ਸੁਰਿੰਦਰ ਗੀਤ
ਮੋਗੇ ਕਾਲਜ ਤੋਂ ਪ੍ਰੀ ਮੈਡੀਕਲ ਕਰਕੇ ਮੈਂ ਬੀਐੱਸ. ਸੀ. ਦੇ ਦੂਸਰੇ ਸਾਲ ’ਚ ਖਾਲਸਾ ਕਾਲਜ ਫਾਰ ਵੁਮੈਨ ਸਿਵਲ ਲਾਈਨਜ਼, ਲੁਧਿਆਣਾ ਵਿੱਚ ਦਾਖਲਾ ਲੈ ਲਿਆ। ਪਹਿਲੇ ਹੀ ਦਿਨ ਮੈਂ ਗੇਟ ’ਤੇ ਚਪੜਾਸੀ ਦੀ ਕੁਰਸੀ ’ਤੇ ਇੱਕ ਲੰਮ ਸਲੰਮੇ ਪਤਲੇ ਜਿਹੇ ਸਰੀਰ ਦੇ ਅੰਮ੍ਰਿਤਧਰੀ ਆਦਮੀ ਨੂੰ ਬੈਠੇ ਦੇਖਿਆ। ਸਿਰ ’ਤੇ ਨੀਲੇ ਰੰਗ ਦੀ ਦਸਤਾਰ ਅਤੇ ਕਮੀਜ਼ ਦੇ ਉੱਪਰ ਦੀ ਨੀਲੇ ਰੰਗ ਦਾ ਗਾਤਰਾ ਪਾਈਂ, ਚਪੜਾਸੀ ਦੀ ਕੁਰਸੀ ’ਤੇ ਬੈਠੇ ਆਦਮੀ ਨੂੰ ਅਣਜਾਣ ਲੋਕ ਚਪੜਾਸੀ ਹੀ ਸਮਝਦੇ ਸਨ ਅਤੇ ਮੈਂ ਵੀ ਉਨ੍ਹਾਂ ਲੋਕਾਂ ’ਚੋਂ ਇੱਕ ਸਾਂ।
ਜਦੋਂ ਕਲਾਸਾਂ ਸ਼ੁਰੂ ਹੋਈਆਂ ਤਾਂ ਮੈਂ ਉਸ ਨੂੰ ਕਲਾਸ ਵਿੱਚ ਦੇਖ ਕੇ ਹੱਕੀ ਬੱਕੀ ਰਹਿ ਗਈ। ਉਹ ਬਾਟਨੀ ਦੇ ਪ੍ਰੋਫੈਸਰ ਸਨ। ਇਸ ਤੋਂ ਪਹਿਲਾਂ ਮੈਂ ਕਦੇ ਵੀ ਕਿਸੇ ਪ੍ਰੋਫੈਸਰ ਨੂੰ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਨਹੀਂ ਸੀ ਦੇਖਿਆ। ਉਨ੍ਹਾਂ ਨੇ ਕਲਾਸ ਵਿੱਚ ਆਉਣ ਸਾਰ ਹਾਜ਼ਰੀ ਲਗਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਨਾ ਕੋਈ ਰਸਮੀ ਜਾਣ ਪਹਿਚਾਣ ਦੀ ਗੱਲ ਕੀਤੀ ਅਤੇ ਨਾ ਹੀ ਕੋਈ ਨਵੇਂ ਵਿਦਿਆਰਥੀਆਂ ਨੂੰ ਸਵਾਗਤੀ ਸ਼ਬਦ ਕਹੇ। ਕਿਸੇ ਪ੍ਰੋਫੈਸਰ ਵੱਲੋਂ ਇਸ ਕਿਸਮ ਦਾ ਰੁੱਖਾਪਣ ਬੜਾ ਅਜੀਬ ਜਿਹਾ ਲੱਗ ਰਿਹਾ ਸੀ। ਮੇਰੀ ਸਹੇਲੀ ਹਰਪਾਲ ਨੇ ਜੋ ਮੇਰੇ ਸਾਹਮਣੇ ਵਾਲੇ ਬੈਂਚ ’ਤੇ ਬੈਠੀ ਸੀ, ਉਸ ਨੇ ਮੇਰੇ ਵੱਲ ਦੇਖਿਆ। ਸਾਡੀਆਂ ਨਜ਼ਰਾਂ ਮਿਲੀਆਂ ਤਾਂ ਸਾਡਾ ਹਾਸਾ ਨਿਕਲ ਗਿਆ। ਬਸ ਫਿਰ ਕੀ ਸੀ! ਪ੍ਰੋਫੈਸਰ ਸਾਹਿਬ ਨੇ ਦੇਖ ਲਿਆ! ਪਹਿਲੇ ਦਿਨ ਹੀ ਸਾਡੀ ਸ਼ਾਮਤ ਆ ਗਈ।
ਸਾਨੂੰ ਖੜ੍ਹਾ ਕਰ ਲਿਆ ਗਿਆ ਤੇ ਕਹਿਣ ਲੱਗੇ, “ਇਹ ਬਾਟਨੀ ਦੀ ਕਲਾਸ ਹੈ, ਹਾਸਿਆਂ ਮਖੌਲਾਂ ਦੀ ਨਹੀਂ। ਜਦੋਂ ਜਗਜੀਤ ਸਿੰਘ ਪੜ੍ਹਾਉਂਦਾ, ਓਦੋਂ ਸਿਰਫ਼ ਪੜ੍ਹਾਉਂਦਾ ਹੈ। ਵਾਧੂ ਘਾਟੂ ਗੱਲ ਨਹੀਂ ਕਰਦਾ।”
ਹਰਪਾਲ ਨੇ ਕੁਝ ਬੋਲਣਾ ਚਾਹਿਆ, ਪਰ ਉਨ੍ਹਾਂ ਨੇ ਉਸ ਦੀ ਗੱਲ ਉਸੇ ਵੇਲੇ ਹੀ ਟੋਕ ਦਿੱਤੀ ਤੇ ਆਖਣ ਲੱਗੇ, “ਕਾਕੀ! ਮੇਰੇ ਨਾਲ ਚਲਾਕੀ ਨਾ ਕਰੀਂ, ਤੁਹਾਡੇ ’ਚੋਂ ਕਈਆਂ ਦੇ ਪਿਉ ਵੀ ਮੇਰੇ ਤੋਂ ਪੜ੍ਹ ਕੇ ਗਏ ਹੋਣਗੇ। ਜਿੱਥੋਂ ਤੁਸੀਂ ਪੜ੍ਹ ਕੇ ਆਈਆਂ ਹੋ, ਉੱਥੇ ਕਲਾਸ ’ਚ ਹਾਸੇ ਮਖੌਲ ਹੁੰਦੇ ਹੋਣਗੇ। ਇਹ ਜਗਜੀਤ ਸਿੰਘ ਦੀ ਕਲਾਸ ਹੈ।”
ਇਸ ਪਹਿਲੇ ਹੀ ਦਿਨ ਤੇ ਪਹਿਲੇ ਹੀ ਪੀਰੀਅਡ ਮੇਰੀ ਤੇ ਹਰਪਾਲ ਦੀ ਅਜੇਹੀ ਕੁੱਤੇਖਾਣੀ ਹੋਈ ਕਿ ਰਹੇ ਰੱਬ ਦਾ ਨਾਂ। ਪੀਰੀਅਡ ਖ਼ਤਮ ਹੋਇਆ ਤਾਂ ਸਾਨੂੰ ਸੁੱਖ ਦਾ ਸਾਹ ਆਇਆ।
ਹੋਸਟਲ ਜਾ ਕੇ ਸੀਨੀਅਰ ਕੁੜੀਆਂ ਤੋਂ ਪਤਾ ਲੱਗਿਆ ਕਿ ਪ੍ਰੋ. ਸ. ਜਗਜੀਤ ਸਿੰਘ ਗੌਰਮਿੰਟ ਕਾਲਜ (ਮੁੰਡਿਆਂ) ਲੁਧਿਆਣਾ ਤੋਂ ਰਿਟਾਇਰ ਹੋ ਕੇ ਏਥੇ ਕੁੜੀਆਂ ਦੇ ਖਾਲਸਾ ਕਾਲਜ ਸਰਵਿਸ ਕਰ ਰਹੇ ਹਨ। ਉਹ ਹਮੇਸ਼ਾਂ ਚਿੱਟਾ ਕੁੜਤਾ ਪਜ਼ਾਮਾ, ਨੀਲੀ ਸਿਲਕ ਦੀ ਦਸਤਾਰ ਤੇ ਨੀਲੇ ਰੰਗ ਦਾ ਹੀ ਗਾਤਰਾ ਪਾਉਂਦੇ ਹਨ। ਉਨ੍ਹਾਂ ਦੀ ਬੇਟੀ ਵੀ ਬਾਟਨੀ ਵਿਭਾਗ ’ਚ ਪ੍ਰੋਫੈਸਰ ਹੈ। ਉਹ ਮਾਡਲ ਟਾਊਨ ਰਹਿੰਦੇ ਹਨ। ਆਮ ਕਰਕੇ ਉਹ ਸਾਈਕਲ ’ਤੇ ਆਉਂਦੇ ਹਨ, ਪਰ ਕਦੇ ਕਦੇ ਬੱਸ ਵੀ ਲੈ ਲੇਂਦੇ ਹਨ। ਜਦੋਂ ਬੱਸ ’ਤੇ ਜਾਣਾ ਹੋਵੇ ਤਾਂ ਕਾਲਜ ਦੇ ਬਾਹਰ ਖੜ੍ਹ ਕੇ ਬੱਸ ਦੀ ਉਡੀਕ ਕਰਦੇ ਹਨ। ਚਪੜਾਸੀ ਆਪਣੀ ਕੁਰਸੀ ਇਨ੍ਹਾਂ ਨੂੰ ਦੇ ਦਿੰਦਾ ਹੈ ਅਤੇ ਆਪ ਖਲੋ ਜਾਂਦਾ ਹੈ। ਓਦੋਂ ਬਹੁਤੇ ਲੋਕਾਂ ਨੂੰ ਇਨ੍ਹਾਂ ਦੇ ਚਪੜਾਸੀ ਹੋਣ ਦਾ ਭੁਲੇਖਾ ਪੈ ਜਾਂਦਾ ਹੈ।
ਮੈਂ ਦੋ ਸਾਲ ਉਨ੍ਹਾਂ ਤੋਂ ਬਾਟਨੀ ਪੜ੍ਹੀ। ਪ੍ਰੈਕਟੀਕਲ ਦਾ ਪੀਰੀਅਡ ਵੀ ਲੈਂਦੇ ਸਨ। ਬੀਐੱਸ. ਸੀ ਬਾਟਨੀ ਕੋਰਸ ਦੀਆਂ ਕਿਤਾਬਾਂ ਉਨ੍ਹਾਂ ਦੀਆਂ ਆਪਣੀਆਂ ਹੀ ਲਿਖੀਆਂ ਹੋਈਆਂ ਸਨ। ਉਹ ਕਲਾਸ ਵਿੱਚ ਆਉਂਦੇ। ਕੁਰਸੀ ’ਤੇ ਬੈਠ ਹਾਜ਼ਰੀ ਲਗਾਉਣ ਲੱਗ ਜਾਂਦੇ। ਬਿਨਾਂ ਕਿਸੇ ਦੇ ਚਿਹਰੇ ਵੱਲ ਦੇਖੇ, ਬਿਨਾਂ ਸਾਹ ਲਿਆਂ ਰੋਲ ਨੰਬਰ ਇੱਕ, ਦੋ ਤਿੰਨ ਬੋਲਦੇ ਬੋਲਦੇ ਚਾਲੀ ਤੇ ਚਲੇ ਜਾਂਦੇ। ਹੈਰਾਨੀ ਹੁੰਦੀ ਕਿ ਕਿਵੇਂ ਹਾਜ਼ਰੀ ਠੀਕ ਲੱਗ ਜਾਂਦੀ ਹੈ। ਜਦੋਂ ਕੋਈ ਰੋਲ ਨੰਬਰ ਗੈਰਹਾਜ਼ਰ ਹੁੰਦਾ ਤਾਂ ਵੀ ਉਹ ਝੱਟ-ਪੱਟ ਜਾਣ ਜਾਂਦੇ। ਮਜ਼ਾਲ ਹੈ ਕਦੇ ਗ਼ਲਤੀ ਹੋਈ ਹੋਵੇ। ਜਿੰਨਾ ਚਿਰ ਚਾਲੀ ਗਿਣਨ ਨੂੰ ਲੱਗਦੇ ਨੇ ਓਨਾ ਚਿਰ ਹੀ ਉਹ ਹਾਜ਼ਰੀ ਲਾਉਣ ਨੂੰ ਲਾਉਂਦੇ ਸਨ। ਬਿਨਾਂ ਕੋਈ ਗੱਲ ਕੀਤਿਆਂ ਸਬਕ ਸ਼ੁਰੂ ਹੋ ਜਾਂਦਾ। ਕਦੇ ਬਲੈਕਬੋਰਡ ’ਤੇ ਚਾਕ ਦੀ ਵਰਤੋਂ ਨਹੀਂ ਸਨ ਕਰਦੇ। ਜੋ ਪੜ੍ਹਾਉਂਦੇ, ਹਰ ਇੱਕ ਨੂੰ ਸਮਝ ਆ ਜਾਂਦਾ। ਉਨ੍ਹਾਂ ਦੀ ਕਲਾਸ ਵਿੱਚ ਕੋਈ ਵੀ ਹਿਲ- ਜੁਲ ਨਹੀਂ ਸੀ ਹੁੰਦੀ। ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਕਿਸੇ ਕੁੜੀ ਦੇ ਸਾਹ ਲੈਣ ਦੀ ਵੀ ਆਵਾਜ਼ ਆ ਜਾਵੇ। ਹਰ ਇੱਕ ਕੋਲ ਕਾਪੀ, ਪੈਨ ਤੇ ਕੋਰਸ ਦੀ ਕਿਤਾਬ ਹੋਣੀ ਲਾਜ਼ਮੀ ਸੀ। ਇਨ੍ਹਾਂ ਤਿੰਨਾਂ ਚੀਜ਼ਾਂ ’ਚੋਂ ਕਿਸੇ ਇੱਕ ਚੀਜ਼ ਦਾ ਨਾ ਹੋਣਾ ਸ਼ਾਮਤ ਆਉਣਾ ਸੀ। ਉਹ ਕਦੇ ਵੀ ਬਿਮਾਰ ਨਹੀਂ ਸਨ ਹੁੰਦੇ। ਕਦੇ ਵੀ ਛੁੱਟੀ ਨਹੀਂ ਸਨ ਲੈਂਦੇ ਤੇ ਲੇਟ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪੀਰੀਅਡ ਦੇ ਅੰਤ ’ਤੇ ਘੰਟੀ ਵੱਜਦੀ ਤਾਂ ਹਰ ਇੱਕ ਕੁੜੀ ਨੂੰ ਸੁੱਖ ਦਾ ਸਾਹ ਆਉਂਦਾ। ਹਰ ਰੋਜ਼ ਕਿਸੇ ਨਾ ਕਿਸੇ ਕਲਾਸ ਵਿੱਚ ਕਿਸੇ ਨਾ ਕਿਸੇ ਦੀ ਸ਼ਾਮਤ ਆ ਜਾਂਦੀ। ਹੋਸਟਲ ’ਚ ਕੋਈ ਨਾ ਕੋਈ ਕੁੜੀ ਸ. ਜਗਜੀਤ ਸਿੰਘ ਦੇ ਪੀਰੀਅਡ ਦੀ ਕਥਾ ਕਹਾਣੀ ਛੇੜ ਲੈਂਦੀ। ਆਮ ਕਰਕੇ ਕੁੜੀਆਂ ਉਨ੍ਹਾਂ ਨੂੰ ਬਾਬਾ ਆਖਦੀਆਂ ਸਨ। ਅੱਜ ਬਾਬੇ ਦੀ ਕਲਾਸ ’ਚ ਆਹ ਹੋਇਆ, ਅੱਜ ਫਲਾਣੀ ਕੁੜੀ ਨੂੰ ਬਾਬੇ ਨੇ ਆਹ ਕਿਹਾ, ਫਲਾਣੀ ਨੂੰ ਔਹ ਕਿਹਾ ਆਦਿ। ਛੁੱਟੀ ਤੋਂ ਬਾਅਦ ਸਭ ਤੋਂ ਪਹਿਲਾਂ ਜਿਸ ਗੱਲ ਦੀ ਚਰਚਾ ਹੁੰਦੀ ਸੀ, ਉਹ ਬਾਟਨੀ ਦੇ ਪੀਰੀਅਡ ਦੀ ਹੀ ਹੁੰਦੀ ਸੀ। ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਉਹ ਜਦੋਂ ਕਿਸੇ ਕੁੜੀ ਨੂੰ ਝਿੜਕਾਂ ਦਿੰਦੇ ਸਨ ਤਾਂ ਸਾਰੀਆਂ ਦੇ ਢਿੱਡ ਹੱਸਦੇ ਸਨ, ਪਰ ਉੱਪਰੋਂ ਸਭ ਬਹੁਤ ਗੰਭੀਰ ਦਿਖਾਈ ਦਿੰਦੀਆਂ ਸਨ।
ਮੇਰੇ ਨਾਲ ਵੀ ਕਈ ਕੁਝ ਵਾਪਰਿਆ। ਇੱਕ ਦਿਨ ਪ੍ਰੈਕਟੀਕਲ ਦੇ ਪੀਰੀਅਡ ਵਿੱਚ ਪੜ੍ਹਾਉਂਦੇ ਪੜ੍ਹਾਉਂਦੇ ਉਨ੍ਹਾਂ ਨੇ ਸਵਾਲ ਪੁੱਛ ਲਿਆ। ਮੇਰੇ ਨਾਲ ਮਧੂ ਬੈਠੀ ਸੀ। ਮਧੂ ਨੂੰ ਖੜ੍ਹਾ ਕਰ ਲਿਆ। ਮਧੂ ਨੂੰ ਪਤਾ ਨਾ ਲੱਗਿਆ ਕਿ ਸਵਾਲ ਕੀ ਹੈ। ਜਦੋਂ ਵੀ ਉਹ ਕਿਸੇ ਕੁੜੀ ਤੋਂ ਕੁਝ ਪੁੱਛਦੇ ਤਾਂ ਉਹ ਪਹਿਲਾਂ ਹੀ ਘਬਰਾ ਜਾਂਦੀ। ਮਧੂ ਬੁੱਤ ਬਣੀ ਖੜ੍ਹੀ ਸੀ। ਸ. ਜਗਜੀਤ ਸਿੰਘ ਬੋਲੇ, “ਕਾਕੀ ਮੈਂ ਤੈਥੋਂ ਕੁਝ ਪੁੱਛਿਆ ਹੈ, ਮੈਂ ਤੇਰੀ ਫੋਟੋ ਨਹੀਂ ਖਿੱਚਣੀ, ਜਗਜੀਤ ਸਿੰਘ ਬਾਟਨੀ ਪੜ੍ਹਾਉਣ ਆਉਂਦਾ ਹੈ, ਤੁਹਾਡੀਆਂ ਸੂਰਤਾਂ ਦੇਖਣ ਨਹੀਂ ਆਉਂਦਾ। ਮੈਂ ਨਈ ਦੇਖਣੀ ਤੇਰੀ ਰੰਗ ਬਿਰੰਗੀ ਚੁੰਨੀ। ਮੇਰਾ ਕੰਮ ਤਾਂ ਬਾਟਨੀ ਪੜ੍ਹਾਉਣਾ ਹੈ। ਤੂੰ ਮਾਪਿਆਂ ਦੇ ਪੈਸੇ ਬਰਬਾਦ ਕਰਨੇ ਨੇ ਕਰੀਂ ਜਾ। ਚੱਲ ਬੈਠ ਜਾ। ਥੱਕ ਗਈ ਹੋਵੇਂਗੀ!”
ਉਨ੍ਹਾਂ ਨੇ ਮੈਨੂੰ ਖੜ੍ਹਾ ਹੋਣ ਲਈ ਇਸ਼ਾਰਾ ਕੀਤਾ। ਮੈਨੂੰ ਪਤਾ ਨਾ ਚੱਲਿਆ। ਉਹ ਕੜਕ ਕੇ ਬੋਲੇ ਤਾਂ ਮੈਂ ਖੜ੍ਹੀ ਹੋਈ। ਮੈਨੂੰ ਵੀ ਘਬਰਾਹਟ ’ਚ ਪਤਾ ਨਾ ਲੱਗੇ ਕਿ ਕੀ ਕਹਿਣਾ ਹੈ। ਮੈਂ ਵੀ ਮਧੂ ਵਾਂਗ ਡੁੰਨ ਵੱਟਾ ਬਣੀਂ ਖੜ੍ਹੀ ਸਾਂ।
ਉਨ੍ਹਾਂ ਨੇ ਆਵਾਜ਼ ਦਿੱਤੀ, “ਤਾਰਾ ਸਿੰਘ!”
ਅਗਲੇ ਹੀ ਮਿੰਟ ਤਾਰਾ ਸਿੰਘ ਆ ਖੜ੍ਹੇ ਹੋਏ। ਤਾਰਾ ਸਿੰਘ ਲੈਬ ਅਸਿਸਟੈਂਟ ਸੀ। ਉਹ ਪ੍ਰੈਕਟੀਕਲ ਦੇ ਪੀਰੀਅਡ ’ਚ ਲੈਬ ’ਚ ਹੀ ਹਾਜ਼ਰ ਰਹਿੰਦਾ ਸੀ।
ਜਿਉਂ ਹੀ ਤਾਰਾ ਸਿੰਘ ਆਇਆ ਤਾਂ ਪ੍ਰੋ. ਸਾਹਿਬ ਕਹਿਣ ਲੱਗੇ, “ਤਾਰਾ ਸਿਆਂ! ਪਾਣੀ ਦੀ ਬਾਲਟੀ ਭਰ ਕੇ ਲਿਆ। ਤਾਰਾ ਸਿੰਘ ਪਾਣੀ ਦੀ ਬਾਲਟੀ ਭਰ ਲਿਆਇਆ। ਨਾ ਦੇਖਦਾ ਕੀ ਏਂ, ਪਾ ਪਾਣੀ ਏਸ ਕੁੜੀ ’ਤੇ, ਸੁੱਤੀ ਪਈ ਹੈ। ਇਹ ਹੋਸਟਲ ’ਚ ਚਾਕਲੇਟ ਖਾਣ ਆਈ ਹੈ ਨਾ ਕਿ ਪੜ੍ਹਨ! ਇਹ ਤਾਂ ਹੋਸਟਲ ’ਚ ਨਾਲੀ ਦਾ ਗੰਦਾ ਪਾਣੀ ਪੀਂਦੀ ਹੈ।’’
ਉਹ ਕੋਕਾ ਕੋਲਾ ਨੂੰ ਗੰਦਾ ਪਾਣੀ ਆਖਿਆ ਕਰਦੇ ਸਨ। ਪਤਾ ਨਹੀਂ ਕਿਵੇਂ ਮਨ ਮੇਹਰ ਪੈ ਗਈ। ਕੁਝ ਹੋਰ ਸੁਣਾ ਕੇ ਮੈਨੂੰ ਬਿਠਾ ਦਿੱਤਾ।
ਫਿਰ ਕਿਸੇ ਹੋਰ ਦਿਨ ਉਨ੍ਹਾਂ ਦੀ ਲੜਕੀ (ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਉਹ ਵੀ ਬਾਟਨੀ ਪੜ੍ਹਾਉਂਦੀ ਸੀ) ਉਸ ਦੀ ਸ਼ਾਮਤ ਆ ਗਈ। ਮੇਰੀ ਸਹੇਲੀ ਹਰਪਾਲ ਕੋਲ ਉਸ ਦਿਨ ਸੈਕਸ਼ਨ ਕੱਟਣ ਲਈ ਬਿਲਕੁਲ ਅਣਲੱਗ ਬਲੇਡ ਨਹੀਂ ਸੀ। ਸਬੱਬ ਨਾਲ ਮੇਰੇ ਕੋਲ ਦੋ ਬਲੇਡ ਸਨ। ਸ. ਜਗਜੀਤ ਸਿੰਘ ਦਾ ਅਸੂਲ ਸੀ ਕਿ ਹਰ ਵਿਦਿਆਰਥੀ ਕੋਲ ਬਾਟਨੀ ਪ੍ਰੈਕਟੀਕਲ ਦੇ ਪੀਰੀਅਡ ਵਿੱਚ ਲੋੜੀਂਦਾ ਸਾਮਾਨ ਪੂਰਾ ਹੋਣਾ ਚਾਹੀਦਾ ਹੈ। ਇਕਦਮ ਤਿੱਖਾ ਅਣਲੱਗ ਬਲੇਡ ਉਨ੍ਹਾਂ ’ਚੋਂ ਇੱਕ ਸੀ। ਆਮ ਕਰਕੇ ਪ੍ਰੈਕਟੀਕਲ ਦੀ ਕਲਾਸ ਉਹ ਪਿਉ-ਧੀ ਦੋਵੇਂ ਇਕੱਠੇ ਲਿਆ ਕਰਦੇ ਸਨ। ਮੈਂ ਹੌਲੀ ਕੁ ਦੇਣੇ ਮੈਡਮ ਦੇ ਹੱਥ ਹਰਪਾਲ ਨੂੰ ਦੇਣ ਲਈ ਬਲੇਡ ਫੜਾਇਆ। ਸ. ਜਗਜੀਤ ਸਿੰਘ ਨੇ ਦੇਖ ਲਿਆ। ਬਸ ਫਿਰ ਕੀ ਸੀ। ਆ ਗਈ ਸ਼ਾਮਤ ਮੈਡਮ ਦੀ।
ਕਹਿਣ ਲੱਗੇ, “ਤੂੰ ਇਨ੍ਹਾਂ ਨੂੰ ਚੋਰੀਆਂ ਕਰਨਾ ਸਿਖਾਉਂਦੀ ਹੈ। ਤੂੰ ਆਪ ਵੀ ਚੋਰ ਤੇ ਇਹ ਵੀ ਚੋਰ।”
ਹੋਰ ਵੀ ਬਥੇਰਾ ਕੁਝ ਕਹਿ ਗਏ। ਉਹ ਵਿਚਾਰੀ ਚੁੱਪ ਚਾਪ ਸੁਣੀ ਗਈ। ਉਸ ਦੀ ਵੀ ਕੁਝ ਬੋਲਣ ਦੀ ਹਿੰਮਤ ਨਾ ਪਈ।
ਇੱਕ ਦਿਨ ਪਹਿਲੇ ਹੀ ਪੀਰੀਅਡ ਬਟਾਨੀਕਲ ਗਾਰਡਨ ਵਿੱਚ ਉਹ ਸਾਨੂੰ ਪੜ੍ਹਾ ਰਹੇ ਸਨ। ਕੱਦੂਆਂ ਦੀ ਵੇਲ ਤੋਂ ਸਭ ਨੂੰ ਇੱਕ ਇੱਕ ਫੁੱਲ ਤੋੜਨ ਲਈ ਕਿਹਾ। ਮੋਹਣੀ ਨੇ ਦੋ ਫੁੱਲ ਤੋੜ ਲਏ। ਲੱਗਦੈ ਉਸ ਤੋਂ ਦੋ ਫੁੱਲ ਟੁੱਟ ਗਏ ਸਨ। ਉਸ ਦੇ ਹੱਥ ’ਚ ਦੋ ਫੁੱਲ ਦੇਖ ਕੇ ਉਨ੍ਹਾਂ ਦਾ ਪਾਰਾ ਸੱਤਵੇਂ ਅਸਮਾਨ ਜਾ ਚੜ੍ਹਿਆ।
ਵਾਰ ਵਾਰ ਆਖੀਂ ਜਾਣ, “ਮੋਹਣ ਕੁਰੇ ਤੂੰ ਦੋ ਫੁੱਲ ਕਿਉਂ ਤੋੜੇ। ਤੇਰੇ ਤੋਂ ਬਿਨਾਂ ਹੋਰ ਵੀ ਬਹੁਤ ਕੁੜੀਆਂ ਨੂੰ ਪੜ੍ਹਾਉਣਾ ਹੈ ਜਗਜੀਤ ਸਿੰਘ ਨੇ। ਤੂੰ ਇਕੱਲੀ ਨਹੀਂ ਮੇਰੀ ਕਲਾਸ ਵਿੱਚ। ਤੈਨੂੰ ਸ਼ਰਮ ਕਿਉਂ ਨਾ ਆਈ?”
ਉਨ੍ਹਾਂ ਦੀ ਗੱਲ ਦਾ ਕੋਈ ਵੀ ਕੁੜੀ ਜਵਾਬ ਨਹੀਂ ਸੀ ਦਿੰਦੀ। ਉਹ ਬੋਲਣ ਦਾ ਮੌਕਾ ਵੀ ਨਹੀਂ ਦਿੰਦੇ ਸਨ।
ਇਸੇ ਤਰ੍ਹਾਂ ਇੱਕ ਦਿਨ ਪ੍ਰਿੰਸੀਪਲ ਦਾ ਚਪੜਾਸੀ ਚੱਲਦੀ ਕਲਾਸ ਵਿੱਚ ਆ ਗਿਆ। ਪਤਾ ਨਹੀਂ ਕਿਵੇਂ ਉਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ। ਉਸ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਸੁਰਿੰਦਰ ਧਾਲੀਵਾਲ ਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਹੈ। ਦਰਅਸਲ, ਪ੍ਰਿੰਸੀਪਲ ਨੇ ਕਿਸੇ ਕਵਿਤਾ ਉਚਾਰਣ ਮੁਕਾਬਲੇ ’ਚ ਜਾਣ ਲਈ ਮੈਨੂੰ ਬੁਲਾਇਆ ਸੀ।
ਚਪੜਾਸੀ ਦੀ ਗੱਲ ਸੁਣ ਕੇ ਉਸ ਨੂੰ ਆਖਣ ਲੱਗੇ, “ਜਾਹ, ਜਾ ਕੇ ਪ੍ਰਿੰਸੀਪਲ ਨੂੰ ਆਖ ਦੇ ਜਗਜੀਤ ਸਿੰਘ ਪੜ੍ਹਾ ਰਿਹਾ ਹੈ, ਵਿਹਲਾ ਨਹੀਂ ਬੈਠਾ। ਮੈਂ ਨਹੀਂ ਭੇਜ ਸਕਦਾ ਲੜਕੀ ਨੂੰ। ਜਦੋਂ ਵਿਹਲ ਹੋਈ ਇਹ ਆਪੇ ਆ ਜਾਵੇਗੀ।”
ਉਹ ਨੀਵੀਂ ਪਾਈ ਵਾਪਸ ਚਲਾ ਗਿਆ। ਮੈਂ ਜਿੰਨਾ ਚਿਰ ਕਾਲਜ ਵਿੱਚ ਰਹੀ ਉਨ੍ਹਾਂ ਨੇ ਕਦੇ ਵੀ ਮੇਰੇ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ। ਕੇਵਲ ਮੈਂ ਹੀ ਨਹੀਂ, ਹਰ ਇੱਕ ਨਾਲ ਉਨ੍ਹਾਂ ਦਾ ਏਹੀ ਵਰਤਾਵਾ ਸੀ। ਮੈਂ ਬਾਟਨੀ ਵਿੱਚ ਕਾਫ਼ੀ ਚੰਗੀ ਸਾਂ। ਹਮੇਸ਼ਾਂ ਪਹਿਲੀਆਂ ਇੱਕ ਦੋ ਪੁਜੀਸ਼ਨਾਂ ’ਚ ਮੇਰਾ ਨਾਮ ਹੁੰਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਛਿਮਾਹੀ ਇਮਤਿਹਾਨਾਂ ਦੇ ਪੇਪਰ ਚੈੱਕ ਕਰਕੇ ਜਦੋਂ ਕਲਾਸ ਵਿੱਚ ਵੰਡ ਰਹੇ ਸਨ ਤਾਂ ਮੇਰਾ ਪੇਪਰ ਉਨ੍ਹਾਂ ਨੇ ਵਗਾਹ ਕੇ ਮਾਰਿਆ। ਮੈਂ ਕਮਰੇ ਦੇ ਦੂਸਰੇ ਸਿਰੇ ਤੋਂ ਪੇਪਰ ਚੁੱਕ ਕੇ ਲਿਆਂਦਾ। ਜਦੋਂ ਨੰਬਰ ਦੇਖੇ ਤਾਂ ਮੇਰੇ ਨੰਬਰ ਸਭ ਤੋਂ ਜ਼ਿਆਦਾ ਸਨ। ਪੇਪਰ ਵਗਾਹ ਕੇ ਮਾਰਨ ਦਾ ਕਾਰਨ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਿਆ।
ਮੈਂ ਬੀਐੱਸ. ਸੀ ਕਰਕੇ ਚੰਡੀਗੜ੍ਹ ਯੂਨੀਵਰਸਿਟੀ ’ਚ ਦਾਖਲਾ ਲੈ ਲਿਆ। ਮੈਂ ਪੀਰੀਅਡ ਲਗਾ ਕੇ ਵਾਪਸ ਹੋਸਟਲ ਆ ਰਹੀ ਸਾਂ ਕਿ ਮੈਨੂੰ ਦੂਰੋਂ ਹੀ ਕੋਈ ਚਿੱਟੇ ਕੁੜਤੇ ਪਜਾਮੇ ਅਤੇ ਨੀਲੀ ਦਸਤਾਰ ਵਾਲਾ ਆਦਮੀ ਰਜਿਸਟ੍ਰੇਸ਼ਨ ਆਫਿਸ ਦੇ ਸਾਹਮਣੇ ਖੜ੍ਹਾ ਦਿਖਾਈ ਦਿੱਤਾ। ਮੈਂ ਸੋਚ ਰਹੀ ਸਾਂ ਕਿ ਲੱਗਦੇ ਤਾਂ ਇਹ ਪ੍ਰੋਫੈਸਰ ਸਾਹਿਬ ਹੀ ਹਨ! ਜਿਉਂ ਜਿਉਂ ਮੈਂ ਨੇੜੇ ਆ ਰਹੀ ਸਾਂ ਮੇਰਾ ਭੁਲੇਖਾ ਯਕੀਨ ’ਚ ਬਦਲ ਰਿਹਾ ਸੀ। ਮੈਂ ਉਨ੍ਹਾਂ ਦੇ ਬਿਲਕੁਲ ਕੋਲ ਆ ਗਈ। ਮੇਰੇ ਵੱਲ ਉਨ੍ਹਾਂ ਦੀ ਪਿੱਠ ਸੀ। ਮੈਂ ਜੱਕੋ ਤੱਕੋ ਜਿਹੀ ’ਚ ਉਨ੍ਹਾਂ ਦੇ ਮੋਢੇ ’ਤੇ ਹੱਥ ਧਰ ਦਿੱਤਾ। ਉਨ੍ਹਾਂ ਨੇ ਮੂੰਹ ਭਵਾਇਆ। ਵੇਖਦੇ ਸਾਰ ਹੀ ਉਨ੍ਹਾਂ ਨੇ ਮੈਨੂੰ ਬਿਲਕੁਲ ਆਪਣੀ ਧੀ ਵਾਂਗ ਪਿਆਰ ਦਿੱਤਾ। ਮੇਰਾ ਸਿਰ ਪਲੋਸਿਆ ਤੇ ਹਿੱਕ ਨਾਲ ਲਾਇਆ। ਮੇਰਾ ਵੀ ਮਨ ਭਰ ਆਇਆ।
ਦੂਸਰੇ ਹੀ ਪਲ ਉਹ ਕਹਿ ਰਹੇ ਸਨ,“ਮਰ ਜਾਣੀਏਂ! ਮੈਂ ਤਾਂ ਕਈ ਦਿਨਾਂ ਦਾ ਏਥੇ ਆਉਂਦਾ ਹਾਂ, ਤੂੰ ਅੱਜ ਮੈਨੂੰ ਮਿਲੀ ਹੈ!”
ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਕਿਰਕੇ ਚਿੱਟੀ ਦੁੱਧ ਵਰਗੀ ਦਾੜ੍ਹੀ ’ਤੇ ਡਿੱਗ ਰਹੇ ਸਨ। ਅੱਜ ਤੱਕ ਉਹ ਪਵਿੱਤਰ ਹੰਝੂ ਮੇਰੇ ਦਿਲ ਦਿਮਾਗ਼ ’ਚ ਵੱਸੇ ਹੋਏ ਹਨ। ਸੋਚਦੀ ਹਾਂ ਸ. ਜਗਜੀਤ ਸਿੰਘ ਦੀਆਂ ਝਿੜਕਾਂ ਵੀ ਇੱਕ ਪਿਆਰ ਸੀ।