ਸੁਰਿੰਦਰ ਗੀਤ
ਕੈਨੇਡਾ ਆਈ ਨੂੰ ਭਾਵੇਂ ਤਕਰੀਬਨ ਅੱਧੀ ਸੱਦੀ ਬੀਤ ਗਈ ਸੀ, ਪਰ ਮੈਨੂੰ ਕੈਨੇਡਾ ਦੇ ਫਾਰਮ ਵਿਚ ਕੰਮ ਕਰਨ ਦਾ ਮੌਕਾ ਨਹੀਂ ਸੀ ਮਿਲਿਆ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਮੈਂ 1974 ਵਿਚ ਕੈਨੇਡਾ ਆਈ ਤੇ ਓਦੋਂ ਤੋਂ ਲੈ ਕੇ ਹੁਣ ਤਕ ਕੈਲਗਰੀ ਵਿਚ ਹੀ ਰਹਿ ਰਹੀ ਹਾਂ। ਕੈਲਗਰੀ ਵਿਚ ਭਾਰਤੀ ਮੂਲ ਦੇ ਲੋਕਾਂ ਵਿਚ ਫਾਰਮ ਵਿਚ ਕੰਮ ਕਰਨ ਦਾ ਰੁਝਾਨ ਬਿਲਕੁਲ ਹੀ ਨਹੀਂ ਹੈ। ਜੇ ਹੈ ਤਾਂ ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ।
ਮੈਂ ਜਦੋਂ ਵੀ ਭਾਰਤ, ਖ਼ਾਸਕਰ ਪੰਜਾਬ ਜਾਣਾ ਤਾਂ ਮੇਰੇ ਪਿੰਡ ਦੇ ਲੋਕ ਅਕਸਰ ਹੀ ਮੇਰੇ ਨਾਲ ਬੈਰੀ ਦੀ ਗੱਲ ਛੇੜ ਬਹਿੰਦੇ। ਮੇਰੇ ਪਿੰਡ ਦੀਆਂ ਔਰਤਾਂ ਬੈਰੀ ਨੂੰ ਬੇਰੀ ਆਖਦੀਆਂ। ਜਿਸ ਘਟਨਾ ਦਾ ਵਰਣਨ ਕਰਨ ਜਾ ਰਹੀ ਹਾਂ ਉਹ 2017 ਦੀ ਹੈ। ਮੇਰੇ ਬੇਟੇ ਦਾ ਵਿਆਹ ਕੈਨੇਡਾ ਦੇ ਬਹੁਤ ਹੀ ਖ਼ੂਬਸੂਰਤ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਪੰਜਾਬੀ ਪਰਿਵਾਰ ਵਿਚ ਹੋਇਆ। ਬਾਅਦ ਵਿਚ ਉਹ ਪਰਿਵਾਰ ਜਾਣੀਂ ਮੇਰੇ ਰਿਸ਼ਤੇਦਾਰ ਆਪਣੇ ਫਾਰਮ ਵਿਚ ਹੀ ਵੱਡਾ ਸਾਰਾ ਘਰ ਬਣਾ ਕੇ ਰਹਿਣ ਲੱਗ ਪਏ। ਇਸ ਦਾ ਫਾਇਦਾ ਇਹ ਸੀ ਕਿ ਉਨ੍ਹਾਂ ਨੂੰ ਫਾਰਮ ਦੀ ਦੇਖਭਾਲ ਕਰਨੀ ਸੌਖੀ ਹੋ ਗਈ ਤੇ ਨਾਲੇ ਫਾਰਮ ਵਿਚ ਆਪਣੀ ਮਰਜ਼ੀ ਨਾਲ ਘਰ ਵੱਡਾ ਛੋਟਾ ਬਣਾਇਆ ਜਾ ਸਕਦਾ ਸੀ। ਇਨ੍ਹਾਂ ਵਿਚ ਸ਼ਹਿਰਾਂ ਵਾਲੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ। ਇਸ ਲਈ ਉਹ ਲੋਕ ਜਿਨ੍ਹਾਂ ਕੋਲ ਖੇਤੀ ਕਰਨ ਯੋਗ ਕੁਝ ਜ਼ਮੀਨ ਹੈ, ਉਹ ਆਪਣੀ ਜ਼ਮੀਨ ਵਿਚ ਹੀ ਘਰ ਬਣਾਉਣਾ ਚੰਗਾ ਸਮਝਦੇ ਹਨ।
ਬਲੂਬੈਰੀ ਦਾ ਸੀਜ਼ਨ ਜ਼ੋਰਾਂ ’ਤੇ ਸੀ। ਉਨ੍ਹਾਂ ਦਿਨਾਂ ਵਿਚ ਮੇਰਾ ਵੀ ਪਰਿਵਾਰ ਸਮੇਤ ਐਬਸਫੋਰਡ ਜਾਣ ਦਾ ਸਬੱਬ ਬਣ ਗਿਆ। ਲੋਕਾਂ ਨੂੰ ਬੈਰੀ ਤੋੜਦੇ ਦੇਖ ਮਨ ਵਿਚ ਬੈਰੀ ਤੋੜਨ ਦਾ ਚਾਅ ਉੱਗਮਿਆ। ਦੂਸਰੇ ਹੀ ਦਿਨ ਮੈਂ ਸਵੇਰੇ ਸਵੇਰੇ ਪੁਰਾਣੇ ਜਿਹੇ ਆਰਾਮਦਾਇਕ ਕੱਪੜੇ ਪਾ, ਜਿਨ੍ਹਾਂ ਨਾਲ ਬੈਠਣ ਉੱਠਣ ਵਿਚ ਦਿੱਕਤ ਨਾ ਆਵੇ, ਸਿਰ ’ਤੇ ਕੱਪੜਾ ਲੈ ਤੇ ਓਪਰੋਂ ਧੁੱਪ ਤੋਂ ਬਚਾਅ ਲਈ ਟੋਪੀ ਲੈ, ਚੰਗੇ ਮਜ਼ਬੂਤ ਫੀਤਿਆਂ ਵਾਲੇ ਬੂਟ ਪਾ, ਬਲੂਬੈਰੀ ਤੋੜਨ ਲਈ ਤਿਆਰ ਹੋ ਗਈ। ਰਿਸ਼ਤੇ ਵਜੋਂ ਕੁੜਮ ਲੱਗਦੇ, ਪਰ ਉਨ੍ਹਾਂ ਨੂੰ ਮੈਂ ਵੀਰ ਜੀ ਆਖਦੀ ਸਾਂ, ਕਹਿਣ ਲੱਗੇ “ਭੈਣ ਜੀ, ਮੇਰੀ ਮੰਨੋ ਤਾਂ ਬੈਰੀ ਤੋੜਨ ਦਾ ਖਿਆਲ ਛੱਡ ਦੇਵੋ, ਆਰਾਮ ਨਾਲ ਘਰ ਬੈਠੋ। ਜੇ ਬਹੁਤੀ ਗੱਲ ਹੈ ਤਾਂ ਦਸ ਵਜੇ ਚਾਹ ਲੈ ਕੇ ਆ ਜਾਣਾ। ਤੁਹਾਡੀ ਇਸ ਤਰ੍ਹਾਂ ਦੀ ਹੀ ਸਹਾਇਤਾ ਕਾਫ਼ੀ ਹੈ।”
ਪਰ ਮੈਨੂੰ ਬਲੂਬੈਰੀ ਤੋੜਨ ਦਾ ਗੋਡੇ ਗੋਡੇ ਚਾਅ ਸੀ। ਮੇਰੇ ਲਈ ਨਵਾਂ ਤਜ਼ਰਬਾ ਸੀ। ਪੰਜਾਬ ਵਿਚ ਰਹਿੰਦਿਆਂ ਵੀ ਕਦੇ ਖੇਤੋਂ ਸਾਗ ਤੋੜਨ ਤੋਂ ਸਿਵਾ ਹੋਰ ਕੰਮ ਕਰਨ ਦਾ ਮੌਕਾ ਨਹੀਂ ਸੀ ਮਿਲਿਆ। ਮੈਂ ਹੱਸ ਕੇ ਤੇ ਬੜੇ ਹੌਸਲੇ ਨਾਲ ਕਿਹਾ, “ਵੀਰ ਜੀ, ਮੈਨੂੰ ਇਕ ਵਾਰੀ ਕੋਸ਼ਿਸ਼ ਤਾਂ ਕਰ ਲੈਣ ਦੇਵੋ। ਜੇਕਰ ਨਾ ਤੋੜ ਸਕੀ ਤਾਂ ਘਰ ਆ ਜਾਵਾਂਗੀ।”
ਮੇਰੀ ਜ਼ਿੱਦ ਨੂੰ ਦੇਖ ਕੇ ਵੀਰ ਜੀ ਆਖਣ ਲੱਗੇ, “ਭੈਣ ਜੀ ਅੱਖਾਂ ਦੇ ਬਚਾਉ ਲਈ ਧੁੱਪ ਵਾਲੀਆਂ ਐਨਕਾਂ ਲੈ ਲਵੋ ਨਹੀਂ ਤਾਂ ਅੱਖਾਂ ਖ਼ਰਾਬ ਹੋ ਜਾਣਗੀਆਂ।”
ਸੋ ਮੈਂ ਭੱਜ ਕੇ ਕਾਲੀਆਂ ਐਨਕਾਂ ਚੁੱਕ ਲਿਆਈ ਤੇ ਕੁਝ ਹੀ ਮਿੰਟਾਂ ’ਚ ਮੈਂ ਬਲੂਬੈਰੀ ਦੇ ਫਾਰਮ ਪੁੱਜ ਗਈ। ਮੇਰੇ ਪੁੱਜਣ ਤੋਂ ਪਹਿਲਾਂ ਲੋਕ ਆਪਣਾ ਕੰਮ ਸ਼ੁਰੂ ਕਰ ਚੁੱਕੇ ਸਨ। ਉਨ੍ਹਾਂ ਦੇ ਹੱਥ ਮਸ਼ੀਨ ਵਾਂਗ ਚੱਲਦੇ ਸਨ। ਦੋਹਾਂ ਹੱਥਾਂ ਨਾਲ ਤੋੜਨ ਵਿਚ ਬਹੁਤ ਮੁਹਾਰਤ ਸੀ। ਕੁਝ ਕੁ ਮਿੰਟ ਮੈਂ ਉਨ੍ਹਾਂ ਨੂੰ ਤੋੜਦੇ ਦੇਖਦੀ ਰਹੀ। ਪਲਾਸਟਿਕ ਦਾ ਛੱਜਾ ਜਿਹਾ ਮੈਂ ਵੀ ਚੁੱਕ ਲਿਆਂਦਾ। ਕਈ ਔਰਤਾਂ ਨੇ ਆਪਣੇ ਲੱਕ ਨਾਲ ਛੋਟੀ ਜਿਹੀ ਪਲਾਸਟਿਕ ਦੀ ਬਾਲਟੀ ਬੰਨ੍ਹੀ ਹੋਈ ਸੀ ਤੇ ਉਹ ਬੈਰੀ ਤੋੜ ਤੋੜ ਕੇ ਇਸ ਵਿਚ ਪਾਈ ਜਾਂਦੀਆਂ ਤੇ ਜਦੋਂ ਇਹ ਬਾਲਟੀ ਭਰ ਜਾਂਦੀ ਤਾਂ ਵੱਡੀ ਬਾਸਕਟ ਜਿਸ ਨੂੰ ਮੈਂ ਛੱਜਾ ਜਿਹਾ ਕਿਹਾ ਹੈ, ਉਲਟਾ ਦਿੰਦੀਆਂ। ਪਰ ਕਈ ਤੋੜ ਤੋੜ ਸਿੱਧਾ ਹੀ ਉਸ ਵਿਚ ਪਾਈ ਜਾਂਦੇ ਸਨ। ਆਪੋ ਆਪਣੀ ਜੁਗਤ ਵਰਤੀ ਜਾ ਰਹੀ ਸੀ। ਮੈਂ ਇਹ ਵੀ ਵੇਖਿਆ ਕਿ ਕਈ ਮਰਦਾਂ ਤੇ ਔਰਤਾਂ ਨੇ ਪੁਰਾਣੀਆਂ ਘੱਸੀਆ ਪਾਟੀਆਂ ਜੁਰਾਬਾਂ ਦਾ ਅਗਲਾ ਹਿੱਸਾ ਕੱਟ ਕੇ ਹੱਥਾਂ ’ਤੇ ਪਾਇਆ ਹੋਇਆ ਸੀ। ਇਸ ਦਾ ਫਾਇਦਾ ਇਹ ਸੀ ਕਿ ਹੱਥ ਦੀਆਂ ਉਂਗਲਾਂ ਨੰਗੀਆਂ ਰਹਿੰਦੀਆ ਸਨ, ਪਰ ਹਥੇਲੀਆਂ ਢਕੀਆਂ ਰਹਿੰਦਿਆਂ ਸਨ। ਅਜਿਹਾ ਕਰਨ ਨਾਲ ਹੱਥਾਂ ’ਚੋਂ ਬੈਰੀ ਦਾ ਕੋਈ ਵੀ ਦਾਣਾ ਤਿਲ੍ਹਕ ਕੇ ਜ਼ਮੀਨ ਉੱਤੇ ਨਹੀਂ ਸੀ ਡਿੱਗਦਾ। ਵੈਸੇ ਵੀ ਜ਼ਮੀਨ ’ਤੇ ਡਿੱਗੇ ਦਾਣਿਆਂ ਨੂੰ ਨਹੀਂ ਚੁੱਕਿਆ ਜਾਂਦਾ। ਕਿਹਾ ਜਾਂਦਾ ਹੈ ਕਿ ਮਿੱਟੀ ’ਚੋਂ ਕਈ ਤਰ੍ਹਾਂ ਦੇ ਜਰਮ ਦਾਣੇ ਨੂੰ ਲੱਗ ਜਾਂਦੇ ਹਨ।
ਬੈਰੀ ਤੋੜਨ ਆਏ ਬਹੁਤੇ ਲੋਕ ਪੰਜਾਬੀ ਸਨ। ਆਮ ਕਰਕੇ ਉਹ ਲੋਕ ਸਨ ਜੋ ਕੋਈ ਹੋਰ ਕੰਮ ਕਰਨ ਤੋਂ ਅਸਮਰੱਥ ਸਨ ਜਾਂ ਕਹਿ ਲਵੋ ਕਿ ਕੋਈ ਹੋਰ ਕੰਮ ਨਹੀਂ ਮਿਲਦਾ। ਗਰਮੀਆਂ ਗਰਮੀਆਂ ਫਾਰਮਾਂ ਵਿਚ ਕੰਮ ਕਰਕੇ ਪੈਸੇ ਜੋੜ ਲੈਂਦੇ ਹਨ, ਪਰ ਉਨ੍ਹਾਂ ਵਿਚ ਇਕ ਆਦਮੀ ਮੈਕਸੀਕਨ ਵੀ ਸੀ।
ਲੋਕ ਬੈਰੀ ਤੋੜਦੇ ਤੋੜਦੇ ਗੱਲਾਂ ਕਰ ਰਹੇ ਸਨ। ਕੋਈ ਆਪਣੇ ਪਿੰਡ ਦੀਆਂ। ਕੋਈ ਕਿਸੇ ਹੋਰ ਪਿੰਡ ਦੀਆਂ। ਕਦੇ ਰਾਜਨੀਤੀ ਛਿੜ ਪੈਂਦੀ ਤੇ ਕਦੇ ਗੁਰੂਆਂ ਦੀ ਬਾਤ ਪੈਂਦੀ। ਬਹੁਤੀਆਂ ਗੱਲਾਂ ਭਾਰਤ ਦੀ ਰਾਜਨੀਤੀ ਨਾਲ ਹੀ ਸਬੰਧਤ ਸਨ। ਇਕ ਦੀ ਗੱਲ ਅਜੇ ਵਿਚ ਹੀ ਹੁੰਦੀ ਤਾਂ ਦੂਸਰਾ ਸ਼ੁਰੂ ਕਰ ਲੈਂਦਾ। ਇਉਂ ਲੱਗਦੈ ਜਿਵੇਂ ਪਿੰਡ ਦੀ ਸੱਥ ’ਚ ਬੈਠੇ ਹੋਣ। ਉਹ ਗੱਲਾਂ ਵੀ ਕਰੀ ਜਾਣ ਤੇ ਬੈਰੀ ਵੀ ਤੋੜੀ ਜਾਣ, ਪਰ ਹੱਥ ਸਭਨਾਂ ਦੇ ਤੇਜ਼ੀ ਨਾਲ ਚੱਲ ਰਹੇ ਸਨ। ਹਰ ਇਕ ਆਪੋ ਆਪਣੀ ਤੋੜੀ ਹੋਈ ਬੈਰੀ ਨੂੰ ਪਾਸੇ ਕਰਕੇ ਨਿਸ਼ਾਨੀ ਲਾ ਕੇ ਪਰੇ ਰੱਖੀ ਜਾਂਦਾ। ਜਿੰਨੀ ਕਿਸੇ ਨੇ ਤੋੜਨੀ ਸੀ, ਉਸ ਦੇ ਹਿਸਾਬ ਨਾਲ ਹੀ ਉਸ ਨੂੰ ਪੈਸੈ ਮਿਲਣੇ ਸਨ। ਇਸ ਕਰਕੇ ਢਿੱਲ ਮੱਠ ਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ।
ਮੇਰੇ ਤੇ ਭਾਵੇਂ ਇਹ ਕੰਡੀਸ਼ਨ ਲਾਗੂ ਨਹੀਂ ਸੀ ਹੁੰਦੀ। ਮੇਰੇ ਤਾਂ ਘਰ ਦਾ ਕੰਮ ਸੀ। ਆਪਣੀ ਰਫ਼ਤਾਰ ਨਾਲ ਤੋੜ ਰਹੀ ਸਾਂ, ਪਰ ਕਿਸੇ ਤੋਂ ਇਹ ਵੀ ਨਹੀਂ ਸੀ ਅਖਵਾਉਣਾ ਚਾਹੁੰਦੀ ਕਿ ਮੇਰੇ ਤੋਂ ਬੈਰੀ ਟੁੱਟੀ ਨਹੀਂ। ਮੇਰਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਸੀ। ਪਲ ਪਲ ਗਰਮੀ ਵਧ ਰਹੀ ਸੀ। ਇਉਂ ਲੱਗਦਾ ਸੀ ਕਿ ਹਵਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ, ਜੇ ਹੈ ਤਾਂ ਏਥੇ ਹੈ ਨਹੀਂ। ਜਦੋਂ ਵੀ ਕਿਤੇ ਹਵਾ ਦਾ ਬੁੱਲਾ ਆਉਂਦਾ ਜਾਂ ਸੂਰਜ ਮੂਹਰੇ ਕੋਈ ਬੱਦਲੀ ਆ ਜਾਂਦੀ ਤਾਂ ਸਾਰਿਆਂ ਵਿਚ ਜਾਨ ਪੈ ਜਾਂਦੀ। ਕੁਝ ਰਾਹਤ ਮਿਲ ਜਾਂਦੀ।
ਅੱਧੇ ਪੋਣੇ ਘੰਟੇ ਵਿਚ ਹੀ ਮੈਨੂੰ ਸਮਝ ਆ ਗਈ ਕਿ ਬਲੂਬੈਰੀ ਤੋੜਨਾ ਏਨਾ ਸੌਖਾ ਨਹੀਂ ਜਿੰਨਾ ਮੈਂ ਸਮਝਦੀ ਸੀ। ਪੌਦੇ ਦੇ ਉੱਪਰਲੇ ਹਿੱਸੇ ਤੋਂ ਤੋੜਨਾ ਤਾਂ ਕੁਝ ਸੌਖਾ ਸੀ, ਪਰ ਪੌਦਿਆਂ ਦੇ ਹੇਠਾਂ ਤਕ ਦੀਆਂ ਟਾਹਣੀਆਂ ਵੀ ਫ਼ਲ ਨਾਲ ਭਰੀਆਂ ਪਈਆਂ ਸਨ। ਪੈਰਾਂ ਭਾਰ ਬਹਿ ਕੇ ਪੌਦੇ ਦੀਆਂ ਹੇਠਲੀਆਂ ਟਾਹਣੀਆਂ ਤੋਂ ਤੋੜਨਾ ਤਾਂ ਬਹੁਤ ਔਖਾ ਸੀ।
ਮੈਂ ਪਲਾਸਟਿਕ ਦੀ ਕੁਰਸੀ ’ਤੇ ਬੈਠ ਕੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਵੱਟ ਤੋਂ ਕੁਰਸੀ ਪਿਛਾਂਹ ਨੂੰ ਰੁੜ੍ਹ ਗਈ। ਸੱਟ ਤੋਂ ਬਚ ਗਈ। ਆਪਣੇ ਆਪ ’ਤੇ ਹਾਸਾ ਵੀ ਆਇਆ। ਨਾਲ ਦੀ ਲਾਈਨ ਵਿਚ ਬੈਰੀ ਤੋੜਦੇ ਇਕ ਬਜ਼ੁਰਗ ਨੇ ਆ ਕੇ ਮੈਨੂੰ ਚੁੱਕਿਆ। ਗੱਲ ਕੀ ਇਸ ਊਠਤ ਬੈਠਕ ਵਿਚ ਮੈਨੂੰ ਆਪਣੀ ਕਮਰ ਵਿਚ ਦਰਦ ਮਹਿਸੂਸ ਹੋਣ ਲੱਗ ਪਿਆ।
ਦਸ ਵੱਜ ਗਏ। ਵੀਰ ਜੀ ਚਾਹ ਲੈ ਕੇ ਆ ਗਏ। ਸਾਰੇ ਜਣੇ ਚਾਹ ਪੀਣ ਬਹਿ ਗਏ। ਪੀਣ ਲਈ ਅਤੇ ਹੱਥ ਵਗੈਰਾ ਧੋਣ ਲਈ ਪਾਣੀ ਅਲੱਗ ਅਲੱਗ ਰੱਖਿਆ ਹੋਇਆ ਸੀ। ਮੈਂ ਆਪਣੇ ਸਿਰ ’ਤੇ ਟੋਪੀ ਹੇਠ ਲਏ ਛੋਟੇ ਜਿਹੇ ਤੌਲੀਏ ਨਾਲ ਮੂੰਹ ’ਤੇ ਆਇਆ ਪਸੀਨਾ ਪੂੰਝਿਆ। ਲੰਬਾ ਸਾਰਾ ਸਾਹ ਲਿਆ। ਹੱਥ ਧੌਣ ਸਮੇਂ ਯਾਦ ਆ ਗਿਆ ਕਿ ਪੰਜਾਬ ਵਿਚ ਤਾਂ ਕੰਮ ਕਰਦੇ ਲੋਕ ਘਾਹ ’ਤੇ ਹੱਥ ਰਗੜ ਕੇ ਹੀ ਸਾਫ਼ ਕਰ ਲੈਂਦੇ ਹਨ। ਮੂਲੀ ਜਾਂ ਗਾਜਰ ਖੇਤ ’ਚੋਂ ਪੁੱਟੀ, ਘਾਹ ’ਤੇ ਰਗੜੀ ਜਾਂ ਟਿਊਬਵੈਲ ਦੀ ਖੇਲ ’ਚ ਖੜ੍ਹੇ ਪਾਣੀ ’ਚ ਮਾੜੀ ਜਿਹੀ ਧੋਤੀ ਤੇ ਖਾ ਲਈ। ਉੱਥੇ ਕਿਸੇ ਜਰਮ ਜੁਰਮ ਦਾ ਪ੍ਰਹੇਜ਼ ਨਹੀਂ ਹੁੰਦਾ।
ਮੈਂ ਸਾਰਿਆ ਨੂੰ ਫੋਮ ਦੇ ਕੱਪਾਂ ਵਿਚ ਚਾਹ ਪਾ ਕੇ ਵਰਤਾਈ ਤੇ ਘਰੋਂ ਬਣ ਕੇ ਆਇਆ ਸੂਜੀ ਦਾ ਪ੍ਰਸ਼ਾਦ ਵੀਰ ਜੀ ਨੇ ਖ਼ੁਦ ਵਰਤਾ ਦਿੱਤਾ। ਮੈਨੂੰ ਕੁਝ ਥਕਾਵਟ ਮਹਿਸੂਸ ਹੋਣ ਲੱਗੀ, ਪਰ ਮਨ ਕਰੜਾ ਕਰ ਲਿਆ। ਮੇਰੇ ਸਮੇਤ ਚਾਹ ਪੀ ਕੇ ਸਾਰੇ ਲੋਕ ਵਾਪਸ ਬੈਰੀ ਤੋੜਨ ਲੱਗ ਪਏ। ਚਾਹ ਪੀ ਕੇ, ਪ੍ਰਸ਼ਾਦ ਖਾ ਕੇ ਸਰੀਰ ਵਿਚ ਕੁਝ ਨਵੀਂ ਤਾਕਤ ਮਹਿਸੂਸ ਹੋ ਰਹੀ ਸੀ, ਪਰ ਇਹ ਸੂਰਜ ਦੀ ਤਪਸ਼ ਮੂਹਰੇ ਜ਼ਿਆਦਾ ਦੇਰ ਤਕ ਨਾ ਟਿਕ ਸਕੀ।
ਤੇ ਇਉਂ ਹੋਰ ਦੋ ਘੰਟੇ ਬੀਤ ਗਏ। ਮੈਂ ਕਈ ਵਾਰ ਪਾਣੀ ਪੀਤਾ ਤੇ ਵਿਚੋਂ ਇਕ ਦੋ ਵਾਰ ਰੁਕ ਕੇ ਸਾਹ ਵੀ ਲਿਆ, ਪਰ ਜਦੋਂ ਮੈਂ ਆਪਣੀ ਤੁੜਾਈ ਵੱਲ ਦੇਖਿਆ ਤਾਂ ਖੁਸ਼ੀ ਵੀ ਮਹਿਸੂਸ ਹੋਈ ਕਿ ਮੈਂ ਬਾਕੀ ਲੋਕਾਂ ਤੋਂ ਪਿੱਛੇ ਤਾਂ ਜ਼ਰੂਰ ਸੀ, ਪਰ ਬਹੁਤਾ ਪਿੱਛੇ ਨਹੀ ਸਾਂ।
ਮੈਂ ਥੱਕ ਚੁੱਕੀ ਸਾਂ। ਮੇਰਾ ਧਿਆਨ ਵੀਰ ਜੀ ਦੇ ਫੋਨ ਵੱਲ ਸੀ ਕਿ ਕਦੋਂ ਘੰਟੀ ਖੜਕੇ ਤੇ ਕਦੋਂ ਅਸੀਂ ਲੰਚ ਕਰੀਏ। ਸਿਖਰ ਦੁਪਹਿਰਾ ਤੇ ਲੋਹੜੇ ਦੀ ਗਰਮੀ। ਕਦੇ ਕਦੇ ਕਿਸੇ ਦੂਰ ਦੇ ਫਾਰਮ ’ਚੋਂ ਪਟਾਖਾ ਚੱਲਣ ਦੀ ਆਵਾਜ਼ ਆ ਜਾਂਦੀ। ਪੁੱਛਣ ’ਤੇ ਪਤਾ ਲੱਗਿਆ ਕਿ ਜਨੌਰਾਂ ਤੋਂ ਫ਼ਲ ਬਚਾਉਣ ਲਈ ਖੇਤਾਂ ਵਿਚ ਪਟਾਖੇ ਚਲਾਏ ਜਾਂਦੇ ਹਨ। ਪਟਾਖੇ ਦੀ ਆਵਾਜ਼ ਸੁਣ ਕੇ ਜਨੌਰ ਉੱਡ ਜਾਂਦੇ ਹਨ।
ਵੀਰ ਜੀ ਦੇ ਫੋਨ ਦੀ ਘੰਟੀ ਖੜਕ ਹੀ ਪਈ। “ਭੈਣ ਜੀ, ਛੱਡ ਦੇਵੋ ਏਥੇ ਹੀ। ਰੋਟੀ ਖਾ ਆਵੋ।” ਵੀਰ ਜੀ ਆਖ ਰਹੇ ਸਨ। ਏਸੇ ਵਾਕ ਨੂੰ ਮੈਂ ਉਡੀਕ ਰਹੀ ਸਾਂ। ਮੈਂ ਮੁੜ੍ਹਕਾ ਪੂੰਝਿਆ, ਐਨਕਾਂ ਸਾਫ਼ ਕੀਤੀਆਂ ਤੇ ਘਰ ਵੱਲ ਨੂੰ ਤੁਰ ਪਈ। ਵੀਰ ਜੀ ਵੀ ਮੇਰੇ ਪਿੱਛੇ ਪਿੱਛੇ ਆ ਗਏ।
ਬਾਕੀ ਲੋਕ ਵੀ ਉੱਥੇ ਹੀ ਆਪਣੇ ਹੱਥ ਸਾਫ਼ ਕਰ ਆਪੋ ਆਪਣੇ ਘਰੋਂ ਲਿਆਂਦੀ ਰੋਟੀ ਖਾਣ ਬੈਠ ਗਏ। ਉਨ੍ਹਾਂ ਨੂੰ ਵਾਪਸ ਕੰਮ ’ਤੇ ਲੱਗਣ ਦੀ ਵੀ ਕਾਹਲ ਸੀ। ਚਾਰ ਛਿੱਲੜ ਵੱਧ ਤੋੜਨ ਦਾ ਵੀ ਲਾਲਚ ਸੀ। ਆਮ ਕਰਕੇ ਬੈਰੀ ਤੋੜਨ ਆਏ ਲੋਕ ਆਪਣਾ ਲੰਚ ਘਰੋਂ ਲਿਆਉਂਦੇ ਹਨ ਤੇ ਫਾਰਮ ਦਾ ਮਾਲਕ ਉਨ੍ਹਾਂ ਨੂੰ ਦੋ ਵਾਰੀ ਚਾਹ ਤੇ ਚਾਹ ਨਾਲ ਖਾਣ ਪੀਣ ਲਈ ਕੁਝ ਨਾ ਕੁਝ ਜ਼ਰੂਰ ਦਿੰਦਾ ਹੈ। ਸ਼ਾਮ ਨੂੰ ਕੰਮ ਬੰਦ ਹੋਣ ਤੋਂ ਬਾਅਦ ਹਰ ਇਕ ਦੀ ਤੁੜਾਈ ਤੋਲ ਕੇ ਨਕਦ ਪੈਸੇ ਦੇ ਦਿੱਤੇ ਜਾਂਦੇ ਹਨ।
ਘਰ ਦੇ ਬਾਹਰ ਨਾਲ ਹੀ ਫਾਰਮ ਵੱਲ ਨੂੰ ਬਰਾਂਡਾ ਸੀ। ਉੱਥੇ ਵੱਡਾ ਸਾਰਾ ਟੇਬਲ, ਅੱਠ ਦਸ ਕੁਰਸੀਆਂ ਰੱਖੀਆਂ ਹੋਈਆਂ ਸਨ। ਮੈਂ ਉੱਥੇ ਬੈਠਣਾ ਹੀ ਮੁਨਾਸਬ ਸਮਝਿਆ। ਮੇਰੇ ਕੱਪੜੇ ਤੇ ਬੂਟ ਮਿੱਟੀ ਨਾਲ ਬੁਰੀ ਤਰ੍ਹਾਂ ਭਰ ਗਏ ਸਨ। ਗੰਦੇ ਬੂਟ ਲੈ ਕੇ ਘਰ ਦੇ ਅੰਦਰ ਆਉਣਾ ਠੀਕ ਨਹੀਂ ਸੀ ਜਾਪਦਾ। ਸਬੱਬ ਨਾਲ ਕਿਚਨ ਦਾ ਇਕ ਦਰਵਾਜ਼ਾ ਉਸ ਬਰਾਂਡੇ ਵੱਲ ਨੂੰ ਖੁੱਲ੍ਹਦਾ ਸੀ। ਉਹ ਦਰਵਾਜ਼ਾ ਬਣਾਇਆ ਹੀ ਏਸੇ ਕੰਮ ਲਈ ਸੀ ਕਿ ਕੋਈ ਲਿੱਬੜੇ ਕੱਪੜੇ ਜਾਂ ਜੁੱਤੀ ਲੈ ਕੇ ਅੰਦਰ ਨਾ ਆਵੇ। ਇਸ ਲਈ ਉੱਥੋਂ ਹੀ ਰੋਟੀ ਫੜ ਲਈ।
ਮੈਂ ਜਿਉਂ ਹੀ ਰੋਟੀ ਖਾਣ ਕੁਰਸੀ ’ਤੇ ਬੈਠੀ ਤਾਂ ਮੇਰਾ ਧਿਆਨ ਕਈ ਸਾਲ ਪਿੱਛੇ ਚਲਾ ਗਿਆ। ਓਦੋਂ ਸਾਡੇ ਖੇਤੀ ਦਾ ਕੰਮ ਜ਼ੋਰਾਂ ’ਤੇ ਸੀ। ਮੇਰੀ ਮਾਂ ਤੇ ਭਾਬੀ ਆਟੇ ਦੀਆਂ ਦੋ ਤਿੰਨ ਪਰਾਂਤਾਂ ਪਕਾਇਆ ਕਰਦੀਆਂ ਸਨ। ਦੋ ਪੱਕੇ ਸੀਰੀ ਤੇ ਦਿਹਾੜੀਏ ਕਤਾਰ ਬੰਨ੍ਹ ਕੇ ਪੈਰਾਂ ਭਾਰ ਬੈਠ ਰੋਟੀ ਖਾਇਆ ਕਰਦੇ ਸਨ। ਮੈਂ ਜਿਉਂ ਹੀ ਮੂੰਹ ਵਿਚ ਬੁਰਕੀ ਪਾਈ ਤਾਂ ਮਹਿਸੂਸ ਹੋਇਆ ਜਿਵੇਂ ਉਹ ਸਾਰੇ ਸੀਰੀ ਸਾਂਝੀ ਏਥੇ ਮੇਰੇ ਨਾਲ ਹਨ ਤੇ ਕਤਾਰ ਬਣਾਈ ਬੈਠੇ ਰੋਟੀ ਦੀ ਉਡੀਕ ਕਰ ਰਹੇ ਹਨ। ਉਹ ਵੀ ਬਹੁਤ ਥੱਕੇ ਹੋਏ ਹਨ। ਉਨ੍ਹਾਂ ਦਾ ਵੀ ਅੰਗ ਅੰਗ ਮੇਰੇ ਵਾਂਗ ਦੁਖਦਾ ਹੈ। ਮੇਰੇ ਵਾਂਗ ਉਨ੍ਹਾਂ ਦਾ ਵੀ ਚਿੱਤ ਕਰਦਾ ਹੈ, ਹੁਣ ਕੰਮ ਬੰਦ ਕਰਕੇ ਦੋ ਘੰਟੇ ਆਰਾਮ ਕਰਨ। ਮੈਂ ਰੋਟੀ ਖਾਂਦੀ ਖਾਂਦੀ ਬਹੁਤ ਭਾਵੁਕ ਹੋ ਗਈ ਸਾਂ। ਮਨ ਹੀ ਮਨ ਸੀਰੀ ਲੱਛੂ ਤੇ ਮੱਦੀ ਨਾਲ ਗੱਲਾਂ ਕਰਨ ਲੱਗ ਪਈ।
ਦਹੀਂ ਨੂੰ ਥੋੜ੍ਹਾ ਜਿਹਾ ਘੋਟ ਕੇ ਬਣਾਈ ਲੱਸੀ ਦਾ ਗਲਾਸ ਜਦੋਂ ਚੁੱਕਿਆ ਤਾਂ ਮਹਿਸੂਸ ਹੋਇਆ ਕਿ ਲੱਛੂ ਤੇ ਮੱਦੀ ਨੂੰ ਵੀ ਲੱਸੀ ਪੁੱਛ ਲਵਾਂ। ਲੱਛੂ ਆਪਣੇ ਲੋਹੇ ਦੇ ਬਣੇ ਚਿੱਟੇ ਰੰਗ ਦੇ ਦੋ ਕੱਪ ਆਰਾਮ ਨਾਲ ਪੀ ਜਾਂਦਾ ਸੀ। ਮੈਂ ਕਈ ਵਾਰੀ ਆਪਣੀ ਮਾਂ ਨੂੰ ਕਹਿੰਦੇ ਸੁਣਿਆ ਸੀ ਕਿ ਸੀਰੀਆਂ ਜੋਗੀ ਖੁੱਲ੍ਹੀ ਲੱਸੀ ਰੱਖ ਲਵੋ। ਇਹ ਨਾ ਹੋਵੇ ਲੱਸੀ ਥੁੜ੍ਹ ਜਾਵੇ। ਅਚਾਨਕ ਤਾਈ ਅਮਰੋ ਕਿਸੇ ਫ਼ਿਲਮ ਦੀ ਰੀਲ੍ਹ ਵਾਂਗ ਮੇਰੇ ਸਾਹਮਣੇ ਘੁੰਮਣ ਲੱਗੀ। ਤਾਈ ਅਮਰੋ ਸਾਡੇ ਘਰ ਦੇ ਗੋਹੇ ਕੂੜੇ ਤੋਂ ਇਲਾਵਾ ਹੋਰ ਬਥੇਰੇ ਕੰਮ ਕਰਦੀ ਸੀ। ਕਪਾਹ ਚੁੱਗਣ ਵੀ ਜਾਇਆ ਕਰਦੀ ਸੀ। ਮੈਨੂੰ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ ‘ਧੀਏ ! ਕੀ ਕਰਾਂ ਹੱਡ ਕੰਮ ਕਰ ਕਰ ਟੁੱਟੇ ਪਏ ਆ। ਰਾਤ ਨੂੰ ਰੋਜ਼ ਰੋੜੇ ਦਾ ਸੇਕ ਦਿੰਨੀ ਆਂ ਤਾਂ ਜਾ ਕੇ ਤੜਕੇ ਉੱਠਿਆ ਜਾਂਦਾ ਆ।’ ਰੋਟੀ ਖਾ ਕੇ ਮੈਥੋਂ ਵੀ ਉੱਠਿਆ ਨਾ ਗਿਆ। ਮੈਂ ਪਲੇਟ ਰੱਖ ਗਰਾਜ ਵਿਚ ਬੂਟ ਲਾਹ ਕੇ, ਕੱਪੜਿਆਂ ਤੋਂ ਮਿੱਟੀ ਝਾੜ ਕੇ ਹੌਲੀ ਦੇਣੇ ਬਾਸ਼ਰੂਮ ਵਿਚ ਨਹਾਉਣ ਲੱਗ ਪਈ। ਉਸ ਦਿਨ ਮੈਂ ਪਹਿਲੀ ਵਾਰੀ ਖੇਤ ਮਜ਼ਦੂਰਾਂ ਦੀ ਪੀੜ ਨੂੰ ਆਪਣੇ ਤਨ ’ਤੇ ਮਹਿਸੂਸ ਕੀਤਾ ਸੀ।