ਗੁਰਿੰਦਰ ਕਲੇਰ
ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਨ ਜਾਣ ਦੇ ਚਾਹਵਾਨ ਹਨ। ਇਸ ਦਾ ਮੁੱਖ ਕਾਰਨ ਸਾਡੇ ਦੇਸ਼ ਵਿੱਚ ਰੁਜ਼ਗਾਰ ਦੀ ਘਾਟ ਅਤੇ ਮੁਕਾਬਲੇ ਦਾ ਵੱਧ ਹੋਣਾ ਹੈ। ਜਦੋਂ ਕੋਈ ਬੱਚਾ ਪੜ੍ਹਨ ਲਈ ਵਿਦੇਸ਼ ਜਾਂਦਾ ਹੈ ਤਾਂ ਮਾਪਿਆਂ ਨੂੰ ਇਵੇਂ ਮਹਿਸੂਸ ਹੁੰਦਾ ਹੈ ਜਵਿੇਂ ਉਨ੍ਹਾਂ ਦਾ ਬੱਚਾ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋ ਗਿਆ ਹੋਵੇ। ਜੇਕਰ ਕੋਈ ਬੱਚਾ ਵਿਦੇਸ਼ ਜਾ ਕੇ 5-7 ਸਾਲ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕਰ ਲਵੇ ਤਾਂ ਉਹ ਕੋਈ ਚੰਗੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਵੀ ਹੋ ਜਾਂਦਾ ਹੈ। ਪਰ ਇਨ੍ਹਾਂ ਪੰਜ ਸੱਤ ਸਾਲਾ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ ਜਨਿ੍ਹਾਂ ਨੂੰ ਅੱਖੋਂ-ਪਰੋਖੇ ਕਰਨਾ ਵੀ ਵੱਡੀ ਗਲਤੀ ਹੁੰਦੀ ਹੈ। ਜਦੋਂ ਵਿਦਿਆਰਥੀ ਦਾ ਕੋਈ ਦੋਸਤ, ਰਿਸ਼ਤੇਦਾਰ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਵਿਦਿਆਰਥੀ ਅੰਦਰ ਵੀ ਵਿਦੇਸ਼ ਜਾਣ ਦੀ ਉਤਸੁਕਤਾ ਵਧ ਜਾਂਦੀ ਹੈ।
ਪੰਜਾਬ ਤੋਂ ਲੱਖਾਂ ਵਿਦਿਆਰਥੀ ਪੜ੍ਹਾਈ ਲਈ ਕੇਨੈਡਾ ਪਹੁੰਚ ਚੁੱਕੇ ਹਨ ਤੇ ਹੋਰ ਵੀ ਜਾ ਰਹੇ ਹਨ। ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਨੂੰ ਉੱਥੋਂ ਦੇ ਵਿਦਿਆਰਥੀਆਂ ਤੋਂ ਲਗਭਗ ਤਿੰਨ ਗੁਣਾ ਵੱਧ ਫੀਸ ਦੇਣੀ ਪੈਂਦੀ ਹੈ। ਫੀਸ ਦੇ ਨਾਲ -ਨਾਲ ਰਹਿਣ ਲਈ ਘਰ, ਕਰਿਆਨੇ, ਸਬਜ਼ੀ ਆਦਿ ਦਾ ਖਰਚਾ, ਕਾਰ ਚਲਾਉਣ ਦਾ ਲਾਇਸੈਂਸ ਲੈਣਾ ਆਦਿ ਵੱਡੇ ਖਰਚੇ ਹਨ। ਕੈਨੇਡਾ ਵਿੱਚ ਸਕਿੱਲ ਵਰਕਰ ਅਤੇ ਚੰਗੀ ਨੌਕਰੀ ਵਾਲਿਆਂ ਦੀ ਤਨਖਾਹ ਠੀਕ ਹੁੰਦੀ ਹੈ, ਪਰ ਜਿਹੜੇ ਵਿਦਿਆਰਥੀ ਜਾਂਦੇ ਹਨ ਉਨ੍ਹਾਂ ਨੂੰ ਕੰਮ ਲੱਭਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਜੇਕਰ ਕੰਮ ਮਿਲ ਵੀ ਜਾਵੇ ਤਾਂ ਘੱਟ ਤੋਂ ਘੱਟ ਰੇਟ ਜਿਹੜਾ ਕੈਨੇਡਾ ਸਰਕਾਰ ਵੱਲੋਂ ਤੈਅ ਕੀਤਾ ਹੁੰਦਾ ਹੈ, ਉਸ ਉਤੇ ਕੰਮ ਕਰਨਾ ਪੈਂਦਾ ਹੈ। ਪੜ੍ਹਾਈ ਕਰਨੀ, ਕੰਮ ਕਰਨਾ ਅਤੇ ਆਪਣੀ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਕਈ ਵਿਦਿਆਰਥੀਆਂ ਲਈ ਉਦਾਸੀ ਦਾ ਕਾਰਨ ਬਣ ਜਾਂਦਾ ਹੈ। ਬਹੁਤ ਸਾਰੇ ਵਿਦਿਆਰਥੀ ਬੈਂਕਾਂ ਅਤੇ ਆੜ੍ਹਤੀਆਂ ਆਦਿ ਤੋਂ ਕਰਜ਼ਾ ਲੈ ਕੇ ਕੈਨੇਡਾ ਪਹੁੰਚੇ ਹੁੰਦੇ ਹਨ। ਵਿਦਿਆਰਥੀਆਂ ਲਈ ਕੈਨੇਡਾ ਦੇ ਖਰਚੇ ਤੇ ਕਰਜ਼ਾ ਵਾਪਸ ਕਰਨ ਦਾ ਫਿਕਰ ਦਿਮਾਗ਼ੀ ਬੋਝ ਵਿੱਚ ਵਾਧਾ ਕਰਦਾ ਹੈ।
ਇਸ ਸਮੇਂ ਕੈਨੇਡਾ ਦੇ ਵੱਡੇ ਅਤੇ ਮਸ਼ਹੂਰ ਸ਼ਹਿਰਾਂ ਵਿੱਚ ਜਨਸੰਖਿਆ ਇੰਨੀ ਵਧ ਚੁੱਕੀ ਹੈ ਕਿ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਲਾਈਨਾਂ, ਸੜਕਾਂ ਉੱਪਰ ਵਾਹਨਾਂ ਦੀ ਭੀੜ, ਮਹਿੰਗਾਈ ਦਾ ਵਧਣਾ ਤੇ ਆਮਦਨ ਘੱਟ ਹੋ ਗਈ ਹੈ। ਕੈਨੇਡਾ ਬਾਰੇ ਇਹ ਸੁਣਨ ਨੂੰ ਮਿਲਦਾ ਸੀ ਕਿ ਉੱਥੇ ਇਲਾਜ ਮੁਫ਼ਤ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੈਸੇ ਦੇ ਕੇ ਕਰਵਾਉਣਾ ਪੈਂਦਾ ਹੈ। ਕੁਝ ਕੁ ਬਿਮਾਰੀਆਂ ਦਾ ਇਲਾਜ ਮੁਫ਼ਤ ਹੈ, ਪਰ ਡਾਕਟਰ ਨੂੰ ਮਿਲਣ ਲਈ ਮਹੀਨਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਜ਼ਿਆਦਾਤਰ ਵਿਦਿਆਰਥੀ ਕੈਨੇਡਾ ਦੇ ਉਨ੍ਹਾਂ ਇਲਾਕਿਆਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਠੰਢ ਘੱਟ ਪੈਂਦੀ ਹੋਵੇ, ਪਰ ਫਿਰ ਵੀ ਕੈਨੇਡਾ ਵਿੱਚ ਪੰਜਾਬ ਨਾਲੋਂ ਵੱਧ ਠੰਢ ਪੈਂਦੀ ਹੈ। ਉੱਥੇ ਗਰਮੀ ਦਾ ਮੌਸਮ ਘੱਟ ਅਤੇ ਸਰਦੀ ਤੇ ਬਰਸਾਤ ਦਾ ਮੌਸਮ ਜ਼ਿਆਦਾ ਸਮਾਂ ਰਹਿੰਦਾ ਹੈ। ਸਰਦੀ ਤੇ ਬਰਸਾਤ ਦੇ ਮੌਸਮ ਵਿੱਚ ਕਈ-ਕਈ ਦਨਿ ਸੂਰਜ ਦਿਖਾਈ ਨਹੀਂ ਦਿੰਦਾ। ਬਹੁਤ ਸਾਰੇ ਲੋਕਾਂ ਨੂੰ ਇਸ ਮੌਸਮ ਵਿੱਚ ਡਿਪਰੈਸ਼ਨ (ਉਦਾਸੀ) ਤੇ ਵਿਟਾਮਨਿ ਡੀ ਆਦਿ ਦੀ ਘਾਟ ਹੋ ਜਾਂਦੀ ਹੈ। ਰਹਿਣ ਵਾਲੇ ਘਰਾਂ ਨੂੰ ਗਰਮ ਰੱਖਣ ਅਤੇ ਗਰਮ ਪਾਣੀ ਆਦਿ ਦਾ ਪ੍ਰਬੰਧ ਹੁੰਦਾ ਹੈ, ਪਰ ਇਨ੍ਹਾਂ ਸਹੂਲਤਾਂ ਦੇ ਬਿੱਲ ਦੇਣੇ ਪੈਂਦੇ ਹਨ। ਇਸ ਦੇਸ਼ ਵਿੱਚ ਨਿੱਕੇ ਤੋਂ ਲੈ ਕੇ ਵੱਡੇ ਕੰਮ ਕਰਵਾਉਣ ਲਈ ਸਰਕਾਰ ਦੀ ਮਨਜ਼ੂਰੀ ਲੈਣੀ ਅਤੇ ਮੋਟੀ ਫੀਸ ਦੇਣੀ ਪੈਂਦੀ ਹੈ। ਇਸ ਦੇਸ਼ ਵਿੱਚ ਉਨ੍ਹਾਂ ਫ਼ਲਾਂ ਤੇ ਸ਼ਬਜੀਆਂ ਖਾਣ ਲਈ ਇਨਸਾਨ ਤਰਸ ਜਾਂਦਾ ਹੈ ਜਾਂ ਫਿਰ ਕਹਿ ਲਵੋ ਕਿ ਇੱਕ ਵੱਡੀ ਰਕਮ ਖਰਚਣੀ ਪੈਂਦੀ ਹੈ ਜੋ ਸਾਡੇ ਪੰਜਾਬ ਦੇ ਹਰ ਘਰ ਵਿੱਚ ਆਮ ਹੀ ਮਿਲ ਜਾਂਦੇ ਹਨ।
ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਇੰਨੀਆਂ ਵਧ ਚੁੱਕੀਆਂ ਹਨ ਕਿ ਇੱਕ ਘਰ ਖਰੀਦਣ ਲਈ ਇੱਕ ਪੀੜ੍ਹੀ ਨੂੰ ਆਪਣੀ ਜ਼ਿੰਦਗੀ ਦੀ ਕਮਾਈ ਹੋਈ ਸਾਰੀ ਪੂੰਜੀ ਲਾਉਣੀ ਪੈਂਦੀ ਹੈ ਅਤੇ ਦਨਿ ਰਾਤ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਕਿਸ਼ਤਾਂ ਅਤੇ ਹੋਰ ਖਰਚਿਆਂ ਦਾ ਬੋਝ ਕਈ ਲੋਕਾਂ ‘ਤੇ ਇੰਨਾ ਵਧ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚਣ ਲੱਗ ਪੈਂਦੇ ਹਨ। ਕੈਨੇਡਾ ਵਿੱਚ ਬੈਕ ਤੋਂ ਕਰਜ਼ਾ ਲੈ ਕੇ ਘਰ ਲੈਣਾ, ਕਾਰ ਲੈਣੀ ਆਦਿ ਉੱਥੋਂ ਦਾ ਕਲਚਰ ਬਣ ਚੁੱਕਾ ਹੈ। ਆਏ ਦਨਿ ਕੈਨੇਡਾ ਜਾਂ ਕਿਸੇ ਹੋਰ ਵਿਦੇਸ਼ੀ ਧਰਤੀ ‘ਤੇ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਨ੍ਹਾਂ ਵਿੱਚ ਇੱਕ ਵੱਡਾ ਕਾਰਨ ਵਿਦਿਆਰਥੀਆਂ ‘ਤੇ ਪਿਆ ਦਿਮਾਗੀ ਬੋਝ ਵੀ ਹੈ। ਸਾਡੇ ਲੋਕ ਇੱਥੇ ਫਸੇ ਮਹਿਸੂਸ ਕਰਦੇ ਹਨ, ਪਰ ਆਪਣੇ ਦੇਸ਼ ਵਾਪਸ ਆਉਣ ਲਈ ਤਿਆਰ ਨਹੀਂ ਕਿਉਂਕਿ ਉੱਥੇ ਇਮਾਨਦਾਰੀ, ਇਨਸਾਫ਼, ਪ੍ਰਦੂਸ਼ਣ ਰਹਿਤ ਵਾਤਾਵਰਨ, ਇਨਸਾਨੀ ਕਦਰਾਂ ਕੀਮਤਾਂ, ਬੁਢਾਪੇ ਵਿੱਚ ਪੈਨਸ਼ਨ ਦੀ ਸਹੂਲਤ, ਕੇਅਰ ਸੈਂਟਰ ਆਦਿ ਇਨਸਾਨ ਲਈ ਇੱਕ ਵੱਡਾ ਸਹਾਰਾ ਹਨ। ਵਿਦਿਆਰਥੀ ਇਸ ਕਰਕੇ ਵੀ ਨਹੀਂ ਆ ਸਕਦੇ ਕਿਉਂਕਿ ਉਹ ਇੱਕ ਵੱਡੀ ਰਕਮ ਤੇ ਸਮਾਂ ਇਸ ਮੁਲਕ ਵਿੱਚ ਲਾ ਚੁੱਕੇ ਹੁੰਦੇ ਹਨ। ਜੇਕਰ ਵਾਪਸ ਆਪਣੇ ਦੇਸ਼ ਜਾਂਦੇ ਹਨ ਤਾਂ ਪੈਸੇ ਅਤੇ ਸਮੇਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਉੱਥੇ ਭੇਜਣ ਅਤੇ ਵਿਦਿਆਰਥੀਆਂ ਵੱਲੋਂ ਉੱਥੇ ਜਾਣ ਦਾ ਫੈਸਲਾ ਕਰਨ ਤੋਂ ਪਹਿਲਾਂ ਉਪਰੋਕਤ ਸਾਰੇ ਪਹਿਲੂਆਂ ਅਤੇ ਮੁਸ਼ਕਿਲਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਇਨ੍ਹਾਂ ਸਬੰਧੀ ਪਹਿਲਾਂ ਹੀ ਜਾਗਰੂਕ ਹੋ ਕੇ ਕੈਨੇਡਾ ਜਾਣ ਦਾ ਫੈਸਲਾ ਕਰਦੇ ਹੋ ਤਾਂ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਪੱਖ ਤੋਂ ਮਜ਼ਬੂਤ ਕਰ ਲੈਂਦੇ ਹੋ। ਇਸ ਨਾਲ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ।
ਸੰਪਰਕ: 99145-38888