ਸੁਰਿੰਦਰ ਗੀਤ
ਰਾਖੀ ਨੂੰ ਹੋਸ਼ ਆ ਗਈ ਤੇ ਸਭ ਨੇ ਸੁੱਖ ਦਾ ਸਾਹ ਲਿਆ। ਉਹ ਇਸ ਪਿੰਡ ਦੀ ਨੂੰਹ ਸੀ। ਜਦੋਂ ਵਿਆਹੀ ਆਈ ਸੀ ਤਾਂ ਸਾਰੇ ਪਿੰਡ ਵਿੱਚ ਉਸ ਦੇ ਸੁਹੱਪਣ ਦੀ ਚਰਚਾ ਸੀ। ਜਿਵੇਂ ਜਿਵੇਂ ਉਸ ਬਾਰੇ ਪਤਾ ਲੱਗਿਆ ਪਿੰਡ ਦੀਆਂ ਜ਼ਿਮੀਂਦਾਰ ਔਰਤਾਂ ਨੇ ਵੀ ਕਿਸੇ ਨਾ ਕਿਸੇ ਬਹਾਨੇ ਵਿਹੜੇ ਜਾ ਕੇ ਉਸ ਨੂੰ ਦੇਖਿਆ।
ਅੰਮਾਂ ਭਾਗੋ ਕਹਿਣ ਲੱਗੀ, “ਅੜਿਆ ਬਲਾਂ ਸੋਹਣੀ ਐਂ। ਲੱਗਦੀ ਨ੍ਹੀਂ ਉਹ ਏਸ ਜਾਤ ਦੀ। ਉਹ ਤਾਂ ਜੱਟੀਆਂ ਤੋਂ ਵੀ ਸੋਹਣੀ ਹੈ। ਨੀਂ ਗੋਰਾ ਚਿੱਟਾ ਰੰਗ, ਉੱਚੀ ਲੰਮੀ, ਚਿੱਤ ਕਰਦਾ ਦੇਖੀ ਜਾਈਏ। ਮੈਂ ਤਾਂ ਪੂਰੇ ਦਸ ਰੁਪਏ ਸ਼ਗਨ ਦਿੱਤਾ।”
ਚਾਚੀ ਮਿੰਦਰ ਕੁਰ ਵਿੱਚੋਂ ਹੀ ਬੋਲ ਪਈ, “ਇਕੱਲੀ ਸ਼ਕਲ ਦੀ ਹੀ ਸੋਹਣੀ ਨ੍ਹੀਂ। ਤੁਸੀਂ ਤਾਂ ਭੈਣੇ ਜਾਣ ਲੱਗੀਆਂ ਨੇ ਮੈਨੂੰ ਦੱਸਿਆ ਨਹੀਂ। ਹਾਰ ਕੇ ਮੈਂ ਇਕੱਲੀ ਹੀ ਸ਼ਗਨ ਦੇਣ ਚਲੀ ਗਈ। ਨੀਂ ਉਹਨੇ ਤਾਂ ਮਿੰਟਾਂ ’ਚ ਭਾਂਡੇ ਮਾਂਜ ਕੇ ਰੱਖ ’ਤੇ। ਚੁੰਨੀ ਦੀ ਬੁੱਕਲ ਇਉਂ ਮਾਰਦੀ ਆ ਜਿਵੇਂ ਮਹਾਰਾਣੀ ਹੋਵੇ। ਹਾਂ ਜੀ.. ਹਾਂ ਜੀ.. ਕਰਦੀ ਦੇ ਮੂੰਹੋਂ ਫੁੱਲ ਕਿਰਦੇ ਨੇ।”
“ਭਾਬੀ ਆਪਣੇ ਪਿੰਡ ’ਚ ਉਹਦੇ ਵਰਗੇ ਦੰਦ ਨ੍ਹੀਂ ਕਿਸੇ ਦੇ। ਜਿਵੇਂ ਚਿੱਟੇ ਮੋਤੀਆਂ ਦੀ ਲੜੀ ਹੋਵੇ।” ਕਾਲਜ ਤੋਂ ਆਈ ਕਮਲ ਨੇ ਸਾਈਕਲ ਖੜ੍ਹਾ ਕਰਦਿਆਂ ਕਿਹਾ।
“ਹਾਂ ਅੰਮਾਂ ਜੀ! ਚਰਨੇ ਦੀ ਤਾਂ ਕਿਸਮਤ ਹੀ ਨਿਰਾਲੀ ਐ। ਆਪ ਤਾਂ ਨਜ਼ਰ ਵੱਟੂ ਹੀ ਲੱਗਦੈ! ਵਹੁਟੀ ਹੀਰ ਵਰਗੀ ਲੈ ਆਇਆ!”
ਵਿੱਚੋਂ ਹੀ ਕਮਲ ਨਾਲ ਆਈ ਪਾੜ੍ਹੀ ਕੁੜੀ ਬਿੰਦਰ ਬੋਲ ਪਈ, “ਤਾਈ! ਉਹ ਹੀਰ ਵਰਗੀ ਨਹੀਂ, ਉਹ ਹੀਰ ਹੀ ਹੈ, ਪਰ ਚਰਨਾ ਰਾਂਝਾ ਨਹੀਂ ਹੈ।”
ਸਾਰੀਆਂ ਹੱਸ ਪਈਆਂ। ਇਸ ਤੋਂ ਬਾਅਦ ਪਿੰਡ ਦੀਆਂ ਬਹੁਤੀਆਂ ਔਰਤਾਂ ਨੇ ਉਸ ਨੂੰ ਹੀਰ ਹੀ ਕਹਿਣਾ ਸ਼ੁਰੂ ਕਰ ਦਿੱਤਾ।
“ਆਹੋ ਪੁੱਤ! ਉਹਨੂੰ ਤਾਂ ਪੋਸਤ ਭੁੱਕੀ ਤੋਂ ਵਿਹਲ ਨਹੀਂ। ਕਮਾਈ ਘੱਟ ਕਰਦਾ ਆ ਤੇ ਖ਼ਰਚ ਵੱਧ ਕਰਦਾ ਆ। ਇਹਨੂੰ ਵਿਚਾਰੀ ਨੂੰ ਹੀ ਪਸ਼ੂਆਂ ਦੀਆਂ ਖੱਲਾਂ ਲਾਹੁਣੀਆਂ ਪੈਣੀਆਂ ਜਾਂ ਜੱਟਾਂ ਦਾ ਗੋਹਾ ਕੂੜਾ ਕਰਨਾ ਪੈਣਾ ਹੈ।” ਅੰਮਾਂ ਨੇ ਖਿੱਚਵਾਂ ਸਾਹ ਲੈਂਦਿਆਂ ਕਿਹਾ।
ਮੱਥਾ ਟੇਕਦੀ ਅੰਮਾਂ ਜੀ ਕਹਿ ਕੇ ਸਿਰ ਤੋਂ ਖਾਲੀ ਟੋਕਰਾ ਥੱਲੇ ਕਰਦਿਆਂ ਭਾਬੀ ਕਮਲਜੀਤ ਬੋਲੀ, “ਅੰਮਾਂ ਜੀ ਏਸ ਪਿੰਡ ’ਚ ਸਾਰੀਆਂ ਹੀ ਸੋਹਣੀਆਂ ਆਉਂਦੀਆਂ। ਤੁਹਾਡੇ ਮੁੰਡੇ ਹੀ ਕਾਣੇ ਮੀਣੇ ਆ। ਪਤਾ ਨ੍ਹੀਂ ਕਿਹੜੇ ਮੋਤੀ ਪੁੰਨ ਕੀਤੇ ਆ ਤੁਹਾਡੇ ਪਿੰਡ ਦੇ ਮੁੰਡਿਆਂ ਨੇ ਤੇ ਮੁੰਡਿਆਂ ਦੀਆਂ ਮਾਵਾਂ ਨੇ।”
ਅੰਮਾਂ ਭਾਗੋ ਨੇ ਭਾਬੀ ਕਮਲਜੀਤ ਨੂੰ ਆਸੀਸ ਦਿੱਤੀ ਤੇ ਬੋਲੀ, “ਬਹੂ! ਗੱਲ ਤਾਂ ਤੇਰੀ ਸੱਚੀ ਆ। ਮੈਂ ਤਾਂ ਆਪ ਬਲਾਂ ਸੋਹਣੀ ਸੀ ਜਦੋਂ ਵਿਆਹੀ ਆਈ ਸੀ।”
ਸਾਰੀਆਂ ਖਿੜ ਖਿੜਾ ਕੇ ਹੱਸਣ ਲੱਗ ਪਈਆਂ।
“ਨੀਂ! ਉਹਦਾ ਤਾਂ ਨਾਂ ਹੀ ਬਾਲ੍ਹਾ ਸੋਹਣਾ ਹੈ।” ਤਾਈ ਅਮਰੋ ਵਿੱਚੋਂ ਹੀ ਬੋਲ ਪਈ।
ਪਾੜ੍ਹੀ ਕੁੜੀ ਬੋਲੀ, “ਤਾਈ! ਸ਼ਹਿਰਾਂ ’ਚ ਏਸੇ ਤਰ੍ਹਾਂ ਦੇ ਨਾਂ ਰੱਖਦੇ ਨੇ। ਰਾਖੀ ਨਾਂ ਹੈ ਉਸ ਦਾ। ਐਵੇਂ ਨਾ ਰੱਖੀ ਰੱਖੀ ਕਹਿਣ ਲੱਗ ਜਾਇਓ।”
ਸਾਰੀਆਂ ਨੂੰ ਰਾਖੀ ਨਾਂ ਬਹੁਤ ਹੀ ਸੋਹਣਾ ਲੱਗਦਾ ਸੀ।
ਚਰਨਾ ਆਪਣੀ ਵਹੁਟੀ ਨੂੰ ਲੁਕੋ ਲੁਕੋ ਕੇ ਰੱਖਦਾ। ਉਸ ਨੂੰ ਪਤਾ ਸੀ ਕਿ ਰਾਖੀ ਦੇ ਹੁਸਨ ਦੇ ਚਰਚੇ ਸਾਰੇ ਪਿੰਡ ਵਿੱਚ ਹਨ। ਉਹ ਗੁਜ਼ਾਰੇ ਲਈ ਕੁਝ ਕੰਮ ਵੀ ਜ਼ਿਆਦਾ ਕਰਨ ਲੱਗ ਪਿਆ ਸੀ। ਆਪਣੀ ਬੇਬੇ ਨੂੰ ਇੱਕ ਦਿਨ ਚਰਨੇ ਨੇ ਆਖ ਹੀ ਦਿੱਤਾ, “ਬੇਬੇ, ਤੂੰ ਆਪ ਹੀ ਔਖੀ ਸੌਖੀ ਹੋ ਕੇ ਹੱਟੀ ਤੋਂ ਸੌਦਾ ਪੱਤਾ ਲੈ ਆਇਆ ਕਰ, ਰਾਖੀ ਨੂੰ ਨਾ ਭੇਜਿਆ ਕਰ। ਪਿੰਡ ਦੀ ਮੰਡੀਰ ਨੇ ਤਾਂ ਦੇਖਣਾ ਹੀ ਹੈ, ਸਾਲੇ ਬੁੱਢੇ ਵੀ ਅੱਖਾਂ ਪਾੜ ਪਾੜ ਵੇਂਹਦੇ ਆ। ਹੀਰ ਹੀਰ ਕਰਦੇ ਰਹਿੰਦੇ ਆ।”
ਰਾਖੀ ਘੱਟ ਵੱਧ ਹੀ ਘਰੋਂ ਨਿਕਲਦੀ। ਗ਼ਰੀਬੀ ਦਾਵੇ ਦਾ ਚੁੱਲ੍ਹਾ ਚੌਂਕਾ ਸਾਂਭ ਛੱਡਦੀ, ਵਿਹੜੇ ’ਚ ਝਾੜੂ ਮਾਰ ਲੈਂਦੀ, ਲੀੜੇ ਧੋ ਲੈਂਦੀ ਤੇ ਵਿਹਲੇ ਵੇਲੇ ਪੀੜ੍ਹੀਆਂ ਬੁਣ ਲੈਂਦੀ। ਛੋਟੀਆਂ ਛੋਟੀਆਂ ਬੈਠਣ ਵਾਲੀਆਂ ਪੀੜ੍ਹੀਆਂ ਚਰਨਾ ਮੋਗੇ ਜਾ ਕੇ ਵੇਚ ਆਉਂਦਾ। ਤੇ ਫਿਰ ਅਚਾਨਕ ਚਰਨੇ ਦੀ ਬੇਬੇ ਬਿਮਾਰ ਪੈ ਗਈ। ਕਿਸੇ ਨਾਮੁਰਾਦ ਬਿਮਾਰੀ ਨੇ ਘੇਰ ਲਈ। ਚਰਨਾ ਆਪਣੀ ਮਾਂ ਨੂੰ ਆਪਣੇ ਮਾਮੇ ਕੋਲ ਲੈ ਗਿਆ। ਚਰਨੇ ਦਾ ਮਾਮਾ ਲੁਧਿਆਣਾ ਰਹਿੰਦਾ ਸੀ। ਉਨ੍ਹਾਂ ਨੇ ਸੋਚਿਆ ਕਿ ਏਥੇ ਉਸ ਦੀ ਦਵਾ ਦਾਰੂ ਚੰਗੀ ਹੋ ਜਾਊ। ਪਿੰਡ ਵਿੱਚ ਤਾਂ ਕੋਈ ਸਹੂਲਤ ਹੀ ਹੈ ਨ੍ਹੀਂ। ਸ਼ਹਿਰ ’ਚ ਚਰਨਾ ਤੇ ਰਾਖੀ ਕਿਸੇ ਫੈਕਟਰੀ ਵਿੱਚ ਕੰਮ ਕਰ ਲੈਣਗੇ। ਚਰਨੇ ਦਾ ਮਾਮਾ ਆਪ ਵੀ ਤਾਂ ਧਾਗਿਆਂ ਆਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਉੱਥੇ ਹੀ ਫੋਰਮੈਨ ਨੂੰ ਕਹਿ ਕਹਾ ਕੇ ਦੋਵਾਂ ਨੂੰ ਲਵਾ ਲਵੇਗਾ।
ਤਿੰਨੇ ਜਣੇ ਲੁਧਿਆਣਾ ਚਲੇ ਗਏ। ਛੋਟਾ ਜਿਹਾ ਕਿਰਾਏ ਦਾ ਕਮਰਾ ਮਿਲ ਗਿਆ। ਬੇਬੇ ਦੀ ਦਵਾ ਦਾਰੂ ਚੱਲਦੀ ਰਹੀ। ਭਾਰਤ ਵਰਗੇ ਮੁਲਕਾਂ ਵਿੱਚ ਗ਼ਰੀਬ ਨੂੰ ਇਲਾਜ ਕਰਵਾਉਣਾ ਕਿਹੜਾ ਸੌਖਾ ਹੈ। ਏਥੇ ਤਾਂ ਸਭ ਤੋਂ ਵੱਡੇ ਲੁਟੇਰੇ ਡਾਕਟਰ ਹੀ ਬਣੇ ਬੈਠੇ ਹਨ। ਖੈਰ ਚਰਨੇ ਦੀ ਬੇਬੇ ਚਾਰ ਪੰਜ ਸਾਲਾਂ ਦੀ ਭਿਅੰਕਰ ਬਿਮਾਰੀ ਭੋਗ ਕੇ ਰੱਬ ਨੂੰ ਪਿਆਰੀ ਹੋ ਗਈ। ਉਹ ਬੇਸ਼ੱਕ ਸ਼ਹਿਰ ’ਚ ਜਾ ਵਸੀ ਸੀ, ਪਰ ਉਸ ਦਾ ਉੱਥੇ ਜੀਅ ਨਹੀਂ ਸੀ ਲੱਗਿਆ। ਉਹ ਹਰ ਵੇਲੇ ਪਿੰਡ ਦੀਆਂ ਰਾਹਾਂ ਵੱਲ ਦੇਖਦੀ ਰਹਿੰਦੀ ਤੇ ਮਰਨ ਤੋਂ ਇੱਕ ਦਿਨ ਪਹਿਲਾਂ ਚਰਨੇ ਨੂੰ ਕਹਿ ਗਈ ਕਿ ਮੇਰਾ ਸਸਕਾਰ ਪਿੰਡ ਕਰੀਂ। ਏਥੋਂ ਦੇ ਮੁਰਦਿਆਂ ਨੇ ਮੈਨੂੰ ਆਪਣੇ ਸੰਗ ਨ੍ਹੀਂ ਰਲਾਉਣਾ।
ਸੋ ਬੇਬੇ ਨਾਲ ਕੀਤੇ ਵਾਅਦੇ ਅਨੁਸਾਰ ਚਰਨਾ ਬੇਬੇ ਦੀ ਲਾਸ਼ ਪਿੰਡ ਲੈ ਆਇਆ। ਭੋਗ ਤੋਂ ਬਾਅਦ ਚਰਨੇ ਦਾ ਵੀ ਪਿੰਡ ਛੱਡ ਕੇ ਜਾਣ ਨੂੰ ਜੀਅ ਨਾ ਕੀਤਾ। ਜਿੰਨਾ ਕੁ ਸ਼ਹਿਰ ਵਿੱਚੋਂ ਕਮਾਇਆ ਸੀ, ਉਹ ਬੇਬੇ ਦੀ ਦਵਾ ਦਾਰੂ ’ਤੇ ਲੱਗ ਗਿਆ। ਰਾਖੀ ਦੇ ਇੱਕ ਕੁੜੀ ਹੋਈ ਤੇ ਹੋਣ ਸਾਰ ਹੀ ਮੁੱਕ ਗਈ। ਉਸ ਤੋਂ ਬਾਅਦ ਉਸ ਦੀ ਕੁੱਖ ਹਰੀ ਨਾ ਹੋਈ। ਡਾਕਟਰ ਨੇ ਜਵਾਬ ਦੇ ਦਿੱਤਾ ਕਿ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ। ਸ਼ਹਿਰ ਜਾਣਾ ਵੀ ਕਾਹਦੇ ਲਈ ਸੀ। ਕਿਸੇ ਕਿਸਮ ਦਾ ਹੌਸਲਾ ਬਾਕੀ ਨਹੀਂ ਸੀ ਰਿਹਾ।
ਭੋਗ ਤੋਂ ਬਾਅਦ ਇੱਕ ਦਿਨ ਰਾਖੀ ਪਿੰਡ ਦੀ ਹੱਟੀ ’ਤੇ ਖੜ੍ਹੀ ਸੀ। ਬਚਿੱਤਰ ਸਿੰਘ ਦੀ ਨਜ਼ਰ ਰਾਖੀ ’ਤੇ ਪੈ ਗਈ। ਬਚਿੱਤਰ ਸਿਉਂ ਪਿੰਡ ਦਾ ਮੋਟਾ ਜ਼ਿਮੀਂਦਾਰ ਸੀ। ਜ਼ਮੀਨ ਜਾਇਦਾਦ ਖੁੱਲ੍ਹੀ ਸੀ। ਵੱਡਾ ਮੁੰਡਾ ਕਈ ਸਾਲਾਂ ਤੋਂ ਕੈਨੇਡਾ ਰਹਿੰਦਾ ਸੀ। ਬਚਿੱਤਰ ਸਿਉਂ ਆਪ ਵੀ ਕਈ ਸਾਲਾਂ ਤੋਂ ਕੈਨੇਡਾ ਜਾਣ ਜਾਣ ਕਰਦਾ ਸੀ। ਬਚਿੱਤਰ ਸਿੰਘ ਦੇ ਕੈਨੇਡਾ ਰਹਿੰਦੇ ਪੁੱਤ ਨੇ ਆਪਣੇ ਪਿਉ, ਆਪਣੀ ਮਾਂ ਤੇ ਛੋਟੇ ਭਰਾ ਤੇ ਇੱਕ ਭੈਣ ਦਾ ਅਪਲਾਈ ਕੀਤਾ ਹੋਇਆ ਸੀ।
ਜਿਉਂ ਹੀ ਬਚਿੱਤਰ ਸਿੰਘ ਨੇ ਰਾਖੀ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ਮਨ ਹਰਾਮੀ ਹੋ ਗਿਆ। ਮਨ ’ਚ ਖਿਆਲ ਆਇਆ ਕਿ ਕਿਉਂ ਨਾ ਇਸ ਨੂੰ ਤੇ ਇਹਦੇ ਆਦਮੀ ਨੂੰ ਪੱਕੇ ਤੌਰ ’ਤੇ ਘਰ ਵਿੱਚ ਨੌਕਰ ਰੱਖ ਲਿਆ ਜਾਵੇ। ਪਹਿਲਾਂ ਇਨ੍ਹਾਂ ਦੀ ਬੁੜ੍ਹੀ ਅੜਿੱਕਾ ਸੀ। ਹੁਣ ਤਾਂ ਮੈਦਾਨ ਸਾਫ਼ ਹੈ। ਮਰ ਗਈ ਮਗਰੋਂ ਲੱਥੀ। ਸੋ ਉਸ ਨੇ ਬਿਨਾਂ ਵਕਤ ਗਵਾਏ ਚਰਨੇ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ। ਮਨ ਹਰਾਮੀ ਹੋ ਗਿਆ ਸੀ, ਇਸ ਕਰਕੇ ਆਪ ਹੀ ਕੰਮੀਆਂ ਦੇ ਵਿਹੜੇ ਜਾਣਾ ਬਿਹਤਰ ਸਮਝਿਆ। ਨਹੀਂ ਤਾਂ ਕਿਸੇ ਨੌਕਰ ਨੂੰ ਭੇਜਦਾ ਕਿ ਜਾਓ ਚਰਨੇ ਨੂੰ ਬੁਲਾ ਕੇ ਲਿਆਓ।
ਚਰਨਾ ਤੇ ਰਾਖੀ ਹੁਣ ਬਚਿੱਤਰ ਸਿੰਘ ਦੇ ਘਰ ਪੱਕੇ ਨੌਕਰ ਲੱਗ ਗਏ। ਚਰਨਾ ਖੇਤੀਬਾੜੀ ਦਾ ਕੰਮ ਕਰਦਾ ਤੇ ਰਾਖੀ ਘਰ ਦਾ ਗੂਹਾ ਕੂੜਾ ਤੇ ਹੋਰ ਸਾਫ਼ ਸਫ਼ਾਈ ਦਾ ਕੰਮ ਕਰ ਦਿੰਦੀ। ਹੌਲੀ ਹੌਲੀ ਚੌਂਕੇ ਵਿੱਚ ਵੀ ਵਾੜ ਲੈਂਦੇ ਤੇ ਉਸ ਤੋਂ ਰੋਟੀ ਟੁੱਕ ਦਾ ਕੰਮ ਵੀ ਲੈਣ ਲੱਗੇ। ਬਚਿੱਤਰ ਸਿੰਘ ਉਨ੍ਹਾਂ ’ਤੇ ਏਨਾ ਮਿਹਰਬਾਨ ਹੋ ਗਿਆ ਕਿ ਆਪਣੇ ਘਰ ਦੀ ਵਸੋਂ ਤੋਂ ਦੂਰ ਮਸ਼ੀਨਰੀ ਰੱਖਣ ਲਈ ਪਾਏ ਬਰਾਂਡੇ ’ਚ ਪਾਇਆ ਇੱਕ ਕਮਰਾ ਚਰਨੇ ਤੇ ਰਾਖੀ ਨੂੰ ਰਹਿਣ ਲਈ ਦੇ ਦਿੱਤਾ। ਚਰਨਾ ਤੇ ਰਾਖੀ ਉਨ੍ਹਾਂ ਦਾ ਹੀ ਕੰਮ ਕਰਦੇ ਤੇ ਉੱਥੋਂ ਹੀ ਖਾਦੇ ਪੀਂਦੇ। ਜਾਣੋ ਹੁਣ ਚਰਨੇ ਤੇ ਰਾਖੀ ਦਾ ਏਹੀ ਘਰ ਸੀ।
ਦਿਨਾਂ ਵਿੱਚ ਹੀ ਬਚਿੱਤਰ ਸਿੰਘ ਨੇ ਰਾਖੀ ਨਾਲ ਨੇੜਤਾ ਵਧਾ ਲਈ। ਉਹ ਉਸ ਦਾ ਮਾਨਸਿਕ ਤੇ ਜਿਸਮਾਨੀ ਸ਼ੋਸ਼ਣ ਕਰਨ ਲੱਗਾ। ਜਦੋਂ ਵੀ ਮੌਕਾ ਮਿਲਦਾ ਰਾਖੀ ਨੂੰ ਇਕੱਲੀ ਦੇਖ ਕੇ ਆਪਣੀ ਹਵਸ ਪੂਰੀ ਕਰ ਲੈਂਦਾ ਅਤੇ ਚਰਨੇ ਨੂੰ ਉਹ ਖੇਤ ਵਿੱਚ ਹੀ ਉਲਝਾਈ ਰੱਖਦਾ।
ਰਾਖੀ ਨੂੰ ਬਚਿੱਤਰ ਸਿੰਘ ਨੇ ਏਥੋਂ ਤੱਕ ਕਹਿ ਦਿੱਤਾ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ। ਉਹ ਉਸ ਬਿਨਾਂ ਰਹਿ ਨਹੀਂ ਸਕਦਾ। ਕੈਨੇਡਾ ਜਾ ਕੇ ਉਹ ਉਸ ਦਾ ਅਪਲਾਈ ਕਰ ਦੇਵੇਗਾ। ਨਵਾਂ ਕਾਨੂੰਨ ਬਣਨ ਹੀ ਵਾਲਾ ਹੈ। ਫਿਰ ਉਹ ਵੀ ਉੱਥੇ ਜਾ ਕੇ ਐਸ਼ ਕਰੇਗੀ।
ਇੱਕ ਦਿਨ ਰਾਖੀ ਨੇ ਪੁੱਛ ਹੀ ਲਿਆ, “ਸਰਦਾਰਾ! ਉੱਥੇ ਜਾ ਕੇ ਮੈਂ ਕੀ ਕਰਾਂਗੀ?”
ਬਚਿੱਤਰ ਸਿਉਂ ਸ਼ਰਾਰਤੀ ਹਾਸਾ ਹੱਸਦਿਆਂ ਕਹਿਣ ਲੱਗਾ, “ਉੱਥੇ ਬਹੁਤ ਕੁਝ ਹੈ ਕਰਨ ਨੂੰ। ਉੱਥੇ ਪੜ੍ਹਾਈ ਨੂੰ ਕੋਈ ਨ੍ਹੀਂ ਪੁੱਛਦਾ। ਉੱਥੇ ਸਾਰੇ ਬਰਾਬਰ ਹੀ ਹਨ। ਜੋ ਕੰਮ ਮੈਂ ਕਰਾਂਗਾ, ਉਹ ਹੀ ਤੂੰ ਕਰਨਾ ਹੈ। ਮੈਂ ਜਿਵੇਂ ਕਹਾਂ, ਕਰੀਂ ਜਾ। ਜ਼ਿੰਦਗੀ ਬਣ ਜੂ ਥੋਡੀ ਤੇ ਫਿਰ ਕਾਰ ਲੈ ਕੇ ਪਿੰਡ ਆਵੀਂ ਟੌਹਰ ਨਾਲ।”
ਰਾਖੀ ਤਾਂ ਕੈਨੇਡਾ ਦੇ ਸੁਪਨੇ ਲੈਣ ਲੱਗੀ ਤੇ ਕਦੇ ਕਦੇ ਚਰਨੇ ਨੂੰ ਆਖ ਦਿੰਦੀ ਕਿ ਧਿਆਨ ਨਾਲ ਕੰਮ ਕਰਿਆ ਕਰ। ਸਰਦਾਰ ਆਪਣੇ ’ਤੇ ਬਹੁਤ ਮਿਹਰਬਾਨ ਹੈ। ਆਪਾਂ ਨੂੰ ਕੈਨੇਡਾ ਬੁਲਾ ਲਵੇਗਾ। ਕਿਸੇ ਗੱਲੋਂ ਸਰਦਾਰ ਨੂੰ ਨਰਾਜ਼ ਨਾ ਕਰ ਬੈਠੀਂ।
ਡੇਢ ਸਾਲ ਬੀਤ ਗਿਆ। ਰਾਖੀ ਲਗਾਤਾਰ ਬਚਿੱਤਰ ਸਿੰਘ ਦੀ ਹਵਸ ਦਾ ਸ਼ਿਕਾਰ ਹੁੰਦੀ ਰਹੀ। ਜੇ ਮਨ ਵਿੱਚ ਸ਼ੱਕ ਪੈਂਦਾ ਹੁੰਦਾ ਤਾਂ ਝੱਟ ਹੀ ਦੂਸਰੇ ਪਾਸੇ ਨੂੰ ਸੋਚਣ ਲੱਗ ਪੈਂਦੀ। ਹੁਣ ਤੱਕ ਉਸ ਨੇ ਦੇਖਿਆ ਵੀ ਕੀ ਹੈ ਸਿਵਾਏ ਗ਼ਰੀਬੀ ਤੇ ਸੁੱਕੇ ਟੁੱਕਰਾਂ ਦੇ। ਕੈਨੇਡਾ ਜਾ ਕੇ ਉਹ ਆਪਣੇ ਭੈਣ-ਭਰਾਵਾਂ ਨੂੰ ਬੁਲਾ ਲਵੇਗੀ ਤੇ ਉਹ ਵੀ ਪਿੰਡ ’ਚ ਕੋਠੀ ਪਾ ਕੇ ਸਰਦਾਰ ਅਖਵਾਇਆ ਕਰਨਗੇ। ਉਹ ਹੁਣ ਆਪਣੇ ਨਾਲੋਂ ਜ਼ਿਆਦਾ ਆਪਣੇ ਰਿਸ਼ਤੇਦਾਰਾਂ ਤੇ ਭੈਣ-ਭਰਾਵਾਂ ਲਈ ਜੀਅ ਰਹੀ ਸੀ।
ਬਚਿੱਤਰ ਸਿੰਘ ਦੇ ਟੱਬਰ ਦਾ ਵੀਜ਼ਾ ਆ ਗਿਆ। ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਨਵੇਂ ਲੀੜੇ ਲੱਤੇ ਤੇ ਨਵੇਂ ਸੂਟ ਕੇਸ ਖ਼ਰੀਦੇ ਗਏ। ਬਚਿੱਤਰ ਸਿੰਘ ਦੀ ਘਰਵਾਲੀ ਰੋਜ਼ ਹੀ ਸ਼ਹਿਰ ਜਾਂਦੀ ਤੇ ਨਿੱਕ ਸੁੱਕ ਨਾਲ ਲੱਦੀ ਆਉਂਦੀ। ਰਾਖੀ ਸੋਚਦੀ ਕਿ ਉਹ ਵੀ ਇਉਂ ਹੀ ਸਾਮਾਨ ਖ਼ਰੀਦੇਗੀ। ਅੱਜ ਤੱਕ ਤਾਂ ਉਸ ਨੇ ਲੋਕਾਂ ਦੇ ਲਾਹੇ ਪਤਾਏ ਹੀ ਪਾਏ ਸਨ। ਉਸ ਦੇ ਮਨ ਵਿੱਚ ਵੀ ਚਮਕਦੇ ਨਵੇਂ ਨਕੋਰ ਸੂਟ ਪਾਉਣ ਦੀ ਰੀਝ ਜਾਗ ਪੈਂਦੀ।
ਸੀਟਾਂ ਬੁੱਕ ਹੋ ਗਈਆਂ। ਬਚਿੱਤਰ ਸਿੰਘ ਨੇ ਰਾਖੀ ਨੂੰ ਹੋਰ ਵੀ ਪੱਕਾ ਕਰ ਦਿੱਤਾ ਕਿ ਉਹ ਬੇਬੇ ਦੀ ਤੇ ਘਰ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੇ। ਉਸ ਦੇ ਸਿਰ ’ਤੇ ਉਸ ਨੂੰ ਘਰ ਤੇ ਬੇਬੇ ਦਾ ਭੋਰਾ ਫਿਕਰ ਨਹੀਂ। ਵਕੀਲ ਨੇ ਦੱਸਿਆ ਹੈ ਕਿ ਛੇਤੀ ਹੀ ਨਵਾਂ ਕਾਨੂੰਨ ਬਣ ਜਾਣੈ ਤੇ ਫਿਰ ਥੋਡਾ ਦੋਨਾਂ ਜੀਆਂ ਤੇ ਬੇਬੇ ਦਾ ਅਪਲਾਈ ਕਰ ਦੂੰਗਾ।
ਰਾਖੀ ਹੱਸ ਪਈ, “ਬੇਬੇ ਕਿਵੇਂ ਜਾਊ। ਉਹ ਤਾਂ ਜਹਾਜ਼ ਵਿੱਚ ਬੈਠ ਨ੍ਹੀਂ ਸਕਦੀ।”
“ਉਹ ਤੂੰ ਫ਼ਿਕਰ ਨਾ ਕਰ। ਬੇਬੇ ਨੂੰ ਪੈਣ ਵਾਲੀ ਸੀਟ ਲੈ ਦੇਵਾਂਗੇ ਤੇ ਆਪਾਂ ਸਾਰੇ ਦੂਜੀਆਂ ਆਮ ਸੀਟਾਂ ਲੈ ਲਵਾਂਗੇ।”
ਬਚਿੱਤਰ ਸਿੰਘ, ਉਸ ਦੀ ਘਰਵਾਲੀ ਤੇ ਮੁੰਡਾ ਕੈਨੇਡਾ ਚਲੇ ਗਏ। ਹੁਣ ਘਰ ਵਿੱਚ ਚਰਨਾ, ਰਾਖੀ ਤੇ ਬਚਿੱਤਰ ਸਿੰਘ ਦੀ ਬੇਬੇ ਰਹਿ ਗਏ। ਰਾਖੀ ਬੇਬੇ ਦੀ ਪੂਰੀ ਸਾਂਭ ਸੰਭਾਲ ਕਰਦੀ। ਸਮੇਂ ਸਿਰ ਦਵਾ ਦਾਰੂ ਦਿੰਦੀ ਤੇ ਘਰ ਨੂੰ ਸਾਫ਼ ਸੁਥਰਾ ਰੱਖਦੀ। ਉਹ ਬਚਿੱਤਰ ਸਿੰਘ ਤੋਂ ਕਿਸੇ ਵੀ ਕਿਸਮ ਦਾ ਉਲਾਂਭਾ ਨਹੀਂ ਸੀ ਲੈਣਾ ਚਾਹੁੰਦੀ।
ਪਿੰਡ ’ਚ ਆਂਢ-ਗੁਆਂਢ ਦੀਆਂ ਬੁੜੀਆਂ ਨੂੰ ਰਾਖੀ ਤੇ ਬਚਿੱਤਰ ਸਿੰਘ ਦੇ ਸਬੰਧਾਂ ਦੀ ਭਿਣਕ ਪੈ ਗਈ। ਜਦੋਂ ਬਚਿੱਤਰ ਸਿੰਘ ਏਥੇ ਸੀ ਤਾਂ ਆਪਸ ਵਿੱਚ ਘੁਸਰ ਮੁਸਰ ਕਰਦੀਆਂ ਰਹਿੰਦੀਆਂ, ਪਰ ਉਸ ਦੇ ਕੈਨੇਡਾ ਜਾਣ ਤੋਂ ਬਾਅਦ ਇੱਕ ਦੂਸਰੀ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਈਆਂ। ਕਦੇ ਕਦੇ ਕੋਈ ਔਰਤ ਰਾਖੀ ਨੂੰ ਮਸ਼ਕਰੀ ਜਿਹੀ ’ਚ ਪੁੱਛ ਲੈਂਦੀ ਕਿ ਉਸ ਨੇ ਕਦੋਂ ਜਾਣਾ ਹੈ ਕੈਨੇਡਾ।
ਰਾਖੀ ਬੜੇ ਚਾਅ ਨਾਲ ਆਖਦੀ ਕਿ ਛੇਤੀ ਹੀ ਕੰਮ ਬਣ ਜਾਊ। ਨਵਾਂ ਕਾਨੂੰਨ ਬਣਨ ਹੀ ਵਾਲਾ ਹੈ। ਏਸੇ ਤਰ੍ਹਾਂ ਚਰਨੇ ਨੂੰ ਲੋਕ ਟਿੱਚਰਾਂ ਕਰਨ ਲੱਗ ਪੈਂਦੇ। ਜਦੋਂ ਵੀ ਚਰਨਾ ਸੱਥ ਕੋਲ ਦੀ ਲੰਘਦਾ, ਕੋਈ ਨਾ ਕੋਈ ਟਿੱਚਰ ਕਰ ਹੀ ਦਿੰਦਾ। ਇੱਕ ਦਿਨ ਅਮਲੀ ਭਜਨਾ ਕਹਿਣ ਲੱਗਾ, “ਚਰਨਿਆ! ਕੈਨੇਡਾ ਜਾ ਕੇ ਮੈਨੂੰ ਅੰਗਰੇਜ਼ੀ ਸ਼ਰਾਬ ਦੀ ਬੋਤਲ ਜ਼ਰੂਰ ਭੇਜੀਂ!” ਤੇ ਦੂਸਰਾ ਵਿੱਚੋਂ ਹੀ ਬੋਲ ਪਿਆ, “ਓਏ! ਇਹ ਨ੍ਹੀਂ ਆਪਣੇ ਨਾਲ ਰਲਦਾ। ਇਹ ਤਾਂ ਹੁਣ ਉੱਡੂੰ ਉੱਡੂੰ ਕਰਦਾ ਐਂ।”
ਸਾਲ ਬਾਅਦ ਬਚਿੱਤਰ ਸਿੰਘ ਪਿੰਡ ਵਾਪਸ ਆ ਗਿਆ। ਉਸ ਦੀ ਘਰਵਾਲੀ ਉੱਥੇ ਹੀ ਰਹੀ। ਪੋਤਾ ਤੇ ਪੋਤੀ ਸਕੂਲ ਜਾਂਦੇ ਸਨ। ਉਨ੍ਹਾਂ ਨੂੰ ਵੀ ਤਾਂ ਕਿਸੇ ਨੇ ਸਾਂਭਣਾ ਸੀ। ਬਚਿੱਤਰ ਸਿੰਘ ਨੇ ਜ਼ਮੀਨ ਦਾ ਠੇਕਾ ਇਕੱਠਾ ਕਰਨਾ ਸੀ। ਇਸ ਲਈ ਆਉਣਾ ਪਿਆ।
ਰਾਖੀ ਖੁਸ਼ ਸੀ। ਉਨ੍ਹਾਂ ਵਾਸਤੇ ਉਹ ਚੰਗੇ ਲੀੜੇ ਕੱਪੜੇ ਲੈ ਆਇਆ। ਭਾਵੇਂ ਕੈਨੇਡਾ ਦੇ ਹਿਸਾਬ ਨਾਲ ਉਹ ਸਟੋਰਾਂ ’ਤੇ ਪਈ ਰਹਿੰਦ ਖੂੰਹਦ ਹੀ ਸੀ, ਪਰ ਰਾਖੀ ਤੇ ਚਰਨੇ ਵਾਸਤੇ ਉਹ ਬਹੁਤ ਕੀਮਤੀ ਸਨ। ਏਹੋ ਜਿਹੇ ਲੀੜੇ ਤਾਂ ਰਾਖੀ ਨੇ ਦੂਰੋਂ ਹੀ ਦੇਖੇ ਸਨ ਤੇ ਅੱਜ ਉਹ ਖੁਦ ਪਾਈਂ ਫਿਰਦੀ ਸੀ। ਬਚਿੱਤਰ ਸਿੰਘ ਰਾਖੀ ਨੂੰ ਖੁਸ਼ ਕਰਨ ਲਈ ਰਾਖੀ ਦੀ ਮੁੱਠੀ ਵਿੱਚ ਦੂਜੇ-ਤੀਜੇ ਦਿਨ ਹਜ਼ਾਰ ਦੋ ਹਜ਼ਾਰ ਰੁਪਏ ਦੇ ਦਿੰਦਾ। ਰਾਖੀ ਚਰਨੇ ਤੋਂ ਚੋਰੀ ਸਾਂਭ ਕੇ ਰੱਖ ਲੈਂਦੀ। ਉਸ ਨੂੰ ਪਤਾ ਸੀ ਕਿ ਕੈਨੇਡਾ ਦੀ ਟਿਕਟ ਵਾਸਤੇ ਅਤੇ ਹੋਰ ਨਿੱਕ ਸੁੱਕ ਖ਼ਰੀਦਣ ਵਾਸਤੇ ਪੈਸਿਆਂ ਦੀ ਲੋੜ ਪੈਣੀ ਹੈ, ਭਾਵੇਂ ਉਸ ਨੂੰ ਯਕੀਨ ਸੀ ਕਿ ਬਚਿੱਤਰ ਸਿੰਘ ਨੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ, ਪਰ ਫਿਰ ਵੀ ਆਪਣੇ ਕੋਲ ਕੁਝ ਹੋਣਾ ਚਾਹੀਦਾ ਹੈ। ਜਾਂ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਦੀ ਮਦਦ ਕਰ ਦਿੰਦੀ ਤੇ ਲੋਹੜੇ ਦੀ ਖੁਸ਼ੀ ਮਹਿਸੂਸ ਕਰਦੀ।
“ਬਚਿੱਤਰ ਸਿੰਹਾ ਘਰੇ ਈ ਹੈਂ?” ਖੁੱਲ੍ਹੇ ਪਏ ਗੇਟ ਤੋਂ ਅੰਦਰ ਆਉਂਦੇ ਨਿਰਮਲ ਸਿੰਘ ਨੇ ਆਵਾਜ਼ ਮਾਰੀ।
“ਹਾਂ ਆ ਜਾ ਨਿਰਮਲ ਸਿੰਹਾ।” ਬਚਿੱਤਰ ਸਿੰਘ ਨੇ ਕਿਹਾ। ਦੋਵੇਂ ਜਣੇ ਬਚਿੱਤਰ ਦੇ ਕਮਰੇ ਨਾਲ ਲੱਗਦੇ ਬਰਾਂਡੇ ’ਚ ਪਈਆਂ ਕੁਰਸੀਆਂ ’ਤੇ ਬੈਠ ਗਏ। ਰਾਖੀ ਬਚਿੱਤਰ ਸਿੰਘ ਦੇ ਕਮਰੇ ਵਿੱਚ ਉਸ ਦੇ ਲੀੜੇ ਸੰਭਾਲ ਰਹੀ ਸੀ। ਨਿਰਮਲ ਨੂੰ ਦੇਖ ਕੇ ਉਸ ਨੇ ਪੈਰ ਮਲ ਲਏ ਤੇ ਬਿਨਾਂ ਕਿਸੇ ਹਿਲ- ਜੁਲ ਦੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਪਈ।
ਬਚਿੱਤਰ ਸਿੰਘ ਸਮਝ ਰਿਹਾ ਸੀ ਕਿ ਰਾਖੀ ਉਸ ਦੀ ਮਾਂ ਦੀ ਸੇਵਾ ਸੰਭਾਲ ’ਚ ਲੱਗੀ ਹੋਈ ਹੈ। ਉਸ ਨੂੰ ਭੋਰਾ ਵੀ ਕਿਆਸ ਨਹੀਂ ਸੀ ਕਿ ਰਾਖੀ ਸਾਰਾ ਵਾਰਤਾਲਾਪ ਸੁਣ ਰਹੀ ਹੈ।
ਨਿਰਮਲ ਸਿੰਘ, ਬਚਿੱਤਰ ਸਿੰਘ ਦਾ ਲੰਗੋਟੀਆ ਯਾਰ ਸੀ। ਇੱਕ ਦੂਸਰੇ ਦੇ ਭੇਤੀ ਸਨ। ਕਿਸੇ ਵੇਲੇ ਇਕੱਠੇ ਸਕੂਲ ਪੜ੍ਹਦੇ ਰਹੇ ਸਨ। ਓਦੋਂ ਵੀ ਉਨ੍ਹਾਂ ਦੀ ਚੰਗੀ ਬਣਦੀ ਸੀ ਅਤੇ ਅੱਜ ਵੀ ਉਹ ਇੱਕ ਦੂਸਰੇ ਦੇ ਵਫ਼ਾਦਾਰ ਸਨ।
ਰਸਮੀ ਜਿਹੀ ਗੱਲਬਾਤ ਤੋਂ ਬਾਅਦ ਨਿਰਮਲ ਸਿੰਘ ਨੇ ਕਹਿਣਾ ਸ਼ੁਰੂ ਕੀਤਾ, “ਮੈਂ ਸੁਣਿਆ ਤੂੰ ਆਪਣੇ ਆਹ ਨੌਕਰਾਂ ਦਾ ਤੇ ਬੇਬੇ ਦਾ ਅਪਲਾਈ ਕਰਨਾ ਆ। ਬੇਬੇ ਦੀ ਗੱਲ ਤਾਂ ਮੈਂ ਸਮਝਦਾ, ਪਰ ਨੌਕਰਾਂ ਨੂੰ ਕਿਹੜੇ ਕਾਨੂੰਨ ’ਚ ਲੈ ਕੇ ਜਾਵੇਂਗਾ। ਸੋਚਿਆ ਪੁੱਛ ਕੇ ਆਉਂਦਾ ਬਚਿੱਤਰ ਸਿੰਘ ਤੋਂ। ਮੈਂ ਵੀ ਸੋਚਦਾ ਆਂ ਕਿ ਕੋਈ ਬੰਦਾ ਕਿਸੇ ਰਿਸ਼ਤੇਦਾਰੀ ’ਚੋਂ ਏਸ ਤਰ੍ਹਾਂ ਲੰਘਾ ਲਈਏ। ਰਿਸ਼ਤੇਦਾਰਾਂ ਨੂੰ ਝਾਕ ਰਹਿੰਦੀ ਆ ਬਈ ਸਾਡਾ ਵੀ ਕੋਈ ਕੋਈ ਧੀ ਪੁੱਤ ਬਾਹਰ ਕੱਢਣਗੇ।”
ਹੁਣ ਰਾਖੀ ਨੇ ਸਾਹ ਲੈਣਾ ਵੀ ਜਾਣੋ ਬੰਦ ਕਰ ਦਿੱਤਾ। ਵਰ੍ਹਿਆਂ ਦੀ ਉਡੀਕ ਬਾਅਦ ਅਸਲੀ ਗੱਲ ਉਸ ਦੇ ਕੰਨੀਂ ਪੈਣੀ ਸੀ ਕਿ ਕਦੋਂ ਕਾਨੂੰਨ ਬਣਨਾ ਹੈ।
ਬਚਿੱਤਰ ਸਿਉਂ ਕੁਝ ਹੱਸਿਆ ਤੇ ਫਿਰ ਕਹਿਣ ਲੱਗਾ “ਯਾਰ! ਤੂੰ ਵੀ ਭੋਲਾ ਹੀ ਰਿਹਾ। ਕਿਹੜਾ ਕਾਨੂੰਨ ਤੇ ਕੀਹਨੇ ਕਿਸ ਨੂੰ ਮੰਗਵਾਉਣਾ ਹੈ। ਬਸ! ਦਿਲ ਨੂੰ ਚੰਗੀ ਲੱਗ ਗਈ। ਟਾਈਮ ਪਾਸ ਕਰਨਾ ਸ਼ੁਰੂ ਕਰ ਦਿੱਤਾ। ਜੇ ਤੂੰ ਦੇਖੇਂ, ਤੂੰ ਵੀ ਲੱਟੂ ਹੋ ਜਾਵੇਂ। ਜਿੰਨਾ ਚਿਰ ਚੱਲੀ ਜਾਂਦੀ ਆ, ਚੱਲੀ ਜਾਣ ਦਿਓ। ਇੱਕ ਦਿਨ ਆਪੇ ਏਹਨੂੰ ਪਤਾ ਲੱਗ ਜੂ। ਨਾਲੇ ਯਾਰ ਬੇਬੇ ਦਾ ਬਹੁਤ ਔਖਾ ਸੀ। ਏਸ ਕਰਕੇ ਮੈਨੂੰ ਇਹ ਲਾਰਾ ਲਾਉਣਾ ਪਿਆ। ਇਨ੍ਹਾਂ ’ਤੇ ਤਸੱਲੀ ਹੈ ਸਾਨੂੰ। ਹੋਰ ਕਿਸੇ ’ਤੇ ਏਨਾ ਯਕੀਨ ਕਰਨਾ ਔਖਾ ਹੈ। ਇਹ ਤਾਂ ਘਰਦਿਆਂ ਵਾਂਗ ਹੀ ਰਹਿੰਦੇ ਆ ਏਥੇ। ਬੇਬੇ ਦੀ ਪੂਰੀ ਸੰਭਾਲ ਕਰਦੇ ਆ ਦੋਵੇਂ ਜਣੇ। ਇਨ੍ਹਾਂ ਦੇ ਸਿਰ ’ਤੇ ਬੇਬੇ ਦਾ ਫ਼ਿਕਰ ਨ੍ਹੀਂ ਰਹਿੰਦਾ।
‘‘ਅੱਛਾ! ਤਾਂ ਫਿਰ ਆਹ ਗੱਲ ਹੈ। ਮੈਂ ਵੀ ਆਖਿਆ ਮੈਨੂੰ ਤਾਂ ਜਵਾਕਾਂ ਨੇ ਨਵੇਂ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਰੋਜ਼ ਫੋਨ ਕਰਕੇ ਪੁੱਛਦਾਂ ਬਈ ਜੇ ਕਿਤੇ ਕਿਸੇ ਰਿਸ਼ਤੇਦਾਰ ਦਾ ਕੰਮ ਬਣ ਜੇ।”
ਦੋਵੇਂ ਜਣੇ ਹੱਸਣ ਲੱਗੇ। ਰਾਖੀ ਹੌਲੀ ਜਿਹੀ ਪਰਲੇ ਦਰਵਾਜ਼ੇ ਰਾਹੀਂ ਕਮਰੇ ’ਚੋਂ ਬਾਹਰ ਨਿਕਲ ਗਈ। ਬਚਿੱਤਰ ਸਿੰਘ ਨੂੰ ਸ਼ੱਕ ਤਾਂ ਪਈ ਬਈ ਰਾਖੀ ਕਮਰੇ ’ਚੋਂ ਬਾਹਰ ਗਈ ਹੈ ਹੁਣੇ ਹੁਣੇ।
ਨਿਰਮਲ ਜਾਣ ਲਈ ਉੱਠ ਖੜ੍ਹਾ ਹੋਇਆ। ਬਚਿੱਤਰ ਸਿੰਘ ਨੇ ਮਲ੍ਹਵੀਂ ਜਿਹੀ ਆਵਾਜ਼ ’ਚ ਕਿਹਾ ਕਿ ਚਾਹ ਪੀ ਕੇ ਜਾਵੇ। ਦਰਅਸਲ, ਉਸ ਨੂੰ ਡਰ ਹੋ ਗਿਆ ਸੀ ਕਿ ਕਿਤੇ ਅੱਜ ਹੀ ਨਾ ਪਟਾਕਾ ਪੈ ਜਾਵੇ। ਰਾਖੀ ਦੇ ਕਮਰੇ ’ਚੋਂ ਨਿਕਲ ਕੇ ਜਾਣ ਦਾ ਭੁਲੇਖਾ ਜੁ ਪਿਆ ਸੀ।
ਜਿਉਂ ਹੀ ਨਿਰਮਲ ਸਿੰਘ ਘਰੋਂ ਨਿਕਲਿਆ, ਰਾਖੀ ਆ ਗਰਜ਼ੀ।
“ਕਿਉਂ ਸਰਦਾਰਾ ਅੱਜ ਮੈਨੂੰ ਦੱਸ ਹੀ ਦੇ ਕਿ ਤੇਰਾ ਨਵਾਂ ਕਾਨੂੰਨ ਕਦੋਂ ਬਣਨਾ ਹੈ ਤੇ ਤੂੰ ਸਾਡੀ ਚਿੱਠੀ ਕਦੋਂ ਭਰਨੀ ਹੈ?”
ਬਚਿੱਤਰ ਸਿੰਘ ਚੁੱਪ ਸੀ। ਉਹ ਸਹਿਮ ਗਿਆ ਸੀ ਕਿ ਕੀ ਜਵਾਬ ਦੇਵੇ।
“ਨਾ ਬੋਲ ਹੁਣ! ਅੱਜ ਕਰ ਹੀ ਲੈ ਪੱਕੀ ਗੱਲ?”
ਬਚਿੱਤਰ ਸਿੰਘ ਮੌਕਾ ਭਾਂਪ ਗਿਆ ਕਿ ਰਾਖੀ ਨੇ ਸਾਰੀ ਗੱਲ ਸੁਣ ਲਈ ਹੈ। ਉਹ ਫੋਕਾ ਰੋਅਬ ਪਾਉਣ ਦੇ ਲਹਿਜ਼ੇ ਵਿੱਚ ਬੋਲਿਆ, “ਜੇ ਏਸ ਤਰ੍ਹਾਂ ਲੋਕ ਜਾਤਾਂ ਕੁਜਾਤਾਂ ਨੂੰ ਕੈਨੇਡਾ ਮੰਗਵਾਉਣ ਲੱਗੇ ਤਾਂ ਸਰ ਗਿਆ। ਪਾਸਪੋਰਟ ਬਣਵਾ ਕੇ ਰੱਖੀਂ। ਜਹਾਜ਼ ਵੀ ਨਵਾਂ ਬਣਨਾ ਤੇਰੇ ਲਈ। ਝੜੰਮ ਕਿਸੇ ਥਾਂ ਦੀ। ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ।”
ਰਾਖੀ ਨੇ ਬਚਿੱਤਰ ਸਿੰਘ ਦੇ ਗਲਮੇ ਨੂੰ ਹੱਥ ਪਾ ਲਿਆ ਤੇ ਪਤਾ ਹੀ ਨਾ ਲੱਗਿਆ ਜਦੋਂ ਉਸ ਨੇ ਤਾੜ ਤਾੜ ਕਰਦੀਆਂ ਅਣਗਿਣਤ ਚਪੇੜਾਂ ਉਸ ਦੇ ਮੂੰਹ ’ਤੇ ਜੜ ਦਿੱਤੀਆਂ।
ਬਚਿੱਤਰ ਸਿੰਘ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ…। ਖਾਂਦੀ ਪੀਂਦੀ ਮਸਰ ਗਈ। …ਖਾ ਪੀ ਕੇ ਕਿਵੇਂ ਭੌਕਦੀ ਆ?”
ਚਰਨਾ ਵੀ ਬਾਹਰਲੇ ਘਰੋਂ ਮੱਝ ਨੂੰ ਪੱਠੇ ਪਾਉਂਦਾ ਪਾਉਂਦਾ ਆ ਗਿਆ। ਰਾਖੀ ਨੇ ਰੋਂਦੀ ਰੋਂਦੀ ਨੇ ਚਰਨੇ ਦੀ ਬਾਂਹ ਫੜਕੇ ਕਹਿਣਾ ਸ਼ੁਰੂ ਕੀਤਾ, “ਏਸ ਦਰਿੰਦੇ ਨੇ ਏਨੇ ਵਰ੍ਹੇ ਮੇਰੇ ਨਾਲ ਖੇਹ ਖਾਧੀ। ਮੇਰੀ ਗ਼ਰੀਬੀ ਦਾ ਫਾਇਦਾ ਉਠਾਇਆ। ਮੈਨੂੰ ਲਾਰਾ ਲਾਉਂਦਾ ਰਿਹਾ ਕੈਨੇਡਾ ਦਾ।”
ਤੇ ਫਿਰ ਬਚਿੱਤਰ ਸਿੰਘ ਵੱਲ ਹੱਥ ਕਰਕੇ ਬੋਲੀ,“ਹਰਾਮਜ਼ਾਦਿਆ। ਤੈਨੂੰ ਕਿਤੇ ਢੋਈ ਨ੍ਹੀਂ ਮਿਲਣੀ। ਦੇਖੀਂ ਕੀੜੇ ਪੈ ਕੇ ਮਰੇਂਗਾ। ਬਦਮਾਸ਼…। ਸਾਡੀ ਗ਼ਰੀਬਾਂ ਦੀ ਆਹ ਤੈਨੂੰ ਲੱਗ ਕੇ ਰਹੂਗੀ।”
ਰੌਲਾ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਗਿਆ। ਬੇਇੱਜ਼ਤੀ ਹੁੰਦੀ ਦੇਖ ਬਚਿੱਤਰ ਸਿੰਘ ਨੇ ਪੂਰੇ ਜ਼ੋਰ ਨਾਲ ਰਾਖੀ ਨੂੰ ਧੱਕਾ ਦਿੱਤਾ ਤੇ ਰਾਖੀ ਦਾ ਸਿਰ ਨੇੜੇ ਪਏ ਪੱਥਰ ਦੇ ਗਮਲੇ ’ਚ ਜਾ ਵੱਜਿਆ। ਚਰਨੇ ਨੇ ਭੱਜ ਕੇ ਰਾਖੀ ਨੂੰ ਚੁੱਕਿਆ। ਉਹ ਬੇਹੋਸ਼ ਹੋ ਗਈ ਸੀ। ਕਿਸੇ ਨੇ ਉਸ ਦੇ ਪੈਰ ਮਲੇ, ਕਿਸੇ ਨੇ ਤਲੀਆਂ, ਕਿਸੇ ਨੇ ਸਿਰ ਨੂੰ ਟੋਹਿਆ। ਕੋਈ ਦੁੱਧ ’ਚ ਘਿਉ ਪਾ ਕੇ ਲੈ ਆਇਆ ਤੇ ਕੋਈ ਡਾਕਟਰ ਵੱਲ ਭੱਜਿਆ। ਗੱਲ ਕੀ ਸਾਰਾ ਆਂਢ-ਗੁਆਂਢ ਭੱਜਿਆ ਫਿਰਦਾ ਸੀ।
ਰਾਖੀ ਨੂੰ ਹੋਸ਼ ਤਾਂ ਆ ਗਈ, ਪਰ ਉਸ ਦਿਨ ਤੋਂ ਉਹ ਪਿੰਡ ਦੀ ਪਾਗਲ ਔਰਤ ਬਣ ਗਈ। ਉਸ ਦੇ ਵਾਲ ਸਦਾ ਖਿਲਰੇ ਰਹਿੰਦੇ ਤੇ ਲੀੜੇ ਥਾਂ ਥਾਂ ਤੋਂ ਪਾਟੇ। ਨਾ ਕਦੇ ਨਹਾਉਂਦੀ ਨਾ ਕਦੇ ਮੂੰਹ ਧੋਂਦੀ। ਜੋ ਮਿਲਦਾ ਖਾ ਲੈਂਦੀ। ਜਿੱਥੇ ਨੀਂਦ ਆ ਜਾਂਦੀ ਸੌਂ ਜਾਂਦੀ।
ਮੋਢੇ ’ਤੇ ਪੁਰਾਣਾ ਬੈਗ ਲਟਕਾਈ ਗਲੀਆਂ ਵਿੱਚ ਫਿਰਦੀ ਰਹਿੰਦੀ ਤੇ ਹਰ ਕਿਸੇ ਨੂੰ ਆਖਦੀ ਕਿ ਉਹ ਕੈਨੇਡਾ ਚੱਲੀ ਹੈ। ਕੈਨੇਡਾ…ਕੈਨੇਡਾ…ਕਰਦੀ ਆਉਂਦੀਆਂ ਜਾਂਦੀਆਂ ਕਾਰਾਂ ਪਿੱਛੇ ਭੱਜਦੀ ਰਹਿੰਦੀ। ਪਿੰਡ ਦੇ ਜਵਾਕ ਉਸ ਨੂੰ ਕੈਨੇਡਾ …ਕੈਨੇਡਾ ਕਹਿ ਕੇ ਛੇੜਦੇ ਰਹਿੰਦੇ। ਉਹ ਜਵਾਕਾਂ ਨੂੰ ਗਾਲ੍ਹਾਂ ਕੱਢਦੀ ਤੇ ਜਵਾਕ ਉਸ ਦੇ ਰੋੜੇ ਮਾਰਦੇ। ਕਦੇ ਕਦੇ ਪਿੰਡ ਦਾ ਵੱਡੀ ਉਮਰ ਦਾ ਬੰਦਾ ਕਹਿ ਦਿੰਦਾ… ਨਾ ਤੰਗ ਕਰੋ ਵਿਚਾਰੀ ਨੂੰ…ਕਰਮਾਂ ਮਾਰੀ ਨੂੰ।
ਤੇ ਇੱਕ ਦਿਨ ਫਿਰਨੀ ’ਤੇ ਕਾਰ ਆਉਂਦੀ ਦੇਖ ਕੇ ਕੈਨੇਡਾ ਕੈਨੇਡਾ ਕਰਦੀ ਉਹ ਕਾਰ ਵੱਲ ਨੂੰ ਭੱਜ ਤੁਰੀ। ਕਾਰ ਦੇ ਮੂਹਰੇ ਆ ਗਈ। ਡਰਾਈਵਰ ਨੇ ਬਥੇਰੇ ਬਰੇਕ ਮਾਰੇ, ਪਰ ਰਾਖੀ ਕਾਰ ਥੱਲੇ ਆ ਗਈ ਤੇ ਪਤਾ ਨ੍ਹੀਂ ਕਿਹੜੇ ਦੇਸ਼ ਨੂੰ ਤੁਰ ਗਈ।
ਸ਼ਾਇਦ ਕੈਨੇਡਾ ਜਾਣ ਲਈ ਉਸ ਦੀ ਟਿਕਟ ਆ ਗਈ ਸੀ।