ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਦੀ ਅਗਵਾਈ ਵਿੱਚ ਅੱਜ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਗੁੰਮਰਾਹ ਕਰ ਰਹੀ ਅਗਨੀਪੱਥ ਯੋਜਨਾ ਦੇ ਖ਼ਿਲਾਫ਼ ਇੱਕ ਮਸ਼ਾਲ ਮਾਰਚ ਕੱਢਿਆ ਗਿਆ। ਜੰਤਰ ਮੰਤਰ ਚੌਕ ’ਤੇ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਅਗਨੀਪਥ ਯੋਜਨਾ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸ਼੍ਰੀ ਬੀਵੀ ਨੇ ਕਿਹਾ ਕਿ ਕੇਂਦਰ ਦੀ ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ ਲਈ ਵਿਨਾਸ਼ਪਥ ਯੋਜਨਾ ਹੈ। ਨੌਜਵਾਨ ਵਿਰੋਧੀ ਮੋਦੀ ਸਰਕਾਰ ‘ਅਗਨੀਪਥ’ ਭਰਤੀ ਯੋਜਨਾ ਦੇ ਨਾਂ ’ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਮਿੱਧ ਰਹੀ ਹੈ। ਘੱਟ ਤਨਖਾਹ, ਛੋਟੀ ਮਿਆਦ ਦੀ ਨੌਕਰੀ ਦੇ ਨਾਂ ’ਤੇ ਨੌਜਵਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭੰਬਲਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਿਰੋਧੀ ਮੋਦੀ ਸਰਕਾਰ ‘ਅਗਨੀਪਥ’ ਦੇ ਨਾਂ ‘ਤੇ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ। ਮੋਦੀ ਸਰਕਾਰ ਆਮ ਫੌਜੀ ਭਰਤੀ ਬੰਦ ਕਰਕੇ ‘ਅਗਨੀਪਥ’ ਦੇ ਨਾਂ ’ਤੇ ਨੌਜਵਾਨਾਂ ਦੇ ਹੱਕਾਂ ਦਾ ਕਤਲ ਕਰ ਰਹੀ ਹੈ। ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਦੇ ਮੂੰਹੋਂ ਮੋਦੀ ਸਰਕਾਰ ਵਿਰੋਧੀ ਨਾਅਰੇ ਗੂੰਜ ਰਹੇ ਹਨ। ਮੋਦੀ ਸਰਕਾਰ ਫੌਜ ਨੂੰ ਠੇਕੇ ‘ਤੇ ਦੇਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਅਗਨੀਪਥ ਦੇ ਤਹਿਤ ਸਰਕਾਰ ਨੌਜਵਾਨਾਂ ਨੂੰ ਸਿਰਫ 4 ਸਾਲ ਲਈ ਫੌਜ ਵਿੱਚ ਭਰਤੀ ਕਰਨਾ ਚਾਹੁੰਦੀ ਹੈ, ਨਾ ਕੋਈ ਰੈਂਕ, ਨਾ ਪੈਨਸ਼ਨ, ਨਾ 4 ਸਾਲਾਂ ਬਾਅਦ ਕੋਈ ਸਥਿਰ ਭਵਿੱਖ, ਨਾ ਹੀ ਸਨਮਾਨਯੋਗ ਤਨਖਾਹ, ਜੇ ਇਹ ਫੌਜ ਅਤੇ ਜਵਾਨਾਂ ਦਾ ਅਪਮਾਨ ਨਹੀਂ ਤਾਂ ਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ‘ਅਗਨੀਪਥ’ ਭਰਤੀ ਯੋਜਨਾ ਦੇ ਖਿਲਾਫ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਮੋਦੀ ਸਰਕਾਰ ‘ਅਗਨੀਪਥ’ ਭਰਤੀ ਯੋਜਨਾ ਨੂੰ ਤੁਰੰਤ ਵਾਪਸ ਲਵੇ। ਯੂਥ ਕਾਂਗਰਸ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਕੀਮ ਨੂੰ ਜਲਦੀ ਤੋਂ ਜਲਦੀ ਵਾਪਸ ਲਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਥ ਕਾਂਗਰਸ ਇਸ ਦੇ ਖਿਲਾਫ ਅੰਦੋਲਨ ਜਾਰੀ ਰੱਖੇਗੀ। ਇਸ ਮੌਕੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਕਾਂਗਰਸ ਵੱਲੋਂ ਦਿੱਤੇ ਸੱਦੇ ਦੇ ਮੱਦੇਨਜ਼ਰ ਕਾਰਕੁਨ ਜੰਤਰ ਮੰਤਰ ਨੇੜੇ ਇਕੱਠੇ ਹੋਏ ਤੇ ਜਿਉਂ ਹੀ ਰੋਕਾਂ ਹਟਾ ਕੇ ਅੱਗੇ ਵਧੇ ਤਾਂ ਪੁਲੀਸ ਨੇ ਡੱਕ ਲਏ। ਉਨ੍ਹਾਂ ਨੂੰ ਬੱਸਾਂ ਵਿਚ ਭਰ ਕੇ ਲੈ ਜਾਇਆ ਗਿਆ।