ਦਲਜਿੰਦਰ ਰਹਿਲ
ਯੂਰੋਪ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ 6 ਦਸੰਬਰ ਨੂੰ ਸੁਰਜੀਤ ਪਾਤਰ ਦੀ ਪ੍ਰਧਾਨਗੀ ਵਿਚ ਔਨਲਾਈਨ ਯੂਰੋਪੀ ਪੰਜਾਬੀ ਕਵੀ ਦਰਬਾਰ ਕਰਾਇਆ ਗਿਆ। ਇਸ ਵਿਚ ਯੂਰੋਪ ਦੇ ਵੱਖ ਵੱਖ ਮੁਲਕਾਂ ਵਿਚ ਵਸਦੇ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਦੇ ਹੱਕ ਵਿਚ ਆਪਣੀਆਂ ਕਵਿਤਾਵਾਂ ਤੇ ਵਿਚਾਰ ਸਾਂਝੇ ਕੀਤੇ ਗਏ।
ਸਮਾਗਮ ਦੀ ਸ਼ੁਰੂਆਤ ਵਿਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਲੋਕ ਪੱਖੀ ਹੁੰਗਾਰੇ ਦਾ ਸਮਰਥਨ ਕਰਦੇ ਹੋਏ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਜਲਦੀ ਹੱਲ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਕੇਹਰ ਸ਼ਰੀਫ ਜਰਮਨ ਅਤੇ ਕੁਲਵੰਤ ਕੌਰ ਢਿਲੋਂ ਯੂਕੇ ਵੱਲੋਂ ਕਿਸਾਨਾਂ ਦੇ ਹੱਕ ਵਿਚ ਹੋਕਾ ਦਿੰਦੀਆਂ ਰਚਨਾਵਾਂ ਪੜ੍ਹੀਆਂ ਗਈਆਂ।
ਬ੍ਰਿਟਿਸ਼ ਕੋਲੰਬੀਆ ਤੋਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਉੱਘੇ ਲੇਖਕ ਰਵਿੰਦਰ ਰਵੀ ਨੇ ਪੰਜਾਬ ਦੇ ਪਿਛੋਕੜ, ਮੌਜੂਦਾ ਅੰਦੋਲਨ, ਪਰਵਾਸੀ ਲੇਖਕਾਂ ਅਤੇ ਪਰਵਾਸੀ ਸਹਿਤ ਬਾਰੇ ਗੱਲ ਕਰਦਿਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਉਪਰੰਤ ਸਭਾ ਦੇ ਮੀਤ ਪ੍ਰਧਾਨ ਰਾਣਾ ਅਠੋਲਾ, ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਸਤਵੀਰ ਸਾਂਝ ਇਟਲੀ, ਸ਼ਾਕਿਰ ਅਲੀ ਅਮਜਦ ਜਰਮਨ, ਨੀਲੂ ਜਰਮਨ, ਜੀਤ ਸੁਰਜੀਤ ਬੈਲਜੀਅਮ ਅਤੇ ਹੋਠੀ ਬਲਾਂ ਵਾਲਾ ਇਟਲੀ ਵੱਲੋਂ ਕਵਿਤਾ ਪਾਠ ਕੀਤਾ ਗਿਆ। ਸਮਾਗਮ ਦੇ ਮੱਧ ਵਿਚ ਕਵੀ ਦਰਬਾਰ ਦੀ ਪ੍ਰਧਾਨਗੀ ਕਰ ਰਹੇ ਸੁਰਜੀਤ ਪਾਤਰ ਨੇ ਇਤਿਹਾਸ ਦਾ ਹਵਾਲਾ ਦੇ ਕੇ ਪੰਜਾਬੀ ਵਿਰਾਸਤ ਦੀ ਗੱਲ ਕਰਦਿਆਂ ਕਿਹਾ ਕਿ ਇਹ ਸੰਘਰਸ਼ ਸਿਰਫ਼ ਜ਼ਮੀਨਾਂ ਦਾ ਨਹੀਂ ਬਲਕਿ ਅਪਣੀ ਹੋਂਦ, ਪਛਾਣ ਤੇ ਜ਼ਮੀਰਾਂ ਦਾ ਵੀ ਹੈ। ਉਨ੍ਹਾਂ ਨੇ ਫਿਰ ਕਿਸਾਨਾਂ ਦੇ ਹੱਕ ਵਿਚ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਤੇ ਸਭਾ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਵਿਰਾਸਤ ਨੂੰ ਵਿਦੇਸ਼ੀ ਧਰਤੀਆਂ ’ਤੇ ਵੀ ਸਾਂਭੀ ਰੱਖਣ ਲਈ ਪਰਵਾਸੀ ਪੰਜਾਬੀ ਵਧਾਈ ਦੇ ਹੱਕਦਾਰ ਹਨ।
ਇਸ ਤੋਂ ਬਾਅਦ ਇਸ ਕਾਵਿ ਸੰਮੇਲਨ ਵਿਚ ਕੁਲਵੰਤ ਕੌਰ ਚੰਨ ਫਰਾਂਸ, ਸਿੱਕੀ ਝੱਜੀ ਪਿੰਡ ਵਾਲਾ ਇਟਲੀ, ਦਲਜੀਤ ਕੌਰ ਨਿਝਰਾਂ ਯੂਕੇ, ਗੁਰਮੇਲ ਕੌਰ ਸੰਘਾ ਯੂਕੇ, ਯਾਦਵਿੰਦਰ ਸਿੰਘ ਬਾਗੀ ਇਟਲੀ, ਬਲਦੇਵ ਸਿੰਘ, ਮਨਦੀਪ ਖੁਰਮੀ ਗਲਾਸਗੋ, ਪ੍ਰੋ. ਜਸਪਾਲ ਸਿੰਘ ਇਟਲੀ, ਬਲਵਿੰਦਰ ਸਿੰਘ ਚਾਹਲ ਅਤੇ ਦਲਜਿੰਦਰ ਰਹਿਲ ਵੱਲੋਂ ਰਚਨਾਵਾਂ ਪੜ੍ਹੀਆਂ ਗਈਆਂ। ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਮਰਪਿਤ ਇਸ ਕਵੀ ਦਰਬਾਰ ਵਿਚ ਦੇਸ਼ ਵਿਦੇਸ਼ ਤੋਂ ਜ਼ੂਮ ਰਾਹੀਂ ਸ਼ਾਮਲ ਹੋਏ ਸਰੋਤਿਆਂ ਵਿਚ ਡਾ. ਆਸਾ ਸਿੰਘ ਘੁਮਾਣ ਵਰਗੀਆਂ ਸ਼ਖ਼ਸੀਅਤਾਂ ਵੀ ਸ਼ਾਮਲ ਸਨ। ਅੰਤ ਵਿਚ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਡਾ. ਐੱਸ. ਪੀ. ਸਿੰਘ ਵੱਲੋਂ ਇਸ ਉਪਰਾਲੇ ਲਈ ਸਭਾ ਨੂੰ ਵਧਾਈ ਦਿੰਦਿਆਂ ਅਜਿਹੇ ਸਾਹਿਤਕ ਸਮਾਗਮ ਭਵਿੱਖ ਵਿਚ ਵੀ ਨਿਰੰਤਰ ਜਾਰੀ ਰੱਖਣ ਲਈ ਕਿਹਾ।
ਈਮੇਲ: dal.rahel@gmail.com