ਤਰਸੇਮ ਸਿੰਘ ਕਰੀਰ
ਰਾਜੇ ਦੇ ਦਰਬਾਰ ਵਿੱਚ ਇੱਕ ਜੌਹਰੀ ਪੇਸ਼ ਹੋਇਆ ਅਤੇ ਦੋ ਗੋਲ ਸਮਾਨ ਅਕਾਰ ਦੇ ਘੜੇ ਹੋਏ ਪੱਥਰ ਪੇਸ਼ ਕੀਤੇ ਅਤੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਅਸਲੀ ਹੀਰਾ ਹੈ, ਜਿਸ ਦੀ ਕੀਮਤ ਇੱਕ ਕਰੋੜ ਰੁਪਏ ਹੈ, ਦੂਸਰਾ ਇੱਕ ਸਾਧਾਰਨ ਪੱਥਰ ਹੈ। ਦੇਖਣ, ਚਮਕ, ਭਾਰ ਅਤੇ ਬਣਤਰ ਵਿੱਚ ਦੋਵੇਂ ਸਮਾਨ ਸਨ। ਸ਼ਰਤ ਰੱਖੀ ਗਈ ਕਿ ਜੋ ਵੀ ਅਸਲੀ ਅਤੇ ਨਕਲੀ ਦੀ ਪਛਾਣ ਕਰੇਗਾ, ਅਸਲੀ ਹੀਰਾ ਉਸ ਨੂੰ ਇਨਾਮ ਵਜੋਂ ਦਿੱਤਾ ਜਾਵੇਗਾ, ਪਰ ਉਸ ਨੂੰ ਇਹ ਦੱਸਣਾ ਪਵੇਗਾ ਕਿ ਉਸ ਨੇ ਇਹ ਕਿਵੇਂ ਪਛਾਣ ਕੀਤੀ ਹੈ? ਜੇ ਨਹੀਂ ਦੱਸ ਸਕੇਗਾ ਤਾਂ ਰਾਜਾ ਉਸ ਤੋਂ ਇੱਕ ਲੱਖ ਰੁਪਏ ਲਵੇਗਾ। ਰਾਜੇ ਦੇ ਦਰਬਾਰੀ ਅਤੇ ਹੋਰ ਸਲਾਹਕਾਰਾਂ ਨੇ ਰਾਜੇ ਨਾਲ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਜੇ ਹਾਰ ਗਏ ਤਾਂ ਇੱਕ ਲੱਖ, ਪਰ ਜੇ ਜਿੱਤ ਗਏ ਤਾਂ ਇੱਕ ਕਰੋੜ ਦਾ ਹੀਰਾ। ਰਾਜੇ ਨੇ ਦੋਵੇਂ ਹੀ ਪੱਥਰ ਵਾਰ-ਵਾਰ ਆਪਣੇ ਹੱਥਾਂ ਵਿੱਚ ਲਏ, ਪਰ ਕਿਸੇ ਨਤੀਜੇ ’ਤੇ ਨਾ ਪਹੁੰਚ ਸਕਿਆ।
ਉਸੇ ਮਹਿਫ਼ਲ ਵਿੱਚ ਇੱਕ ਨੇਤਰਹੀਣ ਵੀ ਸ਼ਾਮਲ ਸੀ ਜੋ ਸਭ ਕੁਝ ਸੁਣ ਰਿਹਾ ਸੀ। ਜਦੋਂ ਹਰ ਇੱਕ ਨੇ ਆਪਣੀ ਅਸਮਰੱਥਾ ਦਿਖਾਈ ਤਾਂ ਉਸ ਨੇਤਰਹੀਣ ਨੇ ਹਿੰਮਤ ਕੀਤੀ ਅਤੇ ਕਿਹਾ, ‘ਰਾਜਨ ਅਗਰ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਇਹ ਦੱਸ ਸਕਦਾ ਹਾਂ ਕਿ ਕਿਹੜਾ ਅਸਲੀ ਅਤੇ ਕਿਹੜਾ ਨਕਲੀ ਹੈ।’ ਇਸ ’ਤੇ ਉੱਥੇ ਮੌਜੂਦ ਲੋਕਾਂ ਨੇ ਉਸ ਨੇਤਰਹੀਣ ਦਾ ਮਖੌਲ ਵੀ ਉਡਾਇਆ, ਪਰ ਰਾਜਨ ਨੇ ਉਸ ਨੂੰ ਆਪਣੀ ਅਜਮਾਇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ।
ਫਿਰ ਉਸ ਨੇਤਰਹੀਣ ਨੂੰ ਫੜ ਕੇ ਉਸ ਮੇਜ਼ ਕੋਲ ਲਿਆਂਦਾ ਗਿਆ ਜਿੱਥੇ ਕਾਫ਼ੀ ਦੇਰ ਤੋਂ ਧੁੱਪ ਵਿੱਚ ਇਹ ਦੋਵੇਂ ਪੱਥਰ ਪਏ ਸਨ। ਉਸ ਨੇ ਦੋਵੇਂ ਪੱਥਰ ਆਪਣੇ ਦੋਹਾਂ ਹੱਥਾਂ ਵਿੱਚ ਫੜਨ ਤੋਂ ਇੱਕ ਮਿੰਟ ਵਿੱਚ ਦੱਸ ਦਿੱਤਾ ਕਿ ਅਸਲੀ ਹੀਰਾ ਕਿਹੜਾ ਅਤੇ ਨਕਲੀ ਹੀਰਾ ਕਿਹੜਾ ਹੈ। ਜੌਹਰੀ ਬਹੁਤ ਹੈਰਾਨ ਅਤੇ ਪਰੇਸ਼ਾਨ ਵੀ ਹੋਇਆ ਕਿ ਇੱਕ ਨੇਤਰਹੀਣ ਨੇ ਬਿਨਾਂ ਦੇਖੇ ਇਹ ਕਿਸ ਤਰ੍ਹਾਂ ਦੱਸ ਦਿੱਤਾ? ਸ਼ਰਤ ਮੁਤਾਬਕ ਜਦੋਂ ਇਹ ਪੁੱਛਿਆ ਗਿਆ ਕਿ ਉਸ ਨੇ ਇਹ ਕਿਸ ਤਰ੍ਹਾਂ ਪਛਾਣ ਕੀਤੀ ਤਾਂ ਉਸ ਨੇਤਰਹੀਣ ਪੁਰਸ਼ ਨੇ ਦੱਸਿਆ ਕਿ ਦੋਹਾਂ ਪੱਥਰਾਂ ਵਿੱਚੋਂ ਇੱਕ ਗਰਮ ਹੈ ਅਤੇ ਦੂਸਰਾ ਗਰਮੀ ਦੇ ਬਾਵਜੂਦ ਠੰਢਾ ਹੈ।
ਰਾਜੇ ਨੇ ਕਿਹਾ ਕਿ ਜੋ ਮਨੁੱਖ ਗੁਣਾਂ ਨਾਲ ਭਰਪੂਰ ਹੁੰਦਾ ਹੈ, ਉਹ ਅਣਸੁਖਾਵੇਂ ਹਾਲਾਤ ਵਿੱਚ ਵੀ ਠੰਢਾ ਰਹਿੰਦਾ ਹੈ, ਪਰ ਗੁਣਾਂ ਤੋਂ ਸੱਖਣਾ ਮਨੁੱਖ ਸਭ ਸੁੱਖ ਸਹੂਲਤਾਂ ਹੁੰਦਿਆਂ ਵੀ ਗਰਮ ਹੀ ਰਹਿੰਦਾ ਹੈ। ਮਨੁੱਖ ਨੂੰ ਹੀਰੇ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਸੰਪਰਕ: +61447738291