ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਹਿਯੋਗ ਨਾਲ ਯੂਰੋਪੀ ਪੰਜਾਬੀ ਕਵਿਤਾ ਬਾਰੇ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਵੱਲੋਂ ਕੀਤੀ ਗਈ। ਸ਼ੁਰੂਆਤ ਵਿਚ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਗੁੱਜਰਾਂਵਾਲਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ ਨੇ ਕਵੀ ਦਰਬਾਰ ਵਿਚ ਸ਼ਿਰਕਤ ਕਰ ਰਹੇ ਵਿਦਵਾਨਾਂ, ਕਵੀਆਂ ਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੂਰੋਪ ਵਿਚ ਇੰਗਲੈਂਡ ਹੀ ਪਰਵਾਸੀ ਸਾਹਿਤ ਸਿਰਜਣਾ ਦਾ ਕੇਂਦਰ ਸੀ, ਪਰ ਹੁਣ ਜਰਮਨੀ, ਬੈਲਜੀਅਮ, ਪੁਰਤਗਾਲ, ਇਟਲੀ, ਗਰੀਸ ਤੇ ਹੋਰ ਮੁਲਕਾਂ ਵਿਚ ਵੀ ਸਾਹਿਤ ਰਚਿਆ ਜਾਣ ਲੱਗਾ ਹੈ ਤੇ ਪਰਵਾਸੀ ਸਾਹਿਤ ਕੇਂਦਰ ਇਨ੍ਹਾਂ ਮੁਲਕਾਂ ਵਿਚ ਰਚੇ ਜਾ ਰਹੇ ਸਾਹਿਤ ਨੂੰ ਗੌਲਣ ਲਈ ਵਚਨਬੱਧ ਹੈ।
ਇਸ ਕਵੀ ਦਰਬਾਰ ਦੀ ਸਹਿਯੋਗੀ ਧਿਰ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਆਪਣੀ ਸਭਾ ਦੀਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਕਵੀ ਦਰਬਾਰ ਤੋਂ ਪਹਿਲਾਂ ਵਿਚਾਰ ਚਰਚਾ ਵਿਚ ਡਾ. ਰਣਜੀਤ ਧੀਰ (ਲੇਖਕ ਤੇ ਸਿੱਖਿਆ ਸ਼ਾਸਤਰੀ, ਬਰਤਾਨੀਆ), ਡਾ. ਦਵਿੰਦਰ ਕੌਰ (ਪ੍ਰੋਫੈਸਰ ਵੁਲਵਰਹੈਂਪਟਨ ਕਾਲਜ, ਬਰਤਾਨੀਆ) ਤੇ ਕੇਹਰ ਸ਼ਰੀਫ (ਲੇਖਕ ਜਰਮਨੀ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਰਣਜੀਤ ਧੀਰ ਨੇ ਆਪਣੇ ਭਾਸ਼ਣ ਵਿਚ ਇੰਗਲੈਂਡ ਵਿਚ ਪਰਵਾਸੀ ਪੰਜਾਬੀ ਸਾਹਿਤ ਦੇ ਇਤਹਾਸ ਤੇ ਭਵਿੱਖ ਸਬੰਧੀ ਵਿਚਾਰ ਚਰਚਾ ਕੀਤੀ। ਡਾ. ਦਵਿੰਦਰ ਕੌਰ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਮੂਲ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਨਵੀਂ ਪੀੜ੍ਹੀ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀ ਵਰਗ ਦਾ ਵੱਡੀ ਪੱਧਰ ’ਤੇ ਪਰਵਾਸ ਧਾਰਨ ਕਰਨ ਦੇ ਕਾਰਨਾਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਔਰਤ ਪਰਵਾਸ ਧਾਰਨ ਕਰਨ ਤੋਂ ਬਾਅਦ ਮਰਦ ਨਾਲੋਂ ਵਧੇਰੇ ਖੁਸ਼ ਹੈ ਕਿਉਂਕਿ ਇਨ੍ਹਾਂ ਮੁਲਕਾਂ ਨੇ ਔਰਤ ਨੂੰ ਆਜ਼ਾਦੀ ਦਿੱਤੀ ਹੈ, ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਮਰਦ ਦੇ ਬਰਾਬਰ ਮੌਕਾ ਦਿੱਤਾ ਹੈ। ਕੇਹਰ ਸ਼ਰੀਫ ਨੇ ਜਰਮਨ ਵਿਚ ਪੰਜਾਬੀ ਸਾਹਿਤ ਦੀ ਸਥਿਤੀ ਨੂੰ ਸਪੱਸ਼ਟ ਕੀਤਾ। ਇਸ ਤੋਂ ਬਾਅਦ ਯੂਰੋਪ ਦੇ ਵੱਖ ਵੱਖ ਮੁਲਕਾਂ ਤੋਂ ਸ਼ਿਰਕਤ ਕਰ ਰਹੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਦਲਜਿੰਦਰ ਰਹਿਲ, ਰਾਣਾ ਅਠੌਲਾ ਤੇ ਸਿੱਕੀ ਝੱਜੀ ਪਿੰਡ ਵਾਲਾ, ਕੁਲਵੰਤ ਕੌਰ ਢਿੱਲੋਂ, ਹਰਜਿੰਦਰ ਸਿੰਘ ਸੰਧੂ, ਰੂਪ ਦਵਿੰਦਰ ਕੌਰ, ਮਨਜੀਤ ਕੌਰ ਪੱਡਾ, ਬਰਤਾਨੀਆ, ਅਮਜ਼ਦ ਅਲੀ ਆਰਫੀ ਤੇ ਨੀਲੂ ਜਰਮਨੀ, ਜੀਤ ਸੁਰਜੀਤ ਬੈਲਜੀਅਮ, ਗੁਰਪ੍ਰੀਤ ਕੌਰ ਗਾਇਦੂ ਗਰੀਸ, ਮਨਜੀਤ ਕੌਰ ਪੱਡਾ, ਦੁਖਭੰਜਨ ਰੰਧਾਵਾ ਪੁਰਤਗਾਲ ਦੇ ਨਾਮ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ। ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵੀ ਗੱਲਬਾਤ ਕੀਤੀ ਤੇ ਦੱਸਿਆ ਕਿ ਪਾਕਿਸਤਾਨੀ ਪੰਜਾਬ ਵਿਚ ਸਕੂਲ ਪੱਧਰ ’ਤੇ ਪੰਜਾਬੀ ਭਾਸ਼ਾ ਦੀ ਪੜ੍ਹਾਈ ਨਾ ਹੋਣਾ ਮੰਦਭਾਗਾ ਹੈ। ਉਨ੍ਹਾਂ ਵਿਦੇਸ਼ਾਂ ਵਿਚ ਮਾਤ ਭਾਸ਼ਾ ਦੀ ਮਹੱਤਤਾ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਪਾਕਿਸਤਾਨ ਦੇ ਪ੍ਰਸਿੱਧ ਨਾਵਲਕਾਰ ਮਰਹੂਮ ਸਲੀਮ ਖਾਂ ਗਿੰਮੀ ਦੀ ਬੇਟੀ ਤੇ ਟੀਵੀ ਪ੍ਰੋਗਰਾਮ ਨਿਰਮਾਤਾ ਸ਼ਗੁਫ਼ਤਾ ਗਿੰਮੀ ਲੋਧੀ ਲੰਡਨ ਨੇ ਵੀ ਸਮਾਗਮ ਵਿਚ ਭਾਗ ਲਿਆ। ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਵੀ ਦਰਬਾਰ ਦਾ ਸੰਚਾਲਨ ਪ੍ਰੋ. ਸ਼ਰਨਜੀਤ ਕੌਰ ਵੱਲੋਂ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ ਦੁਆ, ਡਾ. ਤਜਿੰਦਰ ਕੌਰ ਅਤੇ ਡਾ. ਦਲੀਪ ਸਿੰਘ ਤੇ ਰਾਜਿੰਦਰ ਸਿੰਘ ਸੰਧੂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।