ਗੁਰਮਲਕੀਅਤ ਸਿੰਘ ਕਾਹਲੋਂ
ਹਰ ਵਾਰ ਉਹ ਰਸਮ ਨਿਭਾਉਣ ਬਾਅਦ ਸਿਰ ਪਲੋਸ ਕੇ ਚਲੇ ਜਾਂਦਾ। ਬਾਅਦ ’ਚ ਮੈਂ ਸਾਰਾ ਦਿਨ ਉਸ ਦੀਆਂ ਯਾਦਾਂ ਵਿਚ ਗਵਾਚੀ ਰਹਿੰਦੀ। ਹਰ ਸਾਲ ਉਸ ਤਿਓਹਾਰ ਵਾਲੇ ਦਿਨ ਮੈਂ ਕੰਮ ਤੋਂ ਛੁੱਟੀ ਕਰਦੀ। ਤਿੰਨ ਸਾਲ ਪਹਿਲਾਂ ਜਦੋਂ ਮੈਨੇਜਰ ਛੁੱਟੀ ਦੇਣ ਤੋਂ ਟਾਲ ਮਟੋਲ ਕਰਨ ਲੱਗਾ ਤਾਂ ਪਤਾ ਨਹੀਂ, ਮੇਰੇ ਅੰਦਰੋਂ ਪੱਕੀ ਛੁੱਟੀ ਕਰ ਜਾਣ ਦੀ ਧਮਕੀ ਦੇਣ ਦਾ ਹੌਸਲਾ ਕਿੱਥੋਂ ਉਮੜ ਆਇਆ ਸੀ। ਹਾਲਾਂਕਿ ਮੈਂ ਜਾਣਦੀ ਸੀ ਕਿ ਵਿਸ਼ਵ ਮੰਦੀ ਦੇ ਉਸ ਦੌਰ ਵਿਚ ਨਵੇਂ ਥਾਂ ਨੌਕਰੀ ਲੱਭਣੀ ਖਾਲਾ ਜੀ ਦਾ ਵਾੜਾ ਨਹੀਂ ਸੀ। ਉਸ ਦੇ ਜਾਂਦਿਆਂ ਹੀ ਪਹਿਲਾ ਫੋਨ ਮੈਂ ਆਪਣੀ ਮਾਂ ਨੂੰ ਲਾਇਆ ਸੀ। ਉਹ ਆਪ ਦਰਦਾਂ ਨਾਲ ਵਿੰਨ੍ਹੀ ਹੋਣ ਦੇ ਬਾਵਜੂਦ ਮੇਰੇ ਦਰਦਾਂ ਨੂੰ ਸ਼ਿੱਦਤ ਨਾਲ ਸਮਝਦੀ ਤੇ ਮਹਿਸੂਸ ਕਰਦੀ ਸੀ। ਮਾਂ-ਧੀ ਵਿਚ ਬਹੁਤੇ ਪਰਦੇ ਵੀ ਤਾਂ ਨਹੀਂ ਨਾ ਹੁੰਦੇ? ਗੱਲਾਂ ਕਰਦਿਆਂ ਪਤਾ ਈ ਨਾ ਲੱਗਦਾ ਕਦੋਂ ਘੰਟਾ ਬੀਤ ਗਿਆ ਤੇ ਫੋਨ ਆਪਣੇ ਆਪ ਕੱਟਿਆ ਗਿਆ। ਮੇਰਾ ਫੋਨ ਇਕ ਘੰਟੇ ਤਕ ਪਤਾ ਨਹੀਂ ਕਿਵੇਂ ਸੈੱਟ ਹੋ ਗਿਆ ਹੋਇਆ ਸੀ।
ਸ਼ਾਮ ਦਾ ਹਨੇਰਾ ਪਸਰਨ ਲੱਗ ਪਿਆ ਸੀ। ਯਾਦ ਆਇਆ ਕਿ ਪਿੰਕੀ ਨੂੰ ਪੁੱਛਣਾ ਬਣਦਾ ਕਿ ਉਹ ਠੀਕ ਠਾਕ ਪਹੁੰਚ ਗਿਆ ? ਪਿੰਕੀ ਦਾ ਨੰਬਰ ਡਾਇਲ ਕਰਨ ਲੱਗੀ ਤਾਂ ਕਿੰਨੇ ਸਾਰੇ ਮੈਸੇਜ’ਜ਼ ’ਤੇ ਨਜ਼ਰ ਪੈ ਗਈ। ਦੋ ਮੈਸੇਜ ਪਿੰਕੀ ਦੇ ਸਨ। ਇਕ ਢਾਈ ਘੰਟੇ ਪਹਿਲਾਂ ਦਾ ਅੱਧਾ ਪੈਂਡਾ ਮੁੱਕਣ ਦਾ ਸੀ ਤੇ ਦੂਜਾ ਕੁਝ ਮਿੰਟ ਹੋਏ ਘਰ ਪਹੁੰਚਣ ਬਾਰੇ ਸੀ। ਮੈਨੂੰ ਆਪਣੇ ਆਪ ’ਤੇ ਗੁੱਸਾ ਆਇਆ, ‘ਕੀ ਸੋਚੂ ਉਹ, ਐਨੀ ਕੁ ਪਰਵਾਹ ਐ ਉਸ ਦੀ?’ ਤੜਕੇ ਚਲਕੇ ਪੰਜ ਘੰਟੇ ਕਾਰ ਚਲਾਕੇ ਉਹ ਆਪਣਾ ਫਰਜ਼ ਨਿਭਾਉਣ ਤੇ ਮੈਨੂੰ ਅਹਿਸਾਸ ਕਰਾਉਣ ਆਇਆ ਸੀ ਕਿ ਮਾਪਿਆਂ ਤੋਂ ਦੂਰ ਮੈਂ ਇੱਥੇ ਇਕੱਲੀ ਨਹੀਂ, ਪਰ ਮੈਂ ਕਮਲੀ ਉਸ ਨਾਲ ਗੱਲੀਂ ਲੱਗੀ ਰਹੀ ਸਾਰਾ ਟੈਮ। ਚੱਜ ਨਾਲ ਰੋਟੀ ਵੀ ਨਾ ਖਵਾ ਸਕੀ। ਉਸ ਨੇ ਵੀ ਤਾਂ ਕਾਹਲੀ ਪਾਈ ਰੱਖੀ ਸੀ ਨਾ ਵਾਪਸ ਜਾਣ ਦੀ। ਪਰ ਉਹ ਵੀ ਕੀ ਕਰਦਾ, ਟਾਈਮ ਸਿਰ ਪਹੁੰਚਣ ਦੀ ਉਸ ਦੀ ਆਦਤ ਬਾਰੇ ਮੈਂ ਜਾਣਦੀ ਆਂ। ਪਤਾ ਨਈਂ ਇਹੋ ਜਿਹੇ ਕਿੰਨੇ ਹੋਰ ਸਵਾਲ ਮੈਂ ਆਪਣੇ ਆਪ ਨੂੰ ਕਰੀ ਗਈ। ਫਿਰ ਤੋਂ ਅਤੀਤ ਦੀਆਂ ਯਾਦਾਂ ਵਿਚ ਕਦ ਘਿਰ ਗਈ, ਪਤਾ ਈ ਨਾ ਲੱਗਾ।
‘ਮੰਮੀ ਦੱਸਦੇ ਸੀ ਕਿ ਸਾਉਣ ਮਹੀਨੇ ਦਾ ਚੌਥਾ ਦਿਨ ਸੀ। ਉੱਧਰੋਂ ਸੂਰਜ ਦੀਆਂ ਕਿਰਨਾਂ ਬਾਰੀ ਦੀ ਝੀਥ ਵਿਚੋਂ ਅੰਦਰ ਲੰਘ ਆਈਆਂ ਤੇ ਇੱਧਰੋਂ ਮੇਰੀ ਆਵਾਜ਼ ਦਾਈ ਤੋਂ ਪਹਿਲਾਂ ਈ ਬਾਹਰ ਸੁਣ ਗਈ ਸੀ। ਬੀਬੀ ਦੇ ਕੰਨਾਂ ਨੇ ਆਵਾਜ਼ ਈ ਪਛਾਣਕੇ ਕਹਿਤਾ ਸੀ, ਪੂਰਨ ਸਿਆਂ ਬਹਿਜਾ ਆਰਾਮ ਨਾਲ। ਪਾਪਾ ਵਾਂਗ ਅਸੀਂ ਦਾਦੀ ਨੂੰ ਬੀਬੀ ਕਹਿਣ ਲੱਗ ਪਏ ਸੀ। ਮੇਰੇ ਪਾਪਾ ਆਰਾਮ ਨਾਲ ਬੈਠਣ ਵਾਲੇ ਨਹੀਂ ਸਨ। ਮੰਮੀ ਦੱਸਦੇ ਸੀ ਕਿ ਦਾਈ ਦੇ ਬਾਹਰ ਨਿਕਲਦੇ ਈ ਪਾਪਾ ਹਲਵਾਈ ਤੋਂ ਲੱਡੂਆਂ ਦੇ ਚਾਰ ਡੱਬੇ ਫੜ ਲਿਆਏ ਸੀ। ਲੱਭੂ ਹਲਵਾਈ ਨੇ ਵਧਾਈ ਦਿੰਦਿਆਂ ਝਕਦੇ ਜਿਹੇ ਪੁੱਛਿਆ ਸੀ, ‘ਪੂਰਨ ਸਿਆਂ ਹੋਰ ਕਿੰਨੇ ਕੁ ਬਣਾਕੇ ਰੱਖਾਂ ?’ ਪਾਪਾ ਜਵਾਬ ਦੇਣ ਦੀ ਬਜਾਏ ਪੈਸੇ ਦੇ ਕੇ ਆ ਗਏ ਸੀ। ਲੱਭੂ ਦੱਸਦਾ ਹੁੰਦਾ ਸੀ ਕਿ ਪਿੱਛੋਂ ਸੋਚੀ ਜਾਵੇ ਕਿ ਜੇ ਕੁੜੀ ਹੋਈ ਐ ਤਾਂ ਉਹ ਲੱਡੂ ਕਿਉਂ ਲੈਣ ਆਇਆ ਤੇ ਜੇ ਮੁੰਡਾ ਹੈ ਤਾਂ ਉਹਨੇ ਹੋਰ ਪੁੱਛਣ ’ਤੇ ਚੁੱਪ ਕਿਉਂ ਵੱਟੀ ?
ਮੈਂ ਤਿੰਨ ਸਾਲ ਦੀ ਹੋਣ ਵਾਲੀ ਸੀ। ਅਸੀਂ ਸੌਣ ਲੱਗੇ ਸੀ ਜਦੋਂ ਭੱਟੀ ਅੰਕਲ ਕੰਬਾਈਨ ਲੈ ਕੇ ਆਏ ਸੀ। ਤਬੀਅਤ ਠੀਕ ਨਾ ਹੋਣ ਕਰਕੇ ਮੰਮੀ ਉੱਠੀ ਨਹੀਂ ਸੀ ਤੇ ਬੀਬੀ ਨੇ ਈ ਸਾਰਿਆਂ ਦੀ ਰੋਟੀ ਬਣਾਈ ਸੀ। ਸਵੇਰੇ ਪਾਪਾ ਟਰਾਲੀ ਲੈ ਕੇ ਕੰਬਾਈਨ ਵਾਲਿਆਂ ਨਾਲ ਖੇਤਾਂ ਨੂੰ ਚਲੇ ਗਏ ਸੀ। ਕਣਕ ਵੇਲੇ ਸਿਰ ਸਾਂਭੀ ਜਾਣ ਕਰਕੇ ਬੀਬੀ ਖ਼ੁਸ਼ ਸੀ। ਉਸ ਤੋਂ ਪਹਿਲੇ ਸਾਲ ਪੱਕੀ ਕਣਕ ਮੀਂਹ ਹਨੇਰੀ ਨੇ ਕਾਫ਼ੀ ਖ਼ਰਾਬ ਕਰ ਦਿੱਤੀ ਸੀ।
ਬੀਬੀ ਕਈ ਵਾਰ ਅੰਦਰ ਜਾ ਕੇ ਮੰਮੀ ਦਾ ਹਾਲ ਪੁੱਛ ਆਈ ਸੀ। ਉਸ ਦਿਨ ਸਾਡੇ ਬਨੇਰੇ ’ਤੇ ਕਾਂ ਬੜੇ ਬੋਲਦੇ ਸੀ। ਬੀਬੀ ਨੂੰ ਕਾਂਵਾਂ ਦਾ ਬੋਲਣਾ ਚੰਗਾ ਲੱਗਦਾ ਸੀ। ਉਸ ਦਾ ਮੰਨਣਾ ਸੀ ਇਹ ਵੱਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਆ, ਪਰ ਮੈਨੂੰ ਕਾਂ ਚੰਗੇ ਨਹੀਂ ਸੀ ਲੱਗਦੇ। ਇਕ ਵਾਰ ਉੱਡਦੇ ਕਾਂ ਨੇ ਮੇਰੇ ਸਿਰ ’ਤੇ ਵਿੱਠ ਕਰ ਦਿੱਤੀ ਤੇ ਮੰਮੀ ਨੇ ਠੰਢ ਵਿਚ ਸਵੇਰੇ ਈ ਨੁਹਾਇਆ ਸੀ। ਮੈਂ ਬੜਾ ਰੋਈ ਸੀ ਸਿਰ ਨੁਹਾਉਣ ਤੋਂ।
ਕੰਬਾਇਨ ਵਾਲਿਆਂ ਲਈ ਚਾਹ ਭੇਜ ਕੇ ਬੀਬੀ ਕਾਹਲੀ ਨਾਲ ਅੰਦਰ ਗਈ ਸੀ। ਧਿਆਨ ਤਾਂ ਉਸ ਦਾ ਚਾਹ ਬਣਾਉਂਦਿਆਂ ਵੀ ਅੰਦਰ ਵੱਲ ਸੀ। ਅਜੇ ਦੁਪਿਹਰ ਨਹੀਂ ਸੀ ਹੋਈ ਜਦੋਂ ਬੀਬੀ ਨੇ ਕੰਧ ਉੱਪਰੋਂ ਤਾਈ ਨੂੰ ਜਲਦੀ ਆਉਣ ਦੀ ਹਾਕ ਮਾਰੀ ਸੀ। ਤਾਈ ਆਉਂਦੇ ਸਾਰ ਮੰਮੀ ਕੋਲ ਗਈ ਤੇ ਬਾਹਰ ਆ ਕੇ ਬੀਬੀ ਦੇ ਕੰਨ ਵਿਚ ਕੁਝ ਕਿਹਾ। ਬੀਬੀ ਤਸੱਲੀ ਕਰਨ ਆਪ ਅੰਦਰ ਗਈ ਤੇ ਫਿਰ ਤਾਈ ਨੂੰ ਛੇਤੀ ਨਾਲ ਨਸੀਬੋ ਦਾਈ ਸੱਦਣ ਭੇਜਿਆ ਸੀ। ਪਤਾ ਨਈ ਕਿਉਂ, ਦਾਈ ਦੇ ਆਉਂਦੇ ਈ ਬੀਬੀ ਨੇ ਮੈਨੂੰ ਤਾਈ ਦੇ ਘਰ ਜਾ ਕੇ ਖੇਡਣ ਲਈ ਕਿਹਾ ਸੀ। ਮੈਂ ਜ਼ਰਾ ਕੁ ਸਿਰ ਫੇਰਿਆ ਤਾਂ ਬੀਬੀ ਨੇ ਚਪੇੜ ਵਿਖਾਈ ਸੀ। ਡਰਦੇ ਮਾਰੇ ਮੈਂ ਤਾਈ ਦੇ ਘਰ ਜਾ ਕੇ ਛਟਾਪੂ ਖੇਡਣ ਲੱਗ ਗਈ। ਘੰਟੇ ਕੁ ਬਾਅਦ ਸਾਰੇ ਪਾਸਿਓਂ ਵਧਾਈਆਂ ਸੁਣ ਰਹੀਆਂ ਸੀ। ਮੇਰਾ ਵੀਰਾ ਜੂ ਆ ਗਿਆ ਸੀ ਸਾਡੇ ਘਰ। ਬੀਬੀ ਕਹਿੰਦੀ ਸੀ ਮੇਰੇ ਪੂਰਨ ਸਿਉਂ ਦੀ ਜੜ੍ਹ ਲੱਗ ਗਈ।
‘ਪਤਾ ਨਈ ਕਿਉਂ ਅੱਜ ਮੇਰਾ ਬਚਪਨ ਵਾਰ ਵਾਰ ਅੱਖਾਂ ਮੂਹਰੇ ਆਈ ਜਾ ਰਿਹੈ।’
ਬੀਬੀ ਨੇ ਬੜੇ ਚਾਅ ਕੀਤੇ ਸੀ ਵੀਰੇ ਦੇ ਆਉਣ ’ਤੇ। ਕਣਕ ਦੀ ਭਰੀ ਟਰਾਲੀ ਮੰਡੀ ਲਾਹੁਣ ਲਈ ਤਾਏ ਨੂੰ ਭੇਜ ਕੇ ਪਾਪਾ ਘਰ ਆ ਗਏ ਸੀ। ਤਾਏ ਦੇ ਬਾਰ ਮੂਹਰਿਓਂ ਲੰਘਦੇ ਵੇਖ ਮੈਂ ਭੱਜ ਕੇ ਪਾਪਾ ਦੀਆਂ ਲੱਤਾਂ ਨਾਲ ਚੰਬੜ ਗਈ ਸੀ। ਬੀਬੀ ਕੱਪੜਿਆਂ ਵਿਚ ਲਪੇਟੇ ਵੀਰੇ ਨੂੰ ਲੈ ਕੇ ਬਾਹਰ ਆਈ ਤਾਂ ਮਗਰੇ ਅੰਦਰੋਂ ਦਾਈ ਆ ਗਈ ਸੀ। ਪਾਪਾ ਨੇ ਨੀਲੇ ਰੰਗ ਦਾ ਨੋਟ ਦਿੱਤਾ ਸੀ ਦਾਈ ਨੂੰ। ਹੁਣ ਪਤਾ ਲੱਗਦਾ ਕਿ ਮੁੰਡੇ ਦੀ ਵਧਾਈ ਸੀ ਉਹ ਨੋਟ। ਵੀਰੇ ਦਾ ਨਾਂ ਰੱਖਣ ’ਤੇ ਕਈ ਦਿਨ ਚਰਚਾ ਚੱਲਦੀ ਰਹੀ। ਬੀਬੀ ਗੁਰਦਿੱਤ ਸਿੰਘ ’ਤੇ ਅੜੀ ਹੋਈ ਸੀ ਤੇ ਮੰਮੀ-ਪਾਪਾ ਨੂੰ ਪਰਕਾਸ਼ ਸਿੰਘ ਚੰਗਾ ਲੱਗਦਾ ਸੀ। ਗੁਰਦੁਆਰੇ ਗਏ ਤਾਂ ਭਾਈ ਜੀ ਨੇ ਪਹਿਲਾ ਅੱਖਰ ਪੱਪਾ ਕਹਿ ਕੇ ਮੰਮੀ ਦੀ ਇੱਛਾ ਪੁਗਾ ਦਿੱਤੀ ਸੀ। ਬੜੇ ਚਾਅ ਦੁਲਾਰ ਕਰਦੀ ਸੀ ਮੈਂ ਨਿੱਕੇ ਜਿਹੇ ਕਾਕੇ ਨਾਲ। ਵੀਰੇ ਨੂੰ ਦੁੱਧ ਪਿਆਉਣ ਲਈ ਮੰਮੀ ਮੇਰੇ ਤੋਂ ਫੜਦੇ ਤਾਂ ਮੈਂ ਰੋ ਪੈਂਦੀ ਸੀ।
ਬਾਹਰ ਲਾਈਟਾਂ ਜਗ ਪੈਣ ’ਤੇ ਮੇਰੀ ਸੁਰਤ ਪਰਤੀ। ਡਾਇਨਿੰਗ ਕੁਰਸੀ ’ਤੇ ਬੈਠ ਪਿੰਕੀ ਨੂੰ ਫੋਨ ਲਾਇਆ। ਗੱਲਬਾਤ ’ਚ ਮਹਿਸੂਸ ਕੀਤਾ ਕਿ ਉਹ ਚਾਹ ਪੀ ਰਿਹੈ। ਕਹਿੰਦਾ, ਹਨੇਰਾ ਹੋਣ ਦੇ ਡਰੋਂ ਰਸਤੇ ਵਿਚ ਕਿਤੇ ਰੁਕਿਆ ਨਈਂ ਸੀ। ਮੇਰੇ ਕਿਵੇਂ ਲੱਗਾ ਅੱਜ ਪੁੱਛਣ ’ਤੇ ਕਹਿੰਦਾ, ‘ਜੋ ਸਾਲ ਬਾਅਦ ਕਿਸੇ ਆਪਣੇ ਨੂੰ ਮਿਲਣ ’ਤੇ ਚੰਗਾ ਲੱਗ ਸਕਦਾ, ਉਸ ਤੋਂ ਚੰਗਾ।’
ਸੱਚ ਦਸਾਂ, ਉਦੋਂ ਫੋਨ ਲੱਗੇ ’ਤੇ ਈ ਸ਼ੁਕਰਾਨੇ ਵਜੋਂ ਮੇਰਾ ਸਿਰ ਝੁਕ ਕੇ ਮੇਜ਼ ਨਾਲ ਜੁੜ ਗਿਆ ਸੀ। ਮੈਨੂੰ ਮੇਜ਼ ’ਚੋਂ ਈ ਰੱਬ ਦੀ ਝਲਕ ਪੈਣ ਲੱਗੀ। ਧੰਨਾ ਭਗਤ ਅੱਖਾਂ ਅੱਗੇ ਆਣ ਖੜੋ ਗਿਆ। ਉਸ ਨੇ ਤਾਂ ਜ਼ਿੱਦ ਕਰਕੇ ਰੱਬ ਲੱਭਿਆ ਸੀ, ਪਰ ਸਾਡਾ ਦਰਦ ਰੱਬ ਨੇ ਆਪ ਪਛਾਣਿਆ ਸੀ। ਅਗਲੇ ਪਲ ਮੈਂ ਆਪਣੇ ਆਪ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਖੜ੍ਹੀ ਮਹਿਸੂਸ ਕੀਤਾ। ਹਜ਼ਾਰਾਂ ਮੀਲਾਂ ਦੀ ਦੂਰੀ ਸਕਿੰਟਾਂ ’ਚ ਮੁੱਕ ਗਈ। ਅਲਾਹੀ ਨੂਰ ਦੀ ਝਲਕ ’ਚੋਂ ਰਸਭਰੇ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗੀ। ਲੱਗਿਆ ਜਿਵੇਂ ਗੁਰੂ ਜੀ ਕਹਿ ਰਹੇ ਹੋਣ, ਕੁਝ ਹੋਰ ਮੰਗਣਾ ਤਾਂ ਮੰਗ ਲੈ। ਮੇਰੇ ਹੱਥ ਜੁੜੇ ਹੋਏ ਸੀ, ਜਦੋਂ ਮੇਰੇ ਮੂੰਹੋਂ ਨਿਕਲਿਆ, ਸੱਚੇ ਪਾਤਸ਼ਾਹ ਤੁਸੀਂ ਤੇ ਝੋਲੀ ਵਿਚ ਥਾਂ ਈ ਨਈਂ ਛੱਡੀ ਹੋਰ ਕੁਝ ਪਵਾ ਸਕਣ ਦੀ। ਅਚਾਨਕ ਪੈਰਾਂ ਦੇ ਖੜਕੇ ਨਾਲ ਮੇਰੀ ਸੁਰਤ ਪ੍ਰਤੀ। ਸਾਹਮਣੇ ਮੇਰੀ ਰੂਮ ਮੇਟ ਜੋਤੀ ਖੜ੍ਹੀ ਸੀ। ‘ਕਿਸ ਤੋਂ ਝੋਲੀ ਭਰਵਾ ਰਹੀ ਸੀ ਹੁਣੇ?’ ਉਸ ਦੇ ਸਵਾਲ ਨੇ ਮੈਨੂੰ ਆਪਣੇ ਆਪ ਵਿਚ ਕੀਤਾ।
ਰਾਤ ਦੇ ਖਾਣ-ਪੀਣ ਦਾ ਕੰਮ ਮੁਕਾ ਮੈਂ ਤੇ ਜੋਤੀ ਨੇ ਆਪਣੇ ਆਪਣੇ ਬਿਸਤਰੇ ਮੱਲ ਲਏ। ਕੁਝ ਗੱਲਾਂ ਕੀਤੀਆਂ ਤੇ ਬੱਤੀ ਬੁਝਾ ਦਿੱਤੀ। ਕੱਲ੍ਹ ਨੂੰ ਕੰਮ ’ਤੇ ਜਾਣ ਦਾ ਫ਼ਿਕਰ ਕਰਦਿਆਂ ਰੋਜ਼ ਵਾਂਗ ਫੋਨ ’ਤੇ ਅਲਾਰਮ ਲਾ ਦਿੱਤਾ, ਪਰ ਨੀਂਦ ਕਿੱਥੇ। ਦੋ ਹੀ ਮੌਕੇ ਹੁੰਦੇ ਨੇ ਜਦੋਂ ਨੀਂਦ ਨੇੜੇ ਤੇੜੇ ਨਹੀਂ ਖੜ੍ਹਦੀ। ਖ਼ੁਸ਼ੀ ਦੇ ਢੇਰ ਜਾਂ ਦੁੱਖਾਂ ਦੇ ਅੰਬਾਰ। ਆਮ ਤੌਰ ’ਤੇ ਮੈਂ ਸੌਣ ਵੇਲੇ ਉੱਪਰ ਲਿਆ ਕੰਬਲ ਜਾਂ ਚਾਦਰ ਗਲੇ ਤਕ ਰੱਖਦੀ ਆਂ, ਪਰ ਉਸ ਦਿਨ ਚਾਦਰ ਸਿਰ ’ਤੇ ਖਿੱਚ ਲਈ ਸੀ। ਜੋਤੀ ਨੇ ਦੱਸਿਆ ਸੀ ਕਿ ਅੱਜ ਉਹਦੇ ਸਟੋਰ ’ਤੇ ਗਾਹਕਾਂ ਦੀ ਕਾਫ਼ੀ ਭੀੜ ਰਹੀ ਸੀ। ਥੱਕੀ ਹੋਣ ਕਾਰਨ ਉਹ ਪੈਂਦੇ ਸਾਰ ਸੌਂ ਗਈ ਸੀ।
ਯਾਦਾਂ ਵਿਚ ਗਵਾਚਣ ਦਾ ਸਮਾਂ ਕਿਸੇ ਨੂੰ ਯਾਦ ਨਹੀਂ ਰਹਿੰਦਾ। ਪਤਾ ਈ ਨਾ ਲੱਗਾ ਕਦੋਂ ਮਨ ਵਿਚ ਉਹੀ ਫ਼ਿਲਮ ਉੱਥੋਂ ਹੀ ਚੱਲਣ ਲੱਗ ਪਈ ਜਿੱਥੋਂ ਜੋਤੀ ਦੇ ਆਉਣ ਕਾਰਨ ਰੁਕ ਗਈ ਸੀ। ਵੀਰੇ ਪਰਕਾਸ਼ ਤੋਂ ਡੇਢ ਕੁ ਸਾਲ ਬਾਅਦ ਰਿੰਪੀ ਆ ਗਈ ਸੀ। ਕਿੰਨੇ ਚੰਗੇ ਦਿਨ ਸੀ। ਤਿੰਨੇ ਭੈਣ ਭਰਾ ਸਕੂਲੇ ਚੌਥੀ, ਦੂਜੀ ਤੇ ਨਰਸਰੀ ਵਿੱਚ ਇਕੱਠੇ ਜਾਂਦੇ ਹੁੰਦੇ ਸੀ। ਰਿੰਪੀ ਨੂੰ ਛੁੱਟੀ ਜਲਦੀ ਹੋਣ ਕਾਰਨ ਉਹ ਸਾਡੀ ਛੁੱਟੀ ਹੋਣ ਤਕ ਉੱਥੇ ਖੇਡਦੀ ਰਹਿੰਦੀ ਤੇ ਅਸੀਂ ਇਕੱਠੇ ਸਕੂਲ ਬੱਸ ਵਿੱਚ ਮੁੜਦੇ ਸੀ। ਕਈ ਵਾਰ ਮੰਮੀ ਤੋਂ ਕੱਪੜੇ ਬਦਲਵਾਉਣ ਵਿਚ ਪਹਿਲ ਕਰਨ ਤੋਂ ਅਸੀਂ ਲੜ ਪੈਂਦੇ। ਖਾਣ ਪੀਣ ਵਾਲੀ ਮੇਜ਼ ਇਕੱਠੇ ਸਜਦੀ। ਬੇਸ਼ੱਕ ਮੰਮੀ ਸਾਨੂੰ ਇਕ ਦੂਜੇ ਦੀ ਪਲੇਟ ’ਚ ਠੂੰਗੇ ਮਾਰਨ ਤੋਂ ਵਰਜਦੇ ਸੀ, ਪਰ ਮੈਂ ਆਪਣੀ ਪਲੇਟ ’ਚੋਂ ਕੁਝ ਨਾ ਕੁਝ ਪਰਕਾਸ਼ ਦੀ ਪਲੇਟ ਵਿਚ ਜ਼ਰੂਰ ਪਾ ਦੇਂਦੀ। ਖਿਆਲ ਰੱਖਣਾ ਕਿ ਸਾਡਾ ਵੀਰਾ ਭੁੱਖਾ ਨਾ ਰਹਿ ਜਾਏ।
ਉਦੋਂ ਪਰਕਾਸ਼ ਸੱਤਵੀਂ ਤੇ ਮੈਂ ਨੌਵੀਂ ਪਾਸ ਕਰਕੇ ਅਗਲੀਆਂ ਜਮਾਤਾਂ ਵਿਚ ਗਏ ਸੀ। ਕੁਝ ਦਿਨਾਂ ਬਾਅਦ ਪਤਾ ਨਈ ਕਿਸ ਚੰਦਰੇ ਦੀ ਨਜ਼ਰ ਲੱਗੀ ਸਾਡੀਆਂ ਖ਼ੁਸ਼ੀਆਂ ਨੂੰ। ਗਰਮੀਆਂ ਸੀ, ਵੀਰਾ ਸਾਡੇ ਖੇਤਾਂ ਕੋਲੋਂ ਲੰਘਦੀ ਨਹਿਰ ਵਿਚ ਦੋਸਤਾਂ ਨਾਲ ਨਹਾਉਣ ਚਲਾ ਗਿਆ। ਉਂਜ ’ਤੇ ਮੰਮੀ ਤੋਂ ਪੁੱਛ ਕੇ ਗਿਆ ਸੀ। ਨਹਿਰ ਬਹੁਤੀ ਗਹਿਰੀ ਨਾ ਹੋਣ ਕਾਰਨ ਖ਼ਤਰਾ ਨਹੀਂ ਸੀ ਸਮਝਿਆ ਜਾਂਦਾ। ਪਤਾ ਨਹੀਂ ਉੱਥੇ ਕੀ ਭਾਣਾ ਵਾਪਰਿਆ। ਸਾਡਾ ਵੀਰਾ ਸਾਨੂੰ ਰੋਂਦਿਆਂ ਛੱਡ ਗਿਆ। ਮੰਮੀ-ਪਾਪਾ ਦਾ ਲੱਕ ਟੁੱਟ ਗਿਆ। ਕਈ ਦਿਨ ਸਾਡੇ ਘਰ ਚੁੱਲ੍ਹਾ ਨਹੀਂ ਸੀ ਤਪਿਆ। ਚੁੱਲ੍ਹੇ ਵੀ ਤਾਂ ਉਮੀਦਾਂ ’ਤੇ ਈ ਤਪਦੇ ਨੇ ਨਾ। ਸਾਡੇ ਤਾਂ ਸਾਰੇ ਪੱਲੇ ਉਮੀਦਾਂ ਪੱਖੋਂ ਖਾਲੀ ਕਰਕੇ ਹਨੇਰਾ ਪਸਾਰ ਗਿਆ ਸੀ ਸਾਡਾ ਪਰਕਾਸ਼ ਸਿੰਘ। ਕਈ ਦਿਨ ਮੇਰਾ ਸਕੂਲ ਜਾਣ ਨੂੰ ਮਨ ਨਾ ਕੀਤਾ ਤੇ ਨਾ ਈ ਮਾਪਿਆਂ ਨੇ ਜਾਣ ਲਈ ਕਹਿਣ ਦੀ ਹਿੰਮਤ ਕੀਤੀ। ਪਰਕਾਸ਼ ਦੇ ਵਿਛੋੜੇ ਨੇ ਸਭਦੇ ਮਨਾਂ ਦੇ ਦੀਵੇ ਬੁਝਾ ਦਿੱਤੇ ਸਨ। ਖੈਰ, ਕਹਿੰਦੇ ਨੇ ਨਾ ਸਮਾਂ ਬਲਵਾਨ ਹੁੰਦਾ। ਜ਼ਖ਼ਮ ਲਾਉਂਦਾ ਵੀ ਆ ਤੇ ਬਾਅਦ ਵਿਚ ਭਰਨ ਵੀ ਲੱਗ ਜਾਂਦਾ। ਸਾਡੀ ਜ਼ਿੰਦਗੀ ਆਪਣੀ ਲੀਹੇ ਚੜ੍ਹਨ ਲੱਗੀ। ਮੈਂ ਹਰ ਸਾਲ ਰੱਖੜੀ ਵਾਲੇ ਦਿਨ ਸੋਹਣੀ ਜਿਹੀ ਰੱਖੜੀ ਲੈ ਕੇ ਵੀਰੇ ਦੀ ਉਡੀਕ ਕਰਦੀ ਤੇ ਰਾਤ ਨੂੰ ਸੰਦੂਕ ਵਿੱਚ ਰੱਖ ਦਿੰਦੀ। ਸਾਲ ਦਰ ਸਾਲ ਰੱਖੜੀਆਂ ਦੀ ਗਿਣਤੀ ਵਧਦੀ ਗਈ। ਕਾਲਜ ਪਾਸ ਕਰਕੇ ਮੈਂ ਆਈਲੈਟਸ ਕੀਤੀ ਤੇ ਕੈਨੇਡਾ ਪਹੁੰਚ ਗਈ।
ਥੋੜ੍ਹੇ ਦਿਨਾਂ ਬਾਅਦ ਥੋਕ ਵਸਤਾਂ ਵਾਲੇ ਗੋਰਿਆਂ ਦੇ ਵੱਡੇ ਸਟੋਰ ਵਿੱਚ ਕੰਮ ਮਿਲ ਗਿਆ। ਅੰਗਰੇਜ਼ੀ ਉੱਤੇ ਮੇਰੀ ਪਕੜ ਚੰਗੀ ਹੋਣ ਅਤੇ ਬੋਲਚਾਲ ਦੇ ਸਲੀਕੇ ਕਾਰਨ ਸਾਲ ਕੁ ਬਾਅਦ ਸੁਪਰਵਾਈਜ਼ਰ ਬਣਾ ਦਿੱਤੀ ਗਈ। ਮੇਰੀ ਡਿਊਟੀ ਹੱਥੀਂ ਕੰਮ ਕਰਨ ਦੀ ਥਾਂ ਹੋਰਾਂ ਦੇ ਹੱਥਾਂ ਤੋਂ ਵਧ ਕੰਮ ਲੈਣਾ ਹੋ ਗਈ। ਹੋਰਾਂ ਨਾਲ ਪਹਿਲਾਂ ਵਰਗਾ ਮੇਲ ਮਿਲਾਪ ਘਟਾਉਣਾ ਪਿਆ। ਤਰੱਕੀ ਮੌਕੇ ਸਿਖਲਾਈ ਦੌਰਾਨ ਅਧੀਨ ਕਾਮਿਆਂ ਤੋਂ ਥੋੜ੍ਹੀ ਦੂਰੀ ਬਣਾਕੇ ਰੱਖਣ ਦੇ ਫਾਇਦੇ ਗਿਣਾਏ ਗਏ ਸੀ।
ਮੇਰੀ ਲਿਸਟ ਵਿਚ ਉਸ ਦਾ ਨਾਂ ਪ੍ਰਿਤਪਾਲ ਸਿੰਘ ਸੀ। ਪਰ ਦੋਸਤ ਉਸ ਨੂੰ ਪਾਲ ਕਹਿਕੇ ਬੁਲਾਉਂਦੇ। ਹੋਰਾਂ ਨੂੰ ਤਾਂ ਕਈ ਵਾਰ ਕਹਿਣਾ ਪੈਂਦਾ ਸੀ, ਪਰ ਉਸ ਨੇ ਕੰਮ ਠੀਕ ਜਾਂ ਤੇਜ਼ ਕਰਨ ਬਾਰੇ ਕਹਿਣ ਦੇ ਮੌਕੇ ਦੀ ਨੌਬਤ ਈ ਨਾ ਕਦੇ ਆਉਣ ਦਿੱਤੀ। ਸਿਰ ਸੁੱਟਕੇ ਲੱਗਾ ਰਹਿੰਦਾ। ਨਾ ਉਹ ਸਵੇਰੇ ਲੇਟ ਹੁੰਦਾ, ਨਾ ਲੰਚ ਟਾਈਮ ਮੁਕਾਉਣ ਵਿਚ ਦੇਰੀ ਕਰਦਾ। ਮੈਂ ਉਸ ਨੂੰ ਛੁੱਟੀ ਤੋਂ ਪਹਿਲਾਂ ਘੜੀ ਵੱਲ ਝਾਕਦੇ ਕਦੇ ਨਹੀਂ ਸੀ ਵੇਖਿਆ। ਉਸ ਦੀ ਸ਼ਿਫਟ ਇਕ ਘੰਟਾ ਪਹਿਲਾਂ ਸ਼ੁਰੂ ਤੇ ਖ਼ਤਮ ਹੋਣ ਬਾਰੇ ਮੈਂ ਮੈਨੇਜਰ ਤੋਂ ਪਤਾ ਕਰ ਲਿਆ ਸੀ ਕਿ ਸ਼ਾਮ ਦੀ ਕਲਾਸ ਲਾਉਣ ਕਾਰਨ ਉਸ ਦੀ ਮਜਬੂਰੀ ਸੀ, ਜਿਸ ਦੀ ਉਸ ਨੇ ਆਗਿਆ ਲਈ ਹੋਈ ਸੀ।
ਉਸ ਦਿਨ ਉਹ ਮੇਰੇ ਨਾਲ ਪਹਿਲੀ ਵਾਰ ਬੋਲਿਆ ਸੀ। ਉਹ ਸੀਨ ਅਜੇ ਵੀ ਅੱਖਾਂ ਵਿੱਚ ਤਰੋਤਾਜ਼ਾ ਐ। ਲੰਚ ਟਾਈਮ ਖ਼ਤਮ ਹੋਣ ਤੋਂ ਤਿੰਨ ਚਾਰ ਮਿੰਟ ਪਹਿਲਾਂ ਉਹ ਮੇਰੀ ਮੇਜ਼ ਕੋਲ ਆਇਆ ਸੀ। ਉਸ ਨੇ ਝਕਦੇ ਝਕਦੇ ਪੁੱਛਿਆ ਸੀ। ਉਸ ਦੇ ਸਵਾਲ ਨੇ ਮੇਰਾ ਮਨ ਕਿੰਨਾ ਤੜਫ਼ਾ ਦਿੱਤਾ ਸੀ। ਮੇਰੇ ਅੰਦਰ ਰੱਬ ਪ੍ਰਤੀ ਰੋਸ ਦਾ ਭਾਂਬੜ ਮੱਚ ਗਿਆ ਸੀ। ਮੇਰੀ ਚੁੱਪ ਵੇਖ ਕੇ ਉਹ ਨਿਰਾਸ਼ਤਾ ਦੀ ਪੰਡ ਬੰਨ੍ਹ ਕੇ ਤੁਰਨ ਈ ਲੱਗਾ ਸੀ, ਜਦੋਂ ਮੈਂ ਸਾਹਮਣੇ ਬੈਠਣ ਲਈ ਕਿਹਾ। ਮੈਂ ਕੀ ਜਾਣਾਂ ਕਿ ਉਹ ਉਸੇ ਰੱਬ ਦਾ ਦੂਤ ਸੀ, ਜਿਸ ਨੂੰ ਮੈਂ ਹੁਣੇ ਕੋਸ ਰਹੀ ਸੀ। ਅਗਲੇ ਮਿੰਟ ਮੇਰੀ ਨਜ਼ਰ ਉਸ ਦੇ ਚਿਹਰੇ ’ਤੇ ਗੱਡੀ ਗਈ। ਮੈਂ ਅੱਖਾਂ ਝਪਕਣਾ ਭੁੱਲ ਗਈ ਸੀ। ਆਖਰ ਜੀਭ ਨੇ ਹਰਕਤ ਕੀਤੀ। ਹਾਂ, ਕੀ ਕਹਿ ਰਹੇ ਸੀ ਤੁਸੀਂ, ਕੁਝ ਨਹੀਂ ਕਹਿ ਕੇ ਉਹ ਟਾਲ ਜਾਣਾ ਚਾਹੁੰਦਾ ਸੀ, ਪਰ ਮੈਂ ਉਸ ਦੇ ਸਵਾਲ ਨੂੰ ਆਪ ਹੀ ਦੁਹਰਾ ਲਿਆ। ‘ਤੁਸੀਂ ਐਸ ਰੱਖੜੀ ਬਾਰੇ ਪੁੱਛਿਆ ਸੀ ਨਾ ਕੁਝ?’ ਮੇਰੇ ਬੋਲਾਂ ਵਿਚ ਮਿਠਾਸ ਭਰ ਗਈ ਸੀ। ਅਸਲ ਵਿਚ ਰੱਖੜੀ ਵਾਲਾ ਦਿਨ ਹੋਣ ਕਾਰਨ ਸਵੇਰੇ ਸਟੋਰ ਤੋਂ ਖ਼ਰੀਦੀ ਰੱਖੜੀ ਮੇਰੀ ਜੇਬ ਤੋਂ ਕੁਝ ਬਾਹਰ ਹੋਣ ਕਾਰਨ ਦਿੱਸਦੀ ਸੀ। ਉਸ ਨੇ ਅਨੁਮਾਨ ਲਾਇਆ ਸੀ ਕਿ ਸ਼ਾਇਦ ਮੈਂ ਸਵੇਰੇ ਆਪਣੇ ਭਰਾ ਨੂੰ ਬੰਨ੍ਹਕੇ ਨਹੀਂ ਆਈ ਤੇ ਹੁਣ ਛੁੱਟੀ ਛੇਤੀ ਕਰ ਜਾਊਂਗੀ। ਮੇਰੇ ਮੂੰਹੋਂ ਆਪ ਮੁਹਾਰੇ ਈ ਨਿਕਲ ਗਿਆ ਸੀ, ‘ਮੈਂ ’ਤੇ ਅਜੇ ਰੱਖੜੀ ਵਾਲੇ ਗੁੱਟ ਦੀ ਤਲਾਸ਼ ਵਿਚ ਹਾਂ, ਕਦੇ ਗੁੱਟ ਲੱਭ ਪਿਆ ਤਾਂ ਬੰਨ੍ਹਾਂਗੀ।’ ਉਸ ਨੇ ਆਪਣਾ ਸੱਜਾ ਗੁੱਟ ਅਗਾਂਹ ਕਰਕੇ ਆਖਿਆ ਸੀ, ‘ਤੁਹਾਨੂੰ ਐਸ ਗੁੱਟ ਵਿਚੋਂ ਭਰਾ ਦੀ ਝਲਕ ਪੈਂਦੀ ਹੋਵੇ ਤਾਂ ਅੱਖਾਂ ਮੀਟਕੇ ਬੰਨ੍ਹ ਦਿਓ।’ ਕਿੱਡਾ ਵੱਡਾ ਸਵਾਲ ਕਰ ਗਿਆ ਸੀ ਉਹ ?
ਜ਼ਿੰਦਗੀ ਵਿਚ ਅਚਾਨਕ ਇੰਜ ਵਾਪਰੀਆਂ ਘਟਨਾਵਾਂ ਭਵਿੱਖ ਦੀ ਪੈੜ ਹੁੰਦੀਆਂ ਨੇ। ਸੱਚ ਦੱਸਦੀ ਆਂ, ਉਸ ਦੀ ਐਡੀ ਵੱਡੀ ਗੱਲ ਸੁਣ ਕੇ ਮੇਰੀ ਨਜ਼ਰ ਉਸ ਦੇ ਗੁੱਟ ’ਤੇ ਗੱਡੀ ਗਈ। ਅੱਖਾਂ ਨੂੰ ਲੱਗਿਆ ਪਰਕਾਸ਼ ਦਾ ਗੁੱਟ ਆ, ਮਨ ਨੇ ਹਾਮੀ ਭਰ ਦਿੱਤੀ। ਸਾਡਾ ਪਰਕਾਸ਼ ਵੱਡਾ ਹੋ ਕੇ ਸਾਹਮਣੇ ਆਣ ਖੜੋ ਗਿਆ। ਅਗਲੇ ਪਲ ਮੈਂ ਉਸ ਦੇ ਸੱਜੇ ਗੁੱਟ ’ਤੇ ਰੱਖੜੀ ਦੇ ਧਾਗੇ ਨੂੰ ਗੰਢ ਦੇ ਰਹੀ ਸੀ ਤੇ ਉਹਦਾ ਖੱਬਾ ਹੱਥ ਮੇਰਾ ਸਿਰ ਪਲੋਸ ਰਿਹਾ ਸੀ। ਉਮਰੋਂ ਛੋਟਾ ਹੋ ਕੇ ਵੀ ਮੈਨੂੰ ਆਪਣੇ ਤੋਂ ਕਿਤੇ ਵੱਡਾ ਲੱਗ ਰਿਹਾ ਸੀ ਉਹ। ਉਨ੍ਹਾਂ ਪਲਾਂ ਦਾ ਅਹਿਸਾਸ ਮੇਰੀ ਸ਼ਕਤੀ ਬਣ ਗਿਆ। ਆਪਣੇ ਜੀਵਨ ’ਚੋਂ ਕੱਢ ਸੁੱਟੀਆਂ ਉਮੰਗਾਂ ਤੇ ਉਮੀਦਾਂ ਵਿਚ ਸਾਹ ਪਰਤਣ ਲੱਗ ਪਏ। ਕੁੜੀਆਂ ਵਾਂਗ ਆਪਣਾ ਘਰ ਵਸਾਉਣ ਦੇ ਮਰ ਚੁੱਕੇ ਸੁਪਨੇ ਮਨ ਨੂੰ ਟਕੋਰਨ ਲੱਗ ਪਏ। ਅਗਲੇ ਦਿਨ ਮੈਂ ਉਸ ਨੂੰ ਘਰ ਆਉਣ ਲਈ ਕਿਹਾ। ਉਹ ਬਹਾਨਾ ਬਣਾ ਕੇ ਟਾਲ ਗਿਆ। ਦਫ਼ਤਰ ਰਿਕਾਰਡ ’ਚੋਂ ਉਸ ਦਾ ਫੋਨ ਨੰਬਰ ਲਿਆ ਤੇ ਘਰ ਜਾ ਕੇ ਡਾਇਲ ਕੀਤਾ। ਮੇਰੇ ਘਰ ਆਉਣ ਤੋਂ ਨਾਂਹ ਬਾਰੇ ਪੁੱਛਣ ’ਤੇ ਉਸ ਦੇ ਜਵਾਬ ਨੇ ਮੈਨੂੰ ਹੋਰ ਕੁਝ ਕਹਿਣ ਜੋਗੀ ਨਾ ਛੱਡਿਆ। ਕਹਿੰਦਾ, ‘ਵਕਤੀ ਪ੍ਰੇਮ ਸਬੰਧ ਬਣਾਉਣ ਵਾਲੇ ਲੋਕਾਂ ਨੇ ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਨੂੰ ਬਦਨਾਮ ਕਰ ਛੱਡਿਆ। ਸਾਰੇ ਤਾਂ ਨਹੀਂ, ਪਰ ਬਹੁਤੇ, ਅੱਜਕੱਲ੍ਹ ਰੱਖੜੀ ਨੂੰ ਅਨੈਤਿਕ ਸਬੰਧਾਂ ਦੀ ਢਾਲ ਬਣਾਉਣ ਲੱਗ ਪਏ ਨੇ। ਸੱਚੇ ਹੋ ਕੇ ਵੀ ਸਾਨੂੰ ਸ਼ੱਕੀ ਨਜ਼ਰਾਂ ਤੋਂ ਬਚਣ ਚਾਹੀਦਾ।’
ਕੁਝ ਮਹੀਨੇ ਬਾਅਦ ਉਸ ਦਾ ਪੜ੍ਹਾਈ ਕੋਰਸ ਪੂਰਾ ਹੋ ਗਿਆ ਤੇ ਨਾਲ ਹੀ ਸਿਹਤ ਵਿਭਾਗ ਵਿਚ ਸਰਕਾਰੀ ਨੌਕਰੀ ਲੱਗ ਗਈ। ਪਰ ਨੌਕਰੀ ਵਾਲਾ ਸ਼ਹਿਰ 400 ਕਿਲੋਮੀਟਰ ਦੂਰ ਹੋ ਗਿਆ। ਅਸੀਂ ਮਹੀਨੇ ’ਚ ਇਕ ਦੋ ਵਾਰ ਫੋਨ ’ਤੇ ਗੱਲ ਕਰਦੇ। ਉਸ ਦੇ ਪਹਿਲੇ ਸਵਾਲ ਭਰਾਵਾਂ ਵਾਲੀ ਜ਼ਿੰਮੇਵਾਰੀ ਤੇ ਫਰਜ਼ਾਂ ਵਾਲੇ ਹੁੰਦੇ। ਪਿਛੋਕੜ ਪੱਖੋਂ ਮੈਂ ਮਾਝੇ ਅਤੇ ਉਹ ਦੁਆਬੇ ਤੋਂ ਸੀ। ਅਧਿਆਪਕ ਮਾਪਿਆਂ ਦੀ ਇਕਲੌਤੀ ਔਲਾਦ। ਡੇਢ ਕੁ ਸਾਲ ਬਾਅਦ ਉਸ ਨੇ ਵਤਨ ਜਾਣ ਦੇ ਆਪਣੇ ਪ੍ਰੋਗਰਾਮ ਬਾਰੇ ਦੱਸਿਆ। ਉਸੇ ਦਿਨ ਮੈਂ ਮੰਮੀ-ਪਾਪਾ ਨੂੰ ਇਹ ਗੱਲ ਦੱਸੀ। ਉਨ੍ਹਾਂ ਨੇ ਛੁੱਟੀ ਲੈ ਕੇ ਉਸ ਦੇ ਨਾਲ ਆਉਣ ਬਾਰੇ ਤਾਕੀਦ ਕੀਤੀ। ਅਸੀਂ ਦਿੱਲੀ ਦੀ ਬਜਾਏ ਅੰਮ੍ਰਿਤਸਰ ਦੀਆਂ ਟਿਕਟਾਂ ਲਈਆਂ। ਮੇਰੇ ਪਾਪਾ ਮੈਨੂੰ ਲੈਣ ਹਵਾਈ ਅੱਡੇ ਪਹੁੰਚੇ ਹੋਏ ਸੀ। ਮੈਂ ਉਹਦੇ ਵੱਲੋਂ ਵੱਖਰੀ ਗੱਡੀ ਬਾਰੇ ਸੋਚ ਰਹੀ ਸੀ, ਪਰ ਇਹ ਕੀ, ਉਹ ਤਾਂ ਆਪਣੇ ਬੈਗ ਵੀ ਉਸੇ ਗੱਡੀ ਵਿੱਚ ਰੱਖ ਰਿਹਾ ਸੀ। ਰਸਤੇ ਵਿੱਚ ਮੈਂ ਇਸ ਉਲਝਣ ਵਿਚ ਰਹੀ ਕਿ ਸ਼ਾਇਦ ਸਾਨੂੰ ਲਾਹ ਕੇ ਉਸ ਟੈਕਸੀ ਨੇ ਉਸ ਨੂੰ ਲੈ ਕੇ ਜਾਣਾ ਹੋਵੇ। ਪਰ ਭੇਦ ਪਿੰਡ ਪਹੁੰਚ ਕੇ ਖੁੱਲ੍ਹਾ। ਮੇਰੀ ਮੰਮੀ ਤੋਂ ਬਾਅਦ ਉਸ ਦੇ ਮੰਮੀ ਡੈਡੀ ਵੀ ਪਹਿਲੀ ਵਾਰ ਮਿਲੀ ਆਪਣੀ ਧੀ ਨੂੰ ਬਾਹਾਂ ਵਿੱਚ ਘੁਟਦੇ ਹੋਏ ਸਿਰ ਪਲੋਸ ਰਹੇ ਸਨ। ਅਸਲ ਵਿਚ ਮੈਨੂੰ ਸਰਪਰਾਈਜ਼ ਦੇਣ ਵਾਲਾ ਇਹ ਪ੍ਰੋਗਰਾਮ ਉਨ੍ਹਾਂ ਸਾਰਿਆ ਪਹਿਲਾਂ ਬਣਾ ਲਿਆ ਸੀ। ਸਾਡੇ ਰਿਸ਼ਤੇ ਵਾਲੇ ਮੁੱਢ ਤੋਂ ਬਾਅਦ ਦੋਹਾਂ ਦੇ ਮਾਪਿਆਂ ਦੀ ਨੇੜਤਾ ਬਣ ਗਈ ਸੀ। ਉਨ੍ਹਾਂ ਤਾਂ ਨੇੜਤਾ ਨੂੰ ਪੀੜ੍ਹੀਆਂ ਤਕ ਦੇ ਜੋੜ ਦੀ ਪੱਕ ਠੱਕ ਕਰ ਲਈ ਹੋਈ ਸੀ। ਮੇਰੇ ਕੋਲ ਇਹ ਅਚੰਭੇ ਉਨ੍ਹਾਂ ਪਰਤ ਦਰ ਪਰਤ ਖੋਲ੍ਹਣੇ ਸਨ।
ਸ਼ਾਮ ਨੂੰ ਉਹ ਤੇ ਉਸ ਦੇ ਮੰਮੀ ਡੈਡੀ ਚਲੇ ਗਏ। ਚਾਰ ਦਿਨ ਬਾਅਦ ਸਾਡਾ ਉਨ੍ਹਾਂ ਦੇ ਘਰ ਜਾਣ ਦਾ ਪ੍ਰੋਗਰਾਮ ਸੀ। ਮੈਂ ਹੈਰਾਨ ਸੀ ਕਿ ਮੇਰੇ ਨਾਨਾ-ਨਾਨੀ ਤੇ ਚਾਚਾ-ਚਾਚੀ ਵੀ ਨਾਲ ਤਿਆਰ ਸਨ। ਇਹ ਕਿਉਂ, ਬਾਰੇ ਮੇਰੀ ਉਤਸੁਕਤਾ ਕੁਦਰਤੀ ਸੀ। ਪਾਪਾ ਤੇ ਮੰਮੀ ਨੇ ਮੇਰੇ ਇਸ ਸਵਾਲ ਨੂੰ ਹਾਸੇ ਵਿੱਚ ਟਾਲ ਦਿੱਤਾ। ਰਈਏ ਤੋਂ ਚੱਲੀਆਂ ਸਾਡੀਆਂ ਤਿੰਨੇ ਕਾਰਾਂ ਡੇਢ ਘੰਟੇ ਵਿਚ ਨਕੋਦਰ ਨੇੜਲੇ ਪਿੰਕੀ ਦੇ ਪਿੰਡ ਪਹੁੰਚੀਆਂ। ਉੱਥੇ ਵਿਆਹਾਂ ਵਰਗੀ ਰੌਣਕ ਵੇਖ ਮੈਂ ਹੈਰਾਨ ਹੋਈ ਜਾਵਾਂ। ਪਿੰਕੀ ਦੀ ਵੱਖਰੀ ਜਿਹੀ ਪੌਸ਼ਾਕ ਵੇਖ ਆਪਣੇ ਆਪ ਨੂੰ ਹੋਰ ਹੋਰ ਸਵਾਲ ਕਰੀ ਜਾਵਾਂ। ਪਰ ਕਮਲੀ ਨੇ ਇਹ ਸੋਚਿਆ ਈ ਨਾ ਕਿ ਅਸੀਂ ਰਿੰਪੀ ਨੂੰ ਘਰ ਕਿਉਂ ਛੱਡ ਆਏ ? ਚਾਹ ਪਾਣੀ ਤੋਂ ਬਾਅਦ ਮੈਂ ਦੇਖਿਆ ਕਿ ਚਾਚੇ ਵਾਲੀ ਕਾਰ ਵਿੱਚੋਂ ਫ਼ਲਾਂ ਦਾ ਟੋਕਰਾ ਕੱਢਕੇ ਅੰਦਰ ਲਿਆਇਆ ਜਾ ਰਿਹਾ। ਕੁਝ ਸਮਝ ਤਾਂ ਪੈਣ ਲੱਗੀ।
ਸਾਰਿਆਂ ਨੂੰ ਸ਼ਮਿਆਨੇ ਵਿੱਚ ਸਜੀ ਸਟੇਜ ’ਤੇ ਸੱਦਿਆ ਗਿਆ। ਸਜੇ ਹੋਏ ਸੋਫੇ ’ਤੇ ਪਿੰਕੀ ਬੈਠਾ ਸੀ। ਦੋਹਾਂ ਪਰਿਵਾਰਾਂ ਦੇ ਲੋਕ ਆਲੇ ਦੁਆਲੇ ਸਜ ਗਏ। ਗ੍ਰੰਥੀ ਭਾਈ ਸਾਹਿਬ ਨੇ ਅਰਦਾਸ ਕੀਤੀ ਤੇ ਸੰਗਤ ਨੂੰ ਸੰਬੋਧਨ ਹੋਏ। ਹੁਣ ਸ਼ਗਨ ਦੀ ਰਸਮ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਦੀ ਵੱਡੀ ਭੈਣ ਹਰਪ੍ਰੀਤ ਕੌਰ ਸਿਰੋਪਾ ਪਾਏਗੀ ਤੇ ਸ਼ਗਨ ਦੀ ਰਸਮ ਵਿਚ ਲੜਕੀ ਪਰਿਵਾਰ ਦੀ ਅਗਵਾਈ ਕਰੇਗੀ। ਪਿੰਕੀ ਨੇ ਖੜ੍ਹੇ ਹੋ ਕੇ ਸਿਰ ਝੁਕਾ ਕੇ ਸਿਰੋਪਾ ਪਵਾਇਆ ਤੇ ਇਸ਼ਾਰਾ ਹੋਣ ’ਤੇ ਬੈਠ ਗਿਆ। ਮੈਂ ਉਸ ਦੇ ਕੰਨ ਕੋਲ ਹੋ ਕੇ ਮਾਜਰੇ ਬਾਰੇ ਪੁੱਛਣ ਈ ਲੱਗੀ ਸੀ ਕਿ ਮੇਰੇ ਮੰਮੀ-ਪਾਪਾ, ਨਾਨਾ- ਨਾਨੀ ਤੇ ਚਾਚਾ-ਚਾਚੀ ਜੀ ਸ਼ਗਨ ਦੇ ਸਾਮਾਨ ਵਾਲਾ ਥਾਲ ਲੈ ਕੇ ਕੋਲ ਆ ਗਏ। ਪਾਪਾ ਨੇ ਥਾਲ ਉਸ ਦੀ ਝੋਲੀ ਪਾਉਂਦਿਆਂ ਪਹਿਲਾ ਛੁਹਾਰਾ ਪਿੰਕੀ ਦੇ ਮੂੰਹ ਲਾਉਣ ਲਈ ਮੈਨੂੰ ਕਿਹਾ। ਜਿਵੇਂ ਉਹ ਕਹੀ ਗਏ, ਮੈਂ ਕਰੀ ਤਾਂ ਗਈ, ਪਰ ਨਾਲ ਦੀ ਨਾਲ ਮੈਂ ਸ਼ਸ਼ੋਪੰਜ ’ਚ ਧਸਦੀ ਜਾ ਰਹੀ ਸੀ। ਪਿੰਕੀ ਦੀ ਮੰਗਣੀ ਹੋ ਕਿਸ ਨਾਲ ਰਹੀ ਹੈ, ਦਾ ਸਵਾਲ ਤੂਫ਼ਾਨ ਬਣ ਰਿਹਾ ਸੀ। ਸਾਰੀ ਰਸਮ ਹੋ ਗਈ। ਵਧਾਈਆਂ ਮਿਲਣ ਲੱਗ ਪਈਆਂ। ਆਖਰ ਭਾਈ ਜੀ ਵੱਲੋਂ ਸੰਪੂਰਨਤਾ ਦੀ ਅਰਦਾਸ ਮੌਕੇ ਪਤਾ ਲੱਗਾ ਕਿ ਮੇਰੀ ਨਿੱਕੀ ਭੈਣ ਰਿੰਪੀ ਦਾ ਹੱਥ ਪਿੰਕੀ ਦੇ ਹੱਥ ਫੜਾਉਣ ਵਾਲੀਆਂ ਰਸਮਾਂ ਦੀ ਸ਼ੁਰੂਆਤ ਸੀ। ਯਕੀਨ ਕਰਨਾ, ਉਸ ਦਿਨ ਫਿਰ ਮੈਂ ਆਪਣੇ ਰੱਬ ਦੇ ਦਰਸ਼ਨ ਕੀਤੇ ਸੀ। ਆਲਾ ਦੁਆਲਾ ਨੂਰੋ ਨੂਰ ਸੀ। ਪਰਕਾਸ਼ ਈ ਪਰਕਾਸ਼ ਫੈਲਿਆ ਪਿਆ ਸੀ ਚਾਰ ਚੁਫ਼ੇਰੇ।
ਪਿੰਕੀ ਦੇ ਸ਼ਗਨ ਦੀ ਰਸਮ ਨਿਭਾ ਵਾਪਸ ਆਉਂਦਿਆਂ ਮੈਂ ਕਾਰ ਵਿਚ ਬੈਠਦੇ ਸਾਰ ਪਾਪਾ ਨੂੰ ਸਵਾਲ ਕੀਤਾ ਸੀ ਕਿ ਮੈਨੂੰ ਇੰਨਾ ਵੱਡਾ ਸਰਪਰਾਈਜ਼ ਕਿਉਂ ਦਿੱਤਾ? ਉਨ੍ਹਾਂ ਨੇ ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਸਿਰਜ ਦਿੱਤਾ। ਪਿੰਕੀ ਦੀ ਪਹਿਲੀ ਰੱਖੜੀ ਵਾਲੇ ਦਿਨ ਮੇਰੀ ਦੱਸੀ ਹਰ ਗੱਲ ਉਨ੍ਹਾਂ ਨੂੰ ਯਾਦ ਸੀ। ਉਸ ਦਿਨ ਪਿੰਕੀ ਨੂੰ ਹੀਰੇ ਵਰਗਾ ਵੀਰ ਕਹਿਣ ’ਤੇ ਮੰਮੀ ਨੇ ਪੁੱਛਿਆ ਸੀ ‘ਤੈਨੂੰ ਉਸ ਦੇ ਹੀਰਾ ਹੋਣ ਦੀ ਪਹਿਚਾਣ ਕਿਵੇਂ ਹੋਈ?’ ਤਾਂ ਮੈਂ ਕਿਹਾ ਸੀ, ‘ਉਸ ਦਾ ਹੀਰੇ ਵਰਗਾ ਮਨ ਉਸ ਦੇ ਗੁੱਟ ’ਚੋਂ ਝਲਕ ਰਿਹਾ ਸੀ।’
ਕੁਝ ਦੇਰ ਚੁੱਪ ਰਹਿ ਕੇ ਪਾਪਾ ਨੇ ਅਗਾਂਹ ਗੱਲ ਤੋਰੀ। ਕਹਿੰਦੇ, ਉਸ ਦਿਨ ਤੋਂ ਮਹੀਨੇ ਕੁ ਬਾਅਦ ਪਿੰਕੀ ਦੇ ਮੰਮੀ ਡੈਡੀ ਰਈਏ ਆਏ। ਬਾਅਦ ਵਿਚ ਐਨੇ ਘੁਲ ਮਿਲ ਗਏ ਕਿ ਹਰ ਮਹੀਨੇ ਇੱਧਰ ਜਾਂ ਉੱਧਰ ਗੇੜੇ ਲੱਗਣ ਲੱਗ ਪਏ। ਸਾਲ ਕੁ ਬਾਅਦ ਉਨ੍ਹਾਂ ਝੋਲੀ ਅੱਡ ਕੇ ਪਿੰਕੀ ਲਈ ਰਿਸ਼ਤਾ ਮੰਗ ਲਿਆ। ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰਦਿਆਂ ਇਹ ਭੁੱਲ ਗਿਆ ਕਿ ਤੂੰ ਭਰਾ ਤੇ ਭੈਣ ਨਾਲ ਦੋ-ਦੋ ਰਿਸ਼ਤੇ ਕਿਵੇਂ ਨਿਭਾਏਂਗੀ। ਇਹ ਵੀ ਕਹਿ ਸਕਦੇ ਆਂ ਕਿ ਉਨ੍ਹਾਂ ਦੀ ਅਪਣੱਤ ਮੂਹਰੇ ਇਹ ਸਵਾਲ ਦੱਬ ਕੇ ਰਹਿ ਗਿਆ। ਤੇਰੇ ਨਾਲ ਗੱਲ ਕਰਨ ਹੀ ਲੱਗੇ ਸੀ ਕਿ ਉਸ ਦਿਨ ਪਿੰਕੀ ਦਾ ਫੋਨ ਆ ਗਿਆ। ਕਹਿੰਦਾ, ਜੇ ਮੇਰੀਆਂ ਅੱਖਾਂ ਮੂਹਰੇ ਫਿਰਦੀ ਮੇਰੀ ਭੈਣ ਮੈਨੂੰ ਡੇਢ ਸਾਲ ਸਰਪਰਾਈਜ਼ ਦੇ ਸਕਦੀ ਐ ਤਾਂ ਮੇਰੇ ਵੱਲੋਂ ਵੀ ਸਰਪਰਾਈਜ਼ ਦੇਣਾ ਬਣਦਾ। ਬੇਟਾ, ਤੂੰ ਆਪ ਈ ਅਨੁਮਾਨ ਲਾ ਲੈ ਕਿ ਇਸ ਸਰਪਰਾਈਜ਼ ਬਦਲੇ ਕਿੰਨਾ ਵੱਡਾ ਜਿਗਰਾ ਕਰਨਾ ਪਿਆ ਸਾਨੂੰ, ਖ਼ਾਸ ਕਰ ਤੇਰੀ ਮਾਂ ਨੂੰ, ਜੋ ਰਾਤ ਨੂੰ ਤੈਨੂੰ ਇਹ ਵੀ ਦੱਸਦੀ ਹੁੰਦੀ ਸੀ ਕਿ ਅੱਜ ਰੋਟੀ ਕਿਹੜੀ ਸਬਜ਼ੀ ਨਾਲ ਖਾਧੀ ਆ। ‘ਸੱਚੀਂ ਉਸ ਵੇਲੇ ਮੈਨੂੰ ਆਪਣੀ ਅਧਿਆਪਕ ਦੀ ਗੱਲ ਯਾਦ ਆਈ, ਜਿਸ ਨੇ ਇਕ ਵਾਰ ਕਿਹਾ ਸੀ ਕਿ ਜੇ ਰੱਬ ਸਾਥੋਂ ਕੁਝ ਲੈਣ ਲੱਗਿਆਂ ਨਹੀਂ ਪੁੱਛਦਾ ਤਾਂ ਦੇਣ ਲੱਗਿਆਂ ਵੀ ਉਹ ਛੱਪਰ ਹੀ ਪਾੜ ਦਿੰਦਾ। ਘਰ ਪਹੁੰਚਦੇ ਈ ਰਿੰਪੀ ਦੁਆਲਿਓਂ ਮੇਰੀਆਂ ਬਾਹਵਾਂ ਢਿੱਲੀਆਂ ਨਹੀਂ ਸੀ ਹੋ ਰਹੀਆਂ ਤੇ ਉਸ ਸਾਰੀ ਰਾਤ ਸਾਡੀਆਂ ਗੱਲਾਂ ਨਹੀਂ ਸੀ ਮੁੱਕੀਆਂ।
ਸੰਪਰਕ: +16044427676