ਉਨ੍ਹਾਂ ਨੂੰ ਸਿੱਖੀ ਵਿਚੋਂ ਖਾਰਜ ਕੀਤਾ ਗਿਆ। ਅੱਜ ਇਤਿਹਾਸ ਫਿਰ ਉਸ ਮੋੜ ’ਤੇ ਖੜ੍ਹਾ ਹੈ। ਬਸ ਕੁਝ ਤਮਾਸ਼ਬੀਨ ਤੱਤੀਆਂ ਤਕਰੀਰਾਂ ਨਾਲ ਆਪਣਾ ਰਾਜਨੀਤਕ ਮੰਚ ਸਿਰਜ ਰਹੇ ਹਨ। ਅਜਿਹੇ ਮਾਹੌਲ ਵਿਚ ਵੀ ਸਾਡੇ ਕਿਸਾਨ ਆਗੂ ਬਹੁਤ ਸਮਝ ਨਾਲ ਚੱਲ ਰਹੇ ਹਨ। ਸੋਸ਼ਲ ਮੀਡੀਆ ਦੀ ਗਰਦ ਚਾਹੇ ਜ਼ਮੀਨੀ ਪੱਧਰ ’ਤੇ ਲੜਦੇ ਕਿਸਾਨਾਂ ਲਈ ਕੋਈ ਅਰਥ ਨਹੀਂ ਰੱਖਦੀ, ਪਰ ਅਜਿਹੇ ਆਲਮ ਵਿਚ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਨੂੰ ਯਾਦ ਕਰਨਾ ਬਣਦਾ ਹੈ। ਉਹ ਗ਼ਦਰੀ ਬਾਬੇ ਜੋ ਅਮਰੀਕਾ ਦੇ ਸਟਾਕਟਨ ਸ਼ਹਿਰ ਲਾਗੇ 500 ਏਕੜ ਦਾ ਫਾਰਮ ਵਤਨ ਲਈ ਕੁਰਬਾਨ ਕਰਕੇ ਦੇਸ਼ ਆਜ਼ਾਦ ਕਰਵਾਉਣ ਲਈ ਭਾਰਤ ਆਏ ਸਨ। ਉਨ੍ਹਾਂ ਨੇ 1933 ਵਿਚ ਰਿਹਾਈ ਉਪਰੰਤ ਪੰਜਾਬ ਦੀ ਪਹਿਲੀ ਕਿਸਾਨ ਜਥੇਬੰਦੀ ਲਾਮਬੰਦ ਕੀਤੀ ਸੀ। ਜਿਸ ਦੇ ਵੱਡੀ ਗਿਣਤੀ ਵਿਚ ਕਿਸਾਨ ਮੈਂਬਰ ਬਣੇ ਸਨ। ਨੀਲੀਬਾਰ ਦੇ ਕਿਸਾਨ ਅੰਦੋਲਨ ਦੀ ਜਿੱਤ ਦੇ ਮਹਾਨ ਹੀਰੋ ਬਾਬਾ ਜਵਾਲਾ ਸਿੰਘ ਠੱਠੀਆਂ ਨੂੰ ਵੀ ਇਕ ਸਮੇਂ ਫ਼ਿਰਕੂ ਏਜੰਡੇ ਵਾਲੇ ਅਲੰਬਰਦਾਰਾਂ ਨੇ ਸਿੱਖ ਪੰਥ ਵਿਚੋਂ ਛੇਕਣ ਦੀ ਧਮਕੀ ਦਿੱਤੀ ਸੀ, ਪਰ ਬਾਬਾ ਜੀ ਨੇ ਕੋਈ ਪਰਵਾਹ ਨਹੀਂ ਕੀਤੀ। ਇਤਿਹਾਸ ਗਵਾਹ ਹੈ ਕਿ ਬਾਬਾ ਜਵਾਲਾ ਸਿੰਘ ਕਿਸਾਨ ਅੰਦੋਲਨ ਦੀ ਲਾਮਬੰਦੀ ਕਰਦਿਆਂ ਸੜਕ ਹਾਦਸੇ ਵਿਚ ਸ਼ਹੀਦ ਹੋ ਗਏ, ਪਰ ਬਾਬਾ ਜੀ ਦੇ ਅਖੌਤੀ ਧਾਰਮਿਕ ਵਿਰੋਧੀ ਕਦੇ ਵੀ ਸਮਾਜ ਲਈ ਕੁਰਬਾਨੀ ਦੇਣ ਅੱਗੇ ਨਹੀਂ ਆਏ। ਜਦੋਂ ਕਿ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਲਾਸਾਨੀ ਕੁਰਬਾਨੀ ਇਤਿਹਾਸ ਦੇ ਪੰਨਿਆਂ ਵਿਚ ਸਦੈਵ ਚਮਕਦੀ ਰਹੇਗੀ, ਉਹ ਗ਼ਦਰ ਪਾਰਟੀ ਦੀ ਰੂਹ ਸਨ।
ਗ਼ਦਰ ਲਹਿਰ ਭਾਰਤੀ ਆਜ਼ਾਦੀ ਦੇ ਇਤਿਹਾਸ ਦੀ ਪਹਿਲੀ ਸੰਗਠਿਤ ਹਥਿਆਰਬੰਦ ਲਹਿਰ ਸੀ, ਜਿਸ ਵਿਚ ਹਰ ਵਰਗ, ਹਰ ਧਰਮ ਦੇ ਲੋਕ ਰਾਸ਼ਟਰਵਾਦ ਦੀ ਸੱਚੀ ਭਾਵਨਾ ਨਾਲ ਸ਼ਾਮਲ ਹੋਏ ਸਨ। ਇਸ ਲਹਿਰ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਅਨੇਕਾਂ ਖੋਜਾਂ ਅਤੇ ਹਵਾਲਿਆਂ ’ਤੇ ਆਧਾਰਿਤ ਇਤਿਹਾਸ ਕਲਮਬੱਧ ਹੋ ਚੁੱਕਾ ਹੈ। ਤਹਿਸੀਲ ਬਾਬਾ ਬਕਾਲਾ ਨਾਲ ਸਬੰਧਿਤ ਗ਼ਦਰ ਲਹਿਰ ਦੇ ਦੋ ਮਹਾਂਨਾਇਕ ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਭਾਈ ਸੰਤੋਖ ਸਿੰਘ ਧਰਦਿਓ ਮੇਰੀ ਜਨਮ ਭੂਮੀ ਪਿੰਡ ਚੀਮਾਬਾਠ ਤੋਂ ਬਹੁਤ ਥੋੜ੍ਹੀ ਵਿੱਥ ’ਤੇ ਪੈਂਦੇ ਪਿੰਡਾਂ ਦੇ ਵਸਨੀਕ ਸਨ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਹੀ ਜਦੋਂ 1993 ਵਿਚ ਸਰਕਾਰੀ ਕਾਲਜ ਸਠਿਆਲਾ ਵਿਚ ਵਿਦਿਆਰਥੀ ਵਜੋਂ ਪੈਰ ਰੱਖਿਆ ਤਾਂ ਦੋਵੇਂ ਬਾਬਿਆਂ ਦੇ ਬਾਰੇ ਜਾਣਕਾਰੀ ਕਿਤਾਬਾਂ ਅਤੇ ਮਿੱਤਰਾਂ ਕੋਲੋਂ ਮਿਲਣੀ ਸ਼ੁਰੂ ਹੋਈ। ਬਾਬਾ ਜਵਾਲਾ ਸਿੰਘ ਠੱਠੀਆਂ ਦਾ ਪਿੰਡ ਕਾਲਜ ਨੂੰ ਜਾਂਦਿਆਂ ਰਾਹ ਵਿਚ ਪੈਂਦਾ ਸੀ, ਸਤਿਕਾਰ ਵਜੋਂ ਸਿਰ ਝੁਕ ਜਾਇਆ ਕਰਦਾ ਸੀ। ਹੌਲੀ ਹੌਲੀ ਮੈਂ ਜਦੋਂ ਬਾਬਾ ਜੀ ਦੀ ਕੁਰਬਾਨੀਆਂ ਭਰੀ ਗਾਥਾ ਦੇ ਅਧਿਆਇ ਪੜ੍ਹਦਾ ਗਿਆ ਤਾਂ ਇਕ ਨਮੋਸ਼ੀ ਨੇ ਸਦਾ ਹੀ ਮੈਨੂੰ ਹਲੂਣਿਆ ਕਿ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੇਣ ਅੱਗੇ ਤਾਂ ਸਾਰਾ ਪੰਜਾਬ ਨਤਮਸਤਕ ਹੁੰਦਾ ਹੈ, ਪਰ ਪਿੰਡ ਵਿਚ ਬਾਬਾ ਜੀ ਦੀ ਕੋਈ ਯਾਦ ਨਹੀਂ, ਕੋਈ ਯਾਦਗਾਰੀ ਗੇਟ ਵੀ ਨਹੀਂ। ਹੁਣ ਵਾਲਾ ਗੇਟ ਵੀ ਬਾਅਦ ਵਿਚ ਬਣਿਆ ਹੈ। ਇੱਥੋਂ ਤਕ ਕਿ ਬਾਬਾ ਜੀ ਦੀ ਬਰਸੀ ਵੀ ਹਰ ਸਾਲ ਨਹੀਂ ਮਨਾਈ ਜਾਂਦੀ। ਇਹ ਸਵਾਲ ਸਦਾ ਹੀ ਮੇਰੀ ਚੇਤਨਾ ਨੂੰ ਕੁਰੇਦਦਾ ਸੀ ਕਿ ਗ਼ਦਰੀ ਬਾਬਾ ਜਵਾਲਾ ਸਿੰਘ ਇਲਾਕੇ ਵਿਚ ਅਣਗੌਲਿਆ ਕਿਉਂ ਰਹਿ ਗਿਆ? ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਸਥਾਪਨਾ ਦੇ ਮੋਹਰੀ ਅਤੇ ਗ਼ਦਰ ਪਾਰਟੀ ਦੇ ਨਾਮਵਰ ਹਸਤਾਖ਼ਰ ਬਾਬਾ ਭਗਤ ਸਿੰਘ ਬਿਲਗਾ ਵੀ ਆਪਣੇ ਮਗਰਲੇ ਵਰ੍ਹਿਆਂ ਵਿਚ ਇਸ ਗੱਲ ਲਈ ਬੜੀ ਹੀ ਚਿੰਤਾ ਕਰਿਆ ਕਰਦੇ ਸਨ ਕਿ ਲਗਭਗ ਸਾਰੇ ਹੀ ਪ੍ਰਮੁੱਖ ਗ਼ਦਰੀ ਬਾਬਿਆਂ ਦੇ ਪਿੰਡਾਂ ਵਿਚ ਉਨ੍ਹਾਂ ਦੀ ਯਾਦ ਵਿਚ ਸਕੂਲ, ਸਮਾਰਕ ਜਾਂ ਲਾਇਬ੍ਰੇਰੀ ਆਦਿ ਬਣ ਗਈ ਹੈ, ਪਰ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਜਨਮ ਭੂਮੀ ਵਿਚ ਉਨ੍ਹਾਂ ਦੀ ਕੋਈ ਯਾਦ ਨਹੀਂ ਉਸਾਰੀ ਜਾ ਸਕੀ।
ਬਾਬਾ ਜਵਾਲਾ ਸਿੰਘ ਠੱਠੀਆਂ ਦੇ ਪਿੰਡ ਦਾ ਇਕ ਵਿਅਕਤੀ ਸੁਰਜਨ ਸਿੰਘ ਸਰਕਾਰੀ ਕਾਲਜ ਸਠਿਆਲਾ ਦਾ ਮੁਲਾਜ਼ਮ ਸੀ। ਕਾਲਜ ਦੇ ਪ੍ਰੋਫੈਸਰ ਨੇ ਇਕ ਦਿਨ ਸੁਰਜਨ ਸਿੰਘ ਨੂੰ ਪੁੱਛਿਆ ਕਿ ‘ਸੁਰਜਨ ਸਿੰਹਾ ਕੀ ਗੱਲ ਹੈ, ਬਾਬੇ ਦੀ ਕੁਰਬਾਨੀ ਬਹੁਤ ਵੱਡੀ ਹੈ। ਦੇਸ਼ਾਂ-ਵਿਦੇਸ਼ਾਂ ਤਕ ਬਾਬੇ ਦੀਆਂ ਕੁਰਬਾਨੀਆਂ ਕਰਕੇ ਲੋਕ ਸਿਰ ਝਕਾਉਂਦੇ ਹਨ, ਪਰ ਪਿੰਡ ਵਿਚ ਬਾਬੇ ਦੀ ਨਾ ਕੋਈ ਯਾਦਗਾਰ ਤੇ ਨਾ ਹੀ ਬਾਬੇ ਪ੍ਰਤੀ ਕੋਈ ਸਤਿਕਾਰ ਦੀ ਭਾਵਨਾ ਨਜ਼ਰ ਆਉਂਦੀ ਹੈ।’ ਸੁਰਜਨ ਸਿੰਘ ਚਾਹੇ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਪਰ ਭਾਰਤ ਦੀ ਸਮਾਜੀ ਬਣਤਰ ਨੂੰ ਸਮਝਦਾ ਸੀ। ਉਸ ਨੇ ਹੌਲੀ ਜਿਹੇ ਕਿਹਾ ਕਿ ਬਾਬਾ ਜੱਟ ਨਹੀਂ ਸੀ, ਬਾਬਾ ਜਵਾਲਾ ਸਿੰਘ ਪੱਛੜੀ ਜਾਤੀ ਨਾਲ ਸਬੰਧ ਰੱਖਦਾ ਸੀ। ਇਸ ਕਰਕੇ ਉਹਦੀ ਯਾਦ ਕਿਸ ਨੇ ਬਣਾਉਣੀ ਆ। ਉਸ ਸਮੇਂ ਤਰਸਿੱਕੇ ਤੋਂ ਵਿਧਾਇਕ ਕਾਮਰੇਡ ਮੱਖਣ ਸਿੰਘ ਬਾਬਾ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਉਹ ਆਪਣੇ ਜਿਉਂਦੇ ਜੀਅ ਪਿੰਡ ਅਤੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਜੀ ਦੀ ਬਰਸੀ ਹਰ ਸਾਲ ਮਨਾਇਆ ਕਰਦਾ ਸੀ। ਪਿੰਡ ਵਿਚ ਵੀ ਉਸ ਵੇਲੇ ਬਾਬਾ ਜੀ ਪ੍ਰਤੀ ਬਹੁਤ ਉਤਸ਼ਾਹ ਹੁੰਦਾ ਸੀ, ਪਰ ਉਸ ਤੋਂ ਬਾਅਦ ਹੌਲੀ ਹੌਲੀ ਬਾਬਾ ਜਵਾਲਾ ਸਿੰਘ ਦੀਆਂ ਕੁਰਬਾਨੀਆਂ ਨੂੰ ਪਿੰਡ ਵਾਲੇ ਭੁੱਲਦੇ ਗਏ। ਇਲਾਕੇ ਵਿਚ ਖੱਬੀ ਧਿਰ ਦੇ ਖ਼ੋਰੇ ਨਾਲ ਬਾਬਾ ਜੀ ਵੀ ਸਿਮਰਤੀਆਂ ਵਿਚੋਂ ਵਕਤ ਦੇ ਨਾਲ ਨਾਲ ਖੁਰਦੇ ਗਏ। ਇਕ ਦਿਨ ਪਿੰਡ ਠੱਠੀਆਂ ਵਿਚ ਘੁੰਮਦਿਆਂ ਮੈਂ ਪੁੱਛਦਾ ਪਛਾਉਂਦਾ ਬਾਬਾ ਜਵਾਲਾ ਦੇ ਭਰਾ ਦੇ ਪੋਤਰੇ ਪ੍ਰਕਾਸ਼ ਸਿੰਘ ਦੇ ਘਰ ਚਲਾ ਗਿਆ। ਦੋ ਗਾਡਰਾਂ ਦੇ ਇਕ ਨਿੱਕੇ ਜਿਹੇ ਕਮਰੇ ਵਿਚ ਪ੍ਰਕਾਸ਼ ਲੇਟਿਆ ਹੋਇਆ ਸੀ। ਘਰ ਦੀ ਹਾਲਤ ਬਹੁਤ ਹੀ ਮਾੜੀ ਸੀ। ਕੰਧਾਂ ਤੋਂ ਚਿੱਪਰਾਂ ਲੱਥੀਆਂ ਹੋਈਆਂ ਸਨ। ਘਰ ਵਿਚ ਵਾਧਿਆਂ ਤੇ ਬਾਬਾ ਜੀ ਦੀਆਂ ਕੁਝ ਯਾਦਾਂ ਤੇ ਤਸਵੀਰਾਂ ਪਈਆਂ ਸਨ। ਪ੍ਰਕਾਸ਼ ਬਿਮਾਰ ਅਤੇ ਬਜ਼ੁਰਗ ਹੋਣ ਕਰਕੇ ਬਹੁਤੀ ਗੱਲ ਨਹੀਂ ਕਰ ਸਕੇ। ਮੈਂ ਪੁੱਛਿਆ ਕਿ ਬਾਬਾ ਜਵਾਲਾ ਸਿੰਘ ਦਾ ਘਰ ਕਿਹੜਾ ਹੈ? ਪ੍ਰਕਾਸ਼ ਸਿੰਘ ਨੇ ਬੜੇ ਹੇਰਵੇ ਭਰੇ ਚਿਹਰੇ ਨਾਲ ਇਸ਼ਾਰਾ ਕੀਤਾ ਕਿ ਆਹ ਅਗਲਾ ਪਲਾਟ ਬਾਬਾ ਜਵਾਲਾ ਸਿੰਘ ਦਾ ਹੈ। ਸਰਕਾਰ ਨੇ ਉਸ ਦੀ ਹੋਰ ਜ਼ਮੀਨ ਜਾਇਦਾਦ ਕੁਰਕ ਕਰ ਲਈ ਸੀ। ਨਾਵਲਦ ਹੋਣ ਕਰਕੇ ਉਸ ਦਾ ਕੋਈ ਉਂਜ ਵੀ ਵਾਰਸ ਨਹੀਂ ਸੀ। ਜਦੋਂ ਮੈਂ ਉਸ ਕੂੜੇ-ਕਚਰੇ ਨਾਲ ਭਰੇ ਹੋਏ ਦੋ-ਢਾਈ ਮਰਲੇ ਦੇ ਪਲਾਟ ਵੱਲ ਧਿਆਨ ਮਾਰਿਆ ਤਾਂ ਮੇਰਾ ਗੱਚ ਭਰ ਆਇਆ। ਜਿਸ ਤਿਆਗੀ ਪੁਰਸ਼ ਨੇ ਆਪਣੇ ਪਰਿਵਾਰ ਦਾ ਸੁਨਹਿਰੀ ਭਵਿੱਖ ਅਤੇ ਅਮਰੀਕਾ ਵਿਚ 500 ਏਕੜ ਦਾ ਫਾਰਮ ਆਪਣੇ ਵਤਨ ਲਈ ਕੁਰਬਾਨ ਕਰ ਦਿੱਤਾ, ਉਸ ਦੀ ਪਿੰਡ ਵਿਚ ਦੀਵਾ ਜਗਾਉਣ ਜੋਗੀ ਯਾਦਗਾਰ ਵੀ ਨਹੀਂ? ਬਾਬਾ ਜੀ ਨੂੰ ਯਾਦ ਕਰਨਾ ਤਾਂ ਦੂਰ ਦੀ ਗੱਲ ਬਾਬੇ ਦੀ ਵਿਰਾਸਤ ਨਾਲ ਜੁੜੀ ਥੋੜ੍ਹੀ ਜਿਹੀ ਭੋਇੰ ਵੀ ਰੂੜੀ ਬਣਾ ਛੱਡੀ ਸੀ। ਗ਼ਦਰੀ ਬਾਬਾ ਜਵਾਲਾ ਸਿੰਘ ਜਿਸ ਦੇ ਨਾਮ ’ਤੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕ ਹਾਲ ਬਾਬਾ ਜੀ ਨੂੰ ਸਮਰਪਿਤ ਬਣਿਆ ਹੋਇਆ ਸੀ, ਉਸ ਮਹਾਂਨਾਇਕ ਪ੍ਰਤੀ ਪਿੰਡ ਵਾਲਿਆਂ ਦੇ ਵਤੀਰੇ ਨੇ ਮੈਨੂੰ ਬਹੁਤ ਝੰਜੋੜਿਆ।
ਇਕ ਵਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਗ਼ਦਰ ਪਾਰਟੀ ਦੇ ਆਗੂ ਕਾਮਰੇਡ ਨੌਂਨਿਹਾਲ ਸਿੰਘ, ਕਾਮਰੇਡ ਰਾਜੇਸ਼ਵਰ, ਕਾਮਰੇਡ ਰਘਬੀਰ ਸਿੰਘ, ਡਾ. ਗੋਪਾਲ ਬੁੱਟਰ ਅਤੇ ਲੇਖਕ ਚਰੰਜੀ ਲਾਲ ਕੰਗਣੀਵਾਲ ਬਾਬਾ ਜੀ ਦੀ ਯਾਦ ਵਿਚ ਲਾਇਬ੍ਰੇਰੀ ਬਣਾਉਣ ਪਿੰਡ ਆਏ ਸਨ। ਉਸ ਲਈ ਪਿੰਡ ਵਿਚ ਕੋਈ ਢੁਕਵੀਂ ਜਗ੍ਹਾ ਨਹੀਂ ਮਿਲ ਸਕੀ, ਆਖ਼ਰ ਵਿਚ ਇਹ ਕਿਤਾਬਾਂ ਨਾਲ ਲੱਗਦੇ ਪਿੰਡ ਸੰਧੂ ਜੱਟਾਂ ਦੇ ਵੱਡ-ਵਡੇਰੇ ਬਾਬਾ ਕਾਲਾ ਮਹਿਰ ਦੇ ਗੁਰਦੁਆਰੇ ਦੀ ਦੂਸਰੀ ਮੰਜ਼ਿਲ ’ਤੇ ਅਲਮਾਰੀ ਵਿਚ ਰੱਖ ਦਿੱਤੀਆਂ ਗਈਆਂ। ਬਾਅਦ ਵਿਚ ਦੱਸਦੇ ਹਨ ਕਿ ਉਹ ਕਿਤਾਬਾਂ ਬੋਰੀ ਵਿਚ ਪਾ ਕੇ ਗੁਰਦੁਆਰੇ ਦੇ ਉੱਪਰਲੇ ਗੁੰਬਦ ਵਿਚ ਸੁੱਟ ਦਿੱਤੀਆਂ ਗਈਆਂ।
ਬਾਬਾ ਜਵਾਲਾ ਸਿੰਘ ਠੱਠੀਆਂ ਦਾ ਨਾਮ ਗ਼ਦਰ ਪਾਰਟੀ ਦੀ ਸਥਾਪਨਾ ਅਤੇ ਸੰਘਰਸ਼ੀ ਜੀਵਨ ਕਾਰਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ। ਉਨ੍ਹਾਂ ਦੀ ਮਹਿਮਾ ਨੂੰ ਤਸਦੀਕ ਕਰਨ ਲਈ ਚਾਹੇ ਕਿਸੇ ਸਮਾਰਕ ਜਾਂ ਸਮਾਰੋਹ ਦੀ ਜ਼ਰੂਰਤ ਨਹੀਂ, ਪਰ ਇਲਾਕਾ ਨਿਵਾਸੀਆਂ ’ਤੇ ਦਰੇਗ ਜ਼ਰੂਰ ਆਉਂਦਾ ਹੈ। ਕਾਫ਼ੀ ਸਮਾਂ ਪਹਿਲਾਂ ਇਕ ਵਾਰ ਕਿਸੇ ਨੇ ਪਿੰਡ ਦੇ ਕਿਸੇ ਮੋਹਤਬਰ ਸੱਜਣ ਨੂੰ ਕਿਹਾ ਕਿ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਯਾਦ ਵਿਚ ਤੁਹਾਨੂੰ ਪਿੰਡ ਵਿਚ ਕੋਈ ਹਾਲ ਜਾਂ ਲਾਇਬ੍ਰੇਰੀ ਜ਼ਰੂਰ ਖੋਲ੍ਹਣੀ ਚਾਹੀਦੀ ਹੈ। ਉਸ ਦਾਨਿਸ਼ਵਰ ਆਦਮੀ ਨੇ ਪੈਸਿਆਂ ਦੀ ਅਣਹੋਂਦ ਕਾਰਨ ਇਸ ਤੋਂ ਪੱਲਾ ਝਾੜ ਦਿੱਤਾ। ਹੁਣ ਬਾਬਾ ਜਵਾਲਾ ਸਿੰਘ ਦੀ ਯਾਦ ਵਿਚ ਪਿੰਡ ਦੀ ਫਿਰਨੀ ਵਾਲੀ ਸੜਕ ’ਤੇ ਇਕ ਯਾਦਗਾਰੀ ਗੇਟ ਉਸਰ ਚੁੱਕਾ ਹੈ। ਅਸੀਂ ਬਾਬਾ ਜੀ ਦੀ ਯਾਦ ਉਸਾਰਨ ਲਈ ਇਕ ਅਸਥਾਈ ਕਮੇਟੀ ਬਣਾ ਕੇ ਗੱਲਬਾਤ ਤੋਰੀ। ਬਾਬਾ ਜਵਾਲਾ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਤਾ ਚੱਲਿਆ ਕਿ ਬਾਬਾ ਜੀ ਦੇ ਵੰਸ਼ ਵਿਚੋਂ ਉਨ੍ਹਾਂ ਦੇ ਭਰਾ ਦਾ ਇਕਲੌਤਾ ਪੋਤਰਾ ਪ੍ਰਕਾਸ਼ ਸਿੰਘ ਵੀ ਪਿੰਡ ਛੱਡ ਕੇ ਆਪਣੀ ਬੇਟੀ ਹਰਪ੍ਰੀਤ ਕੌਰ ਕੋਲ ਪਿੰਡ ਨਿੱਕਾ ਰਈਆ ਚਲਾ ਗਿਆ ਹੈ। ਬਾਬਾ ਜਵਾਲਾ ਸਿੰਘ ਹੁਰੀਂ ਚਾਰ ਭੈਣ-ਭਰਾ ਸਨ- ਸੁਰੈਣ ਸਿੰਘ, ਨਰੈਣ ਸਿੰਘ, ਜਵਾਲਾ ਸਿੰਘ ਅਤੇ ਭੈਣ ਕਿਸੋ। ਸੁਰੈਣ ਸਿੰਘ ਦੇ ਪੁੱਤਰ ਦਾ ਨਾਮ ਸਾਧੂ ਸਿੰਘ ਸੀ। ਸਾਧੂ ਸਿੰਘ ਦੇ ਪੁੱਤਰ ਦਾ ਨਾਮ ਸੀ- ਪ੍ਰਕਾਸ਼ ਸਿੰਘ। ਪ੍ਰਕਾਸ਼ ਸਿੰਘ ਦੀਆਂ ਚਾਰ ਬੇਟੀਆਂ ਹਨ। ਪ੍ਰਕਾਸ਼ ਸਿੰਘ ਬਹੁਤ ਅਰਸਾ ਪਹਿਲਾਂ ਬਿਹਾਰ ਚਲਾ ਗਿਆ ਸੀ। 1984 ਦੇ ਦੰਗਿਆਂ ਤੋਂ ਬਾਅਦ ਜਦੋਂ ਉਹ ਪਿੰਡ ਆਇਆ ਤਾਂ ਉਨ੍ਹਾਂ ਦੇ ਪਰਿਵਾਰ ਦੀ ਜੱਦੀ ਜ਼ਮੀਨ ਕਿਸੇ ਨੇ ਆਪਣੇ ਕਬਜ਼ੇ ਵਿਚ ਲੈ ਲਈ ਸੀ। ਪਿੰਡ ਵਾਲਿਆਂ ਨੇ ਬਦਲਵੇਂ ਰੂਪ ਵਿਚ ਲਾਲ ਲਕੀਰ ਦੇ ਅੰਦਰ ਇਕ ਖਾਲ਼ੀ ਪਈ ਜ਼ਮੀਨ ਸਲਾਹ ਮਸ਼ਵਰਾ ਕਰਕੇ ਪ੍ਰਕਾਸ਼ ਸਿੰਘ ਨੂੰ ਦੇ ਦਿੱਤੀ ਸੀ। ਬਿਮਾਰੀ ਦੀ ਅਵਸਥਾ ਵਿਚ ਉਸ ਨੇ ਉਹ ਘਰ ਵੇਚ ਦਿੱਤਾ ਅਤੇ ਇਕੱਲਾ ਹੋਣ ਕਰਕੇ ਆਪਣੀ ਬੇਟੀ ਕੋਲ ਚਲਾ ਗਿਆ।
ਬਾਬਾ ਜਵਾਲਾ ਸਿੰਘ ਠੱਠੀਆਂ ਦਾ ਜੱਦੀ ਜ਼ਮੀਨ ਦਾ ਜੋ ਪਲਾਟ ਮੈਨੂੰ ਪ੍ਰਕਾਸ਼ ਸਿੰਘ ਨੇ ਵਿਖਾਇਆ ਸੀ, ਉਸ ਨੂੰ ਪਿੰਡ ਦੇ ਲੋਕ ਰੂੜੀ ਵਜੋਂ ਵਰਤਦੇ ਸਨ। ਹੁਣ ਉਹ ਵੀ ਖੁੱਸ ਗਈ। ਬਾਬਾ ਜੀ ਦੀ ਜਗ੍ਹਾ ਲਾਲ ਲਕੀਰ ਦੇ ਅੰਦਰ ਹੋਣ ਕਰਕੇ ਕਬਜ਼ੇ ਵਾਲੇ ਦੀ ਮੰਨੀ ਜਾਣੀ ਸੀ। ਇਸ ਤਰ੍ਹਾਂ ਇਕ ਮਹਾਨ ਦੇਸ਼ ਭਗਤ ਨਾਲ ਜੁੜਿਆ ਭੋਇੰ ਦਾ ਨਿੱਕਾ ਜਿਹਾ ਟੁਕੜਾ ਵੀ ਕਿਸੇ ਦੀ ਹਵੇਲੀ ਵਿਚ ਵਿਲੀਨ ਹੋ ਗਿਆ। ਫਿਰ ਉਸ ਵੇਲੇ ਪਿੰਡ ਦੇ ਸਰਪੰਚ ਨਾਲ ਬਾਬਾ ਜੀ ਦੀ ਯਾਦਗਾਰ ਉਸਾਰਨ ਬਾਰੇ ਗੱਲ ਕੀਤੀ ਗਈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇਕਰ ਪਿੰਡ ਦੀ ਪੰਚਾਇਤ ਜਗ੍ਹਾ ਦੇ ਦੇਵੇਗੀ ਤਾਂ ਅਸੀਂ ਪੈਸੇ ਇਕੱਤਰ ਕਰਕੇ ਲਾਇਬ੍ਰੇਰੀ ਦੀ ਉਸਾਰੀ ਕਰ ਲਵਾਂਗੇ, ਪਰ ਉਸ ਵੇਲੇ ਦੇ ਸਰਪੰਚ ਵੱਲੋਂ ਕੋਈ ਉਸਾਰੀਯੋਗ ਜਗ੍ਹਾ ਦੇਣ ਦੇ ਬਦਲੇ ਛੱਪੜ ਵਿਚੋਂ ਜਗ੍ਹਾ ਦੇਣ ਬਾਰੇ ਕਿਹਾ ਗਿਆ। ਛੱਪੜ ਵਾਲੀ ਜਗ੍ਹਾ ਕਾਫ਼ੀ ਡੂੰਘੀ ਅਤੇ ਢੁਕਵੀਂ ਨਹੀਂ ਸੀ। ਇਸ ਉਪਰੰਤ ਨੇੜਲੇ ਨਗਰ ਬਾਬਾ ਬਕਾਲਾ ਸਾਹਿਬ ਦੀ ਪੰਚਾਇਤ ਨਾਲ ਰਾਬਤਾ ਕੀਤਾ ਗਿਆ। ਪਿੰਡ ਦੇ ਮੋਹਤਬਰ ਬੰਦੇ ਲਾਇਬ੍ਰੇਰੀ ਲਈ ਜਗ੍ਹਾ ਦੇਣ ਲਈ ਮੰਨ ਤਾਂ ਗਏ, ਪਰ ਉਹ ਚਾਹੁੰਦੇ ਸਨ ਕਿ ਲਾਇਬ੍ਰੇਰੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ’ਤੇ ਰੱਖਿਆ ਜਾਵੇ।
ਇਸ ਪ੍ਰਕਾਰ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਲਾਇਬ੍ਰੇਰੀ ਬਣਾਉਣ ਦਾ ਸੁਪਨਾ ਵੀ ਅਧਵਾਟੇ ਹੀ ਰਹਿ ਗਿਆ। ਆਖ਼ਰ ਨੂੰ ਕਮੇਟੀ ਮੈਂਬਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਲਾਇਬ੍ਰੇਰੀ ਬਣਨ ਤਕ ਬਾਬਾ ਜਵਾਲਾ ਸਿੰਘ ਦੀ ਯਾਦ ਵਿਚ ਇਕ ਸਾਹਿਤਕ ਪੁਰਸਕਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਪੁਰਸਕਾਰ ਸਾਲ 2016 ਤੋਂ ਸਾਹਿਤ ਕਲਾ ਕੇਂਦਰ ਜਲੰਧਰ ਦੀ ਨਿਗਰਾਨੀ ਵਿਚ ਦਿੱਤਾ ਜਾ ਰਿਹਾ ਹੈ। ਸਮਾਗਮ ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਕੀਤਾ ਜਾਂਦਾ ਹੈ। ਪੁਰਸਕਾਰ ਦੀ ਰਾਸ਼ੀ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ ਆਸਟਰੇਲੀਆ ਵੱਲੋਂ ਦਿੱਤੀ ਜਾਂਦੀ ਹੈ ਅਤੇ ਸਮਾਗਮ ਦਾ ਪ੍ਰਬੰਧ ਡਾ. ਗੋਪਾਲ ਸਿੰਘ ਬੁੱਟਰ ਹੁਰਾਂ ਦੀ ਅਗਵਾਈ ਤਹਿਤ ਸਾਹਿਤ ਕਲਾ ਕੇਂਦਰ ਜਲੰਧਰ ਕਰਦਾ ਹੈ। ਇਸ ਲਈ ਇਸ ਵਾਰ ਨਾਮਜ਼ਦ ਰੰਗਕਰਮੀ ਅਨੀਤਾ ਸ਼ਬਦੀਸ਼ ਤੋਂ ਪਹਿਲਾਂ ਇਹ ਪੁਰਸਕਾਰ ਲੋਕ ਕਵੀ ਮਹਿੰਦਰ ਸਾਥੀ, ਮਾਰਕਸੀ ਆਲੋਚਕ ਡਾ. ਤੇਜਵੰਤ ਮਾਨ, ਇਨਕਲਾਬੀ ਸ਼ਾਇਰ ਦਰਸ਼ਨ ਖਟਕੜ ਅਤੇ ਲੋਕ ਕਹਾਣੀਕਾਰ ਅਤਰਜੀਤ ਨੂੰ ਮਿਲ ਚੁੱਕਾ ਹੈ।
ਇਸ ਉਪਰਾਲੇ ਦੇ ਨਾਲ ਨਾਲ ਪਿੰਡ ਠੱਠੀਆਂ ਵਿਚ ਬਾਬਾ ਜਵਾਲਾ ਸਿੰਘ ਦੀ ਯਾਦ ਵਿਚ ਲਾਇਬ੍ਰੇਰੀ ਉਸਾਰਨ ਲਈ ਯਤਨ ਜਾਰੀ ਹਨ। ਪਿੰਡ ਵਿਚ ਰਹਿੰਦੇ ਦਰਸ਼ਨ ਸਿੰਘ ਆਰੇ ਵਾਲਿਆਂ ਦੇ ਦੁਬਈ ਵਿਚ ਸਫਲ ਕਾਰੋਬਾਰੀ ਸਪੁੱਤਰ ਜੋਗਾ ਸਿੰਘ ਨੇ ਇਸ ਲਈ ਪਹਿਲਕਦਮੀ ਕਰਦਿਆਂ ਹਰ ਸੰਭਵ ਸਹਾਇਤਾ ਦਾ ਵਾਅਦਾ ਕੀਤਾ ਹੈ। ਪਿੰਡ ਵਿਚ ਉਨ੍ਹਾਂ ਦੇ ਨਿੱਕੇ ਸਪੁੱਤਰ ਹਰਜਿੰਦਰ ਸਿੰਘ ਬਮਰਾਹ ਅਤੇ ਹੋਰ ਸੂਝਵਾਨ ਨੌਜਵਾਨਾਂ ਨੇ ਰਲ ਕੇ ਗ਼ਦਰੀ ਬਾਬਾ ਜਵਾਲਾ ਸਿੰਘ ਯਾਦਗਾਰੀ ਕਲੱਬ ਦਾ ਗਠਨ ਕੀਤਾ ਹੈ। ਉਮੀਦ ਹੈ ਕਿ ਭਵਿੱਖ ਵਿਚ ਪਿੰਡ ਵਾਸੀਆਂ, ਪੰਚਾਇਤ, ਪੰਜਾਬ ਅਤੇ ਵਿਦੇਸ਼ਾਂ ਵਿਚ ਬੈਠੇ ਲੋਕ ਹਿਤੈਸ਼ੀ ਸੱਜਣਾਂ ਦੀ ਮਦਦ ਨਾਲ ਬਾਬਾ ਜੀ ਦੀ ਯਾਦ ਵਿਚ ਲਾਇਬ੍ਰੇਰੀ ਦੀ ਇਮਾਰਤ ਉਸਰ ਜਾਏਗੀ। ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਚ 7 ਫਰਵਰੀ ਨੂੰ ਹੋ ਰਹੇ ਸਮਾਗਮ ਵਿਚ ਜਿੱਥੇ ਪਿੰਡ ਵਾਸੀ ਅਤੇ ਇਲਾਕੇ ਦੇ ਪ੍ਰਗਤੀਸ਼ੀਲ ਵਿਅਕਤੀ ਹਾਜ਼ਰੀ ਭਰਨਗੇ, ਉੱਥੇ ਪਹਿਲੀ ਵਾਰ ਬਾਬਾ ਜਵਾਲਾ ਸਿੰਘ ਠੱਠੀਆਂ ਦੇ ਵੰਸ਼ ਵਿਚੋਂ ਉਨ੍ਹਾਂ ਦੀਆਂ ਪੜਦੋਹਤੀਆਂ ਹਰਪ੍ਰੀਤ ਕੌਰ ਰਈਆ ਖੁਰਦ, ਬਲਜੀਤ ਕੌਰ ਲੱਖਣ ਕੇ ਪੱਡੇ, ਰਣਜੀਤ ਕੌਰ ਰਮਾਣਾਚੱਕ, ਸੁਮਨ ਬੱਲ ਕਲਾਂ ਵੀ ਸ਼ਾਮਲ ਹੋਣਗੀਆਂ।
ਸੰਪਰਕ : +61410 584 302