ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਮਈ
ਦੇਸ਼ ਭਰ ਵਿੱਚ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਇੱਕ ਵਾਰ ਫਿਰ ਤੋਂ 50 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਵਿਰੋਧ ਵਿੱਚ ਭਾਰਤੀ ਯੂਥ ਕਾਂਗਰਸ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨਿਵਾਸ ਬੀਵੀਜੀ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀ ਹਾਲਤ ਮਹਿੰਗਾਈ ਕਾਰਨ ਜੂਝ ਰਹੀ ਹੈ ਅਤੇ ਮੋਦੀ ਸਰਕਾਰ ਦਿਨੋਂ-ਦਿਨ ਅਮੀਰ ਹੁੰਦੀ ਜਾ ਰਹੀ ਹੈ। ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਅੱਜ ਫਿਰ 50 ਰੁਪਏ ਦਾ ਵਾਧਾ ਹੋਇਆ ਹੈ ਇਸ ਨਾਲ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਹੁਣ 999.50 ਰੁਪਏ ਹੋ ਗਈ ਹੈ। ਜਨਤਾ ਸਰਕਾਰ ਨੂੰ ਪੁੱਛ ਰਹੀ ਹੈ ਕਿ ਕੀ ਇਹ ਇਹੀ ਅੱਛੇ ਦਿਨ ਹਨ ਜਿਨ੍ਹਾਂ ਦਾ ਸੁਪਨਾ ਦਿਖਾਇਆ ਗਿਆ ਸੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗੈਸ ਸਬਸਿਡੀ ਖਤਮ ਕਰਕੇ ਗਰੀਬ ਅਤੇ ਮੱਧ ਵਰਗ ’ਤੇ ਹਮਲਾ ਕੀਤਾ ਹੈ। 2012-13 ਵਿੱਚ ਕਾਂਗਰਸ ਸਰਕਾਰ ਵਿੱਚ ਐੱਲਪੀਜੀ ਸਬਸਿਡੀ 39,558 ਕਰੋੜ ਸੀ, ਕਾਂਗਰਸ ਸਰਕਾਰ ਵੱਲੋਂ 2013-14 ਵਿੱਚ46,458 ਕਰੋੜ ਗੈਸ ਸਬਸਿਡੀ, ਜਿਸ ਨੂੰ ਮੋਦੀ ਸਰਕਾਰ ਨੇ 2015-16 ਵਿੱਚ 18 ਕਰੋੜ ਰੁਪਏ ਅਤੇ 2016-17 ਵਿੱਚ ਸਿਫ਼ਰ ਕਰ ਦਿੱਤਾ। ਭਾਜਪਾ ਦੇ ਰਾਜ ਵਿੱਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਢਾਈ ਗੁਣਾ ਵਧ ਗਏ ਹਨ, ਐੱਲਪੀਜੀ ਮੱਧ ਅਤੇ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਅੱਜ ਜਨਤਾ ਕਹਿ ਰਹੀ ਹੈ- ਉਹ ‘ਸਸਤੇ ਦਿਨ’ ਵਾਪਸ ਕਰੋ, ‘ਅੱਛੇ ਦਿਨ’ ਬਿਆਨਬਾਜ਼ੀ ਨਾਲ ਨਹੀਂ ਆਉਣੇ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਬੇਕਾਬੂ ਹੈ, ਕਿਉਂਕਿ ਸਰਕਾਰ ਦੀ ਨੀਤੀ ਤੇ ਨੀਅਤ ਸਾਫ਼ ਨਹੀਂ ਹੈ। ਚੋਣਾਂ ਦਾ ਸਮਾਂ ਹੀ ਅਜਿਹਾ ਹੁੰਦਾ ਹੈ ਜਦੋਂ ਸਰਕਾਰ ਕੁਝ ਸਮੇਂ ਲਈ ਚੁੱਪ ਰਹਿੰਦੀ ਹੈ, ਬਾਕੀ ਦੇ ਸਮੇਂ ਵਿੱਚ ਮਹਿੰਗਾਈ ਦੇ ਝਟਕੇ ਲੱਗਦੇ ਜਾਂਦੇ ਹਨ। ਝੂਠ ਤੇ ਫਰੇਬ ਦੇ ਸਹਾਰੇ ਖੜ੍ਹੀ ਭਾਜਪਾ ਸਰਕਾਰ ਆਪਣੇ ਆਖਰੀ ਦਿਨ ਗਿਣ ਰਹੀ ਹੈ।
ਭਾਜਪਾ ਵਰਕਰਾਂ ਦਾ ਧੋਖਾ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਐੱਲਪੀਜੀ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲੈ ਕੇ ਦੇਸ਼ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ ਅਤੇ ਐੱਲਪੀਜੀ ਗੈਸ ਦੀਆਂ ਕੀਮਤਾਂ ਨੂੰ 2014 ਦੇ ਬਰਾਬਰ ਲਿਆਂਦਾ ਜਾਵੇ।
ਕਾਂਗਰਸ ਵਰਕਰਾਂ ਨੇ ਦਿੱਲੀ ਪੁਲੀਸ ਦੀਆਂ ਰੋਕਾਂ ਟੱਪਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਜਨਤਾ ਦੀ ਆਮਦਨ ਵਿੱਚ ਭਾਰੀ ਗਿਰਾਵਟ ਆਈ ਹੈ। ਜਦਕਿ ਮਹਿੰਗਾਈ ਲਗਾਤਾਰ ਵਧ ਰਹੀ ਹੈ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਆਪਣਾ ਖ਼ਜ਼ਾਨਾ ਭਰਨ ਵਿੱਚ ਲੱਗੀ ਹੋਈ ਹੈ। ਰਸੋਈ ਗੈਸ ਦੀਆਂ ਕੀਮਤਾਂ ਦੇ ਨਾਂ ’ਤੇ ਸਰਕਾਰੀ ਵਸੂਲੀ ਕਿਸੇ ਵੀ ਕੀਮਤ ’ਤੇ ਬੰਦ ਹੋਣੀ ਚਾਹੀਦੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਸਿਲੰਡਰ ਚੁੱਕ ਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦਿਨੋਂ ਦਿਨ ਮਹਿੰਗਾਈ ਵਧ ਰਹੀ ਹੈ ਤੇ ਉਧਰ ਕੇਂਦਰ ਸਰਕਾਰ ਅਮੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਐਲਪੀਜੀ ਸਿਲੰਡਰਾਂ ਦਾ ਵਾਧਾ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਸਿਲੰਡਰ ਤੇ ਪਾਥੀਆਂ ਚੁੱਕ ਕੇ ਕੀਤਾ ਪ੍ਰਦਰਸ਼ਨ
ਦਿੱਲੀ: ਪੈਟਰੋਲੀਅਮ ਮੰਤਰੀ ਦੇ ਘਰ ਦੇ ਬਾਹਰ ਲੱਗੇ ਬੈਰੀਕੇਡਾਂ ਨੇੜੇ ਯੂਥ ਕਾਂਗਰਸੀਆਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਐੱਲਪੀਜੀ ਸਿਲੰਡਰ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ। ਧਰਨਾਕਾਰੀਆਂ ਦੇ ਹੱਥਾਂ ਵਿੱਚ ਗੋਹੇ ਦੀਆਂ ਪਾਥੀਆਂ ਫੜੀਆਂ ਹੋਈਆਂ ਸਨ। ਕਈਆਂ ਨੇ ਹੱਥਾਂ ਵਿੱਚ ਸਿਲੰਡਰ ਚੁੱਕੇ ਹੋਏ ਸਨ। ਆਗੂ ਆਖ ਰਹੇ ਸਨ, ਕਿ ਅੱਛੇ ਦਿਨਾਂ ਦੀ ਥਾਂ ਪਾਥੀਆਂ ਨਾਲ ਖਾਣਾ ਪਕਾਉਣ ਦਾ ਵੇਲਾ ਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਕੀ ਇਹੀ ਡਿਜੀਟਲ ਇੰਡੀਆ ਹੈ, ਜਿੱਥੇ ਗੈਸ ਸਿਲੰਡਰ ਸਿਰਫ਼ ਦੇਖਣ ਲਈ ਰਹਿ ਗਿਆ ਹੈ। ਪਾਥੀਆਂ ਤੇ ਲੱਕੜਾਂ ਨਾਲ ਘਰ ਦੇ ਚੁੱਲ੍ਹੇ ਬਾਲਣ ਦਾ ਵੇਲਾ ਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਾਂਗਰਸ ਦਾ ਵੇਲਾ ਚੇਤੇ ਕਰਾਇਆ ਜਦੋਂ ਸਿਲੰਡਰ ਆਮ ਲੋਕਾਂ ਦੀ ਪਹੁੰਚ ਵਿੱਚ ਸੀ। ਉਨ੍ਹਾਂ ਕਿਹਾ ਕਿ ਹੁਣ ਸਿਲੰਡਰ ਅਮੀਰਾਂ ਦਾ ਘਰ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ।