ਸੁਰਿੰਦਰ ਗੀਤ
ਪੰਜਾਬ ਦੀ ਧਰਤੀ ਛੱਡ ਕੇ ਆਇਆਂ ਭਾਵੇਂ ਪੰਜ ਦਹਾਕੇ ਹੋਣ ਵਾਲੇ ਹਨ, ਪਰ ਅਜੇ ਤਕ ਦੇਸ਼ ਤੋਂ ਆਉਂਦੀਆਂ ਖ਼ਬਰਾਂ ਦੀ ਝਾਕ ਰਹਿੰਦੀ ਹੈ। ਇਸ ਦਾ ਕਾਰਨ ਹੈ ਕਿ ਸਾਡੀਆਂ ਜੜ੍ਹਾਂ ਨੂੰ ਉਸ ਧਰਤੀ ਨੇ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਪਕੜ ਕੇ ਰੱਖਿਆ ਹੈ। ਇਹ ਕੋਈ ਮਾੜੀ ਗੱਲ ਨਹੀਂ। ਆਪਣੀ ਮਾਂ ਭੂਮੀ ਦੇ ਵੀ ਵਫ਼ਾਦਾਰ ਰਹਿਣਾ ਤੇ ਆਪਣੀ ਕਰਮ ਭੂਮੀ ਦਾ ਵੀ ਤਨੋਂ ਮਨੋਂ ਸਤਿਕਾਰ ਕਰਨਾ। ਦੋਹਾਂ ਦੀ ਸੁੱਖ ਮੰਗਣਾ ਸੁਭਾਵਿਕ ਹੈ। ਜਦੋਂ ਜਹਾਜ਼ ਦੇ ਪਹੀਏ ਦਿੱਲੀ ਏਅਰਪੋਰਟ ਦੀ ਜ਼ਮੀਨ ਨੂੰ ਛੂੰਹਦੇ ਹਨ ਤਾਂ ਮਨ ਵਿਚ ਅਜੀਬ ਜਿਹੀ ਝਰਨਾਹਟ ਛਿੜਦੀ ਹੈ। ਇਹ ਝਰਨਾਹਟ ਉਸ ਪਿਆਰ ਦਾ ਪ੍ਰਗਟਾਵਾ ਹੁੰਦੀ ਹੈ ਜੋ ਸਾਡੇ ਮਨਾਂ ਵਿਚ ਆਪਣੇ ਦੇਸ਼ ਲਈ ਸਾਂਭਿਆ ਪਿਆ ਹੁੰਦਾ ਹੈ। ਏਸੇ ਤਰ੍ਹਾਂ ਭਾਰਤ ਤੋਂ ਪਰਤਦਿਆਂ ਕੈਨੇਡਾ ਪੁੱਜ ਕੇ ਘਰ ਪੁੱਜਣ ਦੀ ਕਾਹਲ ਹੁੰਦੀ ਹੈ। ਖੁਸ਼ੀ ਦੋਹਾਂ ਥਾਵਾਂ ’ਤੇ ਹੁੰਦੀ ਹੈ। ਨਾ ਉਹ ਮੁਲਕ ਬੇਗਾਨਾ ਤੇ ਨਾ ਇਹ ਮੁਲਕ ਓਪਰਾ। ਮੇਰੀ ਗ਼ਜ਼ਲ ਦਾ ਇਕ ਸ਼ਿਅਰ ਹੈ :
ਮੇਰੀ ਜੋ ਕਰਮ ਭੂਮੀ ਹੈ ਮੇਰੇ ਬੱਚਿਆਂ ਦੀ ਮਾਂ ਭੂਮੀ
ਬੇਗਾਨਾ ਏਸ ਨੂੰ ਦੱਸੋ ਮੇਰੇ ਤੋਂ ਕਹਿ ਕਿਵੇਂ ਹੋਵੇ।
ਖ਼ਬਰਾਂ ਤੋਂ ਸ਼ੁਰੂ ਕੀਤਾ ਹੈ ਤੇ ਇਸ ਲਈ ਪਹਿਲਾਂ ਖ਼ਬਰਾਂ ਵੱਲ ਹੀ ਜਾਂਦੀ ਹਾਂ। ਬਹੁਤ ਵਾਰ ਦੇਸ਼ ਤੋਂ ਮਾੜੀਆਂ ਖ਼ਬਰਾਂ ਹੀ ਆਉਂਦੀਆਂ ਹਨ। ਧਰਮ ਦੇ ਨਾਂ ’ਤੇ ਹੋ ਰਹੀਆਂ ਮਨਮਾਨੀਆਂ, ਹੱਕਾਂ ਦੀ ਸ਼ਰੇਆਮ ਹੁੰਦੀ ਲੁੱਟ, ਘੱਟ ਗਿਣਤੀ ਦੇ ਲੋਕਾਂ ’ਤੇ ਹੁੰਦੇ ਅੱਤਿਆਚਾਰ, ਨਸ਼ਿਆਂ ਦੇ ਮਾਰੂ ਪ੍ਰਭਾਵ, ਨਿੱਤ ਵਾਪਰਦੇ ਬਲਾਤਕਾਰ, ਨਿਆਂ ਪ੍ਰਣਾਲੀ ਦਾ ਵਿਕ ਜਾਣਾ ਆਦਿ। ਉੱਪਰਲੀ ਕੁਰਸੀ ਤੋਂ ਲੈ ਕੇ ਐਨ ਹੇਠਲੀ ਕੁਰਸੀ ਤਕ ਵਿਛਿਆ ਭ੍ਰਿਸ਼ਟਾਚਾਰੀ ਦਾ ਜਾਲ, ਮਹਿੰਗਾਈ ਦੇ ਪੁੜਾਂ ਵਿਚ ਪੀਸੀ ਜਾ ਰਹੀ ਜਨਤਾ, ਚੁਣੇ ਹੋਏ ਨੇਤਾਵਾਂ ਦਾ ਭ੍ਰਿਸ਼ਟ ਹੋ ਜਾਣਾ ਤੇ ਆਪਣੇ ਤਖ਼ਤ ਦੇ ਪਾਵੇ ਮਜ਼ਬੂਤ ਕਰਨ ਲਈ ਸ਼ਾਹੂਕਾਰਾਂ ਦੇ ਹੱਥ ਦੇਸ਼ ਦਾ ਮਾਨ ਸਨਮਾਨ ਵੇਚਣ ਦੀਆਂ ਦਿਲ ਚੀਰਵੀਆਂ ਖ਼ਬਰਾਂ। ਭਾਵੇਂ ਇਹ ਵਰਤਾਰਾ ਨਵਾਂ ਨਹੀਂ, ਪਰ ਅੱਜਕੱਲ੍ਹ ਜਿਸ ਦਿਸ਼ਾ ਵੱਲ ਭਾਰਤ ਦਾ ਸਮੁੱਚਾ ਢਾਂਚਾ ਜਾ ਰਿਹਾ ਤੇ ਜੋ ਦਸ਼ਾ ਲੋਕਾਂ ਦੀ ਹੋ ਰਹੀ ਹੈ, ਉਹ ਬੇਹੱਦ ਦੁਖਦਾਈ, ਅਸਹਿ ਅਤੇ ਘਿਨੌਣੀ ਹੈ।
ਭਾਵੇਂ ਦੇਸ਼ ਨੂੰ ਆਜ਼ਾਦ ਹੋਇਆਂ ਤਕਰੀਬਨ 75 ਸਾਲ ਹੋ ਗਏ ਹਨ, ਪਰ ਇਹ ਆਜ਼ਾਦੀ ਕੇਵਲ ਤੇ ਕੇਵਲ ਸੱਤਾ ਬਦਲਣ ਦੀ ਆਜ਼ਾਦੀ ਹੈ। ਇਕ ਰੰਗ ਦੀ ਕੌਮ ਦੇ ਚਲੇ ਜਾਣ ਤੇ ਦੂਸਰੇ ਰੰਗ ਦੀ ਕੌਮ ਦੇ ਸੱਤਾ ’ਤੇ ਕਾਬਜ਼ ਹੋਣ ਦੀ ਕਹਾਣੀ ਹੈ। ਮੈਂ ਆਪਣੀ ਸੁਰਤ ਵਿਚ ਕਦੇ ਕੁਝ ਸੁਖਾਵਾਂ ਵਾਪਰਦਾ ਨਹੀਂ ਦੇਖਿਆ, ਪਰ ਅੱਜਕੱਲ੍ਹ ਜੋ ਸੋਹਣੇ ਦੇਸ਼ ਭਾਰਤ ਵਿਚ ਹੋ ਰਿਹਾ ਹੈ ਉਹ ਸਭ ਹੱਦਾਂ ਬੰਨੇ ਟੱਪ ਕੇ ਉਸ ਦਿਸ਼ਾ ਵੱਲ ਤੁਰ ਪਿਆ ਹੈ ਕਿ ਮੇਰੇ ਵਰਗੇ ਅਨੇਕਾਂ ਪਰਵਾਸੀ ਰਾਤ ਨੂੰ ਉੱਠ ਉੱਠ ਕੇ ਖ਼ਬਰਾਂ ਦੇਖਦੇ ਹਨ ਕਿ ਕਿਤੇ ਕੁਝ ਅਣਸੁਖਾਵਾਂ ਤਾਂ ਨਹੀਂ ਵਾਪਰ ਗਿਆ।
ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨ ਕਦੇ ਠੰਢ ਵਿਚ ਠੁਰ ਠੁਰ ਕਰਦੇ, ਕਦੇ ਗਰਮੀ ਨਾਲ ਸੜਦੇ, ਮਹੀਨਿਆਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਆਪਣੇ ਹੱਕਾਂ ਲਈ ਨਾਅਰੇ ਲਾ ਰਹੇ ਹਨ। ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਆਪਣੇ ਬੱਚਿਆਂ ਦਾ ਭਵਿੱਖ ਸਾਂਭਣ ਦਾ ਯਤਨ ਕਰਦੇ, ਆਪਣੇ ਪਿਉ ਦਾਦੇ ਦੀ ਵਿਰਾਸਤ ਬਚਾਉਣ ਲਈ ਮੌਸਮਾਂ ਦੇ ਕਹਿਰ ਨੂੰ ਆਪਣੇ ਤਨਾਂ ਤੇ ਰੂਹਾਂ ’ਤੇ ਝੱਲਦੇ ਹਨ। ਭਾਰਤ ਸਰਕਾਰ ਵੱਲੋਂ ਜਿਸ ਢੰਗ ਨਾਲ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਹਨ, ਉਹ ਪੂਰਨ ਤੌਰ ’ਤੇ ਨਿੰਦਣਯੋਗ ਹੈ। ਇਕ ਪਾਸੇ ਮਹਾਂਮਾਰੀ ਕਰੋਨਾ ਦੀ ਆਮਦ ਤੇ ਦੂਸਰੇ ਪਾਸੇ ਖੇਤੀਬਾੜੀ ਸਬੰਧੀ ਨਵੇਂ ਆਰਡੀਨੈਂਸ ਲਿਆਉਣੇ ਤੇ ਨਾਟਕੀ ਢੰਗ ਨਾਲ ਪਾਸ ਕਰਕੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਤੋਂ ਬਿਨਾਂ ਹੋਰ ਕੀ ਹੈ ? ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਦੀ ਐਮਰਜੈਂਸੀ ਨਹੀਂ ਸੀ ਬਲਕਿ ਮਹਾਂਮਾਰੀ ਕਰੋਨਾ ਐਮਰਜੈਂਸੀ ਸੀ। ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣਾ ਸਰਕਾਰਾਂ ਦਾ ਮੁੱਖ ਕੰਮ ਸੀ। ਬਿਨਾਂ ਪ੍ਰਬੰਧ ਕੀਤਿਆਂ ਲੌਕਡਾਊਨ ਲਾ ਕੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਸੈਂਕੜੇ ਮੀਲਾਂ ਦਾ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਆਪਣੇ ਕੱਪੜੇ ਤੇ ਜ਼ਰੂਰੀ ਸਾਮਾਨ ਦੀਆਂ ਗਠੜੀਆਂ, ਬੱਚਿਆਂ ਨੂੰ ਕੁੱਛੜ ਚੁੱਕੀ, ਨੰਗੇ ਪੈਰੀਂ, ਢਿੱਡੋਂ ਭੁੱਖੇ ਜਾਂਦੇ ਮਜ਼ਦੂਰਾਂ ਨੂੰ ਦੇਸ਼ ਭਰ ਦੀਆਂ ਸੜਕਾਂ ’ਤੇ ਪੈਦਲ ਜਾਂਦੇ ਦੇਖ ਹਰ ਅੱਖ ਨਮ ਹੁੰਦੀ ਸੀ। ਅਖ਼ਬਾਰਾਂ ਵਿਚ ਛਪੀਆਂ ਜ਼ਖ਼ਮੀ ਪੈਰਾਂ ਦੀਆਂ ਤਸਵੀਰਾਂ ਨੇ ਭਾਰਤ ਦੇ ਇਤਿਹਾਸ ਨੂੰ ਸ਼ਰਮਸਾਰ ਕੀਤਾ ਹੈ। ਸੜਕਾਂ ’ਤੇ ਮਰਨ ਵਾਲਿਆਂ ਦੇ ਨਾਲ ਨਾਲ ਸੜਕ ਕਿਨਾਰੇ ਜੰਮੇ ਬੱਚਿਆਂ ਦੀ ਤੇ ਮਾਵਾਂ ਦੀ ਦੁਰਦਸ਼ਾ ਇਤਿਹਾਸ ਨੇ ਆਪਣੇ ਪੰਨਿਆਂ ਵਿਚ ਸਾਂਭ ਲਈ ਹੈ। ਬੱਚੇ ਨੂੰ ਜਨਮ ਦੇ ਕੇ ਢਿੱਡੋਂ ਭੁੱਖੀ ਬੇਵਸ ਮਾਂ, ਖੂਨ ’ਚ ਲਿੱਬੜੇ ਬੱਚੇ ਨੂੰ ਛਾਤੀ ਨਾਲ ਲਾ ਕੇ ਫਿਰ ਤੁਰ ਪੈਂਦੀ ਹੈ ਲੰਬੇ ਪੈਦਲ ਸਫ਼ਰ ’ਤੇ। ਅੱਗੇ ਜਾ ਕੇ ਦੋ ਤਿੰਨ ਸੌ ਮਜ਼ਦੂਰਾਂ ਨੂੰ ਬਿਠਾ ਕੇ ਉਨ੍ਹਾਂ ਉੱਪਰ ਜ਼ਹਿਰੀਲੀ ਦਵਾਈ ਦਾ ਸਪਰੇਅ ਕਰ ਦੇਣਾ ਹੱਦ ਦਰਜੇ ਦਾ ਘਿਨੌਣਾ ਕਾਰਾ ਸੀ ਜਿਸ ਦਾ ਕਿਸੇ ਸ਼ਾਸਨ ਪ੍ਰਸ਼ਾਸਨ ਨੇ ਨੋਟਿਸ ਨਹੀਂ ਲਿਆ। ਮੇਰੇ ਹਿਸਾਬ ਨਾਲ ਇਹ ਅਣ-ਮਨੁੱਖੀ ਘਿਨੌਣਾ ਵਰਤਾਰਾ ਸੀ ਜਿਸ ਨੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ ਸਨ। ਉਹ ਦੇਸ਼ ਜਿਹੜਾ ਪੁਲਾੜ ਨੂੰ ਸਰ ਕਰਨ ਦੇ ਸੁਪਨੇ ਲੈ ਰਿਹਾ ਹੈ, ਜਿਹੜਾ ਚੰਦ ਤਾਰਿਆਂ ’ਤੇ ਪੈੜਾਂ ਪਾਉਂਦਾ ਹੈ, ਉਸ ਦੇਸ਼ ਦੇ ਮਜ਼ਦੂਰਾਂ ਕਿਰਤੀਆਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋਵੇ…ਕੋਈ ਕੀ ਆਖੇ। ਅਜਿਹੇ ਸਮੇਂ ਸ਼ਬਦ ਹਾਰ ਜਾਂਦੇ ਹਨ। ਅੱਖਾਂ ਰੋਂਦੀਆਂ ਹਨ, ਭੁੱਖ ਵਿਲਕਦੀ ਵਿਲਕਦੀ ਦਮ ਤੋੜ ਜਾਂਦੀ ਹੈ ਤੇ ਵਕਤ ਸ਼ਰਮ ਨਾਲ ਸਿਰ ਝੁਕਾ ਲੈਂਦਾ ਹੈ। ਇਸ ਸਭ ਕਾਸੇ ਨੂੰ ਦੇਖ ਕੇ ਲਿਖੀ ਮੇਰੀ ਇਕ ਗ਼ਜ਼ਲ ਦਾ ਸ਼ਿਅਰ ਹੈ:
ਬਿਮਾਰੀ ਭੁੱਖ ਏਥੇ ਵੀ,
ਬਿਮਾਰੀ ਭੁੱਖ ਓਥੇ ਵੀ,
ਤੇ ਕੇਵਲ ਮਰਨ ਦੀ ਖਾਤਰ,
ਉਹ ਤੁਰਿਆ ਦੇਸ਼ ਨੂੰ ਜਾਵੇ।
ਅੱਜ ਫਿਰ ਇਕ ਪਾਸੇ ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੀ ਤਰਥੱਲੀ ਤੇ ਦੂਸਰੇ ਪਾਸੇ ਕਈ ਰਾਜਾਂ ਦੀਆਂ ਚੋਣਾਂ। ਕਿਹੜੇ ਮਾੜੇ ਰਾਹ ਪੈ ਗਈ ਮੇਰੇ ਭਾਰਤ ਦੀ ਰਾਜਨੀਤੀ? ਕਿਸ ਤਰ੍ਹਾਂ ਦੀ ਸੋਚ ਅਪਣਾ ਰਹੇ ਨੇ ਸਾਡੇ ਰਾਜਨੀਤਕ ਲੋਕ। ਹੱਕ ਮੰਗਦੇ ਲੋਕਾਂ ਦੀ ਭੀੜ ਕਰੋਨਾ ਫੈਲਾ ਸਕਦੀ ਹੈ, ਪਰ ਚੋਣਾਂ ਲਈ ਕੀਤੀਆਂ ਜਾ ਰਹੀਆਂ ਵੱਡੀਆਂ ਵੱਡੀਆਂ ਰੈਲੀਆਂ ਦੀ ਕੋਈ ਗੱਲ ਨਹੀਂ ਕਰਦਾ। ਇਕਸਾਰਤਾ ਕਿਤੇ ਵੀ ਨਜ਼ਰ ਨਹੀਂ ਆ ਰਹੀ।
ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ। ਆਕਸੀਜਨ ਨਾ ਮਿਲਣ ਕਾਰਨ ਮਰੀਜ਼ ਦਮ ਤੋੜ ਰਹੇ ਹਨ। ਵੈਂਟੀਲੇਟਰਾਂ ਪਿੱਛੇ ਰੌਲਾ ਪੈ ਰਿਹਾ ਹੈ। ਖ਼ਬਰਾਂ ਦੱਸਦੀਆਂ ਹਨ ਕਿ ਇਕ ਬੈੱਡ ’ਤੇ ਤਿੰਨ ਤਿੰਨ ਮਰੀਜ਼ ਪਾਏ ਜਾ ਰਹੇ ਹਨ। ਕੁਝ ਫਰਸ਼ ’ਤੇ ਪਏ ਹਨ, ਕੁਝ ਏਧਰ ਕੁਝ ਓਧਰ। ਲਾਸ਼ਾਂ ਸਾੜਨ ਜਾਂ ਦਫ਼ਨਾਉਣ ਲਈ ਥਾਂ ਨਹੀਂ ਮਿਲ ਰਹੀ। ਦੁਨੀਆਂ ਭਰ ਨੂੰ ਕਰੋਨਾ ਦੇ ਟੀਕੇ ਤੇ ਆਕਸੀਜਨ ਸਪਲਾਈ ਕਰਨ ਵਾਲੇ ਦੇਸ਼ ਦਾ ਆਪਣਾ ਏਨਾ ਬੁਰਾ ਹਾਲ ਹੈ। ਲੱਖਾਂ ਦੀ ਗਿਣਤੀ ਵਿਚ ਲੋਕ ਤਰਾਹ ਤਰਾਹ ਕਰ ਰਹੇ ਹਨ। ਅਜਿਹਾ ਹਾਲ ਦੇਸ਼ ਦੇ ਕਿਸੇ ਇਕ ਸੂਬੇ ਜਾਂ ਸ਼ਹਿਰ ਦਾ ਨਹੀਂ ਸਗੋਂ ਦੇਸ਼ ਦੇ ਹਰ ਕੋਨੇ ਵਿਚੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ।
ਮੈਂ ਬਹੁਤ ਦੁਖੀ ਹਿਰਦੇ ਨਾਲ ਕਹਿ ਰਹੀ ਹਾਂ ਇਸ ਸਭ ਦੇ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’। ਅਸੀਂ ਖ਼ੁਦ ਆਪਣੇ ਆਪ ਨੂੰ ਪਹਿਚਾਣ ਨਹੀਂ ਰਹੇ। ਤਿੰਨ ਚਾਰ ਸੌ ਰੁਪਏ ’ਤੇ ਵਿਕ ਜਾਂਦੇ ਹਾਂ। ਦਾਰੂ ਦੀ ਬੋਤਲ ਜਾਂ ਦੋ ਡੰਗ ਦੀ ਭੁੱਕੀ ਸਾਨੂੰ ਕਿਸੇ ਰਾਜਨੀਤਕ ਰੈਲੀ ਦਾ ਹਿੱਸਾ ਬਣਾ ਲੈਂਦੀ ਹੈ। ਵੋਟਾਂ ਸਮੇਂ ਆਪਣੀਆਂ ਛੋਟੀਆਂ ਮਾੜੀਆਂ ਮੋਟੀਆਂ ਗਰਜ਼ਾਂ ਦੀ ਪੂਰਤੀ ਲਈ ਪਿੱਛ ਲੱਗ ਬਣ ਜਾਂਦੇ ਹਾਂ। ਉਸ ਸਮੇਂ ਸਾਨੂੰ ਹਰ ਕੋਈ ਸਬਜ਼ ਬਾਗ਼ ਦਿਖਾ ਜਾਂਦਾ ਹੈ। ਬਹੁਤ ਵਾਰ ਜਾਣਦੇ ਹੋਏ ਵੀ ਅਸੀਂ ਗ਼ਲਤ ਫ਼ੈਸਲਾ ਲੈ ਲੈਂਦੇ ਹਾਂ। ਪੰਜ ਸਾਲ ਸਰਕਾਰਾਂ ਨੂੰ ਕੋਸਦੇ ਹਾਂ ਤੇ ਫਿਰ ਪੰਜ ਸਾਲਾਂ ਬਾਅਦ ਉਹ ਹੀ ਪੁਰਾਣਾ ਕਿੱਸਾ ਦੁਹਰਾ ਦਿੰਦੇ ਹਾਂ। ਅੱਖਾਂ ਬੰਦ ਕਰਕੇ ਭੀੜ ਪਿੱਛੇ ਤੁਰ ਪੈਂਦੇ ਹਾਂ। ਚਾਰ ਕੁ ਦਮੜਿਆਂ ਦੀ ਚਮਕ ਜਾਂ ਨਿੱਜੀ ਗਰਜ਼ ਦੀ ਲਾਲਸਾ ਹਨੇਰ ਵਿਚ ਧਕੇਲ ਦਿੰਦੀ ਹੈ ਤੇ ਭ੍ਰਿਸ਼ਟ ਨੇਤਾਵਾਂ ਦੀਆਂ ਝੋਲੀਆਂ ਵਿਚ ਆਪਣਾ ਭਵਿੱਖ ਉਲਟਾ ਦਿੰਦੇ ਹਾਂ। ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਵਿਦੇਸ਼ਾਂ ਵੱਲ ਧਕੇਲ ਰਹੇ ਹਾਂ। ਜੇਕਰ ਵਰਤਾਰੇ ਨੂੰ ਠੱਲ੍ਹ ਨਾ ਪਈ ਤਾਂ ਪੰਜਾਬ ਦੇ ਪਿੰਡ ਸੁੰਨੇ ਹੋ ਜਾਣਗੇ। ਫਿਰ ਪੰਜਾਬ ਕਿਸ ਤਰ੍ਹਾਂ ਦਾ ਹੋਵੇਗਾ ? ਜ਼ਰਾ ਸੋਚ ਕੇ ਵੇਖੋ!
ਸੰਖੇਪ ਵਿਚ ਇਉਂ ਕਹਿ ਲਵੋ ਕਿ ਅਸੀਂ ਪਰਜਾ ਤੋਂ ਵੋਟਾਂ ਬਣ ਕੇ ਵਿਕ ਰਹੇ ਹਾਂ ਅਤੇ ਵਿਕੇ ਹੋਏ ਲੋਕਾਂ ਦੀ ਆਪਣੀ ਆਵਾਜ਼ ਨਹੀਂ ਹੁੰਦੀ। ਆਓ! ਇਸ ਹਨੇਰੇ ਵਿਚ ਦੀਵਾ ਜਗਾਉਣ ਦਾ ਕੋਈ ਯਤਨ ਕਰੀਏ। ਰਾਜਨੀਤੀਵਾਨਾਂ ਨੂੰ ਪਰਖਣ ਦੇ ਨਾਲ ਨਾਲ ਆਪਣੀ ਵੀ ਪੜਚੋਲ ਕਰੀਏ।
ਕੋਸ ਨਾ ਤੂੰ ਨ੍ਹੇਰ ਨੂੰ ਦੀਵਾ ਜਗਾ ਕੇ ਵੇਖ ਲੈ
ਸੀਨੇ ਬਲਦੀ ਜੋਤ ਤੋਂ ਪਰਦਾ ਉਠਾ ਕੇ ਵੇਖ ਲੈ।