ਹਰਜੀਤ ਅਟਵਾਲ
ਫੋਟੋਗ੍ਰਾਫ਼ੀ ਇੱਕ ਕਲਾ ਹੈ। ਜਿਵੇਂ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਮਹਿੰਗੀਆਂ-ਮਹਿੰਗੀਆਂ ਵਿਕਦੀਆਂ ਹਨ ਇਵੇਂ ਹੀ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਵੀ ਬਹੁਤ ਮਹਿੰਗੀਆਂ ਵਿਕਦੀਆਂ ਹਨ। ਫੋਟੋਗ੍ਰਾਫ਼ੀ ਕਲਾ ਦੇ ਨਾਲ-ਨਾਲ ਇੱਕ ਕਿੱਤਾ ਵੀ ਹੈ ਤੇ ਇਸ ਕਿੱਤੇ ਵਿੱਚ ਹਜ਼ਾਰਾਂ-ਲੱਖਾਂ ਲੋਕ ਸ਼ਾਮਲ ਰਹੇ ਹਨ। ਜਿਵੇਂ ਫਰੀਲਾਂਸ ਲੇਖਕ ਜਾਂ ਪੱਤਰਕਾਰ ਹੁੰਦੇ ਹਨ ਇਵੇਂ ਹੀ ਫਰੀਲਾਂਸ ਫੋਟੋਗ੍ਰਾਫ਼ਰ ਵੀ ਹੁੰਦੇ ਹਨ। ਜਿਵੇਂ ਅਖ਼ਬਾਰਾਂ ਲਈ ਸਨਸਨੀ ਭਰਪੂਰ ਖ਼ਬਰਾਂ ਅਤੇ ਮੈਗਜ਼ੀਨਾਂ ਲਈ ਸਨਸਨੀ ਭਰਪੂਰ ਕਹਾਣੀਆਂ ਚਾਹੀਦੀਆਂ ਹੁੰਦੀਆਂ ਹਨ ਇਵੇਂ ਹੀ ਤਸਵੀਰਾਂ ਵੀ ਲੋੜੀਂਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਭੱਜ-ਭੱਜ ਕੇ ਦੇਖਣ, ਜੋ ਉਨ੍ਹਾਂ ਦੀ ਵਿਕਰੀ ਵਧਾ ਸਕਣ। ਕੁਝ ਲਿਖਣਾ ਤਾਂ ਤੁਸੀਂ ਇੱਕ ਕਮਰੇ ਵਿੱਚ ਬਹਿ ਕੇ ਹੁੰਦਾ ਹੈ, ਪਰ ਫੋਟੋਗ੍ਰਾਫ਼ੀ ਲਈ ਤੁਹਾਨੂੰ ਉਸ ਜਗ੍ਹਾ ਜਾਣਾ ਹੁੰਦਾ ਹੈ ਤੇ ਪੁੱਠੀ-ਸਿੱਧੀ ਫੋਟੋ ਲੈਣ ਲਈ ਉਲਟੇ-ਸਿੱਧੇ ਕੰਮ ਕਰਨੇ ਪੈਂਦੇ ਹਨ। ਇਹ ਫੋਟੋਗ੍ਰਾਫ਼ਰ ਜਿਸ ਤਰ੍ਹਾਂ ਕਿਸੇ ਦੀ ਫੋਟੋ ਖਿੱਚਦੇ ਹਨ, ਉਹ ਇਨ੍ਹਾਂ ਦੇ ਕੰਮ ਤੋਂ ਪਰੇਸ਼ਾਨ ਵੀ ਹੁੰਦੇ ਹਨ। ਕਿਸੇ ਨੂੰ ਪਰੇਸ਼ਾਨ ਕਰ ਕੇ ਫੋਟੋ ਖਿੱਚਣ ਵਾਲੇ ਨੂੰ ਪੈਪਰਾਜ਼ੀ (Paparazzi) ਕਹਿੰਦੇ ਹਨ। ਇਹ ਸ਼ਬਦ ਇਟਾਲੀਅਨ ਭਾਸ਼ਾ ਦਾ ਹੈ ਜਿਸ ਦਾ ਮਤਲਬ ਮੱਛਰ ਵਾਂਗ ਭੀਂ-ਭੀਂ ਕਰਨਾ ਭਾਵ ਪਰੇਸ਼ਾਨ ਕਰਨਾ ਹੈ। ਜਿਵੇਂ ਮੱਛਰ ਡੰਗ ਮਾਰਨ ਲਈ ਆਪਣੇ ਸ਼ਿਕਾਰ ਦੁਆਲੇ ਭੀਂ-ਭੀਂ ਕਰਦਾ ਘੁੰਮਦਾ ਹੈ ਇਵੇਂ ਹੀ ਇਹ ਕਰਦੇ ਹਨ। ਪੈਪਰਾਜ਼ੀ ਬਹੁ ਬਚਨ ਹੈ ਤੇ ਇੱਕ ਬਚਨ ਪੈਪਰਾਜ਼ੋ ਹੈ, ਪਰ ਦੋਵੇਂ ਥਾਵੀਂ ਪੈਪਰਾਜ਼ੀ ਹੀ ਪ੍ਰਚੱਲਿਤ ਹੈ। ਇੰਜ ਤਸਵੀਰਾਂ ਨੂੰ ਖਿੱਚਣ ਲਈ ਦਲੀਲ ਦਿੰਦੇ ਇਹ ਪੈਪਰਾਜ਼ੀ ਕਹਿੰਦੇ ਹਨ ਕਿ ਇਹ ਵੱਡੇ-ਵੱਡੇ ਸੈਲੇਬ੍ਰਿਟੀਜ਼ ਪਬਲਿਕ ਫਿਗਰ ਹੁੰਦੇ ਹਨ ਤੇ ਲੋਕ ਇਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ। ਕਈ ਵਾਰ ਲੋਕ ਇਨ੍ਹਾਂ ਨੂੰ ਆਪਣੇ ਆਦਰਸ਼ ਮੰਨਣ ਲੱਗਦੇ ਹਨ, ਇਨ੍ਹਾਂ ਦੀ ਪੂਜਾ ਕਰਨ ਲੱਗਦੇ ਹਨ, ਪਰ ਅਸਲ ਵਿੱਚ ਇਹ ਆਮ ਲੋਕ ਹੀ ਹੁੰਦੇ ਹਨ। ਇਨ੍ਹਾਂ ਦੀ ਸਾਧਾਰਨਤਾ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਇਹ ਤਸਵੀਰਾਂ ਲੈਂਦੇ ਹਨ।
ਸਾਲ 1960 ਵਿੱਚ ‘ਲਾ ਡੋਲਸ ਵਿਟ’ ਨਾਂ ਦੀ ਇੱਕ ਫ਼ਿਲਮ ਬਣੀ ਸੀ ਜਿਸ ਦਾ ਨਿਰਦੇਸ਼ਕ ਫੈਡੇਰੀਕੋ ਫੈਲੀਨੀ ਸੀ। ਜਿਸ ਵਿੱਚ ਵਾਲਟਰ ਸੈਨਟੈਸੋ ਨਾਂ ਦੇ ਇੱਕ ਐਕਟਰ ਨੇ ਪੈਪਰਾਜ਼ੋ ਨਾਂ ਦਾ ਇੱਕ ਕਿਰਦਾਰ ਖੇਡਿਆ ਸੀ ਜੋ ਕਿ ਫੋਟੋਗ੍ਰਾਫ਼ਰ ਹੁੰਦਾ ਹੈ ਤੇ ਫੋਟੋ ਖਿੱਚਣ ਲਈ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ, ਪ੍ਰਸਿੱਧ ਲੋਕਾਂ ਦੀ ਨਿੱਜਤਾ ਵਿੱਚ ਦਖਲਅੰਦਾਜ਼ੀ ਕਰਦਾ ਹੈ। ਇਹ ਕਿਰਦਾਰ ਆਪਣੇ ਵੇਲੇ ਬਹੁਤ ਮਸ਼ਹੂਰ ਹੋਇਆ ਸੀ। ਬਿਲਕੁਲ ਇਸੇ ਕਿਰਦਾਰ ਦਾ ਵਿਸਥਾਰ ਹੀ ਅੱਜ ਵਾਲੇ ਇਹ ਪੈਪਰਾਜ਼ੀ ਹਨ। ਉਸ ਕਿਰਦਾਰ ਦੀ ਤਰਜ਼ ’ਤੇ ਹੀ ਇਹ ਪੈਪਰਾਜ਼ੀ ਲੋਕਾਂ ਨੂੰ ਪਰੇਸ਼ਾਨ ਕਰਕੇ ਤਸਵੀਰਾਂ ਖਿੱਚਦੇ ਹਨ ਤੇ ਅਖ਼ਬਾਰਾਂ, ਮੈਗਜ਼ੀਨਾਂ ਨੂੰ ਵੇਚਦੇ ਹਨ। ਇਨ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਭਾਵ ਜਿਨ੍ਹਾਂ ਦੀਆਂ ਇਹ ਤਸਵੀਰਾਂ ਖਿੱਚਦੇ ਹਨ ਉਨ੍ਹਾਂ ਨੂੰ ‘ਪੈਪਡ’ (Papped) ਕਹਿੰਦੇ ਹਨ। ਆਮ ਤੌਰ ’ਤੇ ਇਹ ਪ੍ਰਸਿੱਧ ਲੋਕ ਹੁੰਦੇ ਹਨ ਕਿਉਂਕਿ ਲੋਕਾਂ ਦੀ ਦਿਲਚਸਪੀ ਆਮ ਲੋਕਾਂ ਨਾਲੋਂ ਫ਼ਿਲਮੀ ਸਿਤਾਰਿਆਂ, ਸਿਆਸਤਦਾਨਾਂ, ਖਿਡਾਰੀਆਂ ਆਦਿ ਵਿੱਚ ਹੁੰਦੀ ਹੈ। ਅੱਜਕੱਲ੍ਹ ਪੈਪਰਾਜ਼ੀ ਦੇ ਨਿਸ਼ਾਨੇ ’ਤੇ ਪ੍ਰਸਿੱਧ ਲੋਕਾਂ ਦੇ ਬੱਚੇ ਰਹਿੰਦੇ ਹਨ।
1950ਵਿਆਂ ਵਿੱਚ ਜਦੋਂ ਕਮਰਸ਼ੀਅਲ ਮੈਗਜ਼ੀਨਾਂ ਦੀ ਭਰਮਾਰ ਸ਼ੁਰੂ ਹੋਈ ਤਾਂ ਅਜਿਹੇ ਫੋਟੋਗ੍ਰਾਫ਼ਰਾਂ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਤੇ ਇਹ ਹੀ ਉਹ ਵੇਲਾ ਸੀ ਜਦੋਂ ਇੱਕ ਦੂਜੇ ਤੋਂ ਵੱਧ ਸਨਸਨੀ ਪੈਦਾ ਕਰਦੀਆਂ ਤਸਵੀਰਾਂ ਦੀ ਹੋੜ ਲੱਗ ਗਈ। ਪੈਪਰਾਜ਼ੀ ਸੈਲੇਬ੍ਰਿਟੀਜ਼ ਦਾ ਪਿੱਛਾ ਕਰਦੇ ਰਹਿੰਦੇ ਹਨ ਕਿ ਉਹ ਕੋਈ ਉਲਟਾ-ਸਿੱਧਾ ਪੋਜ਼ ਬਣਾਉਣ ਤੇ ਇਹ ਫੋਟੋ ਖਿੱਚਣ। ਇਹ ਲੋਕ ਘਾਤ ਲਾ ਕੇ ਬੈਠੇ ਫੋਟੋ ਖਿੱਚਣ ਦੀ ਉਡੀਕ ਕਰਦੇ ਰਹਿੰਦੇ ਹਨ, ਪ੍ਰਸਿੱਧ ਲੋਕਾਂ ਦੇ ਘਰਾਂ ਦੇ ਬਾਹਰ ਲੁਕੇ ਰਹਿੰਦੇ ਹਨ। ਦਰੱਖਤਾਂ ਜਾਂ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਨੂੰ ਵੀ ਇਸ ਕੰਮ ਲਈ ਵਰਤ ਲੈਂਦੇ ਹਨ। ਅੱਜਕੱਲ੍ਹ ਤਾਂ ਵੱਡੇ ਜ਼ੂਮ ਕੈਮਰੇ ਹਨ ਜੋ ਬਹੁਤ ਦੂਰੋਂ ਤਸਵੀਰਾਂ ਖਿੱਚ ਲੈਂਦੇ ਹਨ। ਇਹ ਸੈਲੇਬ੍ਰਿਟੀ ਲੋਕਾਂ ਦੀ ਨਿੱਜਤਾ ਉੱਪਰ ਸਿੱਧੇ ਹਮਲੇ ਹੁੰਦੇ ਹਨ, ਉਨ੍ਹਾਂ ਦੇ ਜਿਊਣ ਢੰਗ ਨੂੰ ਖ਼ਰਾਬ ਕਰਦੇ ਹਨ। ਇਹ ਲੋਕ ਤਾਂ ਆਪਣੇ ਸ਼ਿਕਾਰ ਦਾ ਬਹੁਤ ਨਿੱਜੀ ਥਾਵਾਂ ਤੱਕ ਵੀ ਪਿੱਛਾ ਕਰਨ ਤੱਕ ਜਾਂਦੇ ਹਨ। ਇੰਜ ਕਰਨ ਨਾਲ ਇਨ੍ਹਾਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਤਾਂ ਵਧਣੀਆਂ ਹੀ ਹੋਈਆਂ। ਉਨ੍ਹਾਂ ਵੱਲੋਂ ਪ੍ਰਤੀਕਿਰਿਆਵਾਂ ਦਿਖਾਈਆਂ ਜਾਣੀਆਂ ਵੀ ਕੁਦਰਤੀ ਹਨ। ਝਗੜੇ ਵੀ ਵਧਣੇ ਹੋਏ, ਕੋਰਟ-ਕਚਿਹਰੀਆਂ ਵਿੱਚ ਵੀ ਜਾਣਾ ਹੋ ਜਾਂਦਾ ਹੈ। ਕਈ ਵਾਰ ਸੈਲੇਬ੍ਰਿਟੀਜ਼ ਪੈਪਰਾਜ਼ੀ ਨਾਲ ਹੂਰਾ-ਮੁੱਕੀ ਵੀ ਹੋ ਜਾਂਦੇ ਹਨ। ਗਾਲ਼ੀ-ਗਲ਼ੋਚ ਤਾਂ ਆਮ ਹੋ ਜਾਂਦਾ ਹੈ, ਕਈ ਵਾਰ ਸੈਲੇਬ੍ਰਿਟੀਜ਼ ਇਨ੍ਹਾਂ ਉੱਪਰ ਥੁੱਕ ਵੀ ਦਿੰਦੇ ਹਨ। ਅਮਰੀਕਨ ਗਾਇਕ ਜਸਟਿਨ ਬੀਬਰ ਤੇ ਬ੍ਰਿਟਨੀ ਸਪੀਅਰਜ਼ ਫੋਟੋਗ੍ਰਾਫ਼ਰਾਂ ਨਾਲ ਝਗੜਾ ਕਰਨ ਵਿੱਚ ਬਹੁਤ ਮਸ਼ਹੂਰ ਹਨ। ਬੌਲੀਵੁੱਡ ਦੇ ਸਲਮਾਨ ਖਾਨ ਤੇ ਕੰਗਨਾ ਰਣੌਤ ਵੀ ਇਸ ਗੱਲ ਲਈ ਵਾਹਵਾ ਜਾਣੇ ਜਾਂਦੇ ਹਨ। ਪੈਪਰਾਜ਼ੀ ਨੂੰ ਲੈ ਕੇ ਸਭ ਤੋਂ ਪਹਿਲਾ ਮਸ਼ਹੂਰ ਝਗੜਾ 1972 ਵਿੱਚ ਹੋਇਆ। ਰੌਨ ਗਲੇਲਾ ਨਾਂ ਦੇ ਪੈਪਰਾਜ਼ੀ ਨੇ ਨਿਊਯੌਰਕ ਦੇ ਸੈਂਟਰਲ ਪਾਰਕ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਦੀ ਪਤਨੀ ਜੈਕਲੀਨ ਤੇ ਉਸ ਦੇ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ ਸਨ। ਜੈਕਲੀਨ ਦੀ ਸਕਿਓਰਿਟੀ ਨੇ ਉਸ ਦਾ ਕੈਮਰਾ ਖੋਹ ਕੇ ਤੋੜ ਦਿੱਤਾ ਤੇ ਕੈਮਰੇ ਦੀ ਰੀਲ ਜ਼ਾਇਆ ਕਰ ਦਿੱਤੀ। ਰੌਨ ਗਲੇਲਾ, ਜੈਕਲੀਨ ਨੂੰ ਅਦਾਲਤ ਵਿੱਚ ਲੈ ਗਿਆ। ਜੈਕਲੀਨ ਨੇ ਵੀ ਇਸ ਮੁਕੱਦਮੇ ਦਾ ਪੂਰੀ ਤਰ੍ਹਾਂ ਸਾਹਮਣਾ ਕੀਤਾ ਤੇ ਉਹ ਮੁਕੱਦਮਾ ਜਿੱਤ ਗਈ। ਫੋਟੋਗ੍ਰਾਫ਼ਰ ਨੂੰ ਉਸ ਤੋਂ ਪੰਜਾਹ ਗਜ਼ ਦੂਰ ਰਹਿਣ ਦਾ ਹੁਕਮ ਦੇ ਦਿੱਤਾ ਗਿਆ। ਪ੍ਰਸਿੱਧ ਬਰਤਾਨਵੀ ਗਾਇਕਾ ਲੇਡੀ ਗਾਗਾ ਨੇ ਪੈਪਰਾਜ਼ੀ ਨਾਂ ਦਾ ਇੱਕ ਗੀਤ ਵੀ ਗਾਇਆ ਹੈ ਜਿਸ ਵਿੱਚ ਇਨ੍ਹਾਂ ਨਾਲ ਸਬੰਧਿਤ ਮਸਲੇ ਨੂੰ ਡੀਲ ਕੀਤਾ ਗਿਆ ਹੈ। ਕਈ ਸੈਲੇਬ੍ਰਿਟੀਜ਼ ਪੈਪਰਾਜ਼ੀ ਨੂੰ ਉਨ੍ਹਾਂ ਦੀਆਂ ਤਸਵੀਰਾਂ ਨਾ ਖਿੱਚਣ ਦੇ ਬਦਲੇ ਵਿੱਚ ਪੈਸੇ ਵੀ ਦਿੰਦੇ ਹਨ। ਸੈਲੇਬ੍ਰਿਟੀਜ਼ ਹਮੇਸ਼ਾਂ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਬਹੁਤੇ ਤਾਂ ਭੇਸ ਬਦਲ ਕੇ ਬਾਹਰ ਨਿਕਲਦੇ ਹਨ।
ਇਹ ਪੈਪਰਾਜ਼ੀ ਏਨੇ ਜੋਖ਼ਮ ਐਵੇਂ ਨਹੀਂ ਲੈਂਦੇ, ਇਨ੍ਹਾਂ ਤਸਵੀਰਾਂ ਬਦਲੇ ਇਨ੍ਹਾਂ ਨੂੰ ਮੂੰਹ ਮੰਗੇ ਪੈਸੇ ਮਿਲਦੇ ਹਨ। ਜਿੰਨੀ ਵੱਡੀ ਸ਼ਖ਼ਸੀਅਤ ਦੀ ਨਿੱਜੀ ਤਸਵੀਰ ਓਨੀ ਹੀ ਉਹ ਮਹਿੰਗੀ ਵਿਕਦੀ ਹੈ। 2005 ਵਿੱਚ ਲਾਸ ਏਂਜਲਸ ਦੇ ਇੱਕ ਪੈਪਰਾਜ਼ੀ ਨੇ ਪ੍ਰਸਿੱਧ ਗਾਇਕਾ ਜੈਨੀਫਰ ਲੋਪੇਜ਼ ਤੇ ਉਸ ਦੇ ਪਤੀ ਦੇ ਆਪਸੀ ਤੋੜ-ਵਿਛੋੜੇ ਵੇਲੇ ਦੀ ਤਸਵੀਰ ਖਿੱਚੀ ਸੀ ਜੋ ਡੇਢ ਲੱਖ ਡਾਲਰ ਵਿੱਚ ਵਿਕੀ ਸੀ। ਉਸ ਦਾ ਕਹਿਣਾ ਸੀ ਕਿ ਜੇ ਉਹ ਬ੍ਰਿਟਨੀ ਸਪੀਅਰਜ਼ ਤੇ ਉਸ ਦੇ ਬੱਚੇ ਦੀ ਤਸਵੀਰ ਖਿੱਚ ਲਵੇ ਤਾਂ ਇਹ ਏਨੇ ਵਿੱਚ ਵਿਕ ਜਾਵੇਗੀ ਕਿ ਉਹ ਅਮਰੀਕਾ ਦੇ ਸਭ ਤੋਂ ਮਹਿੰਗੇ ਇਲਾਕੇ ਵਿੱਚ ਘਰ ਖ਼ਰੀਦ ਸਕਦਾ ਹੈ। ਵੈਸੇ ਇਨ੍ਹਾਂ ਦੀ ਖਿੱਚੀ ਆਮ ਤਸਵੀਰ ਡੇਢ-ਦੋ ਸੌ ਡਾਲਰ ਵਿੱਚ ਵਿਕ ਜਾਂਦੀ ਹੈ, ਪਰ ਜੇ ਕਿਸੇ ਤਸਵੀਰ ਨੂੰ ਵਧੀਆ ਤਰੀਕੇ ਨਾਲ ਖਿੱਚਿਆ ਗਿਆ ਹੋਵੇ ਤੇ ਇਹ ਬਹੁਤ ਕੁਝ ਕਹਿੰਦੀ ਹੋਵੇ ਤਾਂ ਇਸ ਦੀ ਕੀਮਤ ਹਜ਼ਾਰ ਡਾਲਰ ਤੋਂ ਲੈ ਕੇ ਦਸ ਹਜ਼ਾਰ ਡਾਲਰ ਤੱਕ ਵੀ ਹੋ ਸਕਦੀ ਹੈ।
ਤਸਵੀਰਾਂ ਖਿੱਚਣ ਦੀ ਹੋੜ ਵਿੱਚ ਜਾਂ ਤਸਵੀਰਾਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਲੋਕ ਬਚਦੇ ਹੋਏ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। 1997 ਵਿੱਚ ਰਾਜਕੁਮਾਰੀ ਡਾਇਨਾ ਦੀ ਮੌਤ ਇਸ ਦੀ ਖਾਸ ਉਦਾਹਰਣ ਵਜੋਂ ਸਾਡੇ ਸਾਹਮਣੇ ਹੈ। ਰਾਜਕੁਮਾਰੀ ਡਾਇਨਾ ਤੇ ਉਸ ਦਾ ਦੋਸਤ ਡੋਡੀ ਫਾਹਿਦ ਪੈਪਰਾਜ਼ੀ ਤੋਂ ਬਚਦੇ ਹੋਏ ਆਪਣੀ ਕਾਰ ਵਿੱਚ ਜਾ ਰਹੇ ਸਨ। ਪੈਪਰਾਜ਼ੀ ਮੋਟਰਸਾਈਕਲਾਂ ਉੱਪਰ ਕਾਰ ਦੇ ਬਰਾਬਰ ਜਾਂਦੇ ਹੋਏ ਤਸਵੀਰਾਂ ਖਿੱਚਦੇ ਜਾ ਰਹੇ ਸਨ। ਡਰਾਈਵਰ ਉਨ੍ਹਾਂ ਤੋਂ ਬਚਦਾ ਹੋਇਆ ਕਾਰ ਨੂੰ ਤੇਜ਼ ਭਜਾ ਰਿਹਾ ਸੀ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਡੋਡੀ ਤੇ ਡਾਇਨਾ ਦੋਵੇਂ ਹੀ ਮਾਰੇ ਗਏ। ਜਾਂਚ ਹੋਈ ਤਾਂ ਇਸ ਹਾਦਸੇ ਵਿੱਚ ਪੈਪਰਾਜ਼ੀ ਨੂੰ ਬਰਾਬਰ ਦੇ ਜ਼ਿੰਮੇਵਾਰ ਸਮਝਿਆ ਗਿਆ, ਪਰ ਕਿਸੇ ਉੱਪਰ ਮੁਕੱਦਮਾ ਨਹੀਂ ਸੀ ਚਲਾਇਆ ਗਿਆ। ਪੈਪਰਾਜ਼ੀ ਵੱਲੋਂ ਇੰਜ ਤਸਵੀਰਾਂ ਖਿੱਚਣ ਵਿਰੁੱਧ ਕਈ ਮੁਲਕਾਂ ਵਿੱਚ ਕਾਨੂੰਨ ਵੀ ਬਣੇ ਹੋਏ ਹਨ। ਅਮਰੀਕਾ ਦੀਆਂ ਸਟੇਟਾਂ ਵਿੱਚ ਵੀ ਇਸ ਦੇ ਖਿਲਾਫ਼ ਕਾਨੂੰਨ ਬਣੇ ਹੋਏ ਹਨ। ਕੈਲੀਫੋਰਨੀਆ ਦੀ ਸੈਨੇਟ ਨੇ ਬਿਲ ਨੰਬਰ 606 ਸਤੰਬਰ 2013 ਵਿੱਚ ਪਾਸ ਕੀਤਾ ਸੀ ਜਿਸ ਮੁਤਾਬਕ ਇਨ੍ਹਾਂ ਉੱਪਰ ਸਖ਼ਤੀ ਵੀ ਹੋਈ ਸੀ। 1999 ਵਿੱਚ ਹਾਂਗਕਾਂਗ ਦੀ ਫੇਅ ਵੌਂਗ ਨਾਂ ਦੀ ਇੱਕ ਅਭਿਨੇਤਰੀ ਦੀ ਗਰਭਵਤੀ ਹਾਲਤ ਵਿੱਚ ਕਿਸੇ ਨੇ ਤਸਵੀਰ ਖਿੱਚ ਲਈ ਸੀ ਤੇ ਅਦਾਲਤ ਨੇ ਉਸ ਪੈਪਰਾਜ਼ੀ ਨੂੰ ਸਜ਼ਾ ਸੁਣਾ ਦਿੱਤੀ ਸੀ। 2006 ਵਿੱਚ ਬ੍ਰਾਜ਼ੀਲੀ ਮਾਡਲ ਡੈਨੀਏਲਾ ਸਿਕਾਰੇਲੀ ’ਤੇ ਇੱਕ ਬਹੁਤ ਵੱਡਾ ਸਕੈਂਡਲ ਬਣ ਗਿਆ ਸੀ। ਉਹ ਸਪੇਨ ਦੇ ਇੱਕ ਬੀਚ ਉੱਪਰ ਆਪਣੇ ਦੋਸਤ ਨਾਲ ਨਿੱਜੀ ਹਾਲਤ ਵਿੱਚ ਸੀ ਕਿ ਇੱਕ ਪੈਪਰਾਜ਼ੀ ਨੇ ਉਸ ਦੀਆਂ ਤਸਵੀਰਾਂ ਲੈ ਲਈਆਂ ਤੇ ਇਨ੍ਹਾਂ ਨੂੰ ਯੂ-ਟਿਊਬ ਉੱਪਰ ਪਾ ਦਿੱਤਾ। ਡੈਨੀਅਲ ਨੇ ਉਸ ਉੱਪਰ ਮੁਕੱਦਮਾ ਕਰ ਦਿੱਤਾ ਤੇ ਇਹ ਤਸਵੀਰਾਂ ਯੂ-ਟਿਊਬ ਤੋਂ ਉਤਾਰਨੀਆਂ ਪਈਆਂ ਸਨ। ਕਈ ਵਾਰ ਤਸਵੀਰਾਂ ਛਾਪਣ ਤੋਂ ਪਹਿਲਾਂ ਹੀ ਸੈਲੇਬ੍ਰਿਟੀਜ਼ ਪੈਪਰਾਜ਼ੀ ਉੱਪਰ ਕਾਨੂੰਨੀ ਕਾਰਵਾਈ ਕਰਕੇ ਤਸਵੀਰਾਂ ਨੂੰ ਛਪਣ ਤੋਂ ਰੋਕ ਦਿੰਦੇ ਹਨ। ਸਤੰਬਰ 2012 ਵਿੱਚ ਕੈਥਰੀਨ, ਡੱਚਿਜ਼ ਆਫ ਕੈਂਬਰੇਜ਼ ਜਦੋਂ ਫਰਾਂਸ ਵਿੱਚ ਆਪਣੇ ਹਾਲੀਡੇ ਹੋਮ ਵਿੱਚ ਧੁੱਪ ਸੇਕ ਰਹੀ ਸੀ ਤਾਂ ‘ਕਲੋਜ਼ਰ’ ਮੈਗਜ਼ੀਨ ਦੇ ਫੋਟੋਗ੍ਰਾਫ਼ਰ ਨੇ ਉਸ ਦੀਆਂ ਤਸਵੀਰਾਂ ਖਿੱਚ ਲਈਆਂ ਸਨ। ਕੈਥਰੀਨ ਨੇ ਮੈਗਜ਼ੀਨ ਉੱਪਰ ਮੁਕੱਦਮਾ ਕਰਕੇ ਇਨ੍ਹਾਂ ਤਸਵੀਰਾਂ ਦਾ ਛਪਣਾ ਰੁਕਵਾ ਦਿੱਤਾ ਸੀ ਤੇ ਅਦਾਲਤ ਨੇ ਪਬਲਿਸ਼ਰ ਕੋਲੋਂ ਅਸਲ ਤਸਵੀਰਾਂ ਕੈਥਰੀਨ ਨੂੰ ਵਾਪਸ ਕਰਵਾ ਦਿੱਤੀਆਂ ਸਨ। ਇਵੇਂ ਹੀ ਬਰਤਾਨਵੀ ਗਾਇਕਾਵਾਂ ਸੀਅਨ ਮਿਲਰ, ਐਮੀ ਵਾਈਨਹਾਊਸ ਤੇ ਲਿਲੀ ਐਲਨ ਵੱਲੋਂ ਵੀ ਅਜਿਹੀਆਂ ਤਸਵੀਰਾਂ ਨੂੰ ਛਾਪਣ ਤੋਂ ਰੋਕ ਲਗਵਾ ਦਿੱਤੀ ਗਈ ਸੀ। ਇਵੇਂ ਪ੍ਰਸਿੱਧ ਹਸਤੀਆਂ ਦੇ ਪੈਪਰਾਜ਼ੀ ਨਾਲ ਟਕਰਾਓ ਦੀਆਂ ਅਨੇਕ ਕਹਾਣੀਆਂ ਹਨ, ਪਰ ਮਜ਼ੇ ਦੀ ਗੱਲ ਇਹ ਹੈ ਕਿ ਜਿੰਨੀ ਕਿਸੇ ਪੈਪਰਾਜ਼ੀ ਦੀ ਕਿਸੇ ਨਾਲ ਮੁਕੱਦਮੇਬਾਜ਼ੀ ਚੱਲੇ, ਓਨਾ ਹੀ ਉਹ ਮਸ਼ਹੂਰ ਹੋ ਜਾਂਦਾ ਹੈ ਤੇ ਓਨੀ ਹੀ ਉਸ ਦੀ ਤਸਵੀਰ ਮਹਿੰਗੀ ਵਿਕਦੀ ਹੈ।
ਭਾਰਤ ਵਿੱਚ ਵੀ ਪੈਪਰਾਜ਼ੀ ਪੂਰੀ ਤਰ੍ਹਾਂ ਸਰਗਰਮ ਹਨ। ਹੋਰਨਾਂ ਦੇਸ਼ਾਂ ਵਿੱਚ ਤਾਂ ਪੈਪਰਾਜ਼ੀ ਰਾਜਨੀਤਕ ਨੇਤਾਵਾਂ ਨੂੰ ਵੀ ਆਪਣਾ ਸ਼ਿਕਾਰ ਬਣ ਲੈਂਦੇ ਹਨ, ਪਰ ਭਾਰਤ ਵਿੱਚ ਪੈਪਰਾਜ਼ੀ ਡਰਦੇ ਹੋਏ ਇਨ੍ਹਾਂ ਨੇੜੇ ਘੱਟ ਹੀ ਜਾਂਦੇ ਹਨ। ਇਨ੍ਹਾਂ ਦਾ ਸ਼ਿਕਾਰ ਫ਼ਿਲਮਾਂ ਜਾਂ ਟੀਵੀ ਵਾਲੇ ਵਧੇਰੇ ਬਣਦੇ ਹਨ। ਅੱਜਕੱਲ੍ਹ ਕਰੀਨਾ ਕਪੂਰ ਦੇ ਮੁੰਡੇ ਦੀਆਂ ਤਸਵੀਰਾਂ ਬਹੁਤ ਮਹਿੰਗੀਆਂ ਵਿਕਦੀਆਂ ਦੱਸੀਆਂ ਜਾਂਦੀਆਂ ਹਨ।
ਜਿਸ ਵੀ ਜਿਊਣ ਢੰਗ ਵਿੱਚ ਕੁੱਝ ਜੋਖ਼ਮ ਸ਼ਾਮਲ ਹੋਵੇ, ਉਸ ਵਿੱਚੋਂ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਨਿਕਲਦੀਆਂ ਹਨ। ਬਹੁਤ ਸਾਰੇ ਪੈਪਰਾਜ਼ੀ ਨੇ ਆਪਣੀਆਂ ਕਹਾਣੀਆਂ ਸੁਣਾਉਣ ਲਈ ਯੂ-ਟਿਊਬ ਚੈਨਲ ਬਣਾਏ ਹੋਏ ਹਨ। ਕਈਆਂ ਨੇ ਕਿਤਾਬਾਂ ਵੀ ਲਿਖੀਆਂ ਹਨ। ਇਨ੍ਹਾਂ ਦੇ ਜੀਵਨ ਉੱਪਰ ਦਸਤਾਵੇਜ਼ੀ ਫ਼ਿਲਮਾਂ ਵੀ ਮਿਲਦੀਆਂ ਹਨ। ਭਾਵੇਂ ਪੈਪਰਾਜ਼ੀ ਸ਼ਬਦ ਵਿੱਚੋਂ ਨਾਂਹ ਵਾਚਕ ਧੁੰਨੀ ਉੱਭਰਦੀ ਹੈ, ਪਰ ਇਸ ਦੇ ਹਾਂ-ਵਾਚਕ ਪੱਖ ਵੀ ਹਨ। ਇਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਦੀਆਂ ਨੁਮਾਇਸ਼ਾਂ ਲੱਗਦੀਆਂ ਹਨ। ਇਨ੍ਹਾਂ ਦੀ ਪ੍ਰਸੰਸਾ ਹੁੰਦੀ ਹੈ। ਰੀਨੋ ਬਾਰੀਲੈਰੀ ਨਾਂ ਦੇ ਇੱਕ ਇਟਾਲੀਅਨ ਪੈਪਰਾਜ਼ੀ ਨੂੰ ਕਿੰਗ ਆਫ ਪੈਪਰਾਜ਼ੀ ਕਿਹਾ ਜਾਂਦਾ ਹੈ। ਉਸ ਨੂੰ ਇਟਾਲੀਅਨ ਸਰਕਾਰ ਵੱਲੋਂ ਸਨਮਾਨਤ ਕਰਕੇ ਦੇਸ਼ ਦਾ ਇੱਕ ਵੱਡਾ ਇਨਾਮ ਦਿੱਤਾ ਗਿਆ ਸੀ। ਕੁਝ ਵੀ ਹੋਵੇ ਪੈਪਰਾਜ਼ੀ ਦਾ ਕਿੱਤਾ ਕੁੱਝ ਕੁ ਜੋਖ਼ਮਾਂ ਵਾਲਾ, ਪਰ ਦਿਲਚਸਪ ਕਿੱਤਾ ਹੈ।
ਈ-ਮੇਲ : harjeetatwal@hotmail.co.uk