ਡਾ. ਗੁਰਬਖ਼ਸ਼ ਸਿੰਘ ਭੰਡਾਲ
ਬਾਪੂ ਨੂੰ ਪੂਰੇ ਹੋਇਆਂ ਦੋ ਸਾਲ ਹੋ ਚੁੱਕੇ ਨੇ। ਪਰ ਜਾਪਦਾ ਏ ਜਿਵੇਂ ਕੱਲ੍ਹ ਦੀ ਗੱਲ ਹੋਵੇ। ਮਨ ਸੀ ਕਿ ਪਿਤਾ ਦੀ ਮੌਤ ਤੋਂ ਸਾਲ ਬਾਅਦ ਫਿਰ ਪਿੰਡ ਜਾਵਾਂਗਾ ਅਤੇ ਪਿਤਾ ਦੀ ਯਾਦ ਨੂੰ ਨਤਮਸਤਕ ਹੋਵਾਂਗਾ। ਪਰ ਕਰੋਨਾ ਦੀ ਮਹਾਮਾਰੀ ਕਾਰਨ ਵਤਨ ਜਾ ਕੇ ਆਪਣੇ ਦਰਾਂ, ਘਰਾਂ ਅਤੇ ਗਰਾਂ ਨੂੰ ਨਤਮਸਤਕ ਹੋਣਾ ਮੁਹਾਲ ਹੋ ਗਿਆ। ਬਾਪੂ ਦੀ ਰੁਖ਼ਸਤਗੀ ਬਹੁਤ ਅੱਖਰਦੀ ਹੈ ਅਤੇ ਇਸ ਨੂੰ ਘੱਟ ਕਰਨ ਲਈ ਅਕਸਰ ਹੀ ਮੈਂ ਹਰਫ਼ਾਂ ਦੀ ਪਨਾਹ ਵਿਚ ਜਾਂਦਾ ਹਾਂ। ਆਪਣੀ ਚੀਸ ਨੂੰ ਵਰਕੇ ’ਤੇ ਉਤਾਰ ਕੁਝ ਰਾਹਤ ਮਹਿਸੂਸ ਕਰਦਾ ਹਾਂ।
ਦਰਅਸਲ, ਪਿਤਾ ਦਾ ਤੁਹਾਡੀ ਜ਼ਿੰਦਗੀ ਨੂੰ ਸੇਧ ਦੇਣ, ਵਿਅਕਤੀਤਵ ਉਸਾਰੀ ਅਤੇ ਤੁਹਾਡੀਆਂ ਤਰਜ਼ੀਹਾਂ ਅਤੇ ਤਕਦੀਰਾਂ ਸਿਰਜਣ ਵਾਸਤੇ ਤਦਬੀਰਾਂ ਘੜਨ ਵਿਚ ਬਹੁਤ ਅਹਿਮ ਰੋਲ ਹੁੰਦਾ ਹੈ। ਬੱਚੇ ਦੇ ਸਮੁੱਚ ਵਿਚੋਂ ਉਸ ਦੇ ਬਾਪ ਨੂੰ ਪ੍ਰਤੱਖ ਤੇ ਅਪ੍ਰਤੱਖ ਰੂਪ ਵਿਚ ਕਦਮ ਕਦਮ ’ਤੇ ਦੇਖਿਆ ਅਤੇ ਸਮਝਿਆ ਜਾ ਸਕਦਾ। ਜੀਵਨ ਦੀ ਸਾਰਥਿਕਤਾ ਵਿਚ ਰਚ-ਮਿਚ ਚੁੱਕੇ ਬਾਪ ਨੂੰ ਕਿਵੇਂ ਭੁਲਾਇਆ ਜਾ ਸਕਦਾ? ਉਸ ਦੀਆਂ ਰਹਿਮਤਾਂ ਅਤੇ ਬਖ਼ਸ਼ਿਸ਼ਾਂ ਨੂੰ ਵਾਰ ਵਾਰ ਚਿਤਾਰਨ ਅਤੇ ਸ਼ੁਕਰੀਆ ਕਰਨ ਨੂੰ ਜੀਅ ਕਰਦਾ ਹੈ।
ਜੀਵਨ ’ਤੇ ਪਿਛਲਝਾਤੀ ਮਾਰਦਾ ਹਾਂ ਤਾਂ ਬਾਪ ਦੀ ਹਰ ਮੋੜ ’ਤੇ ਹੋਂਦ ਅਤੇ ਸੰਗਤਾ ਵਿਚੋਂ ਪ੍ਰਾਪਤ ਕੀਤੇ ਹਾਸਲ ਨੂੰ ਅਣਮੁੱਲੀ ਅਮਾਨਤ ਸਮਝਦਾ ਹਾਂ। ਕਿਵੇਂ ਉਨ੍ਹਾਂ ਨੇ ਇਕ ਬੱਚੇ ਨੂੰ ਜ਼ਿੰਮੇਵਾਰ ਵਿਅਕਤੀ ਵਜੋਂ ਤਰਾਸ਼ਿਆ? ਉਸ ਦੇ ਸੁਪਨਿਆਂ ਦੀ ਪੂਰਤੀ ਲਈ ਮੁੜ੍ਹਕਾ ਵਹਾਇਆ, ਬਿਆਈਆਂ ਤੇ ਰੱਟਨਾਂ ਵਿਚੋਂ ਉੱਜਵਲ ਭਵਿੱਖ ਨੂੰ ਕਿਆਸਿਆ ਅਤੇ ਫ਼ਖਰਮਈ ਕਰਤੱਵ ਸਮਝ ਕੇ ਪੂਰਾ ਕੀਤਾ?
ਚੇਤੇ ਆਉਂਦਾ ਏ ਬਾਪੂ ਦਾ ਨਵੇਂ ਮੌਜੇ ਪੈਰਾਂ ’ਚ ਪਵਾਉਣਾ, ਅੱਡੀਆਂ ਪਿੱਛੇ ਰੂੰ ਰੱਖਣਾ, ਪਹਿਲੀ ਵਾਰ ਅੱਡੀਆਂ ’ਤੇ ਪਏ ਛਾਲਿਆਂ ਨੂੰ ਸਹਿਲਾਉਣਾ, ਸਰ੍ਹੋਂ ਦਾ ਤੇਲ ਲਾਉਣਾ ਅਤੇ ਇਨ੍ਹਾਂ ਨੂੰ ਹਰ ਰੋਜ਼ ਪਾਉਣ ਦੀ ਤਾਕੀਦ ਕਰਨਾ। ਬਾਪੂ ਤਾਂ ਬਹੁਤ ਘੱਟ ਪੈਰੀਂ ਜੁੱਤੀ ਪਾਉਂਦੇ ਸਨ। ਉਹ ਤਾਂ ਉਮਰ ਦੇ ਆਖਰੀ ਪੜਾਅ ਵਿਚ ਵੀ ਤਾਕੀਦ ਕਰਨ ’ਤੇ ਹੀ ਜੁੱਤੀ ਪਾਉਂਦੇ ਸਨ, ਨਹੀਂ ਤਾਂ ਉਨ੍ਹਾਂ ਨੂੰ ਨੰਗੇ ਪੈਰੀਂ ਖੂਹ ’ਤੇ ਜਾਣਾ ਜਾਂ ਹਵੇਲੀ ਵਿਚ ਲਵੇਰੀਆਂ ਨੂੰ ਪੱਠੇ ਪਾਉਣੇ ਚੰਗੇ ਲੱਗਦੇ ਸਨ। ਉਹ ਧਰਤੀ ਨਾਲ ਜੁੜਿਆ, ਧਰਤੀ ਮਾਂ ਦੀ ਕੁੱਖ ਵਿਚੋਂ ਖੁਸ਼ਹਾਲੀ ਤੇ ਖ਼ੁਆਬ ਉਣਦਾ ਰਿਹਾ। ਸਿਹਤਮੰਦ ਜੀਵਨ ਅਤੇ ਲੰਮੀ ਉਮਰ ਦੀ ਦਾਤ ਨਾਲ ਵਰਸੋਇਆ ਰਿਹਾ। ਯਾਦ ਹੈ ਕਿ ’ਕੇਰਾਂ ਉਨ੍ਹਾਂ ਦੇ ਪੈਰ ਦੇ ਉੱਪਰਲੇ ਪਾਸੇ ਅਜਿਹਾ ਜ਼ਖ਼ਮ ਹੋਇਆ ਕਿ ਠੀਕ ਹੋਣ ਬਾਅਦ ਫਿਰ ਹਰਾ ਹੋ ਜਾਂਦਾ ਸੀ। ਮੈਂ ਆਪਣੇ ਮਿੱਤਰ ਡਾਕਟਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਵੀ ਹੈਰਾਨ। ਫਿਰ ਕੁਝ
ਸੋਚ ਕੇ ਉਸ ਨੇ ਜ਼ਖ਼ਮ ਨੂੰ ਫਰੋਲਿਆ ਤਾਂ ਦੇਖਿਆ ਕਿ ਲੱਕੜ ਦੀ ਵੱਡੀ ਸਾਰੀ ਛਿੱਲਤ ਜ਼ਖ਼ਮ ਵਿਚ ਸੀ ਅਤੇ ਇਸ ਛਿੱਲਤ ਕਾਰਨ ਹੀ ਜ਼ਖ਼ਮ ਠੀਕ ਨਹੀਂ ਸੀ ਹੋ ਰਿਹਾ। ਇਸ ਨੂੰ ਬਾਹਰ ਕੱਢਣ ਤੋਂ ਬਾਅਦ ਜ਼ਖ਼ਮ ਬਹੁਤ ਜਲਦੀ ਠੀਕ ਹੋ ਗਿਆ। ਕੇਹੀ ਸੀ ਬੇਫ਼ਿਕਰੀ ਬਾਪੂ ਦੀ ਕਿ ਉਸ ਨੂੰ ਪੈਰ ਵਿਚ ਵੱਜੀ ਹੋਈ ਛਿੱਲਤ ਦਾ ਕੋਈ ਪਤਾ ਹੀ ਨਹੀਂ ਸੀ ਅਤੇ ਦੋ ਮਹੀਨੇ ਤੀਕ ਪੀੜ ਦੀ ਵੀ ਕੋਈ ਪਰਵਾਹ ਨਹੀਂ ਕੀਤੀ।
ਸੂਖ਼ਮ ਅਤੇ ਸਮਝ ਵਾਲੀਆਂ ਗੱਲਾਂ ਉਹ ਬਹੁਤ ਹੀ ਸਾਧਾਰਨ ਅਤੇ ਸੌਖੇ ਤਰੀਕੇ ਨਾਲ ਸਮਝਾ, ਪੁੱਤ ਨੂੰ ਕਿਸਾਨੀ ਦੇ ਧੰਦੇ ਅਤੇ ਇਸ ਨਾਲ ਜੁੜੀਆਂ ਬਾਰੀਕੀਆਂ ਦੀ ਜਾਣਕਾਰੀ ਦੇਣਾ ਆਪਣਾ ਸੁਭਾਗ ਸਮਝਦਾ ਸੀ। ਉਨ੍ਹਾਂ ਦੀ ਧਾਰਨਾ ਸੀ ਕਿ ਜੱਟ ਦੇ ਪੁੱਤ ਨੂੰ ਹਲ ਤਾਂ ਜ਼ਰੂਰ ਵਾਹੁਣਾ ਆਉਣਾ ਚਾਹੀਦਾ। ਉਹ ਬਹੁਤ ਕਿਰਸੀ, ਮਿਹਨਤੀ ਅਤੇ ਬੇਆਰਾਮ ਸੀ। ਯਾਦ ਏ ਕਿ ਇਕ ਦਿਨ ਅੱਸੂ ਮਹੀਨੇ ਕਹਿਣ ਲੱਗੇ ਕਿ ਆਪਾਂ ਤੂਤ ਨੂੰ ਛਾਂਗਣਾ ਅਤੇ ਇਨ੍ਹਾਂ ਦੀਆਂ ਛਿੱਟੀਆਂ ਦੇ ਟੋਕਰੇ ਬਣਾਉਣੇ ਆ। ਬਹੁਤ ਕਾਰੀਗਰੀ ਦਾ ਕੰਮ ਹੁੰਦਾ ਏ ਤੂਤ ਨੂੰ ਛਾਂਗਣਾ, ਸਿੱਧੀਆਂ ਤੇ ਲੈਰੀਆਂ ਛਿੱਟੀਆਂ ਨੂੰ ਵੱਖਰਾ ਰੱਖਣਾ ਅਤੇ ਫਿਰ ਇਨ੍ਹਾਂ ਦੇ ਵੱਖੋ-ਵੱਖ ਆਕਾਰਾਂ ਦੇ ਲੋੜ ਅਨੁਸਾਰ ਟੋਕਰੇ ਜਾਂ ਲੋੜੀਂਦੀਆਂ ਵਸਤਾਂ ਬਣਾਉਣਾ। ਬੇੜ, ਰੱਸੇ ਜਾਂ ਰੱਸੀ ਵੱਟਣਾ ਆਦਿ ਇਹ ਸਾਰੇ ਕੰਮ ਬਾਪੂ ਦੀ ਦਿੱਤੀ ਹੋਈ ਸੁਮੱਤ ਸਦਕਾ ਬਹੁਤ ਆਸਾਨ ਲੱਗਦੇ ਸਨ।
ਉਨ੍ਹਾਂ ਨਾਲ ਬਹੁਤ ਸਾਰੀਆਂ ਯਾਦਾਂ ਅਜਿਹੀਆਂ ਨੇ ਜਿਨ੍ਹਾਂ ਨੇ ਮਨੁੱਖੀ ਗੁਣਾਂ ਦੀ ਪ੍ਰਫੁੱਲਤਾ ਹੋਣ ਅਤੇ ਇਨ੍ਹਾਂ ਨੂੰ ਸਮਝਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਨੁੱਖ ਲਈ ਸਿਰ ਦੀ ਛੱਤ ਹੀ ਸਭ ਤੋਂ ਪਹਿਲੀ ਲੋੜ ਅਤੇ ਖੇਤ ਵਿਚ ਛੰਨ ਬਹੁਤ ਜ਼ਰੂਰੀ ਹੁੰਦੀ ਸੀ। ਛੰਨ ਪਾਉਣ ਲਈ ਪਹਿਲਾਂ ਮੰਡ ਵਿਚ ਕਾਹ ਵੱਢਣਾ। ਫਿਰ ਗੱਡੇ ’ਤੇ ਲੱਦ ਕੇ ਲਿਆਉਣਾ। ’ਕੇਰਾਂ ਮੈਂ ਆਪਣੇ ਬਾਪੂ ਨਾਲ ਕਾਹ ਵੱਢ ਰਿਹਾ ਸਾਂ ਤਾਂ ਭਲੋਜਲੇ ਦੇ ਕੁਝ ਵਿਅਕਤੀ ਆ ਗਏ ਕਿ ਕਾਹ ਫਿਰ ਵੱਢਣਾ, ਪਹਿਲਾਂ ਇਕ ਗੱਡੇ ਦੇ 20 ਰੁਪਏ ਦਿਓ। ਬਾਪੂ ਗੁੱਸੇਖੋਰ ਬਹੁਤ ਸੀ। ਉਨ੍ਹਾਂ ਨੇ ਗੱਡੇ ’ਚ ਲਕੋਇਆ ਦਾਤਰ ਕੱਢਿਆ ਅਤੇ ਕਿਹਾ ਕਿ ਇਹ ਮੰਡ ਤੁਹਾਡਾ ਨਹੀਂ। ਚੰਗਾ ਹੈ ਤਾਂ ਚਲੇ ਜਾਓ। ਵਰਨਾ ਹੁਣੇ ਹੀ ਕੁਝ ਹੋ ਜਾਵੇਗਾ। ਉਹ ਕੰਨ ਵਲੇਟ ਕੇ ਤੁਰਦੇ ਬਣੇ। ਇਹ ਮੇਰੇ ਲਈ ਇਕ ਅਚੇਤ ਸੁਨੇਹਾ ਸੀ ਕਿ ਆਪਣੇ ਹੱਕ ਲਈ ਡਟਣਾ ਅਤੇ ਸੱਚ ’ਤੇ ਪਹਿਰਾ ਦੇਣਾ ਸਹੀ ਹੁੰਦਾ। ਬੇਇਨਸਾਫ਼ੀ ਵਿਰੁੱਧ ਡਟ ਜਾਵੋ ਕਿਉਂਕਿ ਡਰਦੇ ਹੋਏ ਨੂੰ ਲੋਕ ਜ਼ਿਆਦਾ ਡਰਾਉਂਦੇ ਹਨ। ਉਹ ਆਪ ਸਕੂਲ ਨਹੀਂ ਸੀ ਗਏ ਅਤੇ ਉਨ੍ਹਾਂ ਨੂੰ ਬੜਾ ਚਾਅ ਸੀ ਕਿ ਉਸ ਦੇ ਬੱਚੇ ਪੜ੍ਹਨ ਅਤੇ ਉਨ੍ਹਾਂ ਅੱਖਰਾਂ ਦੀ ਜੋਤ ਆਪਣੇ ਦੀਦਿਆਂ ਵਿਚ ਜਗਾਉਣ ਜਿਸ ਤੋਂ ਉਹ ਮਹਿਰੂਮ ਰਿਹਾ ਸੀ। ਉਨ੍ਹਾਂ ਨੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਸਕੂਲ ਭੇਜਿਆ। ਮੇਰੇ ਕਾਲਜ ਵਿਚ ਪੜ੍ਹਦਿਆਂ ਉਹ ਗੱਡਾ ਵਾਹੁਣ ਕਾਰਨ ਬਹੁਤ ਸੁਵੱਖਤੇ ਹੀ ਸ਼ਹਿਰ ਨੂੰ ਤੁਰ ਪੈਂਦੇ ਸਨ। ਮੈਂ ਕਾਲਜ ਜਾਣ ਵੇਲੇ ਉਨ੍ਹਾਂ ਲਈ ਰੋਟੀ ਲੈ ਕੇ ਜਾਣਾ ਅਤੇ ਮੰਡੀ ਵਿਚ ਰੋਟੀ ਦੇ ਕੇ ਵਾਪਸ ਕਾਲਜ ਆਉਣਾ। ਉਨ੍ਹਾਂ ਦੀ ਤਾਕੀਦ ਹੁੰਦੀ ਸੀ ਕਿ ਜਲਦੀ ਵਾਪਸ ਜਾ ਤਾਂ ਕਿ ਕਾਲਜ ਤੋਂ ਲੇਟ ਨਾ ਹੋ ਜਾਵੀਂ। ਫਿਰ ਸਮਝਾਉਣਾ ਕਿ ਕਾਲਜ ਤੋਂ ਬਾਅਦ ਘਰ ਜਾ ਕੇ ਪੱਠੇ ਵੱਢ ਲੈਣਾ ਕਿਉਂਕਿ ਮੈਂ ਲੇਟ ਹੋ ਜਾਵਾਂਗਾ। ਸਮੇਂ ਦੀ ਸਹੀ ਵਰਤੋਂ ਅਤੇ ਇਸ ਨੂੰ ਸੁੱਚੀ ਕਿਰਤ ਦੇ ਲੇਖੇ ਲਾਉਣ ਦਾ ਗੁਰ ਅਚੇਤ ਰੂਪ ਵਿਚ ਪਿਤਾ ਵੱਲੋਂ ਹੀ ਮਿਲਿਆ ਏ।
ਅੱਜਕੱਲ੍ਹ ਕਾਰ ’ਤੇ ਸਫ਼ਰ ਕਰਦਿਆਂ ਬਹੁਤ ਯਾਦ ਆਉਂਦਾ ਏ ਉਹ ਵਕਤ ਜਦੋਂ ਮੈਂ ਨੌਵੀਂ ਕਲਾਸ ਵਿਚ ਧਾਲੀਵਾਲ ਬੇਟ ਸਕੂਲ ਵਿਚ ਦਾਖਲ ਹੋਇਆ। ਉਹ ਮੇਰੇ ਪਿੰਡ ਤੋਂ 3 ਮੀਲ ਦੂਰ ਸੀ। ਕੁਝ ਦਿਨ ਤਾਂ ਤੁਰ ਕੇ ਗਿਆ। ਫਿਰ ਪਤਾ ਨਹੀਂ ਬਾਪੂ ਦੇ ਮਨ ਵਿਚ ਕੀ ਆਇਆ ਕਿ ਉਨ੍ਹਾਂ ਨੇ ਮੇਰੇ ਲਈ ਪੁਰਾਣੇ ਸਾਈਕਲ ਦਾ ਜੁਗਾੜ ਬਣਾਇਆ। ਅਸਲ ’ਚ ਉਨ੍ਹਾਂ ਨੂੰ ਮੱਝਾਂ ਦੇ ਸੌਦੇ ਕਰਨ ਦਾ ਸ਼ੌਕ ਸੀ। ਇਕ ਸੌਦੇ ਵਿਚ ਉਨ੍ਹਾਂ ਨੇ ਮੱਝ ਸਮੇਤ ਇਕ ਪੁਰਾਣਾ ਰੇਡੀਓ ਵੀ ਲੈ ਲਿਆ ਸੀ। ਇਸ ਮੌਕੇ ’ਤੇ ਉਨ੍ਹਾਂ ਨੇ ਉਹ ਪੁਰਾਣਾ ਰੇਡੀਓ ਵੇਚ ਕੇ ਮੇਰੇ ਲਈ ਇਕ ਪੁਰਾਣਾ ਸਾਈਕਲ ਲੈ ਲਿਆ ਜਿਸ ਨਾਲ ਮੈਨੂੰ ਸਕੂਲ ਜਾਣਾ ਸੌਖਾ ਹੋ ਗਿਆ। ਉਨ੍ਹਾਂ ਦੀ ਸੋਚ ਨੂੰ ਸਿੱਜਦਾ ਕਿ ਉਨ੍ਹਾਂ ਲਈ ਬਾਕੀ ਗੱਲਾਂ ਨਾਲੋਂ ਬੱਚੇ ਦੀ ਪੜ੍ਹਾਈ ਜ਼ਿਆਦਾ ਪ੍ਰਮੁੱਖ ਸੀ। ਜਦੋਂ ਮੈਂ ਕਪੂਰਥਲੇ ਕਾਲਜ ਵਿਚ ਦਾਖਲ ਹੋਇਆ ਤਾਂ ਉਨ੍ਹਾਂ ਵੱਲੋਂ ਦਿੱਤੇ ਨਵੇਂ ਐਟਲਸ ਸਾਈਕਲ ਦੇ ਸਾਥ ਨੇ ਜਿੱਥੇ ਮੈਨੂੰ ਆਪਣੀ ਔਕਾਤ ਨਾਲ ਜੋੜੀ ਰੱਖਿਆ, ਉੱਥੇ ਮੈਂ ਅਜਿਹੇ ਸਾਥੀਆਂ ਦੇ ਸਾਥ ਤੋਂ ਵੀ ਬਚਿਆ ਰਿਹਾ ਜਿਨ੍ਹਾਂ ਲਈ ਕਾਲਜ ਪੜ੍ਹਨਾ ਇਕ ਸ਼ੁਗਲ ਦੀ ਜਗ੍ਹਾ ਸੀ। ਇਸ ਸਾਈਕਲ ਨੇ ਮੇਰੇ ਸੁਪਨਿਆਂ ਦੀ ਪੂਰਤੀ ਵਿਚ ਅਹਿਮ ਰੋਲ ਨਿਭਾਇਆ। ਸਿਰਫ਼ ਇਕ ਹੀ ਜਨੂੰਨ ਸੀ ਪੜ੍ਹਨਾ ਅਤੇ ਘਰ ਦੇ ਕੰਮਾਂ ਵਿਚ ਬਾਪੂ ਦਾ ਹੱਥ ਵਟਾਉਣਾ।
ਕਈ ਵਾਰ ਜ਼ਿੰਦਗੀ ਅਜਿਹੇ ਚੌਰਾਹੇ ’ਤੇ ਲਿਆ ਪਟਕਾਉਂਦੀ ਹੈ ਜਿੱਥੇ ਭਟਕਣ ਦੇ ਬਹੁਤ ਜ਼ਿਆਦਾ ਮੌਕੇ ਹੁੰਦੇ। ਇਨ੍ਹਾਂ ਮੌਕਿਆਂ ’ਤੇ ਸੰਭਲਣਾ ਅਤੇ ਆਪਣੇ ਟੀਚੇ ਦੀ ਪ੍ਰਮੁੱਖਤਾ ਨੂੰ ਬਣਾਈ ਰੱਖਣ ਲਈ ਬਾਪੂ ਦੀ ਸੇਧ ਅਤੇ ਉਸ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ। ਪਿਤਾ ਹੀ ਹੁੰਦਾ ਹੈ ਜੋ ਤੁਹਾਡੀ ਚੰਗਿਆਈ ਅਤੇ ਭਲਾ ਚਾਹੁੰਦਾ। ਅਜਿਹੇ ਮੋੜ ’ਤੇ ਉਸ ਦੀ ਸੋਚ ਨੂੰ ਸਲਾਮ ਕਰਨਾ ਬਣਦਾ। ਉਹ ਪਲ ਅੱਜ ਵੀ ਮੇਰੇ ਚੇਤਿਆਂ ਵਿਚ ਆ ਕੇ ਅੱਖਾਂ ਨਮ ਕਰ ਜਾਂਦਾ ਹੈ ਜਦੋਂ ਜੇਠ ਦੀ ਤਿੱਖੜ ਦੁਪਹਿਰੇ ਮੈਂ ਆਪਣੇ ਬਾਪੂ ਨਾਲ ਰੂੜੀ ਦਾ ਗੱਡਾ ਲੱਦਵਾ ਰਿਹਾ ਸੀ। ਮੇਰੇ ਦੋਸਤ ਨੇ ਦੱਸਿਆ ਕਿ ਤੂੰ ਗਿਆਰਵੀਂ ਵਿਚੋਂ ਫੇਲ੍ਹ ਹੋ ਗਿਆ ਏਂ। ਨਮੋਸ਼ੀ ਅਤੇ ਉਦਾਸੀ ਵਿਚ ਡੁੱਬਿਆ ਮੈਂ ਬਾਪੂ ਸਾਹਵੇਂ ਅੱਖਾਂ ਉਤਾਂਹ ਕਰਕੇ ਵੀ ਨਹੀਂ ਸਾਂ ਦੇਖ ਸਕਦਾ। ਪਰ ਬਾਪੂ ਨੇ ਮੋਢਾ ਪਲੋਸਦਿਆਂ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਤੂੰ ਕਿਹੜਾ ਬੁੱਢਾ ਹੋ ਗਿਆਂ? ਕੋਈ ਨਾ ਫਿਰ ਦਾਖਲ ਹੋ ਅਤੇ ਹੋਰ ਜ਼ੋਰ ਨਾਲ ਪੜ੍ਹਾਈ ਕਰੀਂ। ਅਗਲੇ ਸਾਲ ਪਾਸ ਹੋ ਜਾਵੇਂਗਾ। ਉਸ ਵਕਤ ਬਾਪੂ ਦੀਆਂ ਅੱਖਾਂ ਵਿਚ ਉਤਰੀ ਨਮੀ ਨੂੰ ਯਾਦ ਕਰਕੇ ਹੁਣ ਵੀ ਮਨ ਰੁਆਂਸਿਆ ਜਾਂਦਾ। ਇਸ ਨਮੀ ਦੀ ਹੀ ਕਸਮ ਸੀ ਕਿ ਮੇਰੇ ਸਿੱਲੇ ਹੋਏ ਸੁਪਨੇ ਅਤੇ ਤਿੜਕੀਆਂ ਤਮੰਨਾਵਾਂ ਨੇ ਫਿਰ ਤੋਂ ਪਰਵਾਜ਼ ਭਰਨ ਦਾ ਹੁਨਰ ਅਤੇ ਹਾਸਲ ਪ੍ਰਾਪਤ ਹੋਇਆ। ਉਸ ਮੋੜ ’ਤੇ ਮਿਲੀ ਹੋਈ ਰਹਿਨੁਮਾਈ ਨੇ ਮੇਰੇ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ। ਇਨ੍ਹਾਂ ਬਦਲੇ ਹੋਏ ਅਰਥਾਂ ਵਿਚਲੇ ਮਘਦੇ ਸੂਰਜਾਂ ਵਿਚ ਸਭ ਤੋਂ ਪ੍ਰਕਾਸ਼ਮਈ ਹੈ ਬਾਪ-ਰੂਪੀ ਸੂਰਜ ਜਿਸ ਦੇ ਚਾਨਣ ਵਿਚ ਰਾਹਾਂ ਨੂੰ ਰੌਸ਼ਨੀ ਅਤੇ ਰੁਕੇ ਹੋਏ ਪੈਰਾਂ ਨੂੰ ਪੈੜ ਅਤੇ ਸਫ਼ਰ ਨਸੀਬ ਹੋਇਆ।
ਇਕ ਵਾਰ ਉਹ ਮੇਰੇ ਕੋਲ ਰਾਤ ਠਹਿਰੇ ਅਤੇ ਸਵੇਰੇ ਉੱਠ ਕੇ ਕਹਿਣ ਲੱਗੇ ਕਿ ਤਿਆਰ ਹੋ, ਤਹਿਸੀਲੇ ਜਾਣਾ ਹੈ। ਕੰਮ ਬਾਰੇ ਕੁਝ ਨਾ ਦੱਸੇ। ਜਦੋਂ ਮੈਂ ਜ਼ੋਰ ਪਾਇਆ ਤਾਂ ਕਹਿਣ ਲੱਗੇ ਕਿ ਇਨ੍ਹਾਂ ਸਾਹਾਂ ਦਾ ਕੀ ਭਰੋਸਾ ਹੈ। ਮੈਂ ਆਪਣੇ ਵੱਲੋਂ ਤੁਹਾਡੇ ਲਈ ਵਸੀਅਤ ਕਰਨਾ ਚਾਹੁੰਦਾ ਹਾਂ ਤਾਂ ਕਿ ਭਵਿੱਖ ਵਿਚ ਕੋਈ ਬਖੇੜਾ ਨਾ ਖੜ੍ਹਾ ਹੋਵੇ। ਉਨ੍ਹਾਂ ਦੀ ਸੋਚ ਨੂੰ ਸਲਾਮ ਕੀਤਾ। ਮੈਂ ਸਮਝਾਇਆ ਕਿ ਤੁਸੀਂ ਬਹੁਤ ਤੰਦਰੁਸਤ ਹੋ। ਕੁਝ ਨਹੀਂ ਹੁੰਦਾ। ਆਪਾਂ ਫਿਰ ਬਣਵਾ ਲਵਾਂਗੇ ਵਸੀਅਤ। ਐਵੇਂ ਫਿਕਰ ਨਾ ਕਰੋ। ਸਾਨੂੰ ਵਸੀਅਤ ਨਹੀਂ ਤੁਹਾਡੇ ਅਸ਼ੀਰਵਾਦ ਅਤੇ ਸੰਗਤ ਦੀ ਲੋੜ ਹੈ। ਹੁਣ ਸੋਚਦਾ ਹਾਂ ਕਿ ਬਾਪੂ ਕਿੰਨਾ ਸਿਆਣਾ ਸੀ ਕਿ ਭਰਾਵਾਂ ਵਿਚ ਕੋਈ ਬਦਮਗਜੀ ਨਾ ਪੈਦਾ ਹੋਵੇ। ਤਾਂ ਹੀ ਉਨ੍ਹਾਂ ਨੇ ਆਪਣੇ ਜਿਉਂਦੇ ਜੀਅ ਵਸੀਅਤ ਕਰਵਾਉਣ ਦੀ ਗੱਲ ਆਖੀ ਸੀ। ਬਾਪੂ ਤਾਂ ਤੁਰ ਗਿਆ, ਬੱਚਿਆਂ ਨੂੰ ਜੀਵਨ ਦੀਆਂ ਸਾਰੀਆਂ ਨਿਆਮਤਾਂ ਬਖ਼ਸ਼। ਪਰ ਉਨ੍ਹਾਂ ਦੀ ਆਤਮਾ ਜ਼ਰੂਰ ਕੁਰਲਾਉਂਦੀ ਹੋਵੇਗੀ ਜਦੋਂ ਆਪਣਿਆਂ ਦੇ ਮਨਾਂ ਵਿਚ ਪੈਦਾ ਹੋਈ ਖੁਦਗਰਜ਼ੀ ਨੇ ਭਰਾਵਾਂ ਜਿਹੇ ਰਿਸ਼ਤੇ ਵੀ ਹਜ਼ਮ ਕਰ ਲਏ।
ਬੜੀ ਚੰਗੀ ਤਰ੍ਹਾਂ ਚੇਤੇ ਆ, ਬੇਸੁੱਧ ਬਾਪ ਵੱਲੋਂ ਆਖਰੀ ਹਰਕੋਰਾ ਭਰਨ ਤੋਂ ਪਹਿਲਾਂ ਅੱਖਾਂ ਖੋਲ੍ਹ ਕੇ ਮੰਜੇ ਦੀ ਬਾਹੀ ਬੈਠੇ ਆਪਣੇ ਪੁੱਤ ਨੂੰ ਨਿਹਾਰਨਾ, ਅਤੇ ਫਿਰ ਹੌਲੀ ਜਿਹੇ ਆਖਰੀ ਸਫ਼ਰ ਨੂੰ ਤੁਰ ਜਾਣਾ। ਖਾਮੋਸ਼ੀ ਵਿਚ ਡੁੱਬ ਗਈ ਬਾਪੂ ਦੇ ਸਾਹਾਂ ਦੀ ਬਰਕਤ। ਬਾਪੂ ਤਾਂ ਚਲੇ ਗਏ, ਪਰ ਉਨ੍ਹਾਂ ਦੀਆਂ ਯਾਦਾਂ ਦਾ ਕਾਫ਼ਲਾ ਹਰਦਮ ਮੇਰੇ ਨਾਲ ਰਹਿੰਦਾ ਹੈ।