ਡਾ. ਗੁਰਵਿੰਦਰ ਸਿੰਘ
ਅਸੀਂ 2022 ਵਰ੍ਹੇ ਦੀ ਦਹਿਲੀਜ਼ ’ਤੇ ਕਦਮ ਧਰਿਆ ਹੈ। ਮਨ ਵਿੱਚ ਨਵੀਆਂ ਸੋਚਾਂ ਅਤੇ ਸੰਕਲਪ ਕਰਵਟਾਂ ਲੈ ਰਹੇ ਹਨ। ਇਸ ਸਮੇਂ ਆਪਣੇ ਆਪ ਨਾਲ ਗੰਭੀਰ ਵਿਚਾਰ ਕਰਨਾ ਲਾਹੇਵੰਦ ਹੋਏਗਾ ਕਿ ਕਿਤਾਬ ਦੀ ਸਾਡੇ ਜੀਵਨ ਵਿੱਚ ਕੀ ਅਹਿਮੀਅਤ ਹੈ। ਦੋ ਦਹਾਕੇ ਪਹਿਲਾਂ ਵਾਪਰੀ ਇੱਕ ਘਟਨਾ ਅੱਜ ਪੂਰੀ ਤਰ੍ਹਾਂ ਚੇਤੇ ਹੈ, ਜਦੋਂ ਕੈਨੇਡਾ ਜਾਂਦਿਆਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੋੜੋਂ ਵੱਧ ਭਾਰ ਲਿਜਾ ਰਹੇ ਮੁਸਾਫਿਰਾਂ ਨੂੰ ਇੱਕ-ਇੱਕ ਕਰਕੇ ਰੋਕਿਆ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਅਤੇ ਏਅਰ ਲਾਈਨਜ਼ ਸਟਾਫ਼ ਮੈਂਬਰਾਂ ਦੇ ਨਿਰਦੇਸ਼ ਅਨੁਸਾਰ ਸਾਮਾਨ ਨਿਸ਼ਚਤ ਵਜ਼ਨ ਤੋਂ ਵਧੇਰੇ ਹੋਣ ਦੀ ਸੂਰਤ ਵਿੱਚ ਹਜ਼ਾਰਾਂ ਰੁਪਏ ਦੇਣ ਦੀਆਂ ਸ਼ਰਤਾਂ ਸਨ। ਬਸ! ਫੇਰ ਕੀ ਸੀ, ਜਿਵੇਂ ਏਅਰਪੋਰਟ ’ਤੇ ‘ਮੋਤੀਆ ਬਾਜ਼ਾਰ’ ਹੀ ਲੱਗ ਗਿਆ ਹੋਵੇ। ਬਹੁਤ ਸਾਰੇ ਮੁਸਾਫਿਰ ਆਪਣੇ ਅਟੈਚੀ ਖੋਲ੍ਹ ਰਹੇ ਸਨ ਤੇ ਵਾਧੂ ਸਾਮਾਨ ਕੱਢ ਰਹੇ ਸਨ। ਹੈਰਾਨੀ ਇਸ ਗੱਲ ਦੀ ਸੀ ਕਿ ਹਰ ਕਿਸੇ ਦੇ ਬੈਗ ਕੱਪੜਿਆਂ ਨਾਲ ਤੁੰਨੇ ਹੋਏ ਸਨ। ਆਦਮੀਆਂ ਦੇ ਕੋਟ-ਪੈਂਟਾਂ ਸਣੇ, ਇਸਤਰੀਆਂ ਦੇ ਸੂਟਾਂ ਦੀ ਗਿਣਤੀ ਦਰਜਨਾਂ ਤੋਂ ਵੱਧ ਜਾਪ ਰਹੀ ਸੀ। ਸਭ ਤੋਂ ਵੱਡਾ ਦੁਖਾਂਤ ਇਸ ਗੱਲ ਦਾ ਸੀ ਕਿ ਇੱਕ-ਅੱਧੇ ਨੂੰ ਛੱਡ ਕੇ ਕਿਸੇ ਦੇ ਸਾਮਾਨ ਵਿੱਚ ਕਿਤਾਬ ਨਾਂ ਦੀ ਸ਼ੈਅ ਸ਼ਾਮਲ ਨਹੀਂ ਸੀ। ਜੇਕਰ ਕਿਸੇ ਭਲੇ-ਪੁਰਖ ਨੇ ਜ਼ੋਰ ਪਾ ਕੇ ਕੁਝ ਪੁਸਤਕਾਂ ਖ਼ਰੀਦੀਆਂ ਵੀ ਸਨ ਤਾਂ ਸਾਮਾਨ ਵਧਣ ਦੀ ਸੂਰਤ ਵਿੱਚ ਅਟੈਚੀਆਂ ਵਿੱਚੋਂ ਬਾਹਰ ਕੱਢਣ ਲਈ ਕਿਤਾਬਾਂ ਦੀ ਹੀ ਚੋਣ ਹੋ ਰਹੀ ਸੀ। ਕਿਤਾਬਾਂ ਤੋਂ ਸੱਖਣੇ ਕੱਪੜਿਆਂ ਲੱਦੇ ਅਟੈਚੀ, ਗਿਆਨ ਵਿਹੂਣੇ ਧੁੰਦਲੇ ਭਵਿੱਖ ਦੀ ਮੂੰਹ ਬੋਲਦੀ ਤਸਵੀਰ ਜਾਪ ਰਹੇ ਸਨ:
ਬਿਨਾਂ ਕਿਤਾਬੋਂ ਘੱਟ ਹੀ, ਹਾਸਲ ਹੋਏ ਗਿਆਨ।
ਘੁੱਪ ਹਨੇਰਾ ਹੋਏ ਜਿਓਂ, ਘਰ, ਬਿਨ ਰੌਸ਼ਨਦਾਨ।
ਸਿਆਣੇ ਆਖਦੇ ਹਨ ਕਿ ਕਿਤਾਬ ਮਨੁੱਖ ਦੀ ਸਭ ਤੋਂ ਚੰਗੀ ਮਿੱਤਰ ਹੈ ਅਤੇ ਗਿਆਨ ਨਾ- ਗੁਆਚਣ ਯੋਗ ਅਨਮੋਲ ਗਹਿਣਾ ਹੈ, ਪਰ ਅੱਜ ਪੰਜਾਬੀ ਕਿਤਾਬ ਅਤੇ ਗਿਆਨ ਤੋਂ ਵਿਹੂਣੇ ਹੁੰਦੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ ਵਿਸ਼ੇਸ਼ ਤੌਰ ’ਤੇ ਕੀਤੀ ਜਾਵੇ ਤਾਂ ਹਰ ਵਰ੍ਹੇ ਵੱਖ-ਵੱਖ ਦੇਸ਼ਾਂ ਤੋਂ ਲੱਖਾਂ ਪੰਜਾਬੀ ਵਤਨ ਆ ਕੇ ਕੁਝ ਹਫ਼ਤਿਆਂ ਤੱਕ ਪੰਜਾਬ ਰਹਿਣ ਦੌਰਾਨ ਕਰੋੜਾਂ ਰੁਪਇਆਂ ਦੀ ਖ਼ਰੀਦੋ-ਫਰੋਖ਼ਤ ਕਰਦੇ ਹਨ। ਪਰਵਾਸੀ ਪੰਜਾਬੀਆਂ ਦਾ ਝੁਰਮਟ ਲੀੜੇ- ਲੱਤਿਆਂ ਦੀ ਮੰਡੀ ਵਿੱਚ ਤਾਂ ਠਾਠਾਂ ਮਾਰਦਾ ਨਜ਼ਰ ਆਵੇਗਾ, ਪਰ ਕਿਤਾਬਾਂ ਦੀਆਂ ਦੁਕਾਨਾਂ ’ਤੇ ਕੋਈ ਵਿਰਲਾ ਹੀ ਪੰਜਾਬੀ ਬੱਚਿਆਂ ਨੂੰ ਲੈ ਕੇ ਪੁੱਜੇਗਾ। ਇਹੀ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬ ਦੀ ਵਿਰਾਸਤ, ਭਾਸ਼ਾ ਤੇ ਇਤਿਹਾਸ ਦੇ ਗਿਆਨ ਤੋਂ ਸੱਖਣੇ ਰਹਿ ਜਾਂਦੇ ਹਨ।
ਸਮੱਸਿਆ ਦੇ ਹੱਲ ਲਈ ਕਾਰਨਾਂ ਦੀ ਪੜਚੋਲ ਜ਼ਰੂਰੀ ਹੁੰਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬੀ ਚਾਹੇ ਵਿਦੇਸ਼ਾਂ ਵਿੱਚੋਂ ਆਉਣ ਜਾਂ ਪੰਜਾਬ ਵਿੱਚ ਹੀ ਰਹਿੰਦੇ ਹੋਣ, ਉਨ੍ਹਾਂ ਦੇ ਘਰਾਂ ਅੰਦਰ ‘ਬੀਅਰ ਬਾਰ’ ਤਾਂ ‘ਆਮ’ ਮਿਲ ਜਾਵੇਗੀ, ਪਰ ‘ਲਾਇਬ੍ਰੇਰੀ’ ਕਿਸੇ ਖਾਸ ਘਰ ਵਿੱਚ ਹੀ ਨਜ਼ਰ ਆਵੇਗੀ। ਹੋਰ ਫ਼ਿਕਰਮੰਦੀ ਦੀ ਗੱਲ ਬਾਜ਼ਾਰ ਦੀ ਇਸ਼ਤਿਹਾਰਬਾਜ਼ੀ ਦੀ ਵੀ ਹੈ। ਜਿੰਨਾ ਪ੍ਰਚਾਰ ਬਾਜ਼ਾਰ ਵਿੱਚ ਸ਼ਰਾਬ ਦਾ ਹੋ ਰਿਹਾ ਹੈ, ਓਨਾਂ ਕਿਤਾਬਾਂ ਦਾ ਨਹੀਂ। ਕਈ ਵਾਰ ਤਾਂ ਕਿਤਾਬਾਂ ਦੀਆਂ ਦੁਕਾਨਾਂ ਲੱਭਣੀਆਂ ਵੀ ਔਖੀਆਂ ਹੋ ਜਾਂਦੀਆਂ ਹਨ। ਇਉਂ ਜਾਪਦਾ ਹੈ ਜਿਵੇਂ ;
ਬੌਧਿਕ ਗਿਆਨ ਵਧਾਉਣ ਨੂੰ, ਮਿਲਦੀ ਨਹੀਂ ਕਿਤਾਬ।
ਨਸ਼ਿਆਂ ਤਾਈਂ ਫੈਲਾਉਣ ਨੂੰ, ਘਰ ਘਰ ਮਿਲੇ ਸ਼ਰਾਬ।
ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾਈ ਅਦਾਰਿਆਂ ਨੂੰ ਸਰਗਰਮੀ ਵਿਖਾਉਣੀ ਹੋਵੇਗੀ। ਇਸ ਸੰਦਰਭ ਵਿੱਚ ਅਦਾਰਾ ਭਾਸ਼ਾ ਵਿਭਾਗ, ਪੰਜਾਬ ਹੋਰ ਵੀ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਮਿਸਾਲ ਵਜੋਂ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਭਾਸ਼ਾ ਮਹਿਕਮੇ ਦਾ ਦਫ਼ਤਰ ਹੈ ਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀ ਜ਼ਿੰਮੇਵਾਰੀ ਹੋਵੇ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ’ਤੇ ਬੋਰਡ ਲਾ ਕੇ ਚੰਗੀਆਂ ਪੁਸਤਕਾਂ ਖ਼ਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀਆਂ ਲੋੜਾਂ ਮੁੱਖ ਰੱਖਦਿਆਂ ਜੇਕਰ ਇਹ ਅਦਾਰੇ ਸੇਵਾਵਾਂ ਦਾ ਪ੍ਰਬੰਧ ਕਰਨ ਤਾਂ ਯਕੀਨਨ ਤੌਰ ’ਤੇ ਪਾਠਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਵੇਗਾ।
ਅੱਜ ਪੰਜਾਬੀਆਂ ਨੂੰ ਪੰਜਾਬ ਅੰਦਰ ਹੋਰਨਾਂ ਬਾਜ਼ਾਰਾਂ ਨਾਲੋਂ ‘ਮੋਬਾਈਲ ਲਾਇਬ੍ਰੇਰੀ’ ਦੀ ਵੱਧ ਜ਼ਰੂਰਤ ਹੈ ਤਾਂ ਕਿ ਅਗਲੀ ਪੀੜ੍ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੂਲ ਭਾਵਨਾ ਤੋਂ ਜਾਣੂ ਹੋ ਸਕੇ। ਕਿਤਾਬਾਂ ਖ਼ਰੀਦਣ ਲਈ ਉਤਸ਼ਾਹ ਵਧਾਉਣ ਵਾਸਤੇ ਚੰਗੇ ਪੈਕੇਜ ਬਣਾਏ ਜਾਣ, ਜਿਸ ਅਧੀਨ ਕੀਮਤੀ ਸਾਹਿਤਕ ਰਚਨਾਵਾਂ ਖ਼ਰੀਦਣ ’ਤੇ ਕੁਝ ਗਿਆਨ-ਵਧਾਊ ਪੁਸਤਕਾਂ ਵੀ ਦਿੱਤੀਆਂ ਜਾਣ। ਪੁਸਤਕਾਂ ਵੱਧ ਤੋਂ ਵੱਧ ਵੰਡੀਆਂ ਜਾਣ ਤਾਂ ਕਿ ਪਾਠਕ ਵਰਗ ਵਿੱਚ ਵਾਧਾ ਹੋ ਸਕੇ। ਜਿਹੜਾ ਜ਼ਿਲ੍ਹਾ, ਨਗਰ ਜਾਂ ਪਿੰਡ ਅਜਿਹਾ ਕਰਨ ਵਿੱਚ ਵਧੇਰੇ ਸਫਲ ਹੋਵੇ, ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ ਤਾਂ ਕਿ ਹੋਰਨਾਂ ਅੰਦਰ ਵੀ ਅਜਿਹਾ ਚਾਅ ਪੈਦਾ ਕੀਤਾ ਜਾ ਸਕੇ। ਅਜਿਹਾ ਕਾਰਜ ਹੀ ਯੂਨੀਵਰਸਿਟੀਆਂ ਤੇ ਕਾਲਜ ਵੀ ਕਰ ਸਕਦੇ ਹਨ। ਜੇਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਬਲੀਕੇਸ਼ਨ ਬਿਊਰੋ ਰਾਹੀਂ ਅਥਾਹ ਪੁਸਤਕਾਂ ਛਾਪ ਕੇ ਵੰਡ ਸਕਦੀ ਹੈ ਅਤੇ ਆਪਣੀ ਵੈੱਬਸਾਈਟ ’ਤੇ ਪੰਜਾਬੀ ਵਿੱਚ ਜਾਣਕਾਰੀ ਦੇ ਸਕਦੀ ਹੈ ਤਾਂ ਬਾਕੀ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਾਂ ’ਤੇ ਪੰਜਾਬੀ ਵਿੱਚ ਜਾਣਕਾਰੀ ਦੀ ਘਾਟ ਤੇ ਪੁਸਤਕਾਂ ਦੀ ਪ੍ਰਕਾਸ਼ਨਾਂ ਪ੍ਰਤੀ ਢਿੱਲ-ਮੱਠ ਕਿਉਂ ਹੈ?
ਕਿਤਾਬ ਵਰਗਾ ਤੋਹਫ਼ਾ ਹੋਰ ਕੋਈ ਨਹੀਂ ਹੋ ਸਕਦਾ। ਅਸੀਂ ਨਵੇਂ ਵਰ੍ਹੇ, ਜਨਮ ਦਿਨ, ਵਿਆਹ-ਸ਼ਾਦੀ, ਵਿਸ਼ੇਸ਼ ਦਿਹਾੜੇ ਅਤੇ ਸਨਮਾਨ ਆਦਿ ਮੌਕੇ ਖਾਣ-ਪੀਣ ਜਾਂ ਪਹਿਨਣ ਲਈ ਤਾਂ ਬਹੁਤ ਕੁਝ ਭੇਂਟ ਕਰਦੇ ਹਾਂ, ਪਰ ਪੜ੍ਹਨਯੋਗ ਭੇਟਾ ਵਿੱਚ ਹੱਥ ਤੰਗ ਰੱਖਦੇ ਹਾਂ, ਜਦੋਂ ਕਿ ਸਭ ਤੋਂ ਵੱਧ ਯਾਦਗਾਰੀ ਸੌਗਾਤ ਪੁਸਤਕ ਹੀ ਕਹੀ ਜਾ ਸਕਦੀ ਹੈ। ਆਪਣੇ ਜੀਵਨ ਸਫ਼ਰ ਵਿੱਚ ਉਹ ਘੜੀ ਮੇਰੇ ਲਈ ਅਭੁੱਲ ਰਹੀ ਹੈ ਜਦੋਂ ਵਿਆਹ ਮੌਕੇ ਅਨੇਕਾਂ ਪਿਆਰਿਆਂ ਦੇ ਵੱਖ- ਵੱਖ ਤੋਹਫ਼ਿਆਂ ਨਾਲੋਂ ਇੱਕ ਜਮਾਤੀ ਦੀ ਭੇਂਟ ਕੀਤੀ ‘ਸ਼ਿਵ ਕੁਮਾਰ ਬਟਾਲਵੀ ਦੀ ਸੰਪੂਰਨ ਕਾਵਿ ਰਚਨਾ’ ਵਧੇਰੇ ਕੀਮਤੀ ਹੋ ਨਿੱਬੜੀ। ਕੈਨੇਡਾ ਰਵਾਨਾ ਹੋਣ ਵੇਲੇ ਬੈਗ ਵਿੱਚ ਟਿਕਾਏ ਹੋਰ ਸਾਮਾਨ ਤੋਂ ਪਹਿਲਾਂ ਜਗ੍ਹਾ ਉਸ ਕਿਤਾਬ ਦੀ ਹੀ ਸੀ। ਮਗਰੋਂ ਪੰਜਾਬ ਤੋਂ ਕੈਨੇਡਾ ਪਰਤਦਿਆਂ ਹਰ ਫੇਰੀ ਦਰਜਨਾਂ ਕਿਤਾਬਾਂ ਨਾਲ ਲਿਆਉਣ ਦੇ ਸੁਭਾਅ ਕਾਰਨ ਪੰਜਾਬ ਵਾਂਗ ਕੈਨੇਡਾ ਵਿਚਲੇ ਘਰ ਅੰਦਰ ਲਾਇਬ੍ਰੇਰੀ ਸ਼ਿੰਗਾਰ ਬਣ ਚੁੱਕੀ ਹੈ।
ਵਿਦੇਸ਼ਾਂ ਤੋਂ ਪੰਜਾਬ ਆਉਂਦੇ ਪੰਜਾਬੀ ਜੇਕਰ ਆਪਣੀ ਜਨਮ- ਭੂਮੀ ’ਤੇ ਜਾ ਕੇ ਖ਼ਰੀਦੋ-ਫਰੋਖ਼ਤ ਕਰਦਿਆਂ ਕਿਤਾਬਾਂ ਅਤੇ ਕੱਪੜਿਆਂ ਵਿਚਕਾਰ ਸੰਤੁਲਨ ਹੀ ਕਾਇਮ ਕਰ ਲੈਣ ਤਾਂ ਵੀ ਗਿਆਨ ਦੀ ਲਹਿਰ ਪੈਦਾ ਹੋ ਸਕਦੀ ਹੈ। ਇਸ ਦਾ ਅਸਰ ਕਬੂਲਦਿਆਂ ਪੰਜਾਬ ਵੱਸਦੇ ਲੋਕਾਂ ਨੂੰ ਵੀ ਪੁਸਤਕਾਂ ਪੜ੍ਹਨ ਲਈ ਹਲੂਣਾ ਮਿਲੇਗਾ ਤੇ ਪੰਜਾਬੀਆਂ ਅੰਦਰ ਪੜ੍ਹਨ ਦੀ ਰੁਚੀ ਵਧੇਗੀ। ਜਿਸ ਦਿਨ ਪੰਜਾਬ ਅੰਦਰ ਕਿਤਾਬ ਸੱਭਿਆਚਾਰ ਪੈਦਾ ਹੋ ਗਿਆ, ਉਸ ਦਿਨ ਗਿਆਨ ਦੇ ਸੂਰਜ ਦੇ ਮਘਣ ਨਾਲ ਪੰਜਾਬੀਆਂ ਦਾ ਵਿਹੜਾ ਸਚਮੁੱਚ ਪ੍ਰਕਾਸ਼ਮਾਨ ਹੋ ਜਾਏਗਾ ਅਤੇ ਉਹ ਦਿਹਾੜਾ ਮਾਂ ਬੋਲੀ ਪੰਜਾਬੀ ਦਾ ਸੁਨਹਿਰੀ ਸਮਾਂ ਹੋਵੇਗਾ। ਆਓ! ਪੰਜਾਬੀਓ ਨਵੇਂ ਵਰ੍ਹੇ ’ਤੇ ਨਵਾਂ ਸੰਕਲਪ ਲੈ ਕੇ ਸ਼ਰਾਬ ਦਾ ਛੇਵਾਂ ਦਰਿਆ ਬੰਦ ਕਰਕੇ, ਕਿਤਾਬ ਦੇ ਗਿਆਨ ਰੂਪੀ ਦਰਿਆ ਦੇ ਵਹਿਣ ਦੇਸ਼- ਵਿਦੇਸ਼ਾਂ ਵਿੱਚ ਵਹਾ ਦਈਏ। ਕਿਤਾਬ ਇਨਕਲਾਬ ਲਿਆਉਣ ਲਈ ਵਾਰ-ਵਾਰ ਆਪਣੇ ਆਪ ਨੂੰ ਇਹ ਸਵਾਲ ਕਰੀਏ;
ਘਰ-ਘਰ ਅੰਦਰ ‘ਬਾਰ’ ਕਿਉਂ, ਕਿਸਮੋਂ-ਕਿਸਮ ਸ਼ਰਾਬ।
ਆਪਾਂ ਕੌਮ ਹਾਂ ਸ਼ਬਦ ਦੀ, ਕਿੱਥੇ ਗਈ ਕਿਤਾਬ ?
ਸੰਪਰਕ: 001-604-825-1550