ਗੁਰਚਰਨ ਕੌਰ ਥਿੰਦ
ਪੂਰੀ ਦੁਨੀਆਂ ਦੇ ਨੱਕ ਵਿਚ ਦਮ ਕਰੀ ਰੱਖਣ ਵਾਲੀ ਕੋਵਿਡ-19 ਨਾਂ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਦਾ ਇਕੋ ਇਕ ਇਲਾਜ ਹੈ-ਇਸ ਬਿਮਾਰੀ ਤੋਂ ਬਚਾਓ ਦਾ ਟੀਕਾ ਲਗਵਾਉਣਾ। ਸਾਲ ਤੋਂ ਵੀ ਉੱਪਰ ਹੋ ਗਿਆ ਘਰਾਂ ਵਿਚ ਡੱਕਿਆਂ ਨੂੰ, ਸਹਿਮ ਵਿਚ ਦਿਨ ਕੱਢਦਿਆਂ ਨੂੰ। ਕੰਮ ਕਾਜ ਠੱਪ ਹੋਏ ਪਏ ਹਨ। ਆਉਣ ਜਾਣ ਤੇ ਮਿਲ ਬਹਿਣ ’ਤੇ ਪਾਬੰਦੀਆਂ ਕਾਰਨ ਜਾਨ ਅਕਲਕਾਂਦ ਆਈ ਹੋਈ ਹੈ। ਬਾਰ ਬਾਰ ਹੱਥ ਧੋਵੋ ਜੀ, ਸਰੀਰਿਕ ਦੂਰੀ ਬਣਾ ਕੇ ਰੱਖੋ, ਘਰੋਂ ਬਾਹਰ ਜਾਣ ਵੇਲੇ ਮਾਸਕ ਪਾ ਕੇ ਜਾਓ, ਸੈਨੇਟਾਈਜ਼ਰ ਦੀ ਵਰਤੋਂ ਕਰੋ। ਇਸ ਚੰਦਰੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਇੰਜ ਦੇ ਟੰਟੇ ਕਰਦੇ ਲੋਕ ਅੱਕੇ ਪਏ ਹਨ। ਕਦੋਂ ਦੇ ਮੂੰਹ ਚੁੱਕ ਚੁੱਕ ਕੇ ਵੇਖਦੇ ਸੀ ਕਿ ਕਦੋਂ ਇਸ ਬਿਮਾਰੀ ਦਾ ਇਲਾਜ ਲੱਭੇ ਤੇ ਇਹਨੂੰ ਨੱਥ ਪਾਈ ਜਾ ਸਕੇ।
ਸ਼ੁਕਰ ਹੈ ਵਿਗਿਆਨੀਆਂ ਤੇ ਡਾਕਟਰਾਂ ਦੀ ਖੋਜ ਰੰਗ ਲਿਆਈ ਹੈ ਅਤੇ ਇਸ ਤੋਂ ਬਚਾਓ ਦਾ ਟੀਕਾ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚ ਰਿਹਾ ਹੈ। ਕਈ ਦੇਸ਼ਾਂ ਵਿਚ ਤਾਂ ਦੇਸ਼ ਦੀ ਬਹੁ-ਗਿਣਤੀ ਵਸੋਂ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਕਈਆਂ ਵਿਚ ਤੇਜ਼ੀ ਨਾਲ ਹੋ ਰਿਹਾ ਹੈ। ਕੈਨੇਡਾ ਵਿਚ ਵੀ ਹਰ ਪ੍ਰਾਂਤ ਦੇ ਹਰ ਵੱਡੇ ਛੋਟੇ ਸ਼ਹਿਰ ਤੇ ਪਿੰਡਾਂ ਵਿਚ ਥਾਂ ਥਾਂ ਟੀਕਾਕਰਨ ਦੇ ਕੇਂਦਰ ਸਥਾਪਤ ਕਰ ਜ਼ੋਰ-ਸ਼ੋਰ ਨਾਲ ਟੀਕੇ ਲਗਾਏ ਜਾ ਰਹੇ ਹਨ। ਟੀਚਾ ਹੈ ਕਿ ਜੂਨ ਦੇ ਅੰਤ ਤਕ ਹਰੇਕ ਯੋਗ ਵਿਅਕਤੀ ਨੂੰ ਪਹਿਲੀ ਡੋਜ਼ ਲਗਾਉਣ ਦਾ ਕਾਰਜ ਸਪੰਨ ਕਰ ਦਿੱਤਾ ਜਾਵੇਗਾ। ਟੀਕਾਕਰਨ ਦਾ ਕੰਮ ਦਸੰਬਰ ਦੇ ਅੱਧ ਵਿਚ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਸਰਕਾਰੀ ਅੰਕੜਿਆਂ ਅਨੁਸਾਰ ਅਪਰੈਲ ਦੇ ਅੱਧ ਤਕ 20% ਲੋਕਾਂ ਨੂੰ ਪਹਿਲਾ ਟੀਕਾ ਲੱਗ ਚੁੱਕਾ ਹੈ ਅਤੇ 80% ਨੂੰ ਦੂਸਰੀ ਡੋਜ਼ ਲੱਗੀ ਹੈ।
ਉਂਜ ਤਾਂ ਬਹੁਤੇ ਜਾਣਦੇ ਹੀ ਹਨ, ਪਰ ਕਈਆਂ ਦੇ ਮਨ ਵਿਚ ਸਵਾਲ ਹੋਵੇਗਾ ਕਿ ਇਹ ਟੀਕਾ ਹੈ ਕੀ? ਕਿਵੇਂ ਠਿੱਬੀ ਲਾਉਂਦਾ ਇਹ ਇਸ ਨਾਮੁਰਾਦ ਬਿਮਾਰੀ ਨੂੰ? ਵੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕੋਵਿਡ-19 ਬਿਮਾਰੀ ਦੇ ਕੀਟਾਣੂ ਕਰੋਨਾ ਨਾਂ ਦੇ ਅਤਿ ਸੂਖਮ ਨਿਰਜੀਵ ਕਣ ਹਨ ਜਿਨ੍ਹਾਂ ਨੂੰ ਵਾਇਰਸ (ਵਿਸ਼ਾਣੂ ਭਾਵ ਜ਼ਹਿਰ ਦੇ ਅਣੂ) ਆਖਿਆ ਜਾਂਦਾ ਹੈ। ਇਹ ਨਿਰਜੀਵ ਕਣ ਜਦੋਂ ਮਨੁੱਖ ਦੇ ਸਰੀਰ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਮਨੁੱਖੀ ਸੈੱਲਾਂ ਵਿਚ ਨਿਵਾਸ ਕਰਕੇ ਜੀਵਤ ਸੈੱਲਾਂ ਵਾਂਗ ਵਿਹਾਰ ਕਰਨਾ ਸ਼ੁਰੂ ਕਰਕੇ ਬਿਮਾਰੀ ਫੈਲਾਉਂਦੇ ਹਨ। ਜਿਉਂ ਜਿਉਂ ਇਨ੍ਹਾਂ ਸੈੱਲਾਂ ਦੀ ਗਿਣਤੀ ਵਧਦੀ ਜਾਂਦੀ ਹੈ, ਬਿਮਾਰੀ ਦੇ ਲੱਛਣ ਪ੍ਰਗਟ ਹੋਣ ਲੱਗਦੇ ਹਨ ਅਤੇ ਬੰਦਾ ਮਰੀਜ਼ ਬਣ ਮੰਜਾ ਮੱਲਣ ਨੂੰ ਮਜਬੂਰ ਹੋ ਜਾਂਦਾ ਹੈ। ਇਹ ਤਾਂ ਹੈ ਇਨ੍ਹਾਂ ਜ਼ਹਿਰੀਲੇ ਕਣਾਂ ਦਾ ਕਾਰਾ!
ਹੁਣ ਅਗਲੀ ਗੱਲ ਹੈ ਮਨੁੱਖੀ ਸਰੀਰ ਦੀ ਬਣਤਰ ਸਬੰਧੀ। ਕੁਦਰਤ ਨੇ ਮਨੁੱਖ ਨੂੰ ਇਹੋ ਜਿਹੇ ਅਨੇਕਾਂ ਪ੍ਰਕਾਰ ਦੇ ਬਿਮਾਰੀਆਂ ਦੇ ਕੀਟਾਣੂਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ੀ ਹੋਈ ਹੈ ਜਿਸ ਨੂੰ ਨੈਚੂਰਲ ਇਮਊਨਿਟੀ ਭਾਵ ਕੁਦਰਤੀ ਰੋਗ-ਰਹਿਤਤਾ ਆਖਿਆ ਜਾਂਦਾ ਹੈ। ਇਹ ਮਨੁੱਖੀ ਖੂਨ ਵਿਚ ਮੌਜੂਦ ਹੁੰਦੀ ਹੈ। ਮਨੁੱਖੀ ਖੂਨ ਲਾਲ ਰਕਤਾਣੂ, ਚਿੱਟੇ ਰਕਤਾਣੂ ਅਤੇ ਪਲੇਟਲੈੱਟਸ ਤਿੰਨ ਪ੍ਰਕਾਰ ਦੇ ਸੂਖਮ ਕਣਾਂ ਦਾ ਬਣਿਆ ਹੁੰਦਾ ਹੈ ਜੋ ਕਿ ਪਲਾਜ਼ਮਾ ਨਾਂ ਦੇ ਤਰਲ ਵਿਚ ਤੈਰਦੇ ਹਨ। ਖੂਨ ਸਾਡੀ ਪਾਚਨ ਪ੍ਰਣਾਲੀ ਵਿਚ ਪਚਿਆ ਭੋਜਨ ਅਤੇ ਫੇਫੜਿਆਂ ਵਿਚੋਂ ਆਕਸੀਜਨ ਲੈ ਰਾਤ ਦਿਨ ਸਰੀਰ ਅੰਦਰਲੇ ਹਰੇਕ ਸੈੱਲ ਤਕ ਪਹੁੰਚਾਉਣ ਦੀ ਸੇਵਾ ਵਿਚ ਰੁੱਝਿਆ ਰਹਿੰਦਾ ਹੈ। ਖੂਨ ਵਿਚਲੇ ਚਿੱਟੇ ਰਕਤਾਣੂ ਸਾਡੇ ਜਿਸਮ ਅੰਦਰਲੇ ਸੁਰੱਖਿਆ ਗਾਰਡ ਹਨ ਜੋ ਨੱਕ ਮੂੰਹ ਜਾਂ ਹੋਰ ਢੰਗਾਂ ਨਾਲ ਸਰੀਰ ਅੰਦਰ ਆਉਣ ਵਾਲੇ ਦੁਸ਼ਮਣਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਾਰ ਮੁਕਾਉਣ ਵਾਲੇ ਸਿਪਾਹੀ ਹਨ ਅਤੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਹ ਸੈੱਲ ‘ਨਿਸ਼ਚੈ ਕਰ ਅਪਨੀ ਜੀਤ ਕਰੋਂ’ ਤਕ ਜੀਅ ਜਾਨ ਲਾ ਕੇ ਆਪਾਂ ਨੂੰ ਬਿਮਾਰੀ ਤੋਂ ਬਚਾਉਣ ਦਾ ਤਰੱਦਦ ਕਰਦੇ ਹਨ। ਇਹ ਹੈ ਮਨੁੱਖ ਦੇ ਸਰੀਰ ਅੰਦਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਨੈਚੂਰਲ ਇਮਊਨਿਟੀ ਭਾਵ ਕੁਦਰਤੀ ਰੋਗ-ਰਹਿਤਤਾ।
ਹਰ ਵਿਅਕਤੀ ਦੀ ਇਹ ਸਮਰੱਥਾ ਭਾਵ ਇਮਊਨਿਟੀ ਆਪੋ ਆਪਣੀ ਹੈ। ਕਿਸੇ ਦੀ ਵੱਧ ਤੇ ਕਈਆਂ ਦੀ ਘੱਟ। ਤਾਂ ਹੀ ਕਈ ਝਟਪਟ ਬਿਮਾਰੀ ਦੀ ਪਕੜ ਵਿਚ ਆ ਜਾਂਦੇ ਹਨ ਤੇ ਕਈ ਕਹਿੰਦੇ ‘ਭਈ ਮੈਂ ਨੀਂ ਕਦੇ ਸੂਈ ਲਗਵਾਈ’। ਪਿੰਡ ਸਾਡੇ ਘਰ ਦੇ ਪਿਛਲੇ ਪਾਸੇ ਮਾਸੀ ਨਾਮ੍ਹੋ ਦਾ ਘਰ ਸੀ। ਬਿਲਕੁਲ ਪਤਲੀ ਜਿਹੀ, ਕਰੰਗ ਜਿਹਾ ਸਰੀਰ। ਜਦੋਂ ਵੀ ਆਉਂਦੀ ਸਾਰੇ ਪਿੰਡ ਦੀਆਂ ਖ਼ਬਰਾਂ ਦੇ ਜਾਂਦੀ। ਘਰ ਵਿਚ ਕਿਸੇ ਨੂੰ ਢਿੱਲਾ ਮੱਠਾ ਹੋਇਆ ਮੰਜੇ ’ਤੇ ਪਿਆ ਵੇਖ ਲੈਂਦੀ ਤਾਂ ਮਾਸੀ ਆਪਣੀ ਰਾਮ ਕਹਾਣੀ ਜ਼ਰੂਰ ਦੁਹਰਾਉਂਦੀ, ‘ਲੈ ਭਈ, ਮੈਂ ਨੀਂ ਕਦੇ ਸੂਈ ਲਗਵਾਈ। ਜਦੋਂ ਕਿਤੇ ਸਰੀਰ ਨੂੰ ਭਖ਼ ਹੋਜੇ ਤਾਂ ਮੈਂ ਤਾਂ ਸੁੰਢ ਜਵੈਣ ਵਾਲੀ ਕੈੜੀ ਜੀ ਚਾਹ ਪੀ ਕੇ ਮੂੰਹ ਸਿਰ ਲਵੇਟ ਕੇ ਪੈ ਜਾਂਦੀ ਆਂ। ਮੁੜ੍ਹਕਾ ਆ ਕੇ ਸਰੀਰ ਆਪੇ ਰੈਲ਼ਾ ਹੋ ਜਾਂਦਾ।’ ਰੱਬ ਨੇ ਉਹਦੇ ਸਰੀਰ ਦੀ ਰੋਗ-ਰਹਿਤ ਪ੍ਰਣਾਲੀ ਹੀ ਇੰਨੀ ਤਾਕਤਵਰ ਬਣਾਈ ਹੋਣੀ ਹੈ ਕਿ ਹਰ ਕਿਸਮ ਦੇ ਕੀਟਾਣੂਆਂ ਨੂੰ ਕਾਬੂ ਕਰ ਲੈਂਦੀ ਹੋਣੀ ਹੈ, ਪਰ ਹਰ ਬੰਦਾ ਤਾਂ ਮਾਸੀ ਨਾਮ੍ਹ ਕੌਰ ਨਹੀਂ ਨਾ ਹੋ ਸਕਦਾ। ਕਈਆਂ ਅੰਦਰਲੇ ਫ਼ੌਜੀ ਸੈੱਲ ਕਮਜ਼ੋਰ ਵੀ ਹੁੰਦੇ ਹਨ ਅਤੇ ਨਾਲੇ ਸਮੇਂ ਸਮੇਂ ਨਵੀਆਂ ਨਵੀਆਂ ਕਿਸਮਾਂ ਦੇ ਕੀਟਾਣੂ ਪੈਦਾ ਹੁੰਦੇ ਰਹਿੰਦੇ ਹਨ ਜੋ ਜਾਨਲੇਵਾ ਬਿਮਾਰੀਆਂ ਫੈਲਾਉਂਦੇ ਹਨ। ਡਾਕਟਰੀ ਵਿਗਿਆਨ ਦੀਆਂ ਖੋਜਾਂ ਨੇ ਸਵਾ ਦੋ ਸੌ ਸਾਲ ਪਹਿਲਾਂ (1796) ਬਿਮਾਰੀ ਦਾ ਮੁਕਾਬਲਾ ਕਰਨ ਲਈ ਸਰੀਰ ਅੰਦਰਲੇ ਫ਼ੌਜੀ ਸੈੱਲਾਂ ਨੂੰ ਵੈਕਸੀਨ ਰਾਹੀਂ ਅਗਾਊਂ ਹਥਿਆਰਬੰਦ ਕਰਨ ਦਾ ਤਰੀਕਾ ਖੋਜ ਲਿਆ ਸੀ। ਆਪਣੇ ਨਵ-ਜੰਮੇ ਬੱਚਿਆਂ ਨੂੰ ਜਿਹੜਾ ਟੀਕਾਕਰਨ ਤੁਸੀਂ ਕਰਵਾਉਂਦੇ ਹੋ, ਉਹ ਇਹੋ ਹੀ ਤਾਂ ਹੈ। ਜਿਹੜੀਆਂ ਜਾਨਲੇਵਾ ਬਿਮਾਰੀਆਂ ਸਮੇਂ ਸਮੇਂ ਮਨੁੱਖ ’ਤੇ ਹਮਲਾ ਕਰਦੀਆਂ ਰਹੀਆਂ ਹਨ, ਜਿਵੇਂ ਡਿਪਥੀਰੀਆ, ਪੋਲੀਓ, ਚੇਚਕ, ਖਸਰਾ, ਹੈਪਟਾਈਟਸ ਆਦਿ, ਇਨ੍ਹਾਂ ਦੀ ਵੈਕਸੀਨ ਬਣਾ ਬੱਚਿਆਂ ਵਿਚ ਟੀਕਿਆਂ ਰਾਹੀਂ ਅਗਾਊਂ ਰੋਗ-ਰਹਿਤਤਾ ਪੈਦਾ ਕਰਨ ਦਾ ਉਪਰਾਲਾ ਹੀ ਤਾਂ ਇਹ ਟੀਕਾਕਰਨ ਹੈ।
ਸਾਲ 2019 ਵਿਚ ਕੋਵਿਡ-19 ਬਿਮਾਰੀ ਦਾ ਬਿਲਕੁਲ ਨਵੀਂ ਕਿਸਮ ਦਾ ਵਾਇਰਸ ਅਚਾਨਕ ਆ ਟਪਕਿਆ। ਇਸ ਦੀ ਵੈਕਸੀਨ ਬਣਾਉਣ ਨੂੰ ਲਗਪਗ ਸਾਲ ਲੱਗ ਗਿਆ। ਇਹ ਸਾਡੇ ਸਾਰਿਆਂ ਦੀਆਂ ਅੱਖਾਂ ਸਾਹਮਣੇ ਹੋਇਆ ਕ੍ਰਿਸ਼ਮਾ ਹੈ। ਇਹ ਵੈਕਸੀਨ ਅਸਲ ਵਿਚ ਇਸੇ ਕੋਵਿਡ-19 ਬਿਮਾਰੀ ਦੇ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਕੀਟਾਣੂ ਹਨ ਜਿਨ੍ਹਾਂ ਨੂੰ ਡਾਕਟਰੀ ਵਿਗਿਆਨ ਦੇ ਤਰੀਕਿਆਂ ਨਾਲ ਅਕਿਰਿਆਸ਼ੀਲ ਕਰਕੇ ਉਨ੍ਹਾਂ ਦਾ ਤਰਲ-ਰੂਪੀ ਟੀਕਾ ਬਣਾਇਆ ਗਿਆ ਹੈ। ਇਹ ਮਨੁੱਖੀ ਸਰੀਰ ਅੰਦਰ ਜਾ ਕੇ ਇਕ ਵਾਰ ਕਿਰਿਆਸ਼ੀਲ ਹੁੰਦੇ ਹਨ ਅਤੇ ਬਿਮਾਰੀ ਵਰਗੇ ਹਲਕੇ ਲੱਛਣ ਪੈਦਾ ਕਰਦੇ ਹਨ। ਫਿਰ ਸਾਡੇ ਸਰੀਰ ਅੰਦਰਲੇ ਚਿੱਟੇ ਰਕਤਾਣੂ ਇਨ੍ਹਾਂ ਨਵੇਂ ਕੀਟਾਣੂਆਂ ਨੂੰ ਕਾਬੂ ਕਰਕੇ ਖ਼ਤਮ ਕਰ ਦਿੰਦੇ ਹਨ ਅਤੇ ਨਾਲ ਹੀ ਇਨ੍ਹਾਂ ਦੀ ਪਛਾਣ ਕਰ ਲੈਂਦੇ ਹਨ ਤੇ ਭਵਿੱਖ ਲਈ ਇਸ ਦੁਸ਼ਮਣ ਨੂੰ ਚੇਤੇ ਰੱਖਦੇ ਹਨ ਕਿ ਜਦੋਂ ਕਿਤੇ ਦੁਬਾਰਾ ਇਨ੍ਹਾਂ ਨੇ ਹਮਲਾ ਕੀਤਾ ਤਾਂ ਫਿਰ ਕਾਬੂ ਕਰਨ ਵਿਚ ਦੇਰ ਨਾ ਹੋਵੇ। ਇਹ ਵੀ ਆਖਿਆ ਜਾਂਦਾ ਹੈ ਕਿ ਇਕ ਵਾਰ ਬਿਮਾਰੀ ਹੋ ਜਾਵੇ ਤਾਂ ਫਿਰ ਵੀ ਰੋਗ-ਰਹਿਤਤਾ ਬਣ ਜਾਂਦੀ ਹੈ। ਇਹ ਬਿਲਕੁਲ ਸੱਚ ਹੈ ਕਿਉਂਕਿ ਇਸ ਤਰ੍ਹਾਂ ਸਰੀਰ ਅੰਦਰ ਐਂਟੀਜਨ ਬਣ ਜਾਂਦੇ ਹਨ ਜੋ ਦੁਬਾਰਾ ਬਾਹਰੋਂ ਆਏ ਕੀਟਾਣੂਆਂ ਦੀ ਧੌਣ ਮਰੋੜਨ ਜੋਗੇ ਹੋ ਜਾਂਦੇ ਹਨ। ਬਚਪਨ ਤੋਂ ਜੁਆਨੀ ਤਕ ਲਗਾਏ ਜਾਣ ਵਾਲੇ ਟੀਕਿਆਂ ਅਤੇ ਹਰ ਸਾਲ ਫਲੂ ਦੇ ਸੀਜ਼ਨ ਵਿਚ ਲਗਾਈ ਜਾਣ ਵਾਲੀ ਫਲੂ ਦੀ ਵੈਕਸੀਨ ਵਿਚ ਇੰਜ ਹੀ ਹੁੰਦਾ ਹੈ। ਵਾਰੇ ਵਾਰੇ ਜਾਈਏ ਬਈ ਮਨੁੱਖੀ ਸਰੀਰ ਦੇ ਜਿਹਨੇ ਵੱਖ ਵੱਖ ਮੁਲਕਾਂ ਵਾਂਗ ਸਰਹੱਦਾਂ ’ਤੇ ਆਪਣੀਆਂ ਫ਼ੌਜਾਂ ਬਿਠਾਈਆਂ ਹੋਈਆਂ ਹਨ ਤੇ ਲੋੜ ਅਨੁਸਾਰ ਇਨ੍ਹਾਂ ਨੂੰ ਹਥਿਆਰਬੰਦ ਕੀਤੇ ਜਾਣ ਦੀ ਸਮਰੱਥਾ ਰੱਖਦਾ ਹੈ।
ਲੰਮੀ ਉਡੀਕ ਬਾਅਦ ਕੋਵਿਡ-19 ਨਾਂ ਦੀ ਇਸ ਨਵੀਂ ਬਿਮਾਰੀ ਦੀ ਵੱਖ ਵੱਖ ਕੰਪਨੀਆਂ ਦੁਆਰਾ ਬਣਾਈ ਵੈਕਸੀਨ ਉਨ੍ਹਾਂ ਦੇ ਭਿੰਨ ਭਿੰਨ ਨਾਵਾਂ ਹੇਠ ਆ ਗਈ ਹੈ…ਫਾਈਜ਼ਰ, ਮੌਡਰਨਾ, ਜਾਹਨਸਨ-ਜਾਹਨਸਨ ਤੇ ਐਸਟ੍ਰਾ ਜੈਨਿਕਾ। ਇਹ ਦੁਨੀਆਂ ਭਰ ਵਿਚ ਧੜਾਧੜ ਸਿਹਤਮੰਦ ਮਨੁੱਖਾਂ ਦੀ ਬਾਂਹ ਵਿਚ ਡਾਕਟਰੀ ਸੂਈ ਰਾਹੀਂ ਭੇਜੀ ਜਾ ਰਹੀ ਹੈ ਤਾਂ ਜੋ ਇਸ ਚੰਦਰੀ ਬਿਮਾਰੀ ਤੋਂ ਰੋਕਣ ਦਾ ਪ੍ਰਬੰਧ ਹੋ ਜਾਵੇ। ਹੋ ਸਕਦਾ ਹੈ ਇਸ ਸਬੰਧੀ ਕਈਆਂ ਦੇ ਮਨ ਵਿਚ ਦੁਬਿਧਾ ਹੋਵੇ, ਚਿੰਤਾ ਹੋਵੇ ਜਾਂ ਦੁਚਿੱਤੀ ਹੋਵੇ। “ਬਈ ਸਾਲ ਭਰ ਤੋਂ ਇਸ ਅਦਿੱਖ ਕਣ ਤੋਂ ਬਚਦੇ ਆ ਰਹੇ ਹਾਂ, ਹੁਣ ਟੀਕਾ ਲਗਵਾਉਣਾ ਕੋਈ ਬਾਹਲਾ ਜ਼ਰੂਰੀ ਹੈ। ਪਹਿਲਾਂ ਵਾਂਗ ਪ੍ਰਹੇਜ਼ ਕਰੀ ਜਾਵਾਂਗੇ। ਕਾਹਨੂੰ ਬਾਂਹ ਵਿਚ ਸੂਈ ਚੁਭਵਾਉਣੀ ਹੈ। ਨਾਲੇ ਸੁਣਿਆ ਹੈ ਇਹ ਟੀਕਾ ਲਗਵਾ ਕੇ ਕਈ ਰੱਬ ਨੂੰ ਪਿਆਰੇ ਹੋ ਗਏ। (ਚਾਹੇ ਲੱਖਾਂ ਵਿਚੋਂ ਹੈ ਕੋਈ ਇੱਕਾ ਦੁੱਕਾ ਹੀ ਅਤੇ ਜਿਨ੍ਹਾਂ ਦੀ ਮੌਤ ਦੇ ਕੋਈ ਹੋਰ ਵੀ ਕਾਰਨ ਹੋ ਸਕਦੇ ਹਨ।)” ਕਈਆਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਆਸਥਾਵਾਂ ਅਤੇ ਸੁਣੀਆਂ ਸੁਣਾਈਆਂ ਗੱਲਾਂ ਵੀ ਇਸ ਟੀਕਾਕਰਨ ਦੇ ਹਾਂ-ਪੱਖੀ ਪ੍ਰਭਾਵਾਂ ਦੇ ਰਾਹ ਦਾ ਰੋੜਾ ਬਣ ਖਲੋਂਦੀਆਂ ਹੋਣਗੀਆਂ।
ਹਰੇਕ ਨੂੰ ਆਪਣੀ ਸੋਚ ਅਤੇ ਆਸਥਾ ਰੱਖਣ ਦਾ ਅਧਿਕਾਰ ਹੈ। ਕਿਸੇ ਨੂੰ ਕੋਈ ਵੀ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਵੀ ਠੀਕ ਹੈ ਕਿ ਤੁਸੀਂ ਆਪਣੀ ਅੰਦਰਲੀ ਸਮਰੱਥਾ ਨਾਲ ਬਿਮਾਰੀ ਦਾ ਮੁਕਾਬਲਾ ਕਰ ਸਕਦੇ ਹੋ, ਤੁਹਾਨੂੰ ਬਾਹਰੀ ਮਦਦ ਦੀ ਲੋੜ ਨਹੀਂ, ਪਰ ਇਹ ਨਾ ਭੁੱਲਿਓ ਕਿ ਤੁਸੀਂ ਆਪ ਤਾਂ ਬਿਮਾਰੀ ਦਾ ਮੁਕਾਬਲਾ ਕਰ ਸਕਦੇ ਹੋਵੋ, ਪਰ ਤੁਸੀਂ ਬਿਮਾਰੀ ਫੈਲਾਉਣ ਦਾ ਕਾਰਕ ਜ਼ਰੂਰ ਬਣ ਸਕਦੇ ਹੋ ਅਤੇ ਹੋ ਸਕਦਾ ਬਣ ਵੀ ਰਹੇ ਹੋਵੋ। ਸੋ ਹੋਰ ਸਾਰੀਆਂ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਇਸ ਮਹਾਂਮਾਰੀ ਤੋਂ ਬਚਣ ਦੀ ਇਕੋ ਇਕ ਜਾਦੂਮਈ ਛੜੀ ਹੈ ਇਹ ਵੈਕਸੀਨ।
ਆਓ! ਬਿਮਾਰੀ ਤੋਂ ਉਪਾਅ ਦੇ ਇਸ ਢੰਗ ਨੂੰ ਮੁਹਿੰਮ ਵਾਂਗ ਵਿੱਢੀਏ। ਜਦੋਂ ਵੀ ਉਮਰ-ਗਰੁੱਪ ਦੇ ਹਿਸਾਬ ਨਾਲ ਕਿਸੇ ਦੀ ਵਾਰੀ ਆਵੇ ਉਹ ਸਾਰੇ ਕੰਮ ਛੱਡ ਪਹਿਲਾਂ ਇਹ ਵੈਕਸੀਨ ਲਗਵਾ ਕੇ ਆਵੇ, ਤਾਂ ਜੋ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਸਾਲ ਤੋਂ ਉੱਪਰ ਤਾਂ ਹੋ ਗਿਆ ਇਸ ਬਿਮਾਰੀ ਨਾਲ ਜੂਝਦੇ ਹੋਏ ਤੇ ਆਹ 2021 ਵਾਲਾ ਸਾਲ ਵੀ ਇਹਦੀ ਰੋਕਥਾਮ ਵਿਚ ਲੰਘ ਜਾਣਾ। ਫਿਰ ਵੀ ਇਸ ਨੇ ਜਾਣਾ ਕਿਤੇ ਨਹੀਂ ਰਹਿਣਾ ਇੱਥੇ ਹੀ ਹੈ। ਬਸ! ਜਿਸ ਜਿਸ ਨੇ ਟੀਕਾਕਰਨ ਕਰਵਾ ਲਿਆ ਉਹਦੇ ਅੰਦਰ ਇਹਦੇ ਨਾਲ ਲੜਨ ਦੀ ਤਾਕਤ ਆ ਜਾਣੀ ਹੈ। ਯਾਦ ਰੱਖੋ, ਹੋ ਸਕਦਾ ਆਪਾਂ ਨੂੰ ਪ੍ਰਹੇਜ਼ ਪਹਿਲਾਂ ਵਾਂਗ ਹੀ ਕੁਝ ਸਮੇਂ ਵਾਸਤੇ ਕਰਨਾ ਪਵੇ।
ਸੋ ਇੱਕੋ ਹੀ ਤਾਕੀਦ ਹੈ :
ਕੋਵਿਡ-19 ਨੂੰ ਪਾਈਏ ਠੱਲ੍ਹ…ਟੀਕਾਕਰਨ ਕਰਵਾਈਏ ਚੱਲ
ਕਰੋਨਾ ਤੋਂ ਬਚਾਅ…ਕੇਵਲ ਟੀਕਾਕਰਨ ਹੀ ਉਪਾਅ
ਸੰਪਰਕ: 403-402-9635