ਸ਼ਹੀਦ ਭਾਈ ਮੇਵਾ ਸਿੰਘ ਦੀ ਗੌਰਵ ਗਾਥਾ

ਸ਼ਹੀਦ ਭਾਈ ਮੇਵਾ ਸਿੰਘ ਦੀ ਗੌਰਵ ਗਾਥਾ

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ (ਖੱਬੇ ) ਅਤੇ ਹਾਪਕਿਨਸਨ ਤੇ ਉਸ ਦੇ ਸਾਥੀ ਗੁਰੂ ਨਾਨਕ ਜਹਾਜ਼ ਕੌਮਾਗਾਟਾ ਮਾਰੂ ’ਤੇ (ਸੱਜੇ)।

ਡਾ. ਗੁਰਵਿੰਦਰ ਸਿੰਘ

ਇੱਕੀ ਅਕਤੂਬਰ 1914 ਨੂੰ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਨੂੰ ‘ਗੋਰਿਆਂ ਦਾ ਦੇਸ਼’ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਵਿਲੀਅਮ ਚਾਰਲਸ ਹੌਪਕਿਨਸਿਨ ਨੂੰ ਮਾਰਿਆ ਸੀ। ਭਾਈ ਮੇਵਾ ਸਿੰਘ ਦੇ 21 ਅਕਤੂਬਰ ਨੂੰ ਚੁੱਕੇ ਇਨਕਲਾਬੀ ਕਦਮ ਤੋਂ ਬਾਅਦ ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਦਾ ਮੁੱਢ ਬੱਝਿਆ। ਇਸ ਦਿਨ ਦਾ ਇਤਿਹਾਸ ਵਿਚਾਰਨਾ ਜ਼ਰੂਰੀ ਹੈ। ਸ਼ਹੀਦ ਭਾਈ ਮੇਵਾ ਸਿੰਘ ਦੀ ਮਹਾਨ ਕੁਰਬਾਨੀ ਦਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਜ਼ਿਕਰ ਨਾਂਮਾਤਰ ਹੀ ਮਿਲਦਾ ਹੈ। ਉਹ ਕੈਨੇਡਾ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ।

21 ਅਕਤੂਬਰ 1914 ਨੂੰ ਵੈਨਕੁਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਿਅਲ ਕੋਰਟ ਵਿੱਚ ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਐਂਗਲੋ-ਇੰਡੀਅਨ ਅਧਿਕਾਰੀ ਹਾਪਕਿਨਸਨ ਨੂੰ ਮਾਰ ਦਿੱਤਾ ਸੀ ਤੇ ਮਗਰੋਂ ਖ਼ੁਦ ਨੂੰ ਪੁਲੀਸ ਹਵਾਲੇ ਕਰ ਦਿੱਤਾ ਸੀ। ਇਹ ਕਹਾਣੀ ਊਧਮ ਸਿੰਘ ਵੱਲੋਂ ਲੰਡਨ ਵਿੱਚ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਓਡਵਾਇਰ ਨੂੰ 1940 ਵਿੱਚ ਮਾਰਨ ਨਾਲ ਕਾਫ਼ੀ ਮਿਲਦੀ ਹੈ, ਫ਼ਰਕ ਸਿਰਫ਼ ਏਨਾ ਹੈ ਕਿ ਭਾਈ ਮੇਵਾ ਸਿੰਘ ਨੇ ਇਹ ਕਾਰਨਾਮਾ 26 ਸਾਲ ਪਹਿਲਾਂ ਕੀਤਾ ਸੀ। ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਲੋਪੋਕੇ ਵਿਖੇ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। 20ਵੀਂ ਸਦੀ ਦੇ ਸ਼ੁਰੂ ਵਿੱਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਵੀ ਸੁਨਹਿਰੀ ਭਵਿੱਖ ਸਿਰਜਣ ਲਈ 1906 ਵਿੱਚ ਵੈਨਕੁਵਰ ਆ ਵੱਸੇ।

ਉਹਨੀਂ ਦਿਨੀਂ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨਾਉਣੀ ਮਿਸਾਲ 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ਵਿੱਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੁਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਇੱਥੇ ਹੀ 21 ਜੂਨ 1908 ਨੂੰ ਉਨ੍ਹਾਂ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖਿਲਾਫ਼ ਲੜਨ ਅਤੇ ਸੱਚ ’ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ।

ਉਨ੍ਹਾਂ ਦੇ ਜੀਵਨ ’ਤੇ ਗੁਰੂ ਨਾਨਕ ਜਹਾਜ਼ (ਕੌਮਾਗਾਟਾਮਾਰੂ) ਨੂੰ ਕੈਨੇਡਾ ਤੋਂ ਵਾਪਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ਵਿੱਚ ਗੁਰੂ ਨਾਨਕ ਜਹਾਜ਼ ਜਿਸ ਨੂੰ ਸਮੁੰਦਰੀ ਬੇੜੇ ਕੌਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੁਵਰ ਪੁੱਜਣ ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਰਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕ ਦਿੱਤਾ। ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ ਵਿੱਚ ਵੱਸਦੇ ਸਾਰੇ ਗ਼ਦਰੀ ਯੋਧਿਆਂ ਅੰਦਰ ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫ਼ੈਸਲਾ ਸੁਣਾ ਕੇ ਉਨ੍ਹਾਂ ਨੂੰ ਵਾਪਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਗ਼ਦਰੀ ਬਾਬਿਆਂ ਨੇ ਫ਼ੈਸਲਾ ਕੀਤਾ ਕਿ ਕੌਮਾਗਾਟਾਮਾਰੂ ਦੇ ਵਾਪਸ ਜਾਣ ਤੋਂ ਪਹਿਲਾਂ ਇਸ ਦੇ ਸਵਾਰਾਂ ਰਾਹੀਂ ਭਾਰਤ ਅੰਦਰ ਗ਼ਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੁਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ, ਜਿੱਥੋਂ ਹਥਿਆਰ ਖ਼ਰੀਦ ਕੇ ਅਗਲੇ ਦਿਨ ਵਾਪਸ ਪਰਤੇ। ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਲ ਹੁੰਦਿਆਂ, ਭਾਈ ਮੇਵਾ ਸਿੰਘ ਵੀ ਬਾਕੀ ਗ਼ਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।

ਹਿੰਦ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ ਭਾਈ ਮੇਵਾ ਸਿੰਘ ਲੋਪੋਕੇ ਨੂੰ ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗ਼ਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ 7 ਅਗਸਤ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਹੀ 23 ਜੁਲਾਈ ਨੂੰ ਕੌਮਾਗਾਟਾਮਾਰੂ ਜਹਾਜ਼ ਵੈਨਕੁਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗ਼ਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਸਿਖਰਾਂ ’ਤੇ ਸੀ।

ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗ਼ਦਰੀ ਬਾਬੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਇੱਕ ਸਰਕਾਰੀ ਪਿੱਠੂ ਤੇ ਕੌਮੀ ਗ਼ੱਦਾਰ ਬੇਲੇ ਜਿਆਣ ਨੇ ਹਾਪਕਿਨਸਨ ਦੀ ਸ਼ਹਿ ’ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ 5 ਸਤੰਬਰ 1914 ਨੂੰ ਵੈਨਕੁਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿੱਚੋਂ ਕਈ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ।

ਭਾਈ ਮੇਵਾ ਸਿੰਘ ਲੋਪੋਕੇ ਦੀ ਨਜ਼ਰ ਵਿੱਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵੱਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ, ਜਿਵੇਂ ਕੁਝ ਵਰ੍ਹਿਆਂ ਬਾਅਦ 1919 ਵਿੱਚ ਅੰਮ੍ਰਿਤਸਰ ਦੇ ਜੱਲ੍ਹਿਆਂ ਵਾਲਾ ਬਾਗ਼ ਵਿੱਚ ਸ਼ਾਂਤਮਈ ਇਕੱਠ ’ਤੇ ਗੋਲੀਆਂ ਚੱਲਦਿਆਂ ਬੇਕਸੂਰ ਸੈਂਕੜੇ ਲੋਕਾਂ ਦੀ ਸ਼ਹੀਦੀ ਮਗਰੋਂ ਊਧਮ ਸਿੰਘ ਦਾ ਖ਼ੂਨ ਖੌਲ ਉੱਠਿਆ ਸੀ ਤੇ ਉਸ ਨੇ ਖੂਨੀ ਸਾਕੇ ਲਈ ਜਨਰਲ ਡਾਇਰ ਤੇ ਮਾਈਕਲ ਓਡਵਾਇਰ ਨੂੰ ਦੋਸ਼ੀ ਮੰਨਦਿਆਂ ਸੋਧਣ ਦੀ ਸਹੁੰ ਖਾਈ ਸੀ। ਬੇਲਾ ਜਿਆਣ ਖਿਲਾਫ਼, ਵੈਨਕੁਵਰ ਦੀ ਸੂਬਾਈ ਅਦਾਲਤ ਵਿੱਚ ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ ਵਿੱਚ ਵਾਰੀ-ਵਾਰੀ ਲੈ ਕੇ ਗੋਲੀਆਂ ਦਾਗ਼ ਦਿੱਤੀਆਂ।

ਹਿੰਦ ਸਰਕਾਰ ਦਾ ਸੂਹੀਆ ਵਿਲੀਅਮ ਚਾਰਲਸ ਹਾਪਕਿਨਸਨ ਮੌਕੇ ’ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲੀਸ ਹਵਾਲੇ ਕਰ ਦਿੱਤਾ। 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵੱਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਚਾਅ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ ਵਿੱਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ ’ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਅਨੁਵਾਦਕ ਡਾਲਟਨ ਵੱਲੋਂ ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ, ਜਿਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਵਿੱਚ ਇਉਂ ਲਿਖਿਆ ਹੈ: ‘ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ੁਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੁਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ ਵਿੱਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ਵਿੱਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ਵਿੱਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈਂ ਹਾਪਕਿਨਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ।’ ਭਾਈ ਮੇਵਾ ਸਿੰਘ ਦਾ ਵੈਨਕੁਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ ਵਿੱਚ ਉਨ੍ਹਾਂ ਪਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਅ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ।

ਆਪਣੇ ਸ਼ਬਦਾਂ ਵਿੱਚ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ ਵਿੱਚ ਫ਼ੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। ਉਹ 11 ਜਨਵਰੀ 1915 ਨੂੰ ਨਿਊ ਵੈਸਟਮਿਨਿਸਟਰ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ ਵਿੱਚ ‘ਸ਼ਹੀਦ ਮੇਵਾ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ।

ਕੈਨੇਡਾ ਦੇ ਇਤਿਹਾਸ ਵਿੱਚ ਚਿੱਟੇ ਨਸਲਵਾਦ ਦੇ ਖ਼ਾਤਮੇ ਦੀ ਇਹ ਗੌਰਵਮਈ ਗਾਥਾ ਸਾਡਾ ਸ਼ਾਨਾਮੱਤਾ ਇਤਿਹਾਸ ਹੈ। ਇਸ ਦਿਨ ਨੂੰ ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਦੇ ਮੁੱਢ ਬੱਝਣ ਵਜੋਂ ਚੇਤੇ ਕਰਨਾ ਚਾਹੀਦਾ ਹੈ। ਨਿਊ ਵੈਸਟਮਿਨਿਸਟਰ ਸ਼ਹਿਰ ਦੇ ਸਿਟੀ ਕੌਂਸਲਰ ਚੱਕ ਪਿਕਮਾਇਰ ਨੇ ਭਾਈ ਮੇਵਾ ਸਿੰਘ ਲੋਪੋਕੇ ਦੇ ਇਤਿਹਾਸ ਨੂੰ ਵਿਚਾਰਨ ਮਗਰੋਂ ਸਿਟੀ ਕੌਂਸਲ ਵਿੱਚ 2020 ਨੂੰ ਮਤਾ ਲਿਆਂਦਾ ਸੀ ਅਤੇ ‘ਸ਼ਹੀਦ ਮੇਵਾ ਸਿੰਘ ਲੋਪੋਕੇ ਦਿਹਾੜੇ’ ਵਜੋਂ ਐਲਾਨ ਜਾਰੀ ਕਰਵਾਇਆ ਸੀ। ਇਸ ਸ਼ਹਿਰ ਵਿੱਚ ਹੀ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ।

ਸੰਪਰਕ: 604-825-1550

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All