ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ’ਤੇ ਚਰਚਾ ਕਰਨ ਹਿੱਤ ਆਨਲਾਈਨ ਸਮਾਗਮ ਕਰਵਾਇਆ ਗਿਆ। ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਸ਼ੁਰੂਆਤ ਕਰਦਿਆਂ ਉੱਪ ਪ੍ਰਧਾਨ ਰਾਣਾ ਅਠੌਲਾ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਨਿਰਵੈਲ ਸਿੰਘ ਢਿੱਲੋਂ ਨੂੰ ਸਮਰਪਿਤ ਭਾਵਪੂਰਤ ਸ਼ਿਅਰ ਰਾਹੀਂ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਬਿੰਦਰ ਕੋਲੀਆਂਵਾਲ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਕਾਰੀ ਸਫ਼ਰ ਅਤੇ ਸਭਾ ਵਿਚ ਆਮਦ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਨੇ ਜਿੱਥੇ ਉਨ੍ਹਾਂ ਦਾ ਲਿਖਿਆ ਗੀਤ ਗਾ ਕੇ ਸੁਣਾਇਆ ਉੱਥੇ ਇਹ ਵੀ ਦੱਸਿਆ ਕਿ ਨਿਰਵੈਲ ਸਿੰਘ ਢਿੱਲੋਂ ਨੇ ‘ਰੁੱਖ, ਕੁੱਖ ਤੇ ਪਾਣੀ’ ਗੀਤ ਰਾਹੀਂ ਆਪਣੀ ਪਰਿਪੱਕ ਗੀਤਕਾਰੀ, ਆਪਣੀ ਉੱਚੀ ਸੁੱਚੀ ਸੋਚ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤ ਖਾਲਸਾ ਪੰਥ, ਪਵਿੱਤਰ ਕਾਲੀ ਵੇਈਂ, ਪੈਸਾ ਪੈਸਾ, ਜੁੱਗ ਜੁੱਗ ਜੀਓ, ਧੀਆਂ ਅਤੇ ਹੋਰ ਕਈ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਉਹ ਸਦਾ ਸਾਫ਼ ਸੁਥਰੀ ਗੀਤਕਾਰੀ ਅਤੇ ਗਾਇਕੀ ਦੇ ਹੱਕ ਵਿਚ ਰਹੇ ਹਨ। ਪ੍ਰੋ. ਜਸਪਾਲ ਸਿੰਘ ਇਟਲੀ ਨੇ ਵੀ ਨਿਰਵੈਲ ਸਿੰਘ ਢਿੱਲੋਂ ਦੀ ਵਿਲੱਖਣ ਗੀਤਕਾਰੀ ਦੀ ਪ੍ਰੋੜਤਾ ਕੀਤੀ ਅਤੇ ਅਜਿਹੀ ਸੋਚ ’ਤੇ ਪਹਿਰਾ ਦੇਣ ਲਈ ਉਨ੍ਹਾਂ ਦਾ ਖ਼ਾਸ ਤੌਰ ’ਤੇ ਧੰਨਵਾਦ ਵੀ ਕੀਤਾ।
ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੇ ਕਿਹਾ ਕਿ ਨਿਰਵੈਲ ਸਿੰਘ ਢਿੱਲੋਂ ਦੇ ਗੀਤ ਸਮਾਜ ਲਈ ਚੰਗਾ ਸੁਨੇਹਾ ਹਨ। ਦਲਜਿੰਦਰ ਰਹਿਲ ਨੇ ਕਿਹਾ ਕਿ ਬੇਸ਼ੱਕ ਨਿਰਵੈਲ ਸਿੰਘ ਢਿੱਲੋਂ ਕਮਰਸ਼ਲ ਗੀਤਕਾਰ ਨਹੀਂ ਹਨ, ਪਰ ਜੋ ਸੁਨੇਹਾ ਉਹ ਸਮਾਜ ਲਈ ਦੇ ਰਹੇ ਹਨ ਉਹ ਇਕ ਸਮਰੱਥ ਗੀਤਕਾਰ ਹੀ ਦੇ ਸਕਦਾ ਹੈ। ਨਿਰਵੈਲ ਸਿੰਘ ਢਿੱਲੋਂ ਨੇ ਇਸ ਸਮਾਗਮ ਲਈ ਸਭਾ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਾਫ਼ ਸੁਥਰੀ ਤੇ ਸਮਾਜਿਕ ਸੇਧ ਵਾਲੀ ਗੀਤਕਾਰੀ ਦੀ ਵਚਨਬੱਧਤਾ ਦੁਹਰਾਈ।