ਡਾ. ਗੁਰਵਿੰਦਰ ਸਿੰਘ
ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਕੇ ਕੈਨੇਡਾ ਦੇ ਹੋਰਨਾਂ ਪ੍ਰਾਂਤਾਂ ਲਈ ਵੀ ਚਾਨਣ ਮੁਨਾਰਾ ਬਣਨ ਦਾ ਸਬੂਤ ਦਿੱਤਾ ਗਿਆ ਸੀ। ਇਹ ਵੀ ਮਾਣ ਵਾਲੀ ਗੱਲ ਹੈ ਕਿ ਅਜਿਹੀ ਪਹਿਲਕਦਮੀਂ ਬੀਸੀ ਦੇ ਤਤਕਾਲੀ
ਸਿੱਖਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਵੱਲੋਂ ਹੀ ਕੀਤੀ ਗਈ ਸੀ, ਜਿਨ੍ਹਾਂ ਨੂੰ ‘ਕੈਨੇਡਾ ਦੇ ਲਛਮਣ ਸਿੰਘ ਗਿੱਲ’ ਕਹਿ ਕੇ ਪੰਜਾਬੀ ਮਾਣ ਦਿੰਦੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ’ਚ ਪੰਜਾਬੀ ਹਮੇਸ਼ਾਂ ਪੂਰੀ ਸਰਗਰਮੀ ਨਾਲ ਨਾ ਸਿਰਫ਼ ਸ਼ਮੂਲੀਅਤ ਹੀ ਕਰਦੇ ਹਨ, ਬਲਕਿ ਵੱਡੀ ਪੱਧਰ ’ਤੇ ਕਾਮਯਾਬ ਵੀ ਹੁੰਦੇ ਹਨ। 24 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਹੋ ਚੁੱਕਿਆ ਹੈ ਅਤੇ ਪ੍ਰੀਮੀਅਰ ਜੌਹਨ ਹੌਰਗਨ ਦੀ ਸਿਫਾਰਸ਼ ’ਤੇ ਲੈਫਟੀਨੈਂਟ ਗਵਰਨਰ ਜੇਨਟ ਆਸਟਿਨ ਵੱਲੋਂ ਮੌਜੂਦਾ ਵਿਧਾਨ ਸਭਾ ਭੰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਹੇ ਪਹਿਲਾਂ ਇਹ ਸੂਬਾਈ ਚੋਣਾਂ ਅਗਲੇ ਵਰ੍ਹੇ 16 ਅਕਤੂਬਰ ਨੂੰ ਹੋਣੀਆਂ ਸਨ, ਪਰ ਸੱਤਾਧਾਰੀ ਨਿਊ ਡੈਮੋਕਰੇਟਿਕ ਪਾਰਟੀ ਨੇ ਸੂਬੇ ’ਚ ਆਪਣੀ ਚੜ੍ਹਤ ਦਾ ਸਿਆਸੀ ਲਾਹਾ ਲੈਂਦਿਆਂ ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਵਿਰੋਧੀ ਬੀ.ਸੀ. ਲਬਿਰਲ ਪਾਰਟੀ ਦੇ ਆਗੂ ਡਾ. ਐਂਡਰਿਊ ਵਿਲਕਿਨਸਨ ਅਤੇ ਗਰੀਨ ਪਾਰਟੀ ਨੇਤਾ ਸੋਨੀਆ ਫਰਸਤ ਸਰਕਾਰ ਦੀ ਇਸ ਕਾਰਵਾਈ ਦੀ ਤਿੱਖੀ ਆਲੋਚਨਾ ਕਰ ਰਹੇ ਹਨ, ਪਰ ਮੁੱਖ ਮੰਤਰੀ ਹੌਰਗਨ ਦਾ ਤਰਕ ਹੈ ਕਿ ਘੱਟ ਗਿਣਤੀ ਐੱਨ.ਡੀ.ਪੀ. ਸਰਕਾਰ ਗਰੀਨ ਪਾਰਟੀ ਦੇ ਸਹਾਰੇ ਕਾਇਮ ਰਹਿਣੀ ਮੁਸ਼ਕਿਲ ਹੈ ਤੇ ਚੋਣਾਂ ਜ਼ਰੂਰੀ ਹਨ।
ਅਜਿਹੇ ਮੌਕੇ ਬ੍ਰਿਟਿਸ਼ ਕੋਲੰਬੀਆ ਵਿਚ ਨਿਊ ਡੈਮੋਕਰੇਟਿਕ ਪਾਰਟੀ ਅਤੇ ਲਬਿਰਲ ਪਾਰਟੀ ਕੋਲ 41-41 ਵਿਧਾਇਕ ਸਨ, ਜਦੋਂਕਿ ਗਰੀਨ ਪਾਰਟੀ ਕੋਲ ਤਿੰਨ ਸੀਟਾਂ ਸਨ, ਬੀ.ਸੀ. ਲਬਿਰਲ ਐੱਮਐੱਲਏ ਡਾ. ਡੈਰੇਲ ਪਲੱਕਸ ਸਪੀਕਰ ਬਣਨ ਮਗਰੋਂ ਪਾਰਟੀ ਬੀ. ਸੀ. ਲਬਿਰਲ ਤੋਂ ਵੱਖ ਹੋ ਗਏ ਸਨ। ਬ੍ਰਿਟਿਸ਼ ਕੋਲੰਬੀਆ ਦੀ 87 ਸੀਟਾਂ ਵਾਲੀ 42ਵੀਂ ਵਿਧਾਨ ਸਭਾ ਕੋਵਿਡ- 19 ਦੇ ਪ੍ਰਭਾਵ ’ਚ ਕਿਵੇਂ ਕਾਇਮ ਹੋਵੇਗੀ, ਲੋਕ ਇਸ ਵਿਸ਼ੇ ’ਤੇ ਵੀ ਚਿੰਤਤ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ਚ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਪੰਜਾਬੀ ਭਾਈਚਾਰੇ ਵਿਚੋਂ ਆਪਣੇ ਸਾਰੇ ਜੇਤੂ ਵਿਧਾਇਕਾਂ ਨੂੰ ਮੁੜ ਮੈਦਾਨ ਵਿਚ ਉਤਾਰਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਬੀ.ਸੀ. ਲਬਿਰਲ ਵੱਲੋਂ ਪੰਜਾਬੀਆਂ ਦੇ ਮੁਕਾਬਲੇ ਪੰਜਾਬੀਆਂ ਨੂੰ ਹੀ ਮੈਦਾਨ ’ਚ ਲਿਆਉਣ ਦੀ ਸਿਆਸਤ ਨੇ ਕਈ ਚੋਣ ਅਖਾੜਿਆਂ ਨੂੰ ਦੇਸੀ ਚੋਣਾਂ ਵਰਗਾ ਰੂਪ ਹੀ ਦੇ ਦਿੱਤਾ ਹੈ। ਸਰੀ ਨਿਊਟਨ ਹਲਕੇ ਤੋਂ ਸੂਬੇ ਦੇ ਸਾਬਕਾ ਕਿਰਤ ਮੰਤਰੀ ਅਤੇ
ਚਾਰ ਵਾਰ ਐੱਮਐੱਲਏ ਬਣ ਚੁੱਕੇ ਹੈਰੀ ਹਰਕੰਵਲ ਸਿੰਘ ਬੈਂਸ ਮਜ਼ਬੂਤ ਉਮੀਦਵਾਰਾਂ ਵਜੋਂ ਐੱਨ. ਡੀ.ਪੀ. ਦੀ ਪ੍ਰਤੀਨਿਧਤਾ ਕਰ ਰਹੇ ਹਨ, ਜਿਨ੍ਹਾਂ ਦੇ ਮੁਕਾਬਲੇ ਲਬਿਰਲ ਪਾਰਟੀ ਨੇ ਪੌਲ ਬੌਪਾਰਾਏ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀ.ਸੀ.ਵਿਧਾਨ ਸਭਾ ’ਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਜਗਰੂਪ ਸਿੰਘ ਬਰਾੜ ਸਰੀ ਫਲੀਟਵੁੱਡ ਤੋਂ ਮੁੜ ਜਿੱਤਣ ਲਈ ਪੱਬਾਂ ਭਾਰ ਹਨ, ਜਿਨ੍ਹਾਂ ਨਾਲ ਚੋਣ ਦੰਗਲ ਵਿਚ ਸਕੂਲ ਟਰੱਸਟੀ ਨੌਜਵਾਨ ਗੁਰਪ੍ਰੀਤ ਸਿੰਘ ਗੈਰੀ ਥਿੰਦ ਨੂੰ ਬੀ.ਸੀ. ਲਬਿਰਲ ਨੇ ਉਮੀਦਵਾਰ ਐਲਾਨਿਆ ਹੈ। ਸਭ ਤੋਂ ਰੌਚਕ ਸਥਿਤੀ ਸਰੀ ਪੈਨੋਰਮਾ ਹਲਕੇ ਦੀ ਹੈ, ਜਿੱਥੇ ਐੱਨ.ਡੀ. ਪੀ. ਵੱਲੋਂ ਸਾਬਕਾ ਮੰਤਰੀ ਜਿੰਨੀ ਜੋਗਿੰਦਰੋ ਸਿਮਜ਼ ਦਾ ਮੁਕਾਬਲਾ ਬੀ.ਸੀ. ਲਬਿਰਲ ਦੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਕਰਨਗੇ। ਜਿੰਨੀ ਸਿਮਜ਼ ਨੇ ਬੀਤੇ ਸਮੇਂ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ,
ਜਦੋਂਕਿ ਡਾ. ਚੀਮਾ ਵੀ ਕਿਸੇ ਸਮੇਂ ਸੂਬਾਈ ਸਿਆਸਤ ’ਚ ਮੰਤਰੀ ਦਾ ਅਹੁਦਾ ਛੱਡ ਕੇ ਫੈਡਰਲ ਪੱਧਰ ’ਤੇ ਸਰਗਰਮ ਹੋਏ ਸਨ, ਪਰ ਸਫਲ ਨਾ ਹੋ ਸਕੇ। ਜਿੰਨੀ ਸਿਮਜ਼ ਐੱਮਪੀ ਦੀ ਚੋਣ ਹਾਰਨ ਮਗਰੋਂ ਸੂਬਾ ਪੱਧਰ ਦੀ ਰਾਜਨੀਤੀ ’ਚ ਪਰਤੇ ਸਨ।
ਐੱਨ. ਡੀ. ਪੀ. ਦੀ ਪੰਜਾਬਣ ਵਿਧਾਇਕ ਰਚਨਾ ਸਿੰਘ ਨੂੰ ਪਾਰਟੀ ਨੇ ਦੁਬਾਰਾ ਸਰੀ ਗਰੀਨ ਟਿੰਬਰ ਤੋਂ ਉਮੀਦਵਾਰ ਬਣਾਇਆ ਹੈ, ਜਿਸਨੇ ਆਪਣੇ ਹਲਕੇ ਦੇ ਮੁੱਦਿਆਂ ਤੋਂ ਇਲਾਵਾ, ਮਨੁੱਖੀ ਹੱਕਾਂ ਦੇ ਮਸਲੇ, ਭਾਰਤ ’ਚ ਸੀਏਏ ਕਾਨੂੰਨ ਸਮੇਤ, ਫਾਸ਼ੀਵਾਦੀ ਤਾਕਤਾਂ ਦਾ ਵਿਰੋਧ ਕੀਤਾ ਸੀ। ਰਚਨਾ ਸਿੰਘ ਪੰਜਾਬੀ ਲੇਖਕ ਡਾ. ਰਘਬੀਰ ਸਿੰਘ ਸਿਰਜਣਾ ਦੀ ਧੀ ਅਤੇ ਨਾਮਵਰ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਹੈ। ਸੂਤਰਾਂ ਅਨੁਸਾਰ ਆਰਐੱਸਐੱਸ ਪੱਖੀ ਲਾਬੀ ਦੇ ਇਸ਼ਾਰੇ ’ਤੇ ਅੰਦਰਖਾਤੇ ਰਚਨਾ ਸਿੰਘ ਖ਼ਿਲਾਫ਼ ਯੋਜਨਾਬੱਧ ਢੰਗ ਨਾਲ ਮੁਹਿੰਮ ਚਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਵਿਚ ਕੁਝ ਭਾਜਪਾ ਪੱਖੀ ਹਿੰਦੂ ਆਗੂ, ਕੁਝ ਨਵੀਨਵਾਦੀ ਸਿੱਖ ਨੇਤਾ ਅਤੇ ਦਿੱਲੀ ਤੋਂ ਜਾਗੋ ਪਾਰਟੀ ਨਾਲ ਸਬੰਧਿਤ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਆਗੂ ਦਾ ਨਾਂ ਵੀ ਚਰਚਾ ਵਿਚ ਹੈ। ਇਸ ਤਰ੍ਹਾਂ ਹੀ ਡੈਲਟਾ ਹਲਕੇ ਤੋਂ ਐੱਨ. ਡੀ. ਪੀ. ਦੇ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਹਾਕੀ ਓਲੰਪੀਅਨ ਰਵੀ ਕਾਹਲੋਂ ਨੂੰ ਪਾਰਟੀ ਨੇ ਮੁੜ ਟਿਕਟ ਦਿੱਤੀ ਹੈ, ਜਿਨ੍ਹਾਂ 2017 ਵਿਚ ਬੀ.ਸੀ. ਵਿਧਾਨ ਸਭਾ ਅੰਦਰ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਅਤੇ ਕਸ਼ਮੀਰ ਵਿਚ ਧਾਰਾ 370 ਤੋੜਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਸ਼ਬਦਾਂ ਵਿਚ ਆਵਾਜ਼ ਬੁਲੰਦ ਕੀਤੀ ਸੀ। ਇਸ ਹਲਕੇ ਤੋਂ ਬੀ.ਸੀ. ਲਬਿਰਲ ਨੇ ਨਵਾਂ ਪੰਜਾਬੀ ਚਿਹਰਾ ਜਤਿੰਦਰ ਜੈਟ ਸੁੰਨੜ ਚੋਣਾਂ ’ਚ ਉਤਾਰਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ’ਚ ਡਿਪਟੀ ਸਪੀਕਰ ਅਤੇ ਚਾਰ ਵਾਰ ਵਿਧਾਇਕ ਬਣ ਚੁੱਕੇ ਰਾਜ ਚੌਹਾਨ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਬਰਨਬੀ ਐਡਮੰਡਜ ਹਲਕੇ ਤੋਂ ਦੁਬਾਰਾ ਮੈਦਾਨ ’ਚ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੀ ਕਾਮਯਾਬੀ ਦਾ ਭਰੋਸਾ ਹੈ।
ਮਨੁੱਖੀ ਅਧਿਕਾਰਾਂ ਦੇ ਅਹਿਮ ਮਸਲਿਆਂ ’ਤੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਉੱਘੇ ਵਕੀਲ ਦਸਤਾਰਧਾਰੀ ਨੌਜਵਾਨ ਅਮਨਦੀਪ ਸਿੰਘ ਰਿਚਮੰਡ- ਕੁਈਨਜ਼ਬਰੋ ਹਲਕੇ ਤੋਂ ਐੱਨਡੀਪੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਲਬਿਰਲ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਟੈਲੀਵਿਜ਼ਨ ਐਂਕਰ ਜੈਸ ਜੌਹਲ ਨਾਲ ਹੋਵੇਗਾ। ਐਬਟਸਫੋਰਡ ਵੈਸਟ ਹਲਕੇ ਤੋਂ ਸਕੂਲ ਟਰੱਸਟੀ ਅਤੇ ਉਤਸ਼ਾਹੀ ਨੌਜਵਾਨ ਪ੍ਰੀਤ ਮਹਿੰਦਰ ਸਿੰਘ ਰਾਏ ਨਿਊ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ ਜਦੋਂਕਿ ਸਟਾਫ਼ ਨਰਸ ਬੀਬੀ ਹਰਵਿੰਦਰ ਕੌਰ ਸੰਧੂ ਵਰਨਨ-ਮੋਨਾਸੀ ਹਲਕੇ ਤੋਂ ਐੱਨਡੀਪੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਵਕੀਲ ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗ ਤੋਂ ਐੱਨਡੀਪੀ ਅਤੇ ਰਿਸ਼ੀ ਸ਼ਰਮਾ ਸੈਨਿਕ ਸਾਊਥ ਤੋਂ ਲਬਿਰਲ ਪਾਰਟੀ ਦੇ ਉਮੀਦਵਾਰ ਬਣਾਏ ਗਏ ਹਨ। ਸਰੀ ਗਿਲਫਰਡ ਤੋਂ ਦੇਵ ਹੰਸ, ਸਰੀ ਵਾਲੀ ਹਲਕੇ ਤੋਂ ਸ਼ੌਕਤ ਖਾਨ ਅਤੇ ਸਰੀ ਗ੍ਰੀਨ ਟਿੰਬਰ ਹਲਕੇ ਤੋਂ ਦਿਲਰਾਜ ਅਟਵਾਲ ਲਬਿਰਲ ਪਾਰਟੀ ਵੱਲੋਂ ਮੈਦਾਨ ਵਿਚ ਉਤਾਰੇ ਗਏ ਹਨ। ਇਉਂ ਡੇਢ ਦਰਜਨ ਤੋਂ ਵੱਧ ਪੰਜਾਬੀ ਮੂਲ ਦੇ ਸਿਆਸਤਦਾਨ ਬੀਸੀ ਦੀਆਂ ਸੂਬਾਈ ਚੋਣਾਂ ਵਿਚ ਸਰਗਰਮ ਨਜ਼ਰ ਆ ਰਹੇ ਹਨ।
ਚਾਹੇ ਇਸ ਵਾਰ ਚੋਣਾਂ ’ਚ ਕਰੋਨਾ ਪ੍ਰਭਾਵ ਕਾਰਨ ਵੱਡੇ ਇਕੱਠਾਂ ਅਤੇ ਚੋਣ ਰੈਲੀਆਂ ਦੀ ਸੰਭਾਵਨਾ ਨਹੀਂ ਅਤੇ ‘ਪਿਆਕੜਾਂ’ ਲਈ ਵੀ ਪਹਿਲਾਂ ਵਾਂਗ ਮੌਜਾਂ ਦੀ ਆਸ ਨਹੀਂ, ਪਰ ਇਸ ਦੇ ਬਾਵਜੂਦ ਬੀ.ਸੀ. ਦੀਆਂ ਚੋਣਾਂ ਨੂੰ ਐੱਨ.ਡੀ.ਪੀ. ਦੇ ਸਿਆਸੀ ਦਾਅ ਵਜੋਂ ਅਹਿਮ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਲਬਿਰਲ ਪਾਰਟੀ ਦੇ ਆਗੂ ਦੀ ਕਮਜ਼ੋਰ ਹਾਲਤ, ਕੋਵਿਡ ਦੌਰਾਨ ਮੁੱਖ ਮੰਤਰੀ ਵੱਲੋਂ ਸੂਬੇ ਦੀ ਸਥਿਤੀ ਸੰਭਾਲਣ ’ਚ ਯੋਗਤਾ, ਬੀ.ਸੀ. ਹਿਊਮਨ ਰਾਈਟਸ ਕਮਿਸ਼ਨ ਮੁੜ ਸਥਾਪਤ ਕਰਨਾ, ਟੌਲ ਟੈਕਸ ਹਟਾਉਣ ਦੀ ਕਾਰਵਾਈ ਅਤੇ ਕਿਰਤ ਵੇਤਨ ’ਚ ਵਾਧਾ ਆਦਿ ਐੱਨ.ਡੀ.ਪੀ. ਦੇ ਪੱਖ ’ਚ ਜਾਣ ਵਾਲੇ ਪਹਿਲੂ ਹਨ। ਦੂਜੇ ਪਾਸੇ ਊਬਰ ਦੇ ਮਸਲੇ ’ਤੇ ਅਸਫਲਤਾ, ਟਰੱਕ-ਟਰਾਂਸਪੋਰਟ ਖੇਤਰ ’ਚ ਲੋਕਾਂ ਅੰਦਰ ਨਿਰਾਸ਼ਾ, ਖੋਖਿਆਂ ’ਚ ਚੱਲ ਰਹੇ ਸਕੂਲਾਂ ਲਈ ਇਮਾਰਤਾਂ ਸਥਾਪਤ ਨਾ ਹੋਣਾ, ਐਲਾਨਾਂ ਦੇ ਬਾਵਜੂਦ ਸਰੀ ’ਚ ਹਸਪਤਾਲ ਦੀ ਵਾਅਦਾ ਖ਼ਿਲਾਫ਼ੀ ਅਤੇ ਅਗਾਊਂ ਚੋਣਾਂ ਦੀ ਮੌਕਾਪ੍ਰਸਤੀ ਸਰਕਾਰ ਖ਼ਿਲਾਫ਼ ਭੁਗਤਣ ਵਾਲੇ ਮਸਲੇ ਹਨ।
ਚੋਣ ਪ੍ਰਚਾਰ ਦੌਰਾਨ ਪੰਜਾਬੀ ਵਸੋਂ ਵਾਲੇ ਇਲਾਕਿਆਂ ’ਚ ਉਮੀਦਵਾਰਾਂ ਵੱਲੋਂ ਪੰਜਾਬੀ ਵਿਚ ਸਾਈਨ ਬੋਰਡ ਲਗਾਉਣ ਅਤੇ ਪੰਜਾਬੀ ’ਚ ਚੋਣ ਪ੍ਰਚਾਰ ਕਰਨ ਲਈ ਆਸ ਕੀਤੀ ਜਾ ਰਹੀ ਹੈ। ਪਿਛਲੀਆਂ ਚੋਣਾਂ ਦੌਰਾਨ ਵੀ ਪੰਜਾਬੀ ਵੋਟਰਾਂ ਵਾਲੇ ਹਲਕਿਆਂ ਤੋਂ ਚੋਣ ਲੜ ਰਹੇ ਗ਼ੈਰ ਪੰਜਾਬੀ, ਕੈਨੇਡੀਅਨ ਉਮੀਦਵਾਰਾਂ ਨੇ ਵੀ ਲੋਕਾਂ ਦੀ ਸਹੂਲਤ ਲਈ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਸਾਈਨ ਬੋਰਡ ਲਾ ਕੇ ਸੂਝਬੂਝ ਦਾ ਸਬੂਤ ਦਿੱਤਾ ਸੀ। ਅੱਜ ਜਦੋਂ ਭਾਰਤ ’ਚ ਜੰਮੂ ਕਸ਼ਮੀਰ ’ਚੋਂ ਪੰਜਾਬੀ ਦਾ ਸਰਕਾਰੀ ਭਾਸ਼ਾ ਵਜੋਂ ਦਰਜਾ ਖ਼ਤਮ ਕਰ ਦਿੱਤਾ ਹੈ। ਰਾਜਸਥਾਨ ਵਿਚ ਵੀ ਪੰਜਾਬੀ ਨਾਲ ਮਤਰੇਈ ਭਾਸ਼ਾ ਵਾਲਾ ਸਲੂਕ ਹੋ ਰਿਹਾ ਹੈ। ਇੱਥੋਂ ਤਕ ਕਿ ਗੁਆਂਢੀ ਸੂਬੇ ਹਰਿਆਣਾ ’ਚੋਂ ਵੀ ਪੰਜਾਬੀ ਦਾ ਦੂਜੀ ਭਾਸ਼ਾ ਦਾ ਦਰਜਾ ਖੋਹ ਕੇ ਪੰਜਾਬੀ ਵਿਰੋਧੀ ਵਰਤਾਰਾ ਜ਼ੋਰਾਂ ’ਤੇ ਹੈ। ਅਜਿਹੇ ਸਮੇਂ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਨੂੰ ‘ਦੂਜੀ ਭਾਸ਼ਾ’ ਵਜੋਂ ਸਰਕਾਰੀ ਪੱਧਰ ’ਤੇ ਮਿਲੀ ਮਾਨਤਾ ਮਾਣ ਵਾਲੀ ਗੱਲ ਹੈ ਤੇ ਆਪਣੇ ਹੀ ਦੇਸ਼ ’ਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਡਟਣ ਲਈ ਵੀ ਪ੍ਰੇਰਨਾ ਹੈ। ਅਕਤੂਬਰ 2020 ਦੀਆਂ ਬੀ.ਸੀ. ਵਿਧਾਨ ਸਭਾ ਚੋਣਾਂ ’ਚ ਪੰਜਾਬੀ ਭਾਸ਼ਾ ਪ੍ਰਤੀ ਉਤਸ਼ਾਹ, 2021 ’ਚ ਹੋ ਰਹੀ ਮਰਦਮਸ਼ੁਮਾਰੀ ਮੌਕੇ ਪੰਜਾਬੀਆਂ ਨੂੰ ਕੈਨੇਡਾ ਭਰ ’ਚ ਘਰਾਂ ਵਿਚ ਬੋਲੀ ਜਾਣ ਵਾਲੀ ਭਾਸ਼ਾ ਵਜੋਂ
ਪੰਜਾਬੀ ਲਿਖਾਉਣ ਲਈ ਵੀ ਪ੍ਰੇਰਿਤ ਕਰੇਗਾ।
ਕੈਨੇਡਾ ’ਚ ਪੰਜਾਬੀ ਬੋਲੀ ਦੀ ਤਰੱਕੀ ਦਾ ਸਫ਼ਰ ਨਿਰੰਤਰ ਜਾਰੀ ਹੈ;
ਪੰਜਾਬੀ ਦਾ ਮਰਤਬਾ, ਵਿਚ ਕੈਨੇਡਾ ਖਾਸ।
ਬੋਲੀ ਪੱਖੋਂ ਸਿਰਜਿਆ, ਅਸਾਂ ਨਵਾਂ ਇਤਿਹਾਸ।
ਸੰਪਰਕ: 001-604 8251550