ਸਰਬਜੀਤ ਸੋਹੀ
ਪੰਜਾਬੀ ਲੋਕ-ਧਾਰਾ ਅਤੇ ਸਭਿਆਚਾਰ ਵਿੱਚ ਪੰਜਾਬੀਆਂ ਦੇ ਲੋਕ ਨਾਚਾਂ ਦਾ ਅਹਿਮ ਸਥਾਨ ਹੈ। ਇਹ ਲੋਕ ਨਾਚ ਖੁਸ਼ੀ ਦਾ ਪ੍ਰਗਟਾਵਾ ਜਾਂ ਮਨੋਰੰਜਨ ਦਾ ਮਾਧਿਅਮ ਹੀ ਨਹੀਂ, ਬਲਕਿ ਪੰਜਾਬੀਆਂ ਦੀ ਸਰੀਰਕ ਰਿਸ਼ਟ-ਪੁਸ਼ਟਤਾ, ਜੁਝਾਰੂ ਜੀਵਨਸ਼ੈਲੀ, ਚੜ੍ਹਦੀ ਕਲਾ ਵਾਲੇ ਸੁਭਾਅ ਅਤੇ ਨਰੋਈ ਮਾਨਸਿਕ ਸਿਹਤ ਦਾ ਪ੍ਰਤੀਕ ਵੀ ਹਨ। ਪੰਜਾਬੀ ਮਰਦਾਂ ਦਾ ਲੋਕ ਨਾਚ ਭੰਗੜਾ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦੀ ਪਛਾਣ ਬਣ ਚੁੱਕਾ ਹੈ। ਇਸ ਨੂੰ ਪਿੰਡ ਦੀਆਂ ਸੱਥਾਂ/ਮੇਲਿਆਂ ਅਤੇ ਪਰਿਵਾਰਕ ਦਾਇਰੇ ’ਚੋਂ ਬਾਹਰ ਕੱਢ ਕੇ ਵਿਸ਼ਵ ਪੱਧਰ ਦੀਆਂ ਸਟੇਜਾਂ ’ਤੇ ਲੈ ਕੇ ਜਾਣ ਵਿੱਚ ਭੰਗੜਾ ਪ੍ਰੇਮੀਆਂ, ਪੇਸ਼ਕਾਰਾਂ ਦੇ ਨਾਲ ਨਾਲ ਉਨ੍ਹਾਂ ਵਿੱਦਿਅਕ ਅਤੇ ਸਮਾਜਿਕ ਹਸਤੀਆਂ ਦਾ ਬਹੁਤ ਯੋਗਦਾਨ ਹੈ, ਜਿਨ੍ਹਾਂ ਨੇ ਇਸ ਨਾਚ ਦੀ ਸੱਭਿਆਚਾਰਕ ਮਹਾਨਤਾ ਅਤੇ ਕਲਾਤਮਕ ਖ਼ੂਬਸੂਰਤੀ ਨੂੰ ਸਮਝਦੇ ਹੋਏ ਪ੍ਰਬੰਧਕੀ ਪੱਧਰ ’ਤੇ ਸਰਪ੍ਰਸਤੀ ਦਿੱਤੀ ਅਤੇ ਆਰਥਿਕ ਵਸੀਲਿਆਂ ਦੇ ਰੂਪ ਵਿੱਚ ਸਰਕਾਰੀ ਅਤੇ ਗ਼ੈਰ ਸਰਕਾਰੀ ਸਰੋਤਾਂ ਰਾਹੀਂ ਇਸ ਨੂੰ ਖੜ੍ਹੇ ਕਰਨ ਵਿੱਚ ਜ਼ਿਕਰਯੋਗ ਯਤਨ ਕੀਤੇ ਹਨ। ਉਨ੍ਹਾਂ ਰੌਸ਼ਨ ਹਸਤੀਆਂ ਵਿੱਚ ਇੱਕ ਨਾਮ ਡਾ. ਇੰਦਰਜੀਤ ਸਿੰਘ ਦਾ ਹੈ, ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਆਪਣੇ ਕਾਰਜਕਾਲ ਦੌਰਾਨ ਭੰਗੜੇ ਨੂੰ ਨਾਮ ਅਤੇ ਨੁਹਾਰ ਦੇਣ ਵਿੱਚ ਹਰ ਸੰਭਵ ਉਪਰਾਲਾ ਕੀਤਾ ਹੈ।
ਡਾ. ਇੰਦਰਜੀਤ ਸਿੰਘ ਵਿੱਦਿਆ ਨੂੰ ਕਿਤਾਬੀ ਗਿਆਨ ਤੱਕ ਸੀਮਤ ਸਮਝਣ ਦੀ ਬਜਾਏ ਵਿਅਕਤੀਤਵ ਦੇ ਸਮੁੱਚੇ ਵਿਕਾਸ ਲਈ ਖੇਡਾਂ, ਸਭਿਆਚਾਰ ਅਤੇ ਸੰਗੀਤ ਨੂੰ ਵੀ ਇਸ ਦੀ ਆਧਾਰਸ਼ਿਲਾ ਮੰਨਦੇ ਸਨ। ਉਨ੍ਹਾਂ ਦਾ ਅਕਾਦਮਿਕ ਸਫ਼ਰ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ। ਉਚੇਰੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਬਤੌਰ ਲੈਕਚਰਾਰ (ਕਾਮਰਸ) ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ। ਫਿਰ ਉਨ੍ਹਾਂ ਕੁਝ ਸਮਾਂ ਗੁਰੂ ਨਾਨਕ ਕਾਲਜ, ਫਗਵਾੜਾ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਗੁੱਜਰਾਂਵਾਲਾ, ਗੁਰੂ ਨਾਨਕ ਕਾਲਜ, ਲੁਧਿਆਣਾ ਵਿਖੇ ਬਤੌਰ ਪ੍ਰਿੰਸੀਪਲ ਵਜੋਂ ਨਿਯੁਕਤੀ ਹੋ ਗਈ। ਇੱਥੋਂ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਜਿਸਟਰਾਰ ਬਣ ਕੇ ਪ੍ਰਸ਼ਾਸਕੀ ਖੇਤਰ ਦੇ ਵੱਡੇ ਅਹੁਦੇ ’ਤੇ ਨਿਯੁਕਤ ਹੋਏ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਦੀ ਮੁਹੱਬਤ ਕਹਿ ਲਵੋ ਜਾਂ ਕੁਦਰਤ ਵੱਲੋਂ ਉਨ੍ਹਾਂ ਅੰਦਰ ਲੋਕ-ਨਾਚ ਭੰਗੜੇ ਲਈ ਇੱਕ ਲੋਰ ਅਤੇ ਲਗਨ ਮੌਜੂਦ ਸੀ। ਆਪਣੇ ਸਕੂਲੀ ਜੀਵਨ ਦੌਰਾਨ ਹੀ ਉਹ ਭੰਗੜੇ ਵਿੱਚ ਉੱਠਦੇ ਪੱਬਾਂ ਸਦਕਾ ਸਟੇਜ ’ਤੇ ਹਾਜ਼ਰੀ ਲਵਾਉਣ ਲੱਗ ਪਏ ਸਨ। ਇਹ ਹੀ ਸ਼ੌਕ ਹੌਲੀ ਹੌਲੀ ਉਨ੍ਹਾਂ ਦਾ ਜੀਵਨ ਮੰਤਵ ਬਣ ਗਿਆ। ਉਨ੍ਹਾਂ ਨੇ ਭੰਗੜੇ ਰਾਹੀਂ ਆਪਣੀ ਨਾਚ-ਪ੍ਰਤਿਭਾ ਦਾ ਮੁਜ਼ਾਹਰਾ ਤਾਂ ਕੀਤਾ ਹੀ, ਪਰ ਇਸ ਦੀ ਕੋਚਿੰਗ ਅਤੇ ਨਿਰਦੇਸ਼ਨ ਨਾਲ ਦੇਸ਼-ਵਿਦੇਸ਼ ਵਿੱਚ ਇਸ ਦੀ ਪੇਸ਼ਕਾਰੀ ਅਤੇ ਇਸ ਦੀਆਂ ਮੁਦਰਾਵਾਂ ਨੂੰ ਸਥਾਪਿਤ ਕਰਨ ਅਤੇ ਬਦਲਦੇ ਵਕਤ ਵਿੱਚ ਇਸ ਦੀ ਹਰਮਨਪਿਆਰਤਾ ਬਣਾਈ ਰੱਖਣ ਲਈ ਸਫਲ ਪ੍ਰਯੋਗ ਵੀ ਕੀਤੇ ਸਨ। ਅੱਜ ਭੰਗੜੇ ਦਾ ਜੋ ਸਵਰੂਪ ਪ੍ਰਚੱਲਿਤ ਹੈ, ਇਸ ਨੂੰ ਭੰਗੜਾ ਅਦਾਕਾਰਾਂ ਦੀ ਕਲਾ ਅਤੇ ਦਰਸ਼ਕਾਂ ਦੀ ਮੁਹੱਬਤ ਦਾ ਹਿੱਸਾ ਬਣਾਉਣ ਲਈ ਡਾ. ਇੰਦਰਜੀਤ ਸਿੰਘ ਦਾ ਬਹੁਤ ਯੋਗਦਾਨ ਹੈ।
ਡਾ. ਇੰਦਰਜੀਤ ਦਾ ਭੰਗੜੇ ਨਾਲ ਰਿਸ਼ਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿੱਚ ਪੜ੍ਹਦਿਆਂ 1968 ਵਿੱਚ ਹੀ ਪੈ ਗਿਆ ਸੀ। ਇੱਥੇ ਹੀ ਉਹ ਸਕੂਲ ਦੀ ਭੰਗੜਾ ਟੀਮ ਦੇ ਕਪਤਾਨ ਬਣੇ ਅਤੇ ਸਟੇਜਾਂ ’ਤੇ ਆਪਣੀ ਕਲਾ ਨਾਲ ਪ੍ਰਦਰਸ਼ਨ ਕਰਦੇ ਹੋਏ ਭੰਗੜਾ ਪ੍ਰੇਮੀਆਂ ਦੇ ਚਹੇਤੇ ਬਣਦੇ ਗਏ। 1972-1974 ਤੱਕ ਡੀ.ਏ.ਵੀ. ਕਾਲਜ ਜਲੰਧਰ ਵਿੱਚ ਬੀ.ਕਾਮ ਕਰਦਿਆਂ ਉਹ ਭੰਗੜਾ ਟੀਮ ਦੇ ਮੈਂਬਰ ਰਹੇ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੁਵਕ ਮੇਲੇ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਦੀ ਰਹੀ। 1976 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਐੱਮ.ਕਾਮ ਕਰਦਿਆਂ ਵੀ ਉਹ ਭੰਗੜਾ ਟੀਮ ਦੇ ਮੈਂਬਰ ਰਹੇ ਸਨ। ਇਸ ਟੀਮ ਨੇ ਜੈਪੁਰ ਵਿੱਚ ਹੋਏ ਅੰਤਰ-ਯੂਨੀਵਰਸਿਟੀ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜੋ ਪੰਜਾਬ ਲਈ ਮਾਣਮੱਤੀ ਪ੍ਰਾਪਤੀ ਕਹੀ ਜਾ ਸਕਦੀ ਹੈ। ਉਨ੍ਹਾਂ ਨੇ ਅਨੇਕਾਂ ਟੀਮਾਂ ਵਿੱਚ ਰਹਿ ਕੇ ਮੰਚ ਪ੍ਰਦਰਸ਼ਨ ਕੀਤਾ ਸੀ। 1973 ਵਿੱਚ ਉਹ ਪੰਜਾਬ ਸਰਕਾਰ ਵੱਲੋਂ ਆਸਟਰੇਲੀਆ ਅਤੇ ਫਿਜ਼ੀ ਭੇਜੀ ਗਈ ਭੰਗੜਾ ਟੀਮ ਦੇ ਮੈਂਬਰ ਸਨ। ਡਾ. ਇੰਦਰਜੀਤ ਸਿੰਘ ਨੇ ਆਪਣੀ ਨਾਚ-ਕਲਾ ਵਿੱਚ ਨਵੇਂ ਰੰਗ ਲਿਆਉਣ ਲਈ ਅਤੇ ਭੰਗੜੇ ਦੇ ਮਹੀਨ ਨੁਕਤਿਆਂ ਨੂੰ ਸਮਝਣ ਲਈ ਭੰਗੜੇ ਦੇ ਅਨੁਭਵੀ ਉਸਤਾਦਾਂ ਕੋਲੋਂ ਸਿਖਲਾਈ ਵੀ ਲਈ ਸੀ। ਆਪਣੇ ਸਕੂਲੀ ਜੀਵਨ ਦੌਰਾਨ ਪੀ.ਟੀ. ਮਾਸਟਰ ਸਾਧੂ ਸਿੰਘ ਅਤੇ ਜਗੀਰ ਸਿੰਘ ਪਾਸੋਂ ਇਸ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ। ਡੀ.ਏ.ਵੀ. ਕਾਲਜ ਜਲੰਧਰ ਵਿੱਚ ਪ੍ਰੋ. ਦਲਜਿੰਦਰ ਸਿੰਘ ਗੁਰੂਸਰ ਸੁਧਾਰ ਅਤੇ ਪ੍ਰੋ. ਪਰਬਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਰਹਿ ਕੇ ਆਪਣੀ ਕਲਾ ਨੂੰ ਨਵੀਆਂ ਛੋਹਾਂ ਦਿੱਤੀਆਂ। ਇਸ ਸਿੱਖਣ ਪ੍ਰਕਿਰਿਆ ਤਹਿਤ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਭਾਗ ਸਿੰਘ ਅਤੇ ਬਲਬੀਰ ਸਿੰਘ ਸੇਖੋਂ ਤੋਂ ਭੰਗੜੇ ਦੇ ਮੰਚ ਉੱਤੇ ਪੇਸ਼ਕਾਰੀ ਦੇ ਹੁਨਰ ਦੀਆਂ ਬਾਰੀਕੀਆਂ ਨੂੰ ਗ੍ਰਹਿਣ ਕਰਕੇ ਆਪਣੀ ਕਲਾ ਨੂੰ ਹੋਰ ਵੀ ਨਿਖਾਰਿਆ ਅਤੇ ਸਟੇਜ ਉੱਤੇ ਆਪਣੀ ਹਾਜ਼ਰੀ ਵਿੱਚ ਜੋਸ਼ ਅਤੇ ਨਵੀਨਤਾ ਲਿਆਂਦੀ।
ਆਪਣੀ ਅਕਾਦਮਿਕ ਵਿਦਿਆ ਪੂਰੀ ਕਰਨ ਤੋਂ ਬਾਅਦ ਆਪਣੇ ਕਾਲਜ ਅਧਿਆਪਨ ਦੌਰਾਨ ਡਾ. ਇੰਦਰਜੀਤ ਸਿੰਘ ਨੇ ਭੰਗੜੇ ਦੇ ਕੋਚ ਅਤੇ ਨਿਰਦੇਸ਼ਕ ਦੇ ਤੌਰ ’ਤੇ ਭੂਮਿਕਾ ਨਿਭਾਉਂਦਿਆਂ ਬਹੁਤ ਸਾਰੇ ਨੌਜਵਾਨਾਂ ਨੂੰ ਭੰਗੜੇ ਦੀ ਮੁਹਾਰਤ ਦਿੱਤੀ। ਉਨ੍ਹਾਂ ਕੋਲ ਭੰਗੜੇ ਦਾ ਇੱਕ ਲੰਬਾ ਤਜਰਬਾ ਹੋਣ ਕਰਕੇ ਉਹ ਸੰਭਾਵਨਾਵਾਂ ਭਰਪੂਰ ਨੌਜਵਾਨਾਂ ਵਿੱਚੋਂ ਹੁਨਰ ਦੀ ਤਲਾਸ਼ ਕਰਕੇ ਉਸ ਨੂੰ ਐਨਾ ਕੁ ਨਿਖਾਰ ਦਿੰਦੇ ਕਿ ਸਟੇਜਾਂ ’ਤੇ ਉਨ੍ਹਾਂ ਦੀ ਕੋਚਿੰਗ ਵਿੱਚ ਬਣੀ ਟੀਮ ਦਰਸ਼ਕਾਂ ਦਾ ਦਿਲ ਲੁੱਟ ਲੈਂਦੀ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਟੀਮ ਨੇ ਉਨ੍ਹਾਂ ਦੀ ਨਿਰਦੇਸ਼ਨਾ ਹੇਠ 21 ਵਾਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਭਾਗ ਲਿਆ ਸੀ, ਜਿਸ ਵਿੱਚੋਂ ਕਾਲਜ ਦੀ ਟੀਮ ਨੇ 19 ਵਾਰ ਪਹਿਲਾ ਸਥਾਨ ਅਤੇ 2 ਵਾਰ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਇੱਕੀ ਸਾਲ ਦਾ ਇਹ ਮਾਣਮੱਤਾ ਸਫ਼ਰ ਕੋਈ ਆਸਾਨ ਕਾਰਜ ਨਹੀਂ ਸੀ, ਇਸ ਵਿੱਚ ਉਨ੍ਹਾਂ ਦੀ ਯੋਗ ਅਗਵਾਈ ਅਤੇ ਭੰਗੜੇ ਪ੍ਰਤੀ ਸਮਰਪਣ ਸ਼ਾਮਲ ਸੀ। 1977 ਵਿੱਚ ਸਭਿਆਚਾਰਕ ਵਫ਼ਦ ਅਤੇ ਭੰਗੜਾ ਟੀਮ ਨਾਲ ਉਹ ਪਾਕਿਸਤਾਨ ਵੀ ਗਏ ਸਨ। ਉਨ੍ਹਾਂ ਦੇ ਨਿਰਦੇਸ਼ਨ ਹੇਠ ਇਸ ਟੀਮ ਨੇ ਲਾਹੌਰ ਅਤੇ ਫੈਸਲਾਬਾਦ ਵਿੱਚ ਭੰਗੜੇ ਅਤੇ ਝੂਮਰ ਦਾ ਲਾਜਵਾਬ ਪ੍ਰਦਰਸ਼ਨ ਕੀਤਾ ਸੀ। 1982 ਵਿੱਚ ਏਸ਼ੀਆਈ ਖੇਡਾਂ ਦੇ ਉਦਘਾਟਨ ਸਮੇਂ ਪੰਜਾਬ ਦੀ ਜਿਸ ਟੀਮ ਨੇ ਭੰਗੜਾ ਪਾਇਆ, ਉਸ ਨੂੰ ਡਾ. ਇੰਦਰਜੀਤ ਨੇ ਹੀ ਅਭਿਆਸ ਕਰਵਾਇਆ ਸੀ। ਨਾਰਥ-ਜ਼ੋਨ ਕਲਚਰਲ ਸੈਂਟਰ ਵੱਲੋਂ 1995-96 ਵਿੱਚ ਭੰਗੜੇ ਅਤੇ ਝੂਮਰ ਦੀ ਦੁਬਈ ਅਤੇ ਸ੍ਰੀਲੰਕਾ ਵਿੱਚ ਪੇਸ਼ਕਾਰੀ ਲਈ ਗਈ ਟੀਮ ਨੂੰ ਵੀ ਡਾ. ਇੰਦਰਜੀਤ ਸਿੰਘ ਨੇ ਸਿਖਲਾਈ ਦਿੱਤੀ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 2010-2011 ਵਿੱਚ ਕੁੜੀਆਂ ਦੀ ਸੰਮੀ ਨਾਚ ਦੀ ਟੀਮ ਅਤੇ 2012-2013 ਵਿੱਚ ਲੁੱਡੀ ਦੀ ਟੀਮ ਦੇ ਵੀ ਉਹ ਨਿਰਦੇਸ਼ਕ ਸਨ।
ਉਨ੍ਹਾਂ ਨੇ ‘ਸੁਰਤਾਲ’ ਨਾਮ ਦੀ ਸਭਿਆਚਾਰਕ ਸੰਸਥਾ ਨਾਲ ਜੁੜ ਕੇ 17 ਸਾਲ ਜਲੰਧਰ ਵਿੱਚ ਅਨੇਕ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਭੰਗੜੇ ਅਤੇ ਗਿੱਧੇ ਰਾਹੀਂ ਜੋੜਨ ਲਈ ਯਤਨ ਕੀਤੇ ਸਨ। ਡਾ. ਇੰਦਰਜੀਤ ਸਿੰਘ ਦੇ ਭੰਗੜੇ ਤੇ ਹੋਰ ਪੰਜਾਬੀ ਨਾਚਾਂ ਨਾਲ ਗੂੜ੍ਹੇ ਮੋਹ ਅਤੇ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਨੂੰ 2008 ਵਿੱਚ ਪੰਜਾਬ ਸਰਕਾਰ ਦੀ ਸੰਸਥਾ ਪੰਜਾਬ ਕਲਾ-ਪ੍ਰੀਸ਼ਦ ਵੱਲੋਂ ਪੰਜਾਬੀ ਲੋਕ ਨਾਚਾਂ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਅਤੇ ਪੰਜਾਬ ਕਲਚਰਲ ਐਸੋਸੀਏਸ਼ਨ ਮੁਹਾਲੀ ਵੱਲੋਂ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ ਭੇਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਸੂਬਿਆਂ ਅਤੇ ਪਰਵਾਸੀ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਦਿੱਤੇ ਗਏ। ਉਨ੍ਹਾਂ ਦਾ ਸਮੁੱਚਾ ਜੀਵਨ ਹੀ ਭੰਗੜੇ ਦੇ ਖੇਤਰ ਵਿੱਚ ਮਾਣ ਕਰਨ ਯੋਗ ਸਮਿਆਂ ਵਿੱਚੋਂ ਲੰਘਦਾ ਰਿਹਾ ਹੈ।
ਡਾ. ਇੰਦਰਜੀਤ ਸਿੰਘ ਦੀਆਂ ਭੰਗੜੇ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਅਗਵਾਈ ਵਿੱਚ ਕੀਤੇ ਅਣਥੱਕ ਯਤਨਾਂ ਸਦਕਾ ਅੱਜ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਉਨ੍ਹਾਂ ਦੇ ਸ਼ਾਗਿਰਦ ਭੰਗੜੇ ਲਈ ਕਾਰਜਸ਼ੀਲ ਹਨ। ਡਾ. ਇੰਦਰਜੀਤ ਸਿੰਘ ਨੇ ਪੰਜਾਬੀ ਲੋਕ ਨਾਚਾਂ ਬਾਰੇ ਆਪਣੀ ਸਮੁੱਚੀ ਜੀਵਨ ਯਾਤਰਾ ਦੇ ਅਨੁਭਵਾਂ ਅਤੇ ਜਾਣਕਾਰੀ ਨੂੰ ਇਕੱਤਰ ਕਰਕੇ ‘ਪੰਜਾਬ ਦੇ ਲੋਕ ਨਾਚ ਅਤੇ ਪੇਸ਼ਕਾਰੀ’ ਨਾਮ ਦੀ ਪੁਸਤਕ ਵਿੱਚ ਅੰਕਿਤ ਕੀਤਾ ਹੈ। ਇਹ ਕਿਤਾਬ ਪੰਜਾਬੀ ਲੋਕ ਨਾਚਾਂ ਦੇ ਸਿਖਿਆਰਥੀਆਂ, ਸਭਿਆਚਾਰ ਦੇ ਵਿਦਿਆਰਥੀਆਂ ਅਤੇ ਭੰਗੜੇ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਲਈ ਮੁੱਲਵਾਨ ਦਸਤਾਵੇਜ਼ ਹੈ। ਪਿੱਛੇ ਜਿਹੇ ਤੁਰਦੀ ਫਿਰਦੀ ਇਹ ਸੰਸਥਾ ਸਾਨੂੰ ਅਲਵਿਦਾ ਕਹਿ ਗਈ, ਪਰ ਉਸ ਪ੍ਰਤਿਭਾਵਾਨ ਸ਼ਖ਼ਸੀਅਤ ਦੀ ਬਹੁਪੱਖੀ ਦੇਣ ਸਦਾ ਹੀ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਯਾਦ ਰੱਖੀ ਜਾਏਗੀ। ਇੱਕ ਅਧਿਆਪਕ ਵਜੋਂ ਵੀ ਡਾ. ਇੰਦਰਜੀਤ ਸਿੰਘ ਵਰਗਾ ਅਧਿਆਪਕ ਹੋਣਾ ਬਹੁਤ ਵੱਡੀ ਗੱਲ ਹੈ। ਆਪਣੇ ਕਾਰਜਕਾਲ ਦੌਰਾਨ ਉਹ ਵਿਦਿਆਰਥੀਆਂ ਵਿੱਚ ਇੱਕ ਪਿਤਾ ਤੇ ਇੱਕ ਦੋਸਤ ਵਾਂਗ ਵਿਚਰਦੇ ਸਨ। ਆਪਣੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਮੁਹੱਬਤ ਕਰਦੇ ਸਨ। ਜੇਕਰ ਕਿਸੇ ਵਿਦਿਆਰਥੀ ਨੂੰ ਜ਼ਿੰਦਗੀ ਵਿੱਚ ਕਦੀ ਆਰਥਿਕ ਕਠਿਨਾਈ ਆਉਂਦੀ ਜਾਂ ਕਿਸੇ ਜ਼ਰਦ-ਸਰਦ ਮੌਸਮਾਂ ਵਿੱਚੋਂ ਲੰਘਣਾ ਪੈਂਦਾ ਤਾਂ ਉਹ ਸਾਇਆ ਬਣਕੇ ਨਾਲ ਖੜ੍ਹ ਜਾਂਦੇ। ਕਾਲਜ ਮੈਨੇਜਮੈਂਟ ਨਾਲ ਜਾਂ ਆਲੇ-ਦੁਆਲੇ ਵਿੱਚ ਵਿਚਰਦਿਆਂ ਉਹ ਵਿਦਿਆਰਥੀਆਂ ਦੀ ਤਰਫ਼ਦਾਰੀ ਲਈ ਜਾਣੇ ਜਾਂਦੇ ਸਨ। ਆਪਣੇ ਸਿਖਿਆਰਥੀਆਂ ਨੂੰ ਜਿੱਥੇ ਉਹ ਸਖ਼ਤ ਸਿਖਲਾਈ ਮਾਹੌਲ ਵਿੱਚ ਰੱਖਦੇ ਸਨ, ਉੱਥੇ ਉਨ੍ਹਾਂ ਦਾ ਕੋਮਲ ਦਿਲ ਨੌਜਵਾਨਾਂ ਲਈ ਦਇਆ ਨਾਲ ਭਰਿਆ ਹੋਇਆ ਸੀ।
ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਜੋ ਹੁਣ ਖ਼ੁਦ ਭੰਗੜੇ ਦੇ ਖੇਤਰ ਵਿੱਚ ਜਾਂ ਕਿਸੇ ਹੋਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ਦੀ ਸਿਮਰਤੀ ਵਿੱਚ ਸਦਾ ਹੀ ਸਤਿਕਾਰ ਨਾਲ ਭਰੇ ਰਹਿੰਦੇ ਹਨ। ਇਹ ਡਾ. ਇੰਦਰਜੀਤ ਸਿੰਘ ਦੀ ਉਮਰ ਭਰ ਦੀ ਕਮਾਈ ਹੈ, ਜੋ ਆਪਣੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਇੱਜ਼ਤ ਅਤੇ ਯਾਦ ਅੱਜ ਵੀ ਮਹਿਕਦੀ ਹੈ।
ਸੰਪਰਕ: +61410584302