ਸਰੀ : ਸਿੱਖ ਨਸਲਕੁਸ਼ੀ ਦੇ ਦੁਖਾਂਤ ਬਾਰੇ ਲੇਖਕ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਕਿਤਾਬ, ‘ਨੋਟਸ ਔਨ 1984’ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ- ਡੈਲਟਾ ਵਿਖੇ ਲੋਕ ਅਰਪਣ ਕੀਤੀ ਗਈ। ਨਵੰਬਰ ਚੁਰਾਸੀ ਸਿੱਖ ਨਸਲਕੁਸ਼ੀ ਵਿੱਚ ਨੌਜੁਆਨ ਪੁੱਤ, ਜਵਾਈ ਅਤੇ ਕੁੜਮ ਸਮੇਤ ਪੰਜ ਪਰਿਵਾਰਕ ਮੈਂਬਰਾਂ ਦੀਆਂ ਹੱਤਿਆਵਾਂ ਦੇ ਦੁਖਾਂਤ ਹੱਡੀਂ ਹੰਢਾਉਣ ਵਾਲੀ ਬਜ਼ੁਰਗ ਬੀਬੀ ਦਲਜੀਤ ਕੌਰ ਤੁਲੀ ਵੱਲੋਂ ਇਹ ਕਿਤਾਬ ਰਿਲੀਜ਼ ਕੀਤੀ ਗਈ।
ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਦਾ ਫਰਜ਼ ਬਣਦਾ ਹੈ ਕਿ 1984 ਦੇ ਦੁਖਾਂਤ ਨੂੰ ‘ਸਿੱਖ ਨਸਲਕੁਸ਼ੀ’ ਵਜੋਂ ਸਵੀਕਾਰ ਕਰੇ ਅਤੇ ਇਸ ਖ਼ਿਲਾਫ਼ ਕੈਨੇਡਾ ਦੀ ਪਾਰਲੀਮੈਂਟ ਵਿੱਚ ਮਤਾ ਉਸੇ ਤਰਜ਼ ’ਤੇ ਪਾਸ ਕਰੇ, ਜਿਵੇਂ ਹਾਲ ਹੀ ਵਿੱਚ ਚੀਨ ਵਿੱਚ ਘੱਟਗਿਣਤੀ ਉਈਗਰ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਸਬੰਧੀ ਕੀਤਾ ਗਿਆ ਹੈ।
‘ਨੋਟਸ ਔਨ 1984’ ਦੇ ਲੇਖਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਰਾਹੀਂ ਉਸ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਦੇ ਨੂੰ ਉਭਾਰਦਿਆਂ, ਇਸ ਦਾ ਮੁਲਾਂਕਣ ਕੌਮਾਂਤਰੀ ਪੱਧਰ ਦੇ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਨੂੰ ਸਾਹਮਣੇ ਰੱਖ ਕੇ ਕੀਤਾ ਹੈ। ਲੇਖਕ ਅਨੁਸਾਰ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਸਿੱਖ ਨਸਲਕੁਸ਼ੀ ਦੀ ਤਰਜ਼ ਉੱਤੇ ਹੀ ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਨੇ ਮੁਸਲਿਮ ਕਤਲੇਆਮ ਅਤੇ ਫਿਰ ਉੜੀਸਾ ਵਿੱਚ ਇਸਾਈਆਂ ਦੇ ਕਤਲ ਅਤੇ ਹੋਰ ਘੱਟ ਗਿਣਤੀਆਂ, ਮੂਲ-ਨਿਵਾਸੀਆਂ ਅਤੇ ਦਲਿਤਾਂ ’ਤੇ ਜਬਰ ਕੀਤੇ ਅਤੇ ਅੱਜ ਵੀ ਹੋ ਰਹੇ ਹਨ।
ਸਰੀ ਸੈਂਟਰਲ ਤੋਂ ਲਬਿਰਲ ਪਾਰਟੀ ਦੇ ਐੱਮਪੀ ਰਣਦੀਪ ਸਿੰਘ ਸਰਾਏ ਨੇ ਕਿਹਾ ਕਿ ਲੇਖਕ ਵੱਲੋਂ ਮਨੁੱਖੀ ਹੱਕਾਂ ਲਈ ਸਦਾ ਬੁਲੰਦ ਕੀਤੀ ਜਾਂਦੀ ਆਵਾਜ਼ ਉਨ੍ਹਾਂ ਨੂੰ ਹਲੂਣਾ ਦਿੰਦੀ ਹੈ। ਬੀਸੀ ਵਿਧਾਨ ਸਭਾ ਵਿੱਚ ਨਸਲਵਾਦ ਦੇ ਮੁੱਦਿਆਂ ’ਤੇ ਸੰਸਦੀ ਸਕੱਤਰ ਅਤੇ ਲੇਖਕ ਦੀ ਸੁਪਤਨੀ ਬੀਬੀ ਰਚਨਾ ਸਿੰਘ ਨੇ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਹੋਰਨਾਂ ਬੁਲਾਰਿਆਂ ਵਿੱਚ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ, ਮਨੁੱਖੀ ਅਧਿਕਾਰ ਕਾਰਕੁਨ ਐਨੀ ਓਹਾਨਾ, ਮੀਡੀਆ ਸ਼ਖ਼ਸੀਅਤ ਨਵਜੋਤ ਕੌਰ ਢਿੱਲੋਂ ਤੋਂ ਇਲਾਵਾ ਜਰਨੈਲ ਸਿੰਘ ਚਿੱਤਰਕਾਰ, ਕੇਸਰ ਸਿੰਘ ਕੂਨਰ, ਇਮਤਿਆਜ਼ ਪੋਪਟ, ਇਕਬਾਲ ਢੱਟ, ਕੁਲਵਿੰਦਰ ਸਿੰਘ ਅਤੇ ਜਸਜੀਤ ਸਮੁੰਦਰੀ ਆਦਿ ਨੇ ਹਾਜ਼ਰੀ ਲਵਾਈ। ਇਹ ਕਿਤਾਬ ਮਰਹੂਮ ਪੱਤਰਕਾਰ ਅਤੇ ਕਾਰਕੁਨ ਜਰਨੈਲ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ, ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਵਿੱਚ ‘ਸਿੱਖ ਨਸਲਕੁਸ਼ੀ 1984’ ਦਾ ਮਤਾ ਪਾਸ ਕਰਵਾਇਆ ਸੀ।