ਹਰਜੀਤ ਅਟਵਾਲ
ਤਕਰੀਬਨ ਢਾਈ ਸੌ ਸਾਲ ਬਾਅਦ ਚਿੱਟੀ ਪੂਛ ਵਾਲਾ ਬਾਜ਼ ਮੁੜ ਯੂਕੇ ਦੇ ਆਸਮਾਨ ਵਿਚ ਉੱਡਦਾ ਦੇਖਿਆ ਗਿਆ ਹੈ। ਇਸ ਖ਼ਬਰ ਨਾਲ ਯੂਕੇ ਦੇ ਪੰਛੀ-ਪਾਲਣ ਵਿਭਾਗ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੋਰ ਵੀ ਪੰਛੀਆਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਖ਼ਬਰ ਨੂੰ ਸ਼ੁੱਭ ਮੰਨ ਰਹੇ ਹਨ। ਫੋਟੋਗ੍ਰਾਫ਼ਰ ਇਸ ਦੀਆਂ ਤਸਵੀਰਾਂ ਖਿੱਚਣ ਲਈ ਕਾਹਲੇ ਪੈ ਰਹੇ ਹਨ। ਚਿੱਟੀ ਪੂਛ ਵਾਲੇ ਬਾਜ਼ ਨੂੰ ਸਭ ਤੋਂ ਵੱਡਾ ਪੰਛੀ ਮੰਨਿਆ ਜਾਂਦਾ ਹੈ। ਇਸ ਦੇ ਸਿਰ ’ਤੇ ਗਰਦਨ ਹਲਕੇ ਪੀਲੇ ਰੰਗ ਦੀ ਹੁੰਦੀ ਹੈ। ਜਦੋਂ ਇਹ ਖੰਭ ਖਿਲਾਰਦਾ ਹੈ ਤਾਂ ਇਨ੍ਹਾਂ ਦੀ ਲੰਬਾਈ ਅੱਠ ਫੁੱਟ ਜਾਂ ਢਾਈ ਮੀਟਰ ਹੁੰਦੀ ਹੈ। ਉਂਜ ਤਾਂ ਬਾਜ਼ ਹੈ ਹੀ ਸ਼ਹਿਨਸ਼ਾਹ ਪੰਛੀ, ਪਰ ਚਿੱਟੀ ਪੂਛ ਵਾਲਾ ਬਾਜ਼ ਦੁਰਲੱਭ ਹੈ। ਬਾਕੀ ਬਾਜ਼ ਤਾਂ ਲੂੰਬੜੀਆਂ, ਬੱਕਰੀਆਂ ਵਰਗੇ ਜ਼ਮੀਨ ’ਤੇ ਦੌੜੇ ਜਾਂਦੇ ਜਾਨਵਰ ਚੁੱਕਦੇ ਹਨ, ਪਰ ਇਹ ਪਾਣੀ ਵਿਚੋਂ ਮੱਛੀਆਂ ਚੁੱਕਣ ਦੀ ਸਮਰੱਥਾ ਵੀ ਰੱਖਦਾ ਹੈ। ਇਹ ਗਿੱਲੇ ਖੰਭਾਂ ਨਾਲ ਵੀ ਉਡਾਰੀ ਭਰ ਲੈਂਦਾ ਹੈ, ਇਸ ਲਈ ਇਸ ਨੂੰ ਸੀ-ਈਗਲ ਵੀ ਕਿਹਾ ਜਾਂਦਾ ਹੈ। ਕੋਈ ਵੇਲਾ ਸੀ ਕਿ ਯੂਕੇ ਦੇ ਆਸਮਾਨ ਵਿਚ ਇਸ ਪੰਛੀ ਦਾ ਬੋਲਬਾਲਾ ਹੁੰਦਾ ਸੀ। ਯੂਕੇ ਭਰ ਦੇ ਦਰਖੱਤਾਂ ਉੱਪਰ ਇਸ ਦੇ ਆਲ੍ਹਣੇ ਹੁੰਦੇ ਸਨ। ਬਾਜ਼ ਦਾ ਆਲ੍ਹਣਾ ਕੋਈ ਆਮ ਆਲ੍ਹਣਾ ਨਹੀਂ ਹੁੰਦਾ। ਇਸ ਵਿਚ ਹੋਰ ਪੰਛੀਆਂ ਵਾਂਗ ਘਾਹ-ਫੂਸ ਨਾਲੋਂ ਸੋਟੀਆਂ-ਡੰਡੇ ਜ਼ਿਆਦਾ ਹੁੰਦੇ ਹਨ। ਇਸ ਦੇ ਆਲ੍ਹਣੇ ਦਾ ਭਾਰ ਇਕ ਟਨ ਤਕ ਹੋ ਸਕਦਾ ਹੈ। ਉਂਜ ਤਾਂ ਇਹ ਪੰਛੀ ਸਮੁੰਦਰੀ ਤੱਟਾਂ ਦੇ ਨੇੜੇ ਜ਼ਿਆਦਾ ਰਹਿੰਦਾ ਹੈ ਕਿਉਂਕਿ ਇਸ ਨੇ ਪਾਣੀ ਵਿਚੋਂ ਵਧੇਰੇ ਸ਼ਿਕਾਰ ਕਰਨਾ ਹੁੰਦਾ ਹੈ, ਪਰ ਪੁਰਾਣੇ ਵੇਲਿਆਂ ਵੇਲੇ ਯੂਕੇ ਵਿਚ ਇਸ ਦੇ ਆਲ੍ਹਣੇ ਦੇਖੇ ਜਾ ਸਕਦੇ ਸਨ ਕਿਉਂਕਿ ਯੂਕੇ ਦੀ ਧਰਤੀ ਤੋਂ ਕਿਤਿਓਂ ਵੀ ਸਮੁੰਦਰ ਬਹੁਤੀ ਦੂਰ ਨਹੀਂ ਪੈਂਦਾ ਕਿ ਬਾਜ਼ ਵਰਗੇ ਪੰਛੀ ਦੀ ਪਹੁੰਚ ਤੋਂ ਬਾਹਰ ਹੋਵੇ। ਫਿਰ ਝੀਲਾਂ ਤੇ ਦਰਿਆਵਾਂ ਦੀ ਵੀ ਕਮੀ ਨਹੀਂ ਹੈ। ਇਕ ਸਮਾਂ ਅਜਿਹਾ ਆਇਆ ਕਿ ਇਹ ਪੰਛੀ ਅਚਾਨਕ ਗਾਇਬ ਹੋ ਗਿਆ। ਯੂਕੇ ਵਿਚੋਂ ਇਸ ਦਾ ਨਾਂ ਨਿਸ਼ਾਨ ਹੀ ਖ਼ਤਮ ਹੋ ਗਿਆ। ਇਸ ਨੂੰ ਯੂਕੇ ਵਿਚੋਂ ਗਾਇਬ ਹੋਏ ਨੂੰ ਵੀ ਲਗਭਗ ਢਾਈ ਸਦੀਆਂ ਬੀਤ ਗਈਆਂ ਹਨ।
ਇਸ ਪੰਛੀ ਨੂੰ ਆਖਰੀ ਵਾਰ 1780 ਵਿਚ ‘ਆਈਯਲ ਆਫ ਵ੍ਹਾਈਟ’ ਨਾਮੀ ਛੋਟੇ ਜਿਹੇ ਜਜ਼ੀਰੇ ਦੇ ਕਲਵਿਰ-ਕਲਿੱਫ ’ਤੇ ਜੋ ਕਿ ਦੱਖਣੀ ਇੰਗਲੈਂਡ ਵਿਚ ਪੈਂਦਾ ਹੈ, ਦੇਖਿਆ ਗਿਆ ਸੀ, ਮਤਲਬ ਦੋ ਸੌ ਚਾਲੀ ਸਾਲ ਪਹਿਲਾਂ। ਪਹਿਲਾਂ ਇਹ ਉੱਤਰੀ ਇੰਗਲੈਂਡ ਵਿਚੋਂ ਗਾਇਬ ਹੋਣਾ ਸ਼ੁਰੂ ਹੋਇਆ ਤੇ ਫਿਰ ਇਸ ਦੀ ਗਿਣਤੀ ਬਾਕੀ ਦੇ ਯੂਕੇ ਵਿਚ ਵੀ ਘਟਣ ਲੱਗੀ। ਇਵੇਂ ਅਖੀਰ ਵਿਚ ਇਹ ਪੰਛੀ ਆਈਯਲ ਆਫ ਵ੍ਹਾਈਟ ਤਕ ਸੀਮਤ ਹੋ ਕੇ ਉੱਥੋਂ ਵੀ ਖ਼ਤਮ ਹੋ ਗਿਆ। ਪਹਿਲਾਂ ਤਾਂ ਇਸ ਦੀ ਗ਼ੈਰਹਾਜ਼ਰੀ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਗਿਆ, ਪਰ ਜਿਵੇਂ ਜਿਵੇਂ ਪੰਛੀਆਂ ਬਾਰੇ ਮਨੁੱਖ ਦੀ ਚੇਤਨਤਾ ਵਧਦੀ ਗਈ ਤਾਂ ਇਸ ਪੰਛੀ ਦਾ ਫ਼ਿਕਰ ਹੋਣ ਲੱਗਾ। ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਬਾਜ਼ ਦੀ ਇਹ ਨਸਲ ਧਰਤੀ ਤੋਂ ਹੀ ਖ਼ਤਮ ਹੋ ਗਈ ਹੈ, ਪਰ ਫਿਰ ਪਤਾ ਚੱਲਿਆ ਕਿ ਨੌਰਵੇ, ਗਰੀਨਲੈਂਡ ਤੇ ਆਈਸਲੈਂਡ ਵਰਗੇ ਮੁਲਕਾਂ ਵਿਚ ਹਾਲੇ ਵੀ ਇਹ ਪੰਛੀ ਮਿਲਦਾ ਹੈ ਤਾਂ ਇਸ ਸਵਾਲ ਦੇ ਜਵਾਬ ਲੱਭੇ ਜਾਣ ਲੱਗੇ ਕਿ ਯੂਕੇ ਵਿਚੋਂ ਹੀ ਇਹ ਕਿਉਂ ਗਾਇਬ ਹੋਇਆ ਹੈ? ਇਸ ਦੇ ਕਈ ਜਵਾਬ ਮਿਲਦੇ ਹਨ। ਸਭ ਤੋਂ ਸੌਖਾ ਜਵਾਬ ਇਹ ਹੈ ਕਿ ਸਥਾਨਕ ਲੋਕਾਂ ਨੇ ਇਸ ਪੰਛੀ ਦਾ ਸ਼ਿਕਾਰ ਕਰਕੇ ਇਸ ਨੂੰ ਖ਼ਤਮ ਕਰ ਦਿੱਤਾ। ਕਿਸਾਨ ਇਸ ਪੰਛੀ ਤੋਂ ਦੁਖੀ ਸਨ ਕਿ ਇਹ ਉਨ੍ਹਾਂ ਦੇ ਜਾਨਵਰ ਚੁੱਕ ਲੈ ਜਾਂਦਾ ਸੀ। ਸਮੁੰਦਰੀ ਤੱਟਾਂ ਦੇ ਕੋਲ ਵਸਦੇ ਲੋਕ ਇਸ ਕਰਕੇ ਦੁਖੀ ਸਨ ਕਿ ਉਨ੍ਹਾਂ ਦੇ ਹਿੱਸੇ ਦੀ ਬਹੁਤ ਸਾਰੀ ਮੱਛੀ ਇਹ ਜਾਨਵਰ ਖਾ ਜਾਂਦਾ ਸੀ, ਪਰ ਜੇ ਹੋਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਦੇ ਕਾਰਨ ਮਨੁੱਖ ਦੀ ਤਰੱਕੀ ਵਿਚ ਪਏ ਹਨ। 1780 ਦਾ ਸਮਾਂ ਉਹ ਸਮਾਂ ਸੀ ਜਦੋਂ ਇੰਗਲੈਂਡ ਵਿਚ ਸਨਅਤੀ ਇਨਕਲਾਬ ਆ ਰਿਹਾ ਸੀ। ਧੜਾਧੜ ਫੈਕਟਰੀਆਂ ਲੱਗ ਰਹੀਆਂ ਸਨ। ਲੋਹਾ ਢਾਲਣ ਲਈ ਫਾਊਂਡਰੀਆਂ ਬਣ ਗਈਆਂ ਜਿਨ੍ਹਾਂ ਵਿਚੋਂ ਬਹੁਤ ਵੱਡੀ ਮਿਕਦਾਰ ਵਿਚ ਧੂੰਆਂ ਨਿਕਲਦਾ ਸੀ। ਇਹ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਸੀ, ਹਵਾ ਵਿਚ ਜ਼ਹਿਰ ਭਰਦਾ ਸੀ। ਇਹ ਜ਼ਹਿਰ ਆਸਮਾਨ ਵਿਚ ਉੱਡਦੀ ਸੀ। ਕਿਉਂਕਿ ਇਸ ਪੰਛੀ ਨੇ ਉੱਚਾ ਉੱਡਣਾ ਹੁੰਦਾ ਹੈ, ਇਸ ਲਈ ਧੂੰਏਂ ਦੀ ਜ਼ਹਿਰ ਨਾਲ ਇਹ ਪੰਛੀ ਖ਼ਤਮ ਹੋਣ ਲੱਗਾ। ਹੇਠਲੇ ਦਰੱਖਤਾਂ ਦੇ ਪੰਛੀਆਂ ਉੱਪਰ ਏਨਾ ਅਸਰ ਨਹੀਂ ਸੀ ਹੋਇਆ। ਜੇ ਇਸ ਪੰਛੀ ਦੇ ਖ਼ਤਮ ਹੋਣ ਦਾ ਨਕਸ਼ਾ ਦੇਖਿਆ ਜਾਵੇ ਤਾਂ ਪਹਿਲਾਂ ਇਹ ਉੱਤਰੀ ਇੰਗਲੈਂਡ ਵਿਚੋਂ ਖ਼ਤਮ ਹੋਇਆ ਜਿੱਥੇ ਫਾਊਂਡਰੀਆਂ ਦੀ ਬਹੁਤਾਤ ਸੀ। ਇਵੇਂ ਇਸ ਦਾ ਖ਼ਾਤਮਾ ਹੋਣਾ ਹੇਠਾਂ ਨੂੰ ਹੁੰਦਾ ਆਇਆ ਤੇ ਅਖੀਰ ਵਿਚ ਆਇਯਲ ਆਫ ਵ੍ਹਾਈਟ ਵਿਚ ਇਸ ਨੂੰ ਦੇਖਿਆ ਗਿਆ ਜੋ ਯੂਕੇ ਦੇ ਬਿਲਕੁਲ ਦੱਖਣ ਵਿਚ ਹੈ। ਮੈਂ ਵੀ ਇਸ ਪੰਛੀ ਦੇ ਖ਼ਾਤਮੇ ਨੂੰ ਸਨਅਤੀ ਇਨਕਲਾਬ ਨਾਲ ਪੈਦਾ ਹੋਏ ਪ੍ਰਦੂਸ਼ਣ ਨਾਲ ਜੋੜ ਕੇ ਦੇਖਦਾ ਹਾਂ। ਇਹ ਗੱਲ ਝੂਠ ਵੀ ਨਹੀਂ ਹੈ। ਸਨਅਤੀ ਇਨਕਲਾਬ ਤੋਂ ਬਾਅਦ ਲੜਾਈਆਂ ਵਿਚ ਵੀ ਅੰਨ੍ਹੇਵਾਹ ਗੋਲਾ-ਬਾਰੂਦ ਵਰਤਿਆ ਜਾਂਦਾ ਰਿਹਾ ਹੈ। ਉਨੀਵੀਂ ਸਦੀ ਵਿਚ ਯੂਰੋਪ ਦੇ ਦੇਸ਼ਾਂ ਵਿਚ ਲੜਾਈਆਂ ਚੱਲਦੀਆਂ ਰਹੀਆਂ। ਵੀਹਵੀਂ ਸਦੀ ਵਿਚ ਦੋ ਸੰਸਾਰ-ਯੁੱਧ ਚੱਲੇ ਜਿਸ ਕਰਕੇ ਇਹ ਪੰਛੀ ਦੂਰ ਕਿਤੇ ਛੁਪਿਆ ਰਿਹਾ। ਹੁਣ ਪਿਛਲੇ ਸਾਲ ਚਿੱਟੀ ਪੂਛ ਵਾਲੇ ਬਾਜ਼ ਨੂੰ ਮੁੜ ਕੇ ਇੰਗਲੈਂਡ ਵਿਚ ਦੇਖਣ ਦੀ ਖ਼ਬਰ ਉਦੋਂ ਆਈ ਸੀ ਜਦੋਂ ਕਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਣ ਕਾਰਨ ਪ੍ਰਦੂਸ਼ਣ ਘੱਟ ਹੋਇਆ ਸੀ, ਭਾਵ ਪ੍ਰਦੂਸ਼ਣ ਨਾਲ ਇਸ ਦੇ ਗਾਇਬ ਹੋਣ ਦਾ ਸਿੱਧਾ ਵਾਹ ਹੈ। ਮੈਂ ਇਸ ਪੰਛੀ ਦੇ ਮੁੜਨ ’ਤੇ ਬਹੁਤ ਸਾਰੇ ਲੋਕਾਂ ਨਾਲੋਂ ਜ਼ਿਆਦਾ ਉਤਸ਼ਾਹਿਤ ਹਾਂ, ਇਸ ਦਾ ਕਾਰਨ ਇਹ ਹੈ ਕਿ ਇਸ ਦਾ ਮੁੜਨਾ ਮੇਰੀ ਇਕ ਕਹਾਣੀ ‘ਮਸਤ’ ਦਾ ਆਧਾਰ ਬਣਿਆ ਹੈ। ਇਸ ਕਹਾਣੀ ਦੀ ਮੁੱਖ ਪਾਤਰ ਟੀਆ ਇਕ ਨੈਚੁਰਿਸਟ ਹੈ ਜੋ ਕੁਦਰਤ ਦੇ ਨੇੜੇ ਰਹਿਣਾ ਚਾਹੁੰਦੀ ਹੈ। ਉਸ ਨੂੰ ਪ੍ਰਦੂਸ਼ਣ ਭਰੀ ਦੁਨੀਆਂ ਪਸੰਦ ਨਹੀਂ। ਕਹਾਣੀ ਵਿਚ ਟੀਆ ਤੇ ਇਸ ਪੰਛੀ ਨੂੰ ਰਲ਼ਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ।
ਸਾਲ 1780 ਤੋਂ ਲੈ ਕੇ 1918 ਤਕ ਇਸ ਪੰਛੀ ਬਾਰੇ ਬਹੁਤਾ ਫ਼ਿਕਰ ਹੀ ਨਹੀਂ ਸੀ ਕੀਤਾ ਗਿਆ। ਫਿਰ ਸੋਚਿਆ ਜਾਣ ਲੱਗਾ ਕਿ ਇਸ ਨੂੰ ਦੁਬਾਰਾ ਯੂਕੇ ਦੇ ਆਸਮਾਨ ਵਿਚ ਲਿਆਂਦਾ ਜਾਵੇ। ਸਭ ਤੋਂ ਪਹਿਲਾਂ ਇਸ ਨੂੰ ਸਕੌਟਲੈਂਡ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਹੁਤੀ ਕਾਮਯਾਬੀ ਨਾ ਮਿਲੀ। ਜਿਵੇਂ ਜਿਵੇਂ ਪੰਛੀਆਂ ਬਾਰੇ ਮਨੁੱਖ ਦੀ ਸੋਝੀ ਵਧਦੀ ਗਈ ਤਾਂ ਗਾਇਬ ਹੋ ਰਹੀਆਂ ਨਸਲਾਂ ਨੂੰ ਮੁੜ ਯੂਕੇ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ। ਯੂਕੇ ਵਿਚ ਪੰਛੀਆਂ ਦੇ ਮੁੜ-ਵਸੇਬੇ ਲਈ ਕਈ ਵਿਭਾਗ ਬਣੇ ਹੋਏ ਹਨ ਜਿਵੇਂ ਕਿ ‘ਰੇਅਰ ਬ੍ਰੀਡਿੰਗ ਬਰਡਜ਼ ਪੈਨਲ’, ‘ਬ੍ਰਿਟਿਸ਼ ਟਰੱਸਟ ਫਾਰ ਔਰਨੀਥੋਲੋਜੀ’ ਆਦਿ। ਇਨ੍ਹਾਂ ਵੱਲੋਂ ਬਹੁਤ ਸਾਰੇ ਪੰਛੀਆਂ ਦੇ ਫਾਰਮ ਬਣੇ ਹੋਏ ਹਨ ਜਿਨ੍ਹਾਂ ਵਿਚ ਉੱਲੂ, ਬਾਜ਼ ਤੇ ਹੋਰ ਬਹੁਤ ਸਾਰੇ ਪੰਛੀਆਂ ਦੀ ਬ੍ਰੀਡਿੰਗ ਹੁੰਦੀ ਹੈ। ਇਨ੍ਹਾਂ ਦੀ ਨਸਲ ਕਾਇਮ ਰੱਖਣ ਦੇ ਇੰਤਜ਼ਾਮ ਕੀਤੇ ਜਾਂਦੇ ਹਨ, ਪਰ ਚਿੱਟੀ ਪੂਛ ਵਾਲੇ ਬਾਜ਼ ਦੇ ਮਾਮਲੇ ਵਿਚ ਇਹ ਵਿਭਾਗ ਫੇਲ੍ਹ ਰਿਹਾ ਹੈ। ਇਸ ਪੰਛੀ ਨੂੰ ਹੋਰ ਦੇਸ਼ਾਂ ਵਿਚੋਂ ਲਿਆ ਕੇ ਯੂਕੇ ਵਿਚ ਛੱਡ ਤਾਂ ਦਿੱਤਾ ਜਾਂਦਾ ਹੈ, ਪਰ ਇਸ ਦੀ ਨਸਲ ਨਹੀਂ ਵਧਦੀ। ਇਕ ਸੰਸਥਾ ਜਿਸ ਦਾ ਨਾਂ ਹੈ ‘ਦਿ ਰਾਏ ਡੈਨਿਸ ਵਾਈਲਡ ਲਾਈਫ ਫਾਊਂਡੇਸ਼ਨ’ ਤੇ ਇਕ ਹੋਰ ਸੰਸਥਾ ‘ਦਿ ਫੌਰੈਸਟਰੀ ਆਫ ਇੰਗਲੈਂਡ’ ਵੱਲੋਂ ਸਾਂਝੇ ਤੌਰ ’ਤੇ ਇਕ ਪ੍ਰਾਜੈਕਟ ਤਿਆਰ ਕੀਤਾ ਗਿਆ ਕਿ ਇਸ ਪੰਛੀ ਨੂੰ ਮੁੜ ਕੇ ਯੂਕੇ ਦੀ ਧਰਤੀ ’ਤੇ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ। ਪਹਿਲੀ ਸੰਸਥਾ ਦੇ ਸੰਚਾਲਕ ਰਾਏ ਡੈਨਿਸ ਨੇ ਤਾਂ ਆਪਣੀ ਸਾਰੀ ਉਮਰ ਇਸ ਪੰਛੀ ਨੂੰ ਮੁੜ ਯੂਕੇ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਹੀ ਲਾ ਦਿੱਤੀ, ਜਦੋਂ ਉਸ ਨੇ ਯੂਕੇ ਵਿਚ ਕੁਦਰਤੀ ਤੌਰ ’ਤੇ ਮੁੜੇ ਚਿੱਟੀ ਪੂਛ ਵਾਲੇ ਬਾਜ਼ ਦੀ ਖ਼ਬਰ ਸੁਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਵੇਂ ਹੀ ‘ਦਿ ਫੌਰੈਸਟਰੀ ਆਫ ਇੰਗਲੈਂਡ’ ਦੇ ਸੰਚਾਲਕ ਬਰੂਸ ਰੌਥਨਿਕ ਨੇ ਵੀ ਇਸ ਪੰਛੀ ਦੇ ਕੁਦਰਤੀ ਮੁੜਨ ’ਤੇ ਬਹੁਤ ਉਤਸ਼ਾਹ ਦਿਖਾਇਆ ਹੈ। ਇਸ ਖੁਸ਼ੀ ਦਾ ਕਾਰਨ ਇਹ ਵੀ ਹੈ ਕਿ ਇਸ ਨੂੰ ਹੋਰ ਦੇਸ਼ਾਂ ਤੋਂ ਲਿਆ ਕੇ ਯੂਕੇ ਵਿਚ ਵਸਾਉਣ ਦੀਆਂ ਕੋਸ਼ਿਸ਼ਾਂ ਬਹੁਤੀਆਂ ਕਾਮਯਾਬ ਨਹੀਂ ਰਹੀਆਂ। 1970 ਵਿਚ ਇਕ ਵਾਰ ਫਿਰ ਸਕੌਟਲੈਂਡ ਵਿਚ ਇਸ ਪੰਛੀ ਦੀ ਬ੍ਰੀਡਿੰਗ ਦੀਆਂ ਕੋਸ਼ਿਸ਼ਾਂ ਹੋਈਆਂ। 1975 ਤੋਂ 1985 ਤਕ ਇਸ ਨਸਲ ਦੇ 82 ਪੰਛੀ ਲਿਆ ਕੇ ਇੱਥੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਤਾਂ ਸਾਇੰਸ ਦੀ ਤਰੱਕੀ ਦੇ ਹਿਸਾਬ ਨਾਲ ਪੰਛੀਆਂ ਤੇ ਜਾਨਵਰਾਂ ਦੇ ਟਰੈਕਰ ਲਾ ਦਿੱਤੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਦਾ ਰਹਿੰਦਾ ਹੈ ਜਿਸ ਨਾਲ ਉਨ੍ਹਾਂ ਦੇ ਸੁਭਾਅ ਤੇ ਆਦਤਾਂ ਨੂੰ ਸਮਝ ਕੇ ਉਨ੍ਹਾਂ ਨੂੰ ਢੁਕਵਾਂ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਆਈਯਲ ਆਫ ਵ੍ਹਾਈਟ ਨੂੰ ਇਸ ਪੰਛੀ ਦਾ ਘਰ ਬਣਾ ਕੇ ਇਸ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਸਬੰਧਤ ਫਾਊਂਡੇਸ਼ਨ ਨੇ ਕੁਝ ਸਾਲ ਪਹਿਲਾਂ ਕੁਲ ਤੇਰਾਂ ਬਾਜ਼ ਲਿਆਂਦੇ ਸਨ। ਜਿਨ੍ਹਾਂ ਵਿਚੋਂ ਛੇ ਹਾਲੇ ਜਿਉਂਦੇ ਹਨ। ਤਿੰਨ ਮਰ ਗਏ ਤੇ ਬਾਕੀ ਦੇ ਗਾਇਬ ਹੋ ਗਏ।
ਉਂਜ ਤਾਂ ਇਹ ਪੰਛੀ ਜੋੜਿਆਂ ਵਿਚ ਰਹਿੰਦੇ ਹਨ ਤੇ ਜੋੜਾ ਰਲ ਕੇ ਆਲ੍ਹਣਾ ਬਣਾਉਂਦਾ ਹੈ, ਪਰ ਇਸ ਦਾ ਸੁਭਾਅ ਸਮਝਣ ਲਈ ਇਨ੍ਹਾਂ ਨੂੰ ਇਕ ਇਕ ਕਰਕੇ ਛੱਡਿਆ ਜਾ ਰਿਹਾ ਹੈ। ਹਰ ਪੰਛੀ ਨੂੰ ਇਕ ਨੰਬਰ ਦਿੱਤਾ ਜਾਂਦਾ ਹੈ ਜਿਵੇਂ ਕਿ ਜੀ274, ਜੀ318 ਬਗੈਰਾ। ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਹੈ, ਮਨੁੱਖ ਦੀਆਂ ਗਤੀਵਿਧੀਆਂ ਸੀਮਤ ਹੋ ਗਈਆਂ ਹਨ ਤਾਂ ਇਹ ਪੰਛੀ ਕੁਝ ਖੁੱਲ੍ਹਾਂ ਮਾਣ ਸਕਦਾ ਹੈ। ਪਿਛਲੇ ਮਹੀਨਿਆਂ ਵਿਚ ਛੱਡੇ ਗਏ ਇਨ੍ਹਾਂ ਪੰਛੀਆਂ ਵਿਚੋਂ ਕੋਈ 265 ਮੀਲ ਦੀ ਉਡਾਰੀ ਭਰ ਕੇ ਵਾਪਸ ਆਪਣੇ ਟਿਕਾਣੇ ’ਤੇ ਮੁੜ ਆਉਂਦਾ ਹੈ ਤੇ ਕੋਈ ਆਈਯਲ ਆਫ ਵ੍ਹਾਈਟ ਵਿਚ ਹੀ ਰਹਿੰਦਾ ਹੈ। ਇਕ ਬਾਜ਼ ਪੱਕੇ ਤੌਰ ’ਤੇ ਯੌਰਕਸ਼ਾਇਰ ਵਿਚ ਵੀ ਸੈਟਲ ਹੋ ਗਿਆ ਹੈ। ਕੁਝ ਗੁਆਚ ਗਏ ਹਨ ਤੇ ਕੁਝ ਮਰੇ ਵੀ ਹਨ। ਇਕ ਬਾਜ਼ ਜਿਸ ਨੂੰ ਗੁੰਮ ਹੋਇਆ ਸਮਝਿਆ ਜਾ ਰਿਹਾ ਸੀ, ਸਤਾਰਾਂ ਮਹੀਨੇ ਬਾਅਦ ਮੁੜ ਆਇਆ। ਇਹ ਪੰਛੀ ਪਬਲਿਕ ਵਿਚ ਬਹੁਤਾ ਨਜ਼ਰ ਨਹੀਂ ਆਉਂਦਾ। ਰਾਏ ਡੈਨਿਸ ਦਾ ਕਹਿਣਾ ਹੈ ਕਿ ਜੇ ਤੁਹਾਡੇ ਘਰ ਦੇ ਬਗੀਚੇ ਜਾਂ ਬਨੇਰੇ ਵਿਚ ਚਿੱਟੀ ਪੂਛ ਵਾਲਾ ਬਾਜ਼ ਨਜ਼ਰ ਆਵੇ ਤਾਂ ਇਸ ਖੁਸ਼ੀ ਦੀ ਖ਼ਬਰ ਨੂੰ ਉਨ੍ਹਾਂ ਦੀ ਸੰਸਥਾ ਨਾਲ ਤੁਰੰਤ ਸਾਂਝਾ ਕਰੋ। ਇਸ ਸੰਸਥਾ ਦਾ ਪ੍ਰੋਗਰਾਮ ਹੈ ਕਿ ਹਰ ਸਾਲ ਛੇ ਪੰਛੀ ਛੱਡਿਆ ਕਰਨਗੇ। ਹਾਲੇ ਤਕ ਇਨ੍ਹਾਂ ਨੇ ਯੂਕੇ ਵਿਚ ਕੋਈ ਆਲ੍ਹਣਾ ਨਹੀਂ ਬਣਾਇਆ, ਪਰ ਫਿਰ ਵੀ ਉਮੀਦ ਹੈ ਕਿ ਅਗਲੇ ਤਿੰਨ ਚਾਰ ਸਾਲ ਤਕ ਚਿੱਟੀ ਪੂਛ ਵਾਲਾ ਬਾਜ਼ ਯੂਕੇ ਵਿਚ ਆਪਣੀ ਨਸਲ ਅੱਗੇ ਵਧਾਉਣ ਵਿਚ ਕਾਮਯਾਬ ਹੋ ਜਾਵੇਗਾ।
ਈ-ਮੇਲ : harjeetatwal@hotmail.co.uk