ਗੁਰਮਲਕੀਅਤ ਸਿੰਘ ਕਾਹਲੋਂ
ਪੰਜਾਬੀਆਂ ਦੇ ਖੁੱਲ੍ਹਾ ਖਾਣ ਪੀਣ ਦੀ ਸ਼ੁਰੂਆਤ ਤਾਂ ਗੁੜਤੀ ਦੇ ਨਾਲ ਹੀ ਹੋ ਜਾਂਦੀ ਹੈ। ਪਰ ਕੈਨੇਡਾ ਆ ਕੇ ਪੈਰ ਲੱਗਣ ਤੋਂ ਬਾਅਦ ਉਹ ਖੁੱਲ੍ਹੇ ਵਰਤਾਵੇ ਵੀ ਬਣ ਜਾਂਦੇ ਹਨ। ਇੱਥੋਂ ਦੇ ਬਹੁਤੇ ਗੁਰਦੁਆਰਿਆਂ ਵਿਚ ਪੂਰਾ ਦਿਨ ਲੰਗਰ ਚੱਲਦੇ ਹਨ। ਸ਼ਾਇਦ ਇਹ ਗੱਲ ਕਈਆਂ ਨੂੰ ਅਨੋਖੀ ਲੱਗੇ, ਪਰ ਸੱਚ ਹੈ ਕਿ ਪੰਜਾਬੀ ਪਕਵਾਨਾਂ ਨੇ ਹੋਰ ਦੇਸ਼ਾਂ ਤੇ ਫਿਰਕਿਆਂ ਦੇ ਲੋਕਾਂ ਨੂੰ ਵੀ ਆਪਣੇੇ ਨਾਲ ਲਾਉਣਾ ਸ਼ੁਰੂ ਕੀਤਾ ਹੋਇਆ ਹੈ। ਗੋਰਿਆਂ, ਚੀਨਿਆਂ, ਮੈਕਸੀਕਨ ਤੇ ਕਈ ਹੋਰਾਂ ਨੂੰ ਪੰਜਾਬੀ ਰੇਸਤਰਾਵਾਂ ਤੇ ਮਿਠਾਈ ਸਟੋਰਾਂ ਤੋਂ ਖਾਣੇ ਲਿਜਾਂਦੇ ਵੇਖ ਕੇ ਇਹ ਕਹਿਣ ਤੋਂ ਝਿਜਕ ਨਹੀਂ ਕਿ ਹੁਣ ਸਮੋਸਿਆਂ ਦਾ ਸਵਾਦ ਆਲਮੀ ਪੱਧਰ ’ਤੇ ਲੋਕਾਂ ਦੀ ਜ਼ੁਬਾਨ ’ਤੇ ਚੜ੍ਹਨ ਲੱਗ ਪਿਆ ਹੈ। ਸ਼ਾਇਦ ਕਈਆਂ ਨੂੰ ਯਾਦ ਹੋਵੇਗਾ ਕਿ 2013 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੀ ਭਾਰਤ ਫੇਰੀ ਮੌਕੇ ਹਵਾਈ ਜਹਾਜ਼ ਵਿਚ ਉਨ੍ਹਾਂ ਨੇ ਨਾਸ਼ਤੇ ਵਜੋਂ ਸਮੋਸੇ ਖਾਣ ਦੀ ਇੱਛਾ ਪ੍ਰਗਟਾਈ ਸੀ, ਜੋ ਪੂਰੀ ਵੀ ਕੀਤੀ ਗਈ। ਹਾਰਪਰ ਨੇ ਪਹਿਲਾਂ ਵੀ ਕਈ ਵਾਰ ਸਮੋਸਿਆਂ ਦਾ ਸਵਾਦ ਮਾਣਿਆ ਹੋਇਆ ਸੀ।
ਕੈਨੇਡਾ ਵਿਚ ਦੁਕਾਨਾਂ ਨੂੰ ਆਮ ਕਰਕੇ ਸਟੋਰ ਕਿਹਾ ਜਾਂਦਾ ਹੈ। ਇਸ ਦਾ ਹਰ ਸ਼ਹਿਰ ਜਿੱਥੇ ਪੰਜਾਬੀਆਂ ਦੀ ਵਸੋਂ 10 ਕੁ ਫੀਸਦ ਹੋ ਜਾਵੇ, ਉੱਥੋਂ ਦੇ ਖਾਣ ਪੀਣ ਵਾਲੇ ਸਟੋਰਾਂ (ਕਰਿਆਨਾ ਵਿਕਰੇਤਾ) ਤੋਂ ਪੰਜਾਬੀਆਂ ਦੀ ਪਸੰਦ ਦੀਆਂ ਖਾਣ ਪੀਣ ਦੀਆਂ ਵਸਤਾਂ ਆਮ ਮਿਲ ਜਾਂਦੀਆਂ ਹਨ। ਅਨੋਖੀ ਗੱਲ ਹੈ ਕਿ ਕਈ ਪੰਸਾਰੀ ਵਸਤਾਂ ਜੋ ਪੰਜਾਬ ਦੇ ਪਿੰਡਾਂ ਤੇ ਕਸਬਿਆਂ ਵਾਲੇ ਦੁਕਾਨਦਾਰ ਵੀ ਕੀਮਤ ਵੱਧ ਹੋਣ ਕਾਰਨ ਨਹੀਂ ਰੱਖਦੇ, ਉਹ ਇੱਥੋਂ ਦੇ ਇੰਡੀਅਨ ਸਟੋਰਾਂ ਤੋਂ ਆਮ ਵਿਕਦੀਆਂ ਹਨ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰਾਂ ਵਿਚ ਤਾਂ ਭਾਰਤੀ ਪਹਿਚਾਣ ਵਾਲੇ ਨਾਵਾਂ ਵਾਲੇ ਸਟੋਰ ਆਮ ਹਨ। ਉੱਥੋਂ ਰਸੋਈ ਦੀ ਹਰ ਲੋੜੀਂਦੀ ਵਸਤੂ ਮਿਲ ਜਾਂਦੀ ਹੈ। ਮਿਠਾਈ ਸਟੋਰਾਂ ਤੋਂ ਜਲੇਬੀਆਂ, ਸਮੋਸੇ, ਖੋਏ ਦੀਆਂ ਵੰਨ ਸਵੰਨੀਆਂ ਮਿਠਾਈਆਂ ਮਿਲਦੀਆਂ ਹਨ। ਕੌਫ਼ੀ ਪੀਜ਼ਾ ਸਟੋਰ ਪੰਜਾਬੀ ਸਵਾਦ ਵਾਲੇ ਖਾਣੇ ਬਣਾਉਂਦੇ ਹਨ ਤੇ ਪੈਕ ਕਰਕੇ ਘਰੋਂ ਘਰੀ ਪਹੁੰਚਾ ਦਿੰਦੇ ਹਨ। ਵੈਨਕੂਵਰ, ਡੈਲਟਾ, ਲੈਂਗਲੀ, ਐਬਟਸਫੋਰਡ, ਪੈਂਟਿਕਟਨ, ਕਲੋਨਾ, ਕੈਲਗਰੀ, ਐਡਮਿੰਟਨ, ਰਿਜਾਇਨਾਂ, ਵਿਨੀਪੈਗ, ਬਰੈਂਪਟਨ, ਮਾਲਟਨ, ਵਿੰਡਸਰ, ਮਿਸੀਸਾਗਾ ਤੇ ਮੌਂਟਰੀਅਲ ਸ਼ਹਿਰਾਂ ਦੇ ਅੰਤਰਾਸ਼ਟਰੀ ਚੇਨ ਸਟੋਰਾਂ ਵਿਚ ਪੰਜਾਬੀਆਂ ਦੀ ਪਸੰਦ ਵਾਲੀਆਂ ਰਸੋਈ ਵਸਤਾਂ ਆਮ ਪਈਆਂ ਹੁੰਦੀਆਂ ਹਨ।
ਕੈਨੇਡਾ ਵਿਚ ਪੰਜਾਬੀਆਂ ਦੇ ਘਰ ਖਾਣ ਪੀਣ ਵਾਲੀਆਂ ਉਨ੍ਹਾਂ ਵਸਤੂਆਂ ਦੇ ਡੱਬੇ ਭਰੇ ਰਹਿੰਦੇ ਹਨ ਜੋ ਪੰਜਾਬ ਰਹਿੰਦਿਆਂ ਉਹ ਅਕਸਰ ਇਕ ਡੰਗ ਦੀ ਲੋੜ ਪੂਰਤੀ ਲਈ ਖ਼ਰੀਦਦੇ ਹੁੰਦੇ ਸਨ। ਮਿਸਾਲ ਦੇ ਤੌਰ ’ਤੇ ਵੱਖ ਵੱਖ ਵੰਨਗੀਆਂ ਦੇ ਫਰੂਟ ਜੂਸ ਨਾਲ ਫਰਿਜ ਭਰੇ ਰਹਿੰਦੇ ਹਨ। ਕਈ ਤਰ੍ਹਾਂ ਦੇ ਡਰਾਈ ਫਰੂਟ ਦੇ ਸ਼ੀਸ਼ੇ ਵਾਲੇ ਡੱਬੇ ਹਰ ਪੰਜਾਬੀ ਦੀਆਂ ਰਸੋਈ ਸ਼ੈਲਫਾਂ ’ਤੇ ਪਏ ਦਿਸਦੇ ਹਨ। ਫ਼ਲ ਖ਼ਰੀਦਣ ਲੱਗਿਆਂ ਕੰਜੂਸੀ ਨਹੀਂ ਕੀਤੀ ਜਾਂਦੀ। ਭਾਰਤ ਵਿਚ ਸਿਰਫ਼ ਕਾਫ਼ੀ ਅਮੀਰ ਘਰਾਂ ਵਿਚ ਵੇਖੇ ਜਾਣ ਵਾਲੇ ਕੀਵੀ ਤੇ ਐਵਾਕੋਡਾ ਵਰਗੇ ਮਹਿੰਗੇ ਫ਼ਲਾਂ ਨੂੰ ਪੰਜਾਬੀ ਆਰਾਮ ਨਾਲ ਖ਼ਰੀਦਦੇ ਹਨ। ਇੱਥੇ ਸ਼ਾਇਦ ਹੀ ਕਿਸੇ ਪੰਜਾਬੀ ਦੀ ਰਸੋਈ ਅਜਿਹੀ ਹੋਵੇ, ਜਿੱਥੇ ਬਦਾਮ, ਕਾਜੂ, ਅਖਰੋਟ, ਪਿਸਤਾ ਤੇ ਹੋਰ ਡਰਾਈ ਫਰੂਟ ਨਾ ਹੋਣ। ਤਿੰਨ ਚਾਰ ਜੀਆਂ ਵਾਲੇ ਘਰਾਂ ਵਿਚ 400-500 ਡਾਲਰ ਦੇ ਰਸੋਈ ਸਾਮਾਨ (ਯਾਨੀ ਕਰਿਆਨਾ, ਫ਼ਲ, ਜੂਸ ਤੇ ਹੋਰ ਨਿਕ ਸੁਕ) ਨਾਲ ਮਹੀਨਾ ਨਿਕਲ ਜਾਂਦਾ ਹੈ। ਕਾਫ਼ੀ ਲੋਕ ਵੀਕਐਂਡ ਮੌਕੇ ਮਨਪਸੰਦ ਖਾਣਾ ਰੈਸਟੋਰੈਂਟ ਤੋਂ ਮੰਗਵਾਉਂਦੇ ਹਨ। ਗਰਮੀ ਰੁੱਤੇ ਯਾਨੀ ਮਈ ਤੋਂ ਅਗਸਤ ਤਕ ਪਰਿਵਾਰ ਸਮੇਤ ਬੀਚ ਜਾਣ ਵਿਚ ਪੰਜਾਬੀ ਅੰਗਰੇਜ਼ਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਨ। ਪਾਣੀ ਵਿਚ ਅਠਖੇਲੀਆਂ ਕਰਨਾ ਬੱਚਿਆਂ ਨੂੰ ਬਹੁਤ ਪਸੰਦ ਹੈ। ਬੀਚ ਦੇ ਨਜ਼ਾਰੇ ਨੂੰ ਹੋਰ ਮਨਮੋਹਕ ਬਣਾਉਣ ਲਈ ਸੈਲਾਨੀਆਂ ਵੱਲੋਂ ਕਈ ਤਰ੍ਹਾਂ ਦੇ ਖਾਣੇ ਨਾਲ ਲਿਜਾਏ ਜਾਂਦੇ ਹਨ। ਚਟਾਈਆਂ ਉੱਤੇ ਬੈਠਕੇ ਖਾਧੇ ਖਾਣੇ ਦਾ ਆਨੰਦ ਪਰਿਵਾਰ ਵਿਚ ਸ਼ਾਮਲ ਬਜ਼ੁਰਗ ਕਿਸਾਨਾਂ ਨੂੰ ਬਲਦਾਂ ਵਾਲੇ ਹਲ਼ ਵਾਹੁੰਦਿਆਂ ਪੈਲੀ ਦੀ ਵੱਟ ’ਤੇ ਬੈਠ ਕੇ, ਮਾਂ ਜਾਂ ਪਤਨੀ ਦੀਆਂ ਲਿਆਂਦੀਆਂ ਪੋਣੇ ਵਿਚ ਲਪੇਟੀਆਂ ਮਿਸੀਆਂ ਰੋਟੀਆਂ ਤੇ ਲੱਸੀ ਵਾਲਾ ਡੋਲੂ ਯਾਦ ਕਰਵਾ ਕੇ ਕੁਝ ਪਲ ਜਵਾਨੀ ਵਾਲੇ ਦਿਨਾਂ ਵਿਚ ਲੈ ਜਾਂਦਾ ਹੈ।
ਅਲਕੋਹਲ ਪੱਖੋਂ ਪੰਜਾਬੀ ਮਰਦ ਸਥਾਨਕ ਗੋਰਿਆਂ ਤੋਂ ਕੁਝ ਅੱਗੇ ਹਨ। ਪੰਜਾਬੀਆਂ ਦੀ 10-15 ਫੀਸਦ ਵਸੋਂ ਵਾਲੇ ਕਿਸੇ ਸ਼ਹਿਰ ਵਿਚ ਦੋ ਚਾਰ ਠੇਕਿਆਂ ਦੇ ਮਾਲਕ ਪੰਜਾਬੀ ਹਨ। ਪੰਜਾਬੀ ਠੇਕੇਦਾਰਾਂ ਵੱਲੋਂ ਆਪਣੇ ਠੇਕਿਆਂ ਦੇ ਰੇਟ ਸਰਕਾਰੀ ਠੇਕਿਆਂ ਤੋਂ ਘੱਟ ਰੱਖੇ ਜਾਂਦੇ ਹਨ ਅਤੇ ਉੱਥੇ ਭਾਰਤੀ ਬਰਾਂਡ ਵੇਚੇ ਜਾਣ ਦੀ ਮਸ਼ਹੂਰੀ ਇੱਥੋਂ ਦੇ ਪ੍ਰਚਾਰ ਸਾਧਨਾਂ ’ਤੇ ਆਮ ਸੁਣੀ, ਪੜ੍ਹੀ ਜਾਂ ਵੇਖੀ ਜਾਂਦੀ ਹੈ। ਕਲੋਨਾ ਸ਼ਹਿਰ ਕੋਲ ਬਰਨਾਲਾ ਨੇੜਲੇ ਪਿੰਡ ਕਲਾਲਾ ਤੋਂ ਆਏ ਕਰਨੈਲ ਸਿੰਘ ਸਿੱਧੂ ਵੱਲੋਂ ਬਣਾਈ ਵਾਈਨਰੀ (ਡਿਸਟਲਰੀ) ਦੀ ਬਣੀ ਕਲਾਲਾ ਵਿਸਕੀ ਦਾ ਸਵਾਦ ਅਮਰੀਕਨ ਪੰਜਾਬੀ ਵੀ ਮਾਣਦੇ ਹਨ। ਕਰਨੈਲ ਸਿੱਧੂ ਨੇ ਇਸ ਗਲ ’ਤੇ ਤਸੱਲੀ ਪ੍ਰਗਟਾਈ ਕਿ ਉਸ ਨੇ ਵਾਈਨ ਨੂੰ ਆਰਗੈਨਿਕ ਰੰਗ ਵਿਚ ਰੰਗਣ ਦੇ ਸੁਪਨੇ ਨੂੰ ਸਾਕਾਰ ਕਰ ਵਿਖਾਇਆ ਹੈ। ਉਨ੍ਹਾਂ ਦੀ ਵਾਈਨਰੀ ਦੀ ਹਰ ਬੋਤਲ ਉੱਤੇ ਪੰਜਾਬੀ ਵਿਚ ਕਲਾਲਾ ਲਿਖਿਆ ਹੋਣਾ ਉਨ੍ਹਾਂ ਦੇ ਮਾਂ ਬੋਲੀ ਨਾਲ ਪ੍ਰੇਮ ਦੀ ਗਵਾਹੀ ਹੈ। ਇਸ ਤਰ੍ਹਾਂ ਹੀ ਅਲਬਰਟਾ ਦੇ ਮਿਨਹਾਸ ਪਰਿਵਾਰ ਦੀ ਇਸੇ ਨਾਂ ਵਾਲੀ ਵਿਸਕੀ, ਰਮ ਤੇ ਰੈੱਡ ਵਾਈਨ ਕਾਫ਼ੀ ਮਸ਼ਹੂਰ ਹੈ।
ਕੈਨੇਡਾ ਵਿਚ ਸ਼ਰਾਬ ਕਸ਼ੀਦਗੀ ਯਾਨੀ ਘਰ ਸ਼ਰਾਬ ਕੱਢਣ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ, ਬਸ਼ਰਤੇ ਕਿ ਉਸ ਨਾਲ ਹੋਰ ਕੁਝ ਪ੍ਰਭਾਵਿਤ ਨਾ ਹੁੰਦਾ ਹੋਵੇ। ਇਕੱਲਵਾਂਝੇ ਬਣੇ ਘਰਾਂ ਵਾਲੇ ਪੰਜਾਬੀ ਇਸ ਛੋਟ ਦਾ ਪੂਰਾ ਫਾਇਦਾ ਲੈਂਦੇ ਹਨ। ਕਈਆਂ ਨੇ ਤਾਂ ਆਪਣੇ ਕਾਰ ਗੈਰਾਜ ’ਚ ਹੀ ਭੱਠੀ ਚਾੜ੍ਹੀ ਹੁੰਦੀ ਹੈ। ਕੈਨੇਡਾ ਵਿਚ ਮਾਸਾਹਾਰੀ ਲੋਕ ਮੀਟ ਤੇ ਮੱਛੀ ਤੋਂ ਬਿਨਾਂ ਨਹੀਂ ਰਹਿ ਸਕਦੇ। ਤੜਕੇ ਦੇ ਸ਼ੌਕੀਨ ਪੰਜਾਬੀਆਂ ਦਾ ਘਰ ਵਿਚ ਬਣਾਉਣ ਦਾ ਮੂਡ ਨਾ ਹੋਵੇ ਤਾਂ ਕੰਮ ਤੋਂ ਮੁੜਦਿਆਂ
ਉਨ੍ਹਾਂ ਦੀ ਕਾਰ ਦਾ ਸਟੇਰਿੰਗ ਆਪਣੀ ਮਨਪਸੰਦ ਦੁਕਾਨ ਵੱਲ ਘੁੰਮ ਜਾਂਦਾ ਹੈ, ਜਿੱਥੇ ਮੱਛੀ ਪਕੌੜਿਆਂ ਜਾਂ ਬਟਰ ਚਿਕਨ ਦਾ ਆਰਡਰ ਉਹ ਪਹੁੰਚਣ ਤੋਂ ਪਹਿਲਾਂ ਕਰ ਦਿੰਦੇ ਹਨ ਤੇ ਪੁੱਜਦਿਆਂ ਤਕ ਉਹ ਪੈਕ ਹੋਇਆ ਹੁੰਦਾ ਹੈ। ਮੀਟ ਦੇ ਹਰ ਸ਼ੌਕੀਨ ਪੰਜਾਬੀ ਦੇ ਘਰ ਦੀ ਲਾਅਨ ਦੇ ਕਿਸੇ ਖੂੰਜੇ ਵਿਚ ਬਾਰਬੀ ਕਿਊ ਪਿਆ ਜ਼ਰੂਰ ਦਿਸ ਪੈਂਦਾ ਹੈ।
ਪੀਣ ਵਾਲਾ ਦੁੱਧ ਕੈਨੇਡਾ ਦੇ ਪੂਰਬੀ ਭਾਗਾਂ ਵਿਚ ਤਾਂ ਪਲਾਸਟਿਕ ਦੀਆਂ ਥੈਲੀਆਂ (ਵੇਰਕਾ ਵਾਂਗ) ਵਿਚ ਮਿਲਦਾ ਹੈ, ਪਰ ਪੱਛਮੀ ਪਾਸੇ ਚਾਰ ਲਿਟਰ ਦੀਆਂ ਪਲਾਸਟਿਕ ਦੀਆਂ ਪੀਪੀਆਂ ਦਾ ਰਿਵਾਜ ਹੈ। ਦੁੱਧ 2 ਫੀਸਦ, 3 ਫੀਸਦ ਅਤੇ 5 ਫੀਸਦ ਤੇ ਫੁੱਲ ਫੈਟ ਅਨੁਸਾਰ ਵਿਕਦਾ ਹੈ। ਆਮ ਕਰਕੇ ਲੋਕ ਹਫ਼ਤੇ ਦੀ ਲੋੜ ਅਨੁਸਾਰ ਖ਼ਰੀਦਦੇ ਹਨ। ਇਕ ਸਟੋਰ ਦੇ ਮੈਨੇਜਰ ਦਾ ਕਹਿਣਾ ਸੀ ਕਿ ਗੋਰਿਆਂ ਤੇ ਚੀਨਿਆਂ ਦੇ ਮੁਕਾਬਲੇ ਪੰਜਾਬੀ ਘਰਾਂ ਵਿਚ ਆਂਡਿਆਂ ਦੀ ਖਪਤ ਦੁੱਗਣੀ ਹੈ। ਸਰ੍ਹੋਂ ਦਾ ਸਾਗ, ਮੇਥੀ, ਪਾਲਕ, ਫੁੱਲ ਗੋਭੀ, ਖਰਬੂਜ਼ੇ ਤੇ ਤਰਬੂਜ਼ ਪੰਜਾਬੀ ਰਸੋਈ ਦੀ ਸ਼ਾਨ ਹਨ। ਪਰ ਭੁੰਨਕੇ ਚੱਬਣ ਵਾਲੀਆਂ ਮੱਕੀ ਦੀਆਂ ਕੱਚੀਆਂ ਛੱਲੀਆਂ ਗੋਰਿਆਂ ਦਾ ਸਵਾਦੀ ਬਰੇਕਫਾਸਟ ਹਨ। ਕਰਿਆਨਾਂ ਵਸਤਾਂ ਨੂੰ ਪੰਜਾਬੀ ਰੰਗਤ ਦੇ ਕੇ ਵੇਚਣਾ ਸਟੋਰਾਂ ਵਾਲਿਆਂ ਦੀ ਮੁਹਾਰਤ ਹੈ। ਭੋਗਪੁਰੀ ਤੇ ਫਗਵਾੜਾ ਖੰਡ, ਵੇਰਕਾ ਘਿਉ, ਪਨੀਰ, ਲੱਸੀ, ਨਾਨਕ ਪਨੀਰ ਤੇ ਦਹੀਂ ਨੂੰ ਭਾਰਤੀ ਰੰਗਤ ਨਾਲ ਵੇਚਿਆ ਜਾਂਦਾ ਹੈ, ਪਰ ਇਹ ਉਤਪਾਦ ਕੈਨੇਡਾ ਦੇ ਹੀ ਹਨ। ਹਾਂ, ਸੌਂਫ, ਜਵੈਣ ਤੇ ਹਲਦੀ ਵਾਲੇ ਗੁੜ ਤੇ ਸ਼ੱਕਰ ਭਾਰਤ ਤੋਂ ਲਿਆ ਕੇ ਵਿਕਦੇ ਹਨ ਤੇ ਉਹਦੇ ਰੰਗ, ਸਵਾਦ ਤੇ ਬਣਤਰ ਤੋਂ ਪਤਾ ਲੱਗ ਜਾਂਦਾ ਕਿ ਗੁੜ ਹੁਸ਼ਿਆਰਪਰ- ਜਲੰਧਰ ਰੋਡ ’ਤੇ ਯੂਪੀ ਵਾਲਿਆਂ ਦੇ ਵੇਲਣਿਆਂ ਦਾ ਉਤਪਾਦਨ ਹੈ। ਇੱਥੇ ਅਚਾਰ ਵੀ ਬਹੁਤ ਵਿਕਦਾ ਹੈ। ਵੱਖ ਵੱਖ ਵੰਨਗੀਆਂ ਦਾ ਪੰਚਰੰਗਾ ਅਚਾਰ ਪਾਣੀਪਤ ਤੋਂ ਆਇਆ ਹੁੰਦਾ ਹੈ। ਹਲਦੀ ਰਾਮ ਦੇ ਚਟਪਟੇ ਉਤਪਾਦ ਬਹੁਤ ਸਾਰੇ ਸਟੋਰਾਂ ’ਤੇ ਪਏ ਦਿਸਦੇ ਹਨ। ਭਾਰਤੀ ਰੂਹ ਅਫ਼ਜ਼ਾ ਦੇ ਸਵਾਦ ਨੇ ਗੋਰਿਆਂ ਨੂੰ ਵੀ ਚਾਟ ’ਤੇ ਲਾ ਲਿਆ ਹੋਇਆ ਹੈ। ਸਮੁੱਚੇ ਰੂਪ ਵਿਚ ਵੇਖਿਆ ਜਾਏ ਤਾਂ ਕੈਨੇਡਾ ਵਸਦੇ ਪੰਜਾਬੀਆਂ ਦਾ ਖੁੱਲ੍ਹਾ ਖਾਣ ਪੀਣ ਗੋਰਿਆਂ ਅਤੇ ਚੀਨਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਸੰਪਰਕ: +16044427676