ਅਮਨਦੀਪ ਸਿੰਘ
ਐਮਸਟਰਡਮ (ਨੀਦਰਲੈਂਡਜ਼) ਯੂਰਪ ਦਾ ਇੱਕ ਖ਼ੂਬਸੂਰਤ ਸ਼ਹਿਰ ਹੈ ਜੋ ਬਹੁਤ ਸਲੀਕੇ ਨਾਲ ਸੰਭਾਲਿਆ ਹੋਇਆ ਸਾਫ਼ ਸੁਥਰਾ ਸ਼ਹਿਰ ਹੈ। ਜਿਸ ਦੇ ਅੰਦਰ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ਇੱਥੋਂ ਦੇ ਅਜਾਇਬਘਰ, ਕੌਫ਼ੀ ਹਾਊਸ, ਬੱਸਾਂ, ਟਰਾਮਾਂ ਅਤੇ ਰੇਲ ਆਵਾਜਾਈ ਦੇ ਸਾਧਨ, ਪੌਣ-ਚੱਕੀਆਂ ਸੰਸਾਰ ਪ੍ਰਸਿੱਧ ਹਨ। ਇੱਥੋਂ ਦੇ ਸੰਸਾਰ ਪ੍ਰਸਿੱਧ ਅਤੇ ਮਸ਼ਹੂਰ ਅਜਾਇਬ ਘਰ ਯਾਤਰੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਵੈਨਗੋਗ ਮਿਊਜ਼ੀਅਮ ਅਤੇ ਐਨ ਫਰੈਂਕ ਦਾ ਘਰ ਹੈ। ਜਿਨ੍ਹਾਂ ਨੂੰ ਵੇਖਣ ਵਾਸਤੇ ਹਰ ਵਕਤ ਕਿਲੋਮੀਟਰ ਤੋਂ ਵੀ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ ਅਤੇ ਦੋ-ਤਿੰਨ ਘੰਟੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਸ਼ਹਿਰ ਦਾ ਮੋਟੋ ‘ਮੈਂ ਐਮਸਟਰਡਮ’ (I amsterdam) ਹੈ, ਜਿਸ ਨੂੰ ਵੇਖ ਕੇ ਇਸ ਸ਼ਹਿਰ ਦਾ ਕਲਾ ਨਾਲ ਸਬੰਧ ਪ੍ਰੱਤਖ ਨਜ਼ਰ ਆਉਂਦਾ ਹੈ। ਇਹ ਸ਼ਹਿਰ ਯੂਰਪ ਦਾ ਆਵਾਜਾਈ ਲਈ ਵੱਡਾ ਆਕਰਸ਼ਣ ਤੇ ਵਪਾਰ ਦਾ ਕੇਂਦਰ ਹੋਣ ਦਾ ਮਾਣ ਵੀ ਮਹਿਸੂਸ ਕਰਦਾ ਹੈ। ਇੱਥੇ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ। ਇੱਥੋਂ ਦੇ ਲੋਕ ਵੱਖ ਵੱਖ ਜਾਤਾਂ ਅਤੇ ਧਰਮਾਂ ਦੇ ਹੋਣ ਕਰਕੇ ਵੀ ਅਮਨ ਪਸੰਦ ਅਤੇ ਧਰਮ-ਨਿਰਪੱਖ ਹਨ।
ਇੱਥੇ ਮੇਰੇ ਕੋਲ ਘੁੰਮਣ-ਫਿਰਨ ਲਈ ਸਿਰਫ਼ ਦੋ ਦਿਨ ਹੀ ਸਨ। ਸ਼ੁੱਕਰਵਾਰ ਸ਼ਾਮ ਨੂੰ ਅਸੀਂ ਰੇਲ ਗੱਡੀ ਰਾਹੀਂ ਸ਼ਹਿਰ ਦੇ ਸੈਂਟਰਲ ਸਟੇਸ਼ਨ ਪਹੁੰਚੇ ਜੋ ਸਤਾਰਵੀਂ ਸਦੀ ਦਾ ਬਣਿਆ ਹੋਇਆ ਆਪਣੇ ਆਪ ਵਿੱਚ ਇੱਕ ਇਤਿਹਾਸਕ ਸਥਾਨ ਹੈ। ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਆਧੁਨਿਕ ਡੱਚ ਭਵਨ ਨਿਰਮਾਣ ਕਲਾ ਦਾ ਮੁਜੱਸਮਾ ਯਾਤਰੀਆਂ ਦਾ ਸਵਾਗਤ ਕਰਦਾ ਹੈ। ਆਲੇ ਦੁਆਲੇ ਨਜ਼ਰ ਫੇਰਦਿਆਂ ਸੱਜੇ ਪਾਸੇ ਵਿਕਟੋਰੀਆ ਹੋਟਲ, ਵਿਚਕਾਰ ਕੇਂਦਰੀ ਨਹਿਰ ਅਤੇ ਟਰਾਮ ਲਾਈਨ, ਮੁੱਖ ਸੜਕ, ਸਾਈਕਲਾਂ ਲਈ ਅਲੱਗ ਸੜਕ ਅਤੇ ਖੱਬੇ ਪਾਸੇ ਪੁਰਾਣਾ ਚਰਚ ਨਜ਼ਰ ਆਉਂਦਾ ਹੈ। ਹਰ ਪਾਸੇ ਸਾਈਕਲ ਹੀ ਸਾਈਕਲ ਵਿਖਾਈ ਦਿੰਦੇ ਹਨ ਜੋ ਲੋਕਾਂ ਲਈ ਆਵਾਜਾਈ ਦਾ ਮਨਪਸੰਦ ਸਾਧਨ ਹਨ ਕਿਉਂਕਿ ਉਹ ਆਪਣੇ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣਾ ਚਾਹੁੰਦੇ ਹਨ।
ਇੱਥੇ ਇੱਕ ਮਿਊਜ਼ੀਅਮ ਚੌਰਾਹਾ ਹੈ ਜਿੱਥੇ ਹਰ ਤਰ੍ਹਾਂ ਦੇ ਮਿਊਜ਼ੀਅਮ ਹਨ। ਰਾਈਕ ਮਿਊਜ਼ੀਅਮ ਜੋ ਸਟੇਟ ਮਿਊਜ਼ੀਅਮ ਹੈ ਅਤੇ ਸੰਸਾਰ ਦੇ ਸਭ ਤੋਂ ਵੱਡੇ ਅਜਾਇਬ ਘਰਾਂ ਵਿੱਚੋਂ ਇੱਕ ਹੈ। ਇਸ ਵਿੱਚ ਮੱਧਕਾਲ ਤੋਂ ਲੈ ਕੇ ਆਧੁਨਿਕ ਯੁੱਗ ਦੀਆਂ ਕਲਾਕ੍ਰਿਤਾਂ ਸੁਸ਼ੋਭਿਤ ਹਨ। ਅਜਾਇਬ ਘਰ ਵਿੱਚ 1885 ਵਿੱਚ ਬਣੀ ਹੋਈ ਇੱਕ ਵਿਸ਼ਾਲ ਲਾਇਬ੍ਰੇਰੀ ਵੀ ਹੈ, ਜਿਸ ਵਿੱਚ 45,000 ਤੋਂ ਵੱਧ ਕਿਤਾਬਾਂ ਸੰਭਾਲੀਆਂ ਹੋਈਆਂ ਹਨ। ਇੱਕ ਸੈਕਸ਼ਨ ਹਿੰਦੁਸਤਾਨ ਬਾਰੇ ਵੀ ਹੈ, ਜਿੱਥੇ ਹਿੰਦੁਸਤਾਨ ਦੇ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਹਨ। ਕਲਾਕਾਰ ਸੁਬੋਧ ਗੁਪਤਾ ਵੱਲੋਂ ਬਣਾਇਆ ਪਿੱਤਲ ਦਾ ਪੂਰੇ ਆਕਾਰ ਦਾ ਪ੍ਰਿਆ ਸਕੂਟਰ ਮੈਨੂੰ ਸਭ ਤੋਂ ਵੱਧ ਆਕਰਸ਼ਕ ਲੱਗਿਆ, ਜਿਸ ਨੂੰ ਵੇਖ ਕੇ ਬਚਪਨ ਤੇ ਆਪਣੇ ਸਕੂਟਰ ਦੀ ਯਾਦ ਤਾਜ਼ਾ ਹੋ ਗਈ।
ਇਸ ਸ਼ਹਿਰ ਵਿੱਚ ਗੁੰਤਰ ਵੈਨ ਹੇਗਨ ਵੱਲੋਂ ਲਗਾਈ ‘ਸਰੀਰਾਂ ਦੇ ਸੰਸਾਰ’ ਨਾਂ ਦੀ ਪ੍ਰਦਰਸ਼ਨੀ ਦੇਖਣਯੋਗ ਸੀ। ਮਰਨ ਉਪਰੰਤ ਲੋਕਾਂ ਵੱਲੋਂ ਦਾਨ ਕੀਤੇ ਹੋਏ ਮ੍ਰਿਤਕ ਸਰੀਰਾਂ ਨੂੰ ਪਲਾਸਟੀਨੇਸ਼ਨ (Plastination) ਤਕਨੀਕ ਨਾਲ ਸਜਾ ਕੇ ਮਨੁੱਖੀ ਸਰੀਰਾਂ ਦਾ ਅਦਭੁੱਤ ਸੰਸਾਰ ਸਿਰਜਿਆ ਗਿਆ ਹੈ, ਜਿਸ ਨੂੰ ‘ਪ੍ਰਾਜੈਕਟ ਖ਼ੁਸ਼ੀ’ ਦਾ ਨਾਮ ਦਿੱਤਾ ਗਿਆ ਹੈ। ਇਸ ਵਿੱਚ ਮਨੁੱਖੀ ਸਰੀਰਾਂ ਦੀ ਬਣਤਰ ਅਤੇ ਜਿਉਣ ਦੇ ਸਬੰਧ ਨੂੰ ਬੜੇ ਹੀ ਖੂਬਸੂਰਤ ਅਤੇ ਅਨੋਖੇ ਤਰੀਕੇ ਨਾਲ ਦਰਸਾਇਆ ਗਿਆ ਹੈ। ਛੇ ਮੰਜ਼ਲਾਂ ਵਾਲੀ ਇਸ ਪ੍ਰਦਰਸ਼ਨੀ ਵਿੱਚ ਸਭ ਤੋਂ ਉੱਪਰਲੀ ਮੰਜ਼ਿਲ ’ਤੇ ਦਿਮਾਗ਼ ਤੋਂ ਸ਼ੁਰੂ ਹੋ ਕੇ ਮਨੁੱਖੀ ਸਰੀਰ ਦੇ ਭਿੰਨ ਭਿੰਨ ਅਸਲੀ ਅੰਗ ਸਜਾ ਕੇ ਉਨ੍ਹਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਹੈ। ਹਰ ਸਰੀਰਕ ਅੰਗ ਨਾਲ ਜੁੜੀ ਹੋਈ ਇੱਕ ਕਹਾਣੀ, ਤੱਥਾਂ ਅਤੇ ਜੀਵਨ ਦੀ ਸਚਿਆਈ ਨੂੰ ਰੋਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਮਨੁੱਖੀ ਸਰੀਰ ਬਾਰੇ ਜਾਣਕਾਰੀ ਅਤੇ ਅਧਿਐਨ ਕਰਨ ਦਾ ਮੈਨੂੰ ਇਹ ਬਹੁਤ ਹੀ ਦਿਲਚਸਪ ਤਰੀਕਾ ਲੱਗਿਆ।
ਹੌਲੈਂਡ ਵਿੱਚ ਨੌਂ ਗੁਰਦੁਆਰਾ ਸਾਹਿਬ ਹਨ। ਹਿੰਦੁਸਤਾਨੀ ਭਾਈਚਾਰਾ ਵੀ ਬਹੁਤ ਹੈ, ਖਾਸ ਤੌਰ ਤੇ ਕੰਪਿਊਟਰ ਸੌਫਟਵੇਅਰ ਇੰਜਨੀਅਰ। ਐਮਸਟਰਡਰਮ ਵਿੱਚ ਹਰ ਪਾਸੇ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ ਜੋ ਸਭ ਤੋਂ ਪਹਿਲਾਂ ਸਤਾਰਵੀਂ ਸਦੀ ਵਿੱਚ ਸੁਰੱਖਿਆ, ਪਾਣੀ ਦੇ ਪ੍ਰਬੰਧ ਤੇ ਵਸਤਾਂ ਦੀ ਢੋਆ-ਢੁਆਈ ਵਾਸਤੇ ਬਣਾਈਆਂ ਗਈਆਂ ਸਨ। ਉਨ੍ਹਾਂ ਨਹਿਰਾਂ ਵਿੱਚ ਕਿਸ਼ਤੀ ਦੀ ਸੈਰ ਬਹੁਤ ਦਿਲਚਸਪ ਤੇ ਜਾਣਕਾਰੀ ਭਰਪੂਰ ਰਹੀ। ਰੰਗ ਬਿਰੰਗੇ ਤਰ੍ਹਾਂ ਤਰ੍ਹਾਂ ਦੇ ਖੂਬਸੂਰਤ ਸ਼ਿਕਾਰੇ ਅਤੇ ਸ਼ਹਿਰ ਦੀਆਂ ਹੋਰ ਮਹੱਤਵਪੂਰਨ ਤੇ ਦਿਲਚਸਪ ਥਾਵਾਂ ਵੇਖਣ ਨੂੰ ਮਿਲਦੀਆਂ ਹਨ।
ਉਸ ਤੋਂ ਬਾਅਦ ਅਸੀਂ ਲੇਖਕ ਐਨ ਫਰੈਂਕ ਦਾ ਘਰ ਵੇਖਣ ਗਏ। ਬਹੁਤ ਸਾਲ ਪਹਿਲਾਂ ਪੜ੍ਹੀ ਐਨ ਫਰੈਂਕ ਦੀ ਡਾਇਰੀ ਦੀ ਯਾਦ ਤਾਜ਼ਾ ਹੋ ਰਹੀ ਸੀ। ਐਨ ਫਰੈਂਕ ਯਹੂਦੀ ਕੁੜੀ ਸੀ ਜੋ ਨਾਜ਼ੀ ਸਰਕਾਰ ਤੋਂ ਬਚਦੀ ਹੋਈ, ਆਪਣੇ ਪਰਿਵਾਰ ਨਾਲ ਤਕਰੀਬਨ ਦੋ ਸਾਲ ਇਸ ਘਰ ਦੀ ਮਮਟੀ ਵਿੱਚ ਰਹੀ ਸੀ। ਪਰ ਅੰਤ ਨੂੰ ਉਹ ਸਭ ਫੜੇ ਗਏ ਅਤੇ ਮੌਤ ਦੇ ਕੈਂਪ ਵਿੱਚ ਕੈਦ ਕਰ ਦਿੱਤੇ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਐਨ ਫਰੈਂਕ ਮਸ਼ਹੂਰ ਲੇਖਕ ਬਣਨਾ ਚਾਹੁੰਦੀ ਸੀ। ਉਨ੍ਹਾਂ ਦੋ ਸਾਲਾਂ ਦੌਰਾਨ ਉਸ ਨੇ ਆਪਣੀ ਡਾਇਰੀ ਅਤੇ ਹੋਰ ਕਿਤਾਬਾਂ ਵੀ ਲਿਖੀਆਂ। ਪਰਿਵਾਰ ਵਿੱਚੋਂ ਸਿਰਫ਼ ਉਸ ਦਾ ਪਿਤਾ ਓਟੋ ਫਰੈਂਕ ਹੀ ਬਚ ਸਕਿਆ। ਜਦੋਂ ਉਸ ਨੂੰ ਆਪਣੀ ਧੀ ਦੀ ਡਾਇਰੀ ਮਿਲੀ ਤਾਂ ਉਸ ਨੇ ਉਸ ਨੂੰ ਪ੍ਰਕਾਸ਼ਿਤ ਕਰਵਾਇਆ। ਮਰਨ ਉਪਰੰਤ, ਆਪਣੀ ਡਾਇਰੀ ਕਰਕੇ ਉਹ ਰਾਤੋ-ਰਾਤ ਸੰਸਾਰ ਪ੍ਰਸਿੱਧ ਲੇਖਕ ਬਣ ਗਈ। ਉਹ ਘਰ ਸਿਰਫ਼ ਘਰ ਹੀ ਨਹੀਂ, ਬਲਕਿ ਇੱਕ ਅਜਿਹਾ ਅਜਾਇਬ ਘਰ ਹੈ ਜਿਸ ਦੀ ਆਪਣੀ ਇੱਕ ਕਹਾਣੀ ਹੈ, ਜਿੱਥੇ ਜੋ ਕੁਝ ਵੀ ਵਾਪਰਿਆ, ਉਹ ਦਰਸ਼ਕ ਨੂੰ ਜਾਤੀ ਤੌਰ ’ਤੇ ਜਾਣਨ ਦਾ ਮੌਕਾ ਮਿਲਦਾ ਹੈ। ਲੁਕਣ ਵਾਲਾ ਗੁਪਤ ਕਮਰਾ ਆਪਣੇ ਮੁੱਢਲੇ ਰੂਪ ਵਿੱਚ ਹੀ ਸੰਭਾਲਿਆ ਗਿਆ ਹੈ ਅਤੇ ਉਸ ਕਮਰੇ ਨੂੰ ਛਿਪਾਉਣ ਵਾਸਤੇ ਜੋ ਕਿਤਾਬਾਂ ਦੀ ਸ਼ੈਲਫ ਵਰਤੀ ਜਾਂਦੀ ਸੀ, ਉਹ ਵੀ ਉਂਜ ਦੀ ਉਂਜ ਹੀ ਹੈ। ਉਸ ਦੀ ਅਸਲੀ ਡਾਇਰੀ ਅਤੇ ਹੋਰ ਯਾਦਗਾਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਐਨ ਫਰੈਂਕ ਅਤੇ ਹੋਰਾਂ ਦੀ ਕਹਾਣੀ ਉਸ ਦੀ ਡਾਇਰੀ ਵਿੱਚੋਂ ਲਈਆਂ ਗਈਆਂ ਵੱਖ ਵੱਖ ਪੰਕਤੀਆਂ ਨਾਲ ਦਰਸਾਈ ਗਈ ਹੈ। ਅੰਤ ਵਿੱਚ ਐਨ ਫਰੈਂਕ ਦੇ ਜੀਵਨ ਤੇ ਉਸ ਬਾਰੇ ਹੋਰ ਸ਼ਖ਼ਸੀਅਤਾਂ ਦੇ ਵਿਚਾਰ ਦਰਸਾਉਂਦੀ ਇੱਕ ਫ਼ਿਲਮ ਵੀ ਦਿਖਾਈ ਜਾਂਦੀ ਹੈ। ਇੱਕ ਜਗ੍ਹਾ ਇੱਕ ਪੁਸਤਕ ਵਿੱਚ ਦੂਸਰੇ ਮਹਾਂ ਯੁੱਧ ਵਿੱਚ ਮੌਤ ਦੇ ਕੈਂਪਾਂ ਵਿੱਚ ਮਾਰੇ ਗਏ ਲੱਖ ਤੋਂ ਵੀ ਉੱਪਰ ਲੋਕਾਂ ਦੇ ਨਾਮ ਅੰਕਿਤ ਕੀਤੇ ਗਏ ਹਨ।
ਇੱਥੇ ਕਦੇ ਵੀ ਮੀਂਹ ਪੈ ਸਕਦਾ ਹੈ। ਠੰਢੀਆਂ ਤੇਜ਼ ਹਵਾਵਾਂ ਤਾਂ ਅਕਸਰ ਚੱਲਦੀਆਂ ਹਨ। ਕਹਿੰਦੇ ਹਨ ਜਦੋਂ ਹਵਾਵਾਂ ਨਹੀਂ ਚੱਲਦੀਆਂ ਤਾਂ ਵਰਖਾ ਹੁੰਦੀ ਹੈ। ਕੁੱਲ ਮਿਲਾ ਕੇ ਇਸ ਸ਼ਹਿਰ ਵਿੱਚ ਇੰਨਾ ਕੁਝ ਸਮਾਇਆ ਹੋਇਆ ਹੈ ਕਿ ਇਸ ਨੂੰ ਚੰਗੀ ਤਰ੍ਹਾਂ ਦੇਖਣ ਲਈ ਕਾਫ਼ੀ ਸਮਾਂ ਚਾਹੀਦਾ ਹੈ।