ਹਰਜੀਤ ਅਟਵਾਲ
ਲੰਡਨ ਤੋਂ ਬਾਅਦ ਜੇ ਕੋਈ ਮੈਨੂੰ ਸ਼ਹਿਰ ਬਹੁਤਾ ਪਸੰਦ ਹੈ ਤਾਂ ਉਹ ਹੈ ਐਡਨਬਰਾ। ਐਡਨਬਰਾ ਵਿਚ ਘੁੰਮਦਿਆਂ ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਯੂਰੋਪ ਦੇ ਕਿਸੇ ਸ਼ਹਿਰ ਵਿਚ ਘੁੰਮ ਰਹੇ ਹੋਵੋ। ਪੱਥਰਾਂ ਦੀਆਂ ਬਣੀਆਂ ਉੱਚੀਆਂ ਉੱਚੀਆਂ ਇਮਾਰਤਾਂ ਮਨ ਵਿਚ ਧੂ ਪਾਉਂਦੀਆਂ ਹਨ। ਭਾਵੇਂ ਲੰਡਨ ਤੋਂ ਇਹ ਸਭ ਤੋਂ ਦੂਰਲਾ ਸ਼ਹਿਰ ਹੈ, ਫਿਰ ਵੀ ਮੈਂ ਇੱਥੇ ਕਈ ਵਾਰ ਗਿਆ ਹਾਂ। ਐਡਨਬਰਾ ਦੀ ਮੇਰੀ ਪਹਿਲੀ ਫੇਰੀ ਕੁਝ ਕਾਰਨਾਂ ਕਰਕੇ ਬਹੁਤੀ ਸੁਖਾਵੀਂ ਨਹੀਂ ਸੀ, ਪਰ ਸ਼ਹਿਰ ਫਿਰ ਵੀ ਮੈਨੂੰ ਬਹੁਤ ਖੂਬਸੂਰਤ ਲੱਗਿਆ ਸੀ। ਫਿਰ ਕਈ ਵਾਰ ਐਡਨਬਰਾ ਜਾਣ ਦਾ ਮੌਕਾ ਮਿਲਿਆ। ਹਰ ਵਾਰ ਐਡਨਬਰਾ ਵਿਚ ਕੁਝ ਨਵਾਂ ਦੇਖਣ, ਮਾਨਣ ਲਈ ਮਿਲਿਆ। ਜਦੋਂ ਵੀ ਸਕੌਟਲੈਂਡ ਜਾਣ ਦਾ ਮੌਕਾ ਲੱਗੇ ਤਾਂ ਐਡਨਬਰਾ ਜਾਣਾ ਜ਼ਰੂਰੀ ਹੁੰਦਾ ਹੈ ਤੇ ਸਕੌਟਲੈਂਡ ਆਏ ਸਾਲ ਜਾਣਾ ਰਹਿੰਦਾ ਹੀ ਹੈ। ਬਹੁਤੀ ਵਾਰ ਸਕੌਟਲੈਂਡ ਦੋਸਤਾਂ ਦੀ ਟੀਮ ਨਾਲ ਜਾਣਾ ਹੁੰਦਾ ਹੈ ਤੇ ਸਾਡੀ ਟੀਮ ਦਾ ਲੀਡਰ ਸ਼ਾਇਰ ਜਸਵਿੰਦਰ ਮਾਨ ਹੁੰਦਾ ਹੈ। ਸਕੌਟਲੈਂਡ ਜਾਂਦਿਆ ਐਡਨਬਰਾ ਜਾਣ ਦਾ ਕਾਰਨ ਇਕ ਤਾਂ ਸ਼ਹਿਰ ਦੀ ਖੂਬਸੂਰਤੀ ਹੈ ਤੇ ਉੱਥੇ ਰਹਿੰਦੇ ਦੋਸਤ ਸਟੀਵ ਤੇ ਐਲਕਸ ਵੀ ਹਨ। ਦੋਵੇਂ ਪੁਲੀਸ ਵਿਚ ਉੱਚ ਅਧਿਕਾਰੀ ਹਨ। ਕੇਂਦਰੀ ਐਡਨਬਰਾ ਦੇ ਦ੍ਰਿਸ਼ ਵੀ ਮਨ-ਮੋਹਣੇ ਹਨ ਤੇ ਇੱਥੇ ਲੱਗੇ ਬੁੱਤ ਵੀ। ਮੈਂ ਜਦੋਂ ਵੀ ਕਿਸੇ ਸ਼ਹਿਰ ਜਾਵਾਂ ਤਾਂ ਉੱਥੋਂ ਦੇ ਬੁੱਤਾਂ ਨੂੰ ਦੇਖਦਿਆਂ ਉਨ੍ਹਾਂ ਬਾਰੇ ਜਾਣਨ ਲਈ ਉਤਾਵਲਾ ਰਹਿੰਦਾ ਹਾਂ। ਬੁੱਤ ਲਾਉਣ ਦਾ ਕਾਰਨ ਉਸ ਬੁੱਤ ਵਾਲੇ ਇਨਸਾਨ ਦੀ ਕੋਈ ਨਾ ਕੋਈ ਖਾਸ ਸ਼ਖ਼ਸੀਅਤ ਹੁੰਦੀ ਹੈ। ਦੁਨੀਆਂ ਭਰ ਵਿਚ ਵਿਸ਼ੇਸ਼ ਲੋਕਾਂ ਦੇ ਬੁੱਤ ਲਾਏ ਜਾਂਦੇ ਹਨ, ਪਰ ਕਈ ਵਾਰ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦੇ ਬੁੱਤ ਵੀ ਲੱਗੇ ਮਿਲਦੇ ਹਨ ਜਿਵੇਂ ਕਿ ਘੋੜਿਆਂ, ਕੁੱਤਿਆਂ, ਸ਼ੇਰਾਂ, ਬਿੱਲੀਆਂ ਆਦਿ ਦੇ। ਐਡਨਬਰਾ ਵਿਚ ਵੀ ਇਵੇਂ ਹੀ ਹੈ। ਖੈਰ, ਇਹਦੇ ਬਾਰੇ ਗੱਲ ਬਾਅਦ ਵਿਚ ਕਰਦੇ ਹਾਂ। ਪਹਿਲਾਂ ਮੈਂ ਆਪਣੇ ਇਸ ਪਸੰਦੀਦਾ ਸ਼ਹਿਰ ਬਾਰੇ ਕੁਝ ਹੋਰ ਸਾਂਝਾ ਕਰ ਲਵਾਂ।
ਐਡਨਬਰਾ ਗਲਾਸਗੋ ਤੋਂ ਬਾਅਦ ਸਕੌਟਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਯੂਕੇ ਦਾ ਸੱਤਵੇਂ ਨੰਬਰ ਦਾ। ਇਹ ਪੰਦਰਵੀਂ ਸਦੀ ਤੋਂ ਸਕੌਟਲੈਂਡ ਦੀ ਰਾਜਧਾਨੀ ਚਲੀ ਆ ਰਹੀ ਹੈ। ਇੱਥੇ ਪਾਰਲੀਮੈਂਟ, ਸੁਪਰੀਮ ਕੋਰਟ ਤੇ ਹੋਰ ਸਾਰੇ ਉਹ ਅਦਾਰੇ ਹਨ ਜਿਹੜੇ ਰਾਜਧਾਨੀ ਵਿਚ ਹੁੰਦੇ ਹੀ ਹਨ। ਹੁਣ ਜਦੋਂ ਤੋਂ ਸਕੌਟਲੈਂਡ ਦੇ ਯੂਕੇ ਵਿਚੋਂ ਬਾਹਰ ਹੋਣ ਦੀ ਗੱਲ ਚੱਲ ਰਹੀ ਹੈ, ਇਨ੍ਹਾਂ ਸਰਕਾਰੀ ਇਮਰਾਤਾਂ ਨੂੰ ਰੰਗ-ਰੋਗਨ ਕਰਨ ਦੀਆਂ ਸਰਗਰਮੀਆਂ ਵਧ ਗਈਆਂ ਹਨ। ਇਸ ਦੀ ਆਬਾਦੀ ਪੰਜ ਲੱਖ ਦੇ ਕਰੀਬ ਹੈ ਜਿਸ ਵਿਚੋਂ ਇਕ ਛੋਟਾ ਜਿਹਾ ਹਿੱਸਾ ਪਰਵਾਸੀ ਲੋਕ ਜਾਣੀ ਕਿ ਕੁਝ ਹੋਰਨਾਂ ਮੁਲਕਾਂ ਤੇ ਰੰਗਾਂ ਦੇ ਲੋਕ ਸ਼ਾਮਲ ਹਨ। ਮਿਸਾਲ ਦੇ ਤੌਰ ’ਤੇ ਪੰਜ ਹਜ਼ਾਰ ਦੇ ਕਰੀਬ ਭਾਰਤੀ ਇੱਥੇ ਰਹਿੰਦੇ ਹਨ, ਢਾਈ ਹਜ਼ਾਰ ਦੇ ਨੇੜੇ ਤੇੜੇ ਪਾਕਿਸਤਾਨੀ, ਪਰ ਪੋਲਿਸ਼ ਸਭ ਤੋਂ ਵੱਧ ਜਾਣੀ ਕਿ ਗਿਆਰਾਂ ਹਜ਼ਾਰ ਵਸਦੇ ਹਨ। ਐਡਨਬਰਾ ਮੇਲਿਆਂ-ਮੁਸਾਬਿਆਂ, ਕਲਚਰ, ਨਵੀਆਂ-ਪੁਰਾਣੀਆਂ ਇਮਾਰਤਾਂ, ਸਿਨਮਿਆਂ-ਥੀਏਟਰਾਂ, ਮਿਊਜ਼ੀਅਮਾਂ ਆਦਿ ਲਈ ਬਹੁਤ ਮਸ਼ਹੂਰ ਸ਼ਹਿਰ ਹੈ। ਇੱਥੇ ਤਿੰਨ ਪ੍ਰਮੁੱਖ ਯੂਨੀਵਰਸਿਟੀਆਂ ਹਨ। ਐਡਨਬਰਾ ਕੈਸਲ, ਰੋਆਇਲ ਮਾਈਲ, ਰੋਆਇਲ ਬਟਾਨਿਕ ਗਾਰਡਨ, ਆਰਥਰ ਸੀਟ ਵਰਗੀਆਂ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਹਨ। ਪ੍ਰਿੰਸਸ ਸਟਰੀਟ ਉੱਪਰ ਐਡਨਬਰਾ ਕੈਸਲ ਵੱਲ ਦੀ ਚੁਹਲ-ਕਦਮੀ ਬਹੁਤ ਮਨਭਾਉਂਦੀ ਹੈ। ਇੱਥੋਂ ਦੇ ਦ੍ਰਿਸ਼ ਤੇ ਲੈਂਡ-ਸਕੇਪ ਏਨੇ ਖੂਬਸੂਰਤ ਹਨ ਕਿ ਹੌਲੀਵੁੱਡ ਤੇ ਬੌਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਇੱਥੇ ਹੁੰਦੀ ਹੈ। ਐਡਨਬਰਾ ਦੁਨੀਆਂ ਦੇ ਬਹੁਤ ਸਾਰੇ ਮਸ਼ਹੂਰ ਲੋਕਾਂ ਦੀ ਜਨਮ-ਭੂਮੀ ਵੀ ਹੈ। ਜਿਨ੍ਹਾਂ ਵਿਚ ਸਰਵਾਲਟਰ ਸਕੌਟ, ਸੀਅਨ ਕੌਨਰੀ, ਚਾਰਲਸ ਡਾਰਵਿਨ, ਜੇਮਜ਼ ਕਲਾਰਕ ਮੈਕਸਵੈਲ ਆਦਿ ਸ਼ਾਮਲ ਹਨ।
ਹਾਂ, ਇੱਥੇ ਲੱਗੇ ਬੁੱਤਾਂ ਦੀ ਗੱਲ ਕਰੀਏ ਤਾਂ ਐਡਨਬਰਾ ਦੇ ਕੇਂਦਰ ਜੌਰਜ ਸਟਰੀਟ ਵਿਚ ਬਹੁਤ ਸਾਰੇ ਮਸ਼ਹੂਰ ਲੋਕਾਂ ਦੇ ਬੁੱਤ ਲੱਗੇ ਹੋਏ ਹਨ। ਪੂਰੇ ਐਡਨਬਰਾ ਵਿਚ ਤਾਂ ਸੈਂਕੜਿਆਂ ਦੇ ਸੈਂਕੜੇ ਬੁੱਤ ਹੋਣਗੇ। ਪਿੱਛੇ ਜਿਹੇ ਜਦੋਂ ‘ਬਲੈਕ ਲਾਈਵਜ਼ ਮੈਟਰ’ ਲਹਿਰ ਅਧੀਨ ਨਸਲਵਾਦੀ ਲੋਕਾਂ ਦੀ ਖਿਲਾਫਤ ਕਰਦਿਆਂ ਬਰਤਾਨੀਆ ਵਿਚ ਬਹੁਤ ਸਾਰੇ ਬੁੱਤਾਂ ਦੀ ਤੋੜ ਫੋੜ ਸ਼ੁਰੂ ਹੋਈ ਤਾਂ ਇਸ ਦਾ ਅਸਰ ਇਸ ਸ਼ਹਿਰ ਵਿਚ ਵੀ ਹੋਇਆ। ਐਡਨਬਰਾ ਦੇ ਸੱਠ ਤੋਂ ਉੱਪਰ ਬੁੱਤ ਵੀ ਇਸ ਲਹਿਰ ਦੀ ਮਾਰ ਹੇਠ ਸਨ। ਸਭ ਤੋਂ ਵੱਧ ਵਿਰੋਧ ਹੈਨਰੀ ਡੁਨਡਾਸ ਦੇ ਬੁੱਤ ਦਾ ਸੀ, ਪਰ ਪੁਲੀਸ ਦੇ ਦਖਲ ਨਾਲ ਹਾਲੇ ਤਕ ਬਚਾਅ ਹੈ।
ਐਡਨਬਰਾ ਵਿਚ ਬੁੱਤ ਲਾਉਣ ਦੇ ਢੰਗ ਵਿਚ ਇਕ ਵੱਡਾ ਕਾਣ ਹੈ। ਕਾਣ ਇਹ ਹੈ ਕਿ ਸ਼ਹਿਰ ਵਿਚ ਆਦਮੀਆਂ ਦੇ ਬੁੱਤ ਤਾਂ ਕਾਫ਼ੀ ਹਨ, ਪਰ ਔਰਤਾਂ ਦੇ ਬਹੁਤ ਹੀ ਘੱਟ ਹਨ। ਔਰਤਾਂ ਦੇ ਮੁਕਾਬਲੇ ਜਾਨਵਰਾਂ ਦੇ ਬੁੱਤ ਜ਼ਿਆਦਾ ਮਿਲਦੇ ਹਨ। ਕੁੱਤੇ, ਰਿੱਛ ਤੇ ਜ਼ਿਰਾਫ ਵਰਗੇ ਜਾਨਵਰਾਂ ਦੇ ਬੁੱਤ ਤਾਂ ਸ਼ਹਿਰ ਵਿਚ ਹਨ, ਪਰ ਔਰਤਾਂ ਦੇ ਸਿਰਫ਼ ਦੋ ਹੀ ਬੁੱਤ ਹਨ ਜਦੋਂ ਕਿ ਸ਼ਹਿਰ ਵਿਚ ਬਹੁਤ ਸਾਰੀਆਂ ਮਸ਼ਹੂਰ ਔਰਤਾਂ ਹੋਈਆਂ ਹਨ ਜਿਨ੍ਹਾਂ ਦੇ ਬੁੱਤ ਲਾਏ ਜਾ ਸਕਦੇ ਸਨ। ਅਸਲ ਵਿਚ ਇਹ ਸਵਾਲ ‘ਮਹਿਲਾ ਦਿਵਸ’ ਉੱਪਰ ਉਠਾਇਆ ਗਿਆ ਹੈ। ਇਸ ਬਾਰੇ ਬੀਬੀਸੀ ਉੱਪਰ ਰੋਏ ਸਨਕੈਨੀ ਨਾਂ ਦੀ ਇਕ ਕੁੜੀ ਨੇ ਪੂਰਾ ਪ੍ਰੋਗਰਾਮ ਕੀਤਾ ਹੈ ਕਿ ਐਡਨਬਰਾ ਦੇ ਬੁੱਤਾਂ ਦੇ ਵਿਧੀ ਵਿਧਾਨ ਵਿਚ ਵੱਡੀ ਕਾਣ ਹੈ। ਬਹੁਤ ਸਾਰੇ ਅਜਿਹੇ ਲੋਕਾਂ ਦੇ ਬੁੱਤ ਹਨ ਜਿਨ੍ਹਾਂ ਦਾ ਐਡਨਬਰਾ ਨਾਲ ਬਹੁਤਾ ਵਾਹ ਨਹੀਂ ਜਿਵੇਂ ਕਿ ਅਬਰਾਹਿਮ ਲਿੰਕਨ ਜੋ ਅਮਰੀਕਨ ਰਾਸ਼ਟਰਪਤੀ ਸੀ, ਪਰ ਉਸ ਦਾ ਬੁੱਤ ਸ਼ਹਿਰ ਵਿਚ ਲੱਗਾ ਹੋਇਆ ਹੈ। ਸਿਕੰਦਰ ਜੋ ਕਦੇ ਇਸ ਪਾਸੇ ਦੀ ਵੀ ਨਹੀਂ ਲੰਘਿਆ, ਉਸ ਦਾ ਬੁੱਤ ਵੀ ਸ਼ਹਿਰ ਵਿਚ ਲੱਗਾ ਹੋਇਆ ਹੈ।
੍ਪ੍ਰਿੰਸਸ ਸਟਰੀਟ ਗਾਰਡਨ ’ਤੇ ਇਕ ਮਸ਼ਹੂਰ ਕੁੱਤੇ ਦਾ ਬੁੱਤ ਹੈ ਜਿਸ ਨੇ ਆਪਣੇ ਮਾਲਕ ਦੀ ਮੌਤ ਤੋਂ ਬਾਅਦ ਆਪਣੀ ਬਾਕੀ ਦੀ ਉਮਰ ਆਪਣੇ ਮਾਲਕ ਦੀ ਕਬਰ ਉੱਪਰ ਹੀ ਬਿਤਾ ਦਿੱਤੀ। ਇਵੇਂ ਹੀ ਵੋਜਟਿਕ ਨਾਮੀ ਬੀਅਰ (ਰਿੱਛ) ਦਾ ਬੁੱਤ ਵੀ ਲੱਗਾ ਹੋਇਆ ਹੈ ਤੇ ਇਕ ਥਾਵੇਂ ਦੋ ਜ਼ਿਰਾਫਾਂ ਦੇ ਨਵੇਂ ਢੰਗ ਦੇ ਬੁੱਤ ਵੀ ਹਨ। ਮਰਦਾਂ ਦੇ ਬੁੱਤ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਹਨ। ਇਸ ਦੇ ਮੁਕਾਬਲੇ ਔਰਤਾਂ ਦੇ ਸਿਰਫ਼ ਦੋ ਬੁੱਤ ਹਨ। ਇਕ ਬੁੱਤ ਹੈਲਨ ਕਰੁਮੀ ਨਾਂ ਦੀ ਔਰਤ ਦਾ ਹੈ ਜਿਸ ਨੇ ਕਰੇਗ ਮਿਲਰ ਫੈਸਟੀਵਲ ਸੁਸਾਇਟੀ ਦਾ ਨਿਰਮਾਣ ਕੀਤਾ ਸੀ ਤੇ ਦੂਜਾ ਬੁੱਤ ਕੁਈਨ ਵਿਕਟੋਰੀਆ ਦਾ ਹੈ ਜੋ ਕਿ ਯੂਕੇ ਦੀ ਮਹਾਰਾਣੀ ਹੋਈ ਹੈ। ਇਸ ਤੋਂ ਬਿਨਾਂ ਕਿਸੇ ਵੀ ਔਰਤ ਦਾ ਕੋਈ ਬੁੱਤ ਨਹੀਂ ਹੈ। ਜਦੋਂ ਕਿ ਐਡਨਬਰਾ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਮਸ਼ਹੂਰ ਔਰਤਾਂ ਹੋਈਆਂ ਹਨ। ਰੋਏ ਸਨਕੈਨੀ ਨੇ ਬੀਬੀਸੀ ਉੱਪਰ ਦਿੱਤੇ ਪ੍ਰੋਗਰਾਮ ਵਿਚ ਕੁਝ ਨਾਂ ਸੁਝਾਏ ਹਨ ਜਿਨ੍ਹਾਂ ਦੇ ਬੁੱਤ ਸ਼ਹਿਰ ਵਿਚ ਲਾਏ ਜਾ ਸਕਦੇ ਹਨ। ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਕ੍ਰਿਸਟਲ ਮੈਕਮਿਲਨ ਦਾ ਹੈ। ਕ੍ਰਿਸਟਲ ਮੈਕਮਿਲਨ ਐਡਨਬਰਾ ਦੀ ਯੂਨੀਵਰਸਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਪਹਿਲੀ ਔਰਤ ਸੀ। ਉਸ ਨੇ ਔਰਤਾਂ ਦੀ ਅੰਤਰਰਾਸ਼ਟਰੀ ਲੀਗ ਫਾਰ ਪੀਸ ਐਂਡ ਫਰੀਡਮ ਬਣਾਈ ਸੀ ਜਿਹੜੀ ਅੱਜ ਵੀ ਦੁਨੀਆਂ ਵਿਚ ਹੋਣ ਵਾਲੀਆਂ ਲੜਾਈਆਂ ਨੂੰ ਰੋਕਣ ਲਈ ਕੰਮ ਕਰਦੀ ਆ ਰਹੀ ਹੈ। ਉਂਜ ਇਸ ਔਰਤ ਦੇ ਨਾਂ ’ਤੇ ‘ਦਿ ਕ੍ਰਿਸਟਲ ਮੈਕਮਿਲਨ ਬਿਲਡਿੰਗ’ ਜੌਰਜ ਸਟਰੀਟ ਉੱਪਰ ਇਕ ਇਮਾਰਤ ਹੈ, ਪਰ ਕੋਈ ਬੁੱਤ ਨਹੀਂ ਹੈ।
ਐਗਨਿਸ ਯੈਵੰਦੇ ਸੈਵੇਜ ਸਕੌਟਲੈਂਡ ਵਿਚ ਜੰਮੀ ਨਾਈਜੀਰੀਅਨ ਮੂਲ ਦੀ ਔਰਤ ਸੀ। ਉਹ ਪਹਿਲੀ ਔਰਤ ਸੀ ਜਿਸ ਨੇ ਔਰਥੋਡੌਕਸ ਮੈਡੀਸਨ ਵਿਚ ਦਾਖਲਾ ਲੈਣ ਦੀ ਯੋਗਤਾ ਹਾਸਲ ਕੀਤੀ ਸੀ ਤੇ 1929 ਵਿਚ ਡਿਗਰੀ ਪ੍ਰਾਪਤ ਕਰ ਲਈ ਸੀ। ਉਸ ਨਾਲ ਉਸ ਦੇ ਔਰਤ ਹੋਣ ਤੇ ਕਾਲੇ ਰੰਗ ਦੀ ਹੋਣ ਕਰਕੇ ਬਹੁਤ ਦੁਰਵਿਵਹਾਰ ਕੀਤਾ ਜਾਂਦਾ ਸੀ, ਪਰ ਫਿਰ ਵੀ ਉਸ ਨੇ ਕਮਾਲ ਦੀ ਕਾਮਯਾਬੀ ਹਾਸਲ ਕੀਤੀ ਤੇ ਉਸ ਨੇ ਅਫ਼ਰੀਕਨ ਮੁਲਕ ਘਾਨਾ ਵਿਚ ਇਕ ਨਰਸਿੰਗ ਕਾਲਜ ਬਣਾਇਆ ਜੋ ਅੱਜ ਵੀ ਚੱਲ ਰਿਹਾ ਹੈ। ਉਹ ਵੀ ਹੱਕਦਾਰ ਬਣਦੀ ਹੈ ਕਿ ਉਸ ਦਾ ਬੁੱਤ ਲੱਗੇ।
ਐਲਜ਼ੀ ਇੰਗਲਿਸ਼ ਨੇ ਪਹਿਲੇ ਵਿਸ਼ਵ ਯੁੱਧ ਵਿਚ ਸਕੌਟਿਸ਼ ਔਰਤਾਂ ਲਈ ਹਸਪਤਾਲ ਬਣਾਇਆ ਤੇ ਫਰੰਟਲਾਈਨ ’ਤੇ ਲੜਦੇ ਸਿਪਾਹੀਆਂ ਦੀ ਦੇਖਭਾਲ ਕੀਤੀ। ਉਸ ਨੇ ਆਪਣੀ ਟੀਮ ਨਾਲ ਰਲ ਕੇ ਫਰਾਂਸ, ਰੂਸ ਤੇ ਸਰਬੀਆ ਵਿਚ ਜਾ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ। ਐਲਜ਼ੀ ਦਾ ਇਤਿਹਾਸ ਵਿਚ ਖਾਸ ਥਾਂ ਹੈ ਸੋ ਉਸ ਦਾ ਬੁੱਤ ਵੀ ਲੱਗਣਾ ਚਾਹੀਦਾ ਹੈ।
ਡੇਮਮਰੀਅਲਸ ਪਾਰਕ ਐਡਨਬਰਾ ਦੀ ਜੰਮੀ ਇਕ ਪ੍ਰਸਿੱਧ ਲੇਖਿਕਾ ਹੋਈ ਹੈ। ਜਿਸ ਨੇ ਬਹੁਤ ਸਾਰੇ ਕਾਮਯਾਬ ਨਾਵਲ ਲਿਖੇ ਹਨ। ਉਸ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲ ‘ਦਿ ਪ੍ਰਾਈਮ ਔਫ ਮਿਸਜੀਨ ਬ੍ਰਿਜ’ ਅੱਜ ਵੀ ਤੀਬਰਤਾ ਨਾਲ ਵਿਚਾਰਿਆ ਜਾਂਦਾ ਹੈ। ਉਹ ਵੀ ਬੁੱਤ ਲੱਗਣ ਦੀ ਹੱਕਦਾਰ ਬਣਦੀ ਹੈ।
‘ਦਿ ਐਡਨਬਰਾ ਸੈਵਨ’ ਨਾਂ ਦਾ ਸੱਤ ਕੁੜੀਆਂ ਦਾ ਇਕ ਮਸ਼ਹੂਰ ਗਰੁੱਪ ਹੋਇਆ ਹੈ। ਇਨ੍ਹਾਂ ਦੀ ਕਹਾਣੀ ਇਹ ਸੀ ਕਿ ਇਹ ਸੱਤ ਕੁੜੀਆਂ ਬ੍ਰਿਟਿਸ਼ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੀਆਂ ਪਹਿਲੀਆਂ ਔਰਤਾਂ ਸਨ। ਪੂਰਾ ਸਮਾਂ ਉਨ੍ਹਾਂ ਨੇ ਪੜ੍ਹਾਈ ਕੀਤੀ, ਪਰ ਇਮਤਿਹਾਨਾਂ ਦੇ ਦਿਨਾਂ ਵਿਚ ਕੁਝ ਅਜਿਹਾ ਵਾਪਰਿਆ ਕਿ ਇਨ੍ਹਾਂ ਕੁੜੀਆਂ ਉੱਪਰ ਭੰਨ-ਤੋੜ ਦੇ ਇਲਜ਼ਾਮ ਲਾ ਕੇ ਇਨ੍ਹਾਂ ਨੂੰ ਡਿਗਰੀਆਂ ਨਾ ਦਿੱਤੀਆਂ ਗਈਆਂ ਹਾਲਾਂਕਿ ਉਨ੍ਹਾਂ ਨੇ ਇਹ ਇਮਤਿਹਾਨ ਪਾਸ ਕਰ ਲਏ ਸਨ। ਇਨ੍ਹਾਂ ਸੱਤ ਕੁੜੀਆਂ ਨੇ ਬਾਹਰਲੇ ਮੁਲਕਾਂ ਤੋਂ ਜਾ ਕੇ ਡਿਗਰੀਆਂ ਲਈਆਂ। ਇਨ੍ਹਾਂ ਵਿਚੋਂ ਇਕ ਔਰਤ ਜਿਸ ਦਾ ਨਾਂ ਸੋਫੀਆਜੈਕ-ਬਲੇਕ ਸੀ। ਉਸ ਨੇ ਵਾਪਸ ਐਡਨਬਰਾ ਵਿਚ ਆ ਕੇ ਡਾਕਟਰੀ ਦੀ ਪ੍ਰੈਕਟਿਸ ਵੀ ਕੀਤੀ। ਉਹ ਸ਼ਹਿਰ ਦੀ ਪਹਿਲੀ ਔਰਤ ਡਾਕਟਰ ਸੀ। ਹੋਰ ਕਿਸੇ ਦਾ ਨਹੀਂ ਤਾਂ ਇਸ ਦਾ ਬੁੱਤ ਤਾਂ ਲੱਗਣਾ ਹੀ ਚਾਹੀਦਾ ਹੈ।
ਇਵੇਂ ਹੀ ਦੋ ਹੋਰ ਔਰਤਾਂ ਹੋਈਆਂ ਹਨ, ਜੇਨ ਸਮੀਅਲ ਤੇ ਉਸ ਦੀ ਮਤਰੇਈ ਧੀ ਏਲੀਜ਼ਾ ਵਿਗੇਮ। ਇਨ੍ਹਾਂ ਦੋਵਾਂ ਨੇ ਔਰਤਾਂ ਤੇ ਕਾਲੇ ਲੋਕਾਂ ਦੇ ਹੱਕਾਂ ਲਈ ਸਭ ਤੋਂ ਪਹਿਲੀਆਂ ਵਿਚ ਆਵਾਜ਼ ਉਠਾਈ ਤੇ ਇਸ ਸਬੰਧੀ ਯੂਕੇ ਵਿਚ ਸੁਸਾਇਟੀਆਂ ਬਣਾਈਆਂ। ਇਕ ਸੁਸਾਇਟੀ ਵੱਲੋਂ ਇਨ੍ਹਾਂ ਨੇ ਅਮਰੀਕਾ ਵਿਚ ਗ਼ੁਲਾਮਾਂ ਨੂੰ ਆਜ਼ਾਦ ਕਰਾਉਣ ਲਈ ਹਜ਼ਾਰਾਂ ਪੌਂਡ ਇਕੱਠੇ ਕੀਤੇ ਤੇ ਬਹੁਤ ਸਾਰੇ ਗ਼ੁਲਾਮਾਂ ਨੂੰ ਅਮਰੀਕਨਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਕੈਨੇਡਾ ਭੇਜ ਕੇ ਆਜ਼ਾਦ ਜ਼ਿੰਦਗੀ ਜਿਉਣ ਵਿਚ ਮਦਦ ਕੀਤੀ।
ਇਵੇਂ ਹੋਰ ਵੀ ਬਹੁਤ ਸਾਰੇ ਖੇਤਰਾਂ ਵਿਚ ਮਹੱਤਵਪੂਰਨ ਔਰਤਾਂ ਹੋਈਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਨੂੰ ਸੈਲੀਬਰੇਟ ਕੀਤਾ ਜਾਣਾ ਚਾਹੀਦਾ ਹੈ। ਹੋਰਨਾਂ ਬੁੱਤਾਂ ਦੇ ਨਾਲ ਨਾਲ ਇਨ੍ਹਾਂ ਔਰਤਾਂ ਦੇ ਬੁੱਤ ਵੀ ਐਡਨਬਰਾ ਵਿਚ ਲੱਗਣੇ ਚਾਹੀਦੇ ਹਨ। ਇਸ ਬਾਰੇ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਸਕੌਟਲੈਂਡ ਦੀ ਫਸਟ ਮਨਿਸਟਰ ਵੀ ਉਨ੍ਹਾਂ ਨਾਲ ਹੈ। ਉਮੀਦ ਹੈ ਕਿ ਜਦੋਂ ਵੀ ਅਸੀਂ ਅਗਲੀ ਵਾਰ ਐਡਨਬਰਾ ਜਾਈਏ ਤਾਂ ਔਰਤਾਂ ਦੇ ਬਹੁਤ ਸਾਰੇ ਬੁੱਤ ਲੱਗੇ ਹੋਣਗੇ।
ਈ-ਮੇਲ : harjeetatwal@hotmail.co.uk