ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੇ ਜਾਣ ਦੇ ਵਿਰੋਧ ਵਿੱਚ ਭਾਰਤੀ ਯੂਥ ਕਾਂਗਰਸ ਦੇ ਵਰਕਰਾਂ ਨੇ ਸੋਮਵਾਰ ਨੂੰ ਇੱਥੇ ਕਨਾਟ ਪਲੇਸ ਨੇੜੇ ਸ਼ਿਵਾਜੀ ਬ੍ਰਿਜ ਰੇਲਵੇ ਸਟੇਸ਼ਨ ’ਤੇ ਇੱਕ ਰੇਲਗੱਡੀ ਨੂੰ ਰੋਕਿਆ। ਦਿੱਲੀ ਪੁਲੀਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਟਰੈਕ ਨੂੰ ਸਾਫ਼ ਕਰ ਦਿੱਤਾ ਤੇ ਕਰੀਬ ਅੱਧੇ ਘੰਟੇ ਬਾਅਦ ਰੇਲਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ 16 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਦੋਂ ਕਿ ਪੁਲੀਸ ਨੇ ਉਨ੍ਹਾਂ ਨੂੰ ਟਰੈਕ ਤੇ ਸਟੇਸ਼ਨ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਇੱਕ ਟਵੀਟ ਵਿੱਚ, ਆਈਵਾਈਸੀ ਨੇ ਕਿਹਾ ਕਿ ਯੂਥ ਕਾਂਗਰਸ ਦੇ ਮੈਂਬਰਾਂ ਨੇ ਈਡੀ ਵੱਲੋਂ ਰਾਹੁਲ ਗਾਂਧੀ ਦੀ ਗੈਰਕਾਨੂੰਨੀ ਜਾਂਚ ਅਤੇ ਕੇਂਦਰ ਸਰਕਾਰ ਦੀ ‘ਅਗਨੀਪਥ ਯੋਜਨਾ’ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਸ਼ਿਵਾਜੀ ਪੁਲ ’ਤੇ ਰੇਲਗੱਡੀ ਨੂੰ ਰੋਕਿਆ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਕਿਹਾ ਕਿ ਯੂਥ ਕਾਂਗਰਸ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਲੜਦੀ ਰਹੇਗੀ। ਸਰਕਾਰ ਨੂੰ ਅਗਨੀਪਥ ਸਕੀਮ ਨੂੰ ਵਾਪਸ ਲੈਣ ਦੀ ਲੋੜ ਹੈ। ਯੂਥ ਕਾਂਗਰਸ ਇਸ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਲੜੇਗੀ ਜੋ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਤੇ ਤਾਨਾਸ਼ਾਹੀ ਸਰਕਾਰ ਦਾ ਧਿਆਨ ਖਿੱਚਣ ਲਈ ਦਿੱਲੀ ਵਿੱਚ ਰੇਲ ਗੱਡੀ ਰੋਕੀ ਗਈ। । ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦਾ ਇੱਕ ਗਰੁੱਪ ਸ਼ਿਵਾਜੀ ਬ੍ਰਿਜ ਰੇਲਵੇ ਸਟੇਸ਼ਨ ’ਤੇ ਇਕੱਠਾ ਹੋਇਆ। ਉਨ੍ਹਾਂ ਨੇ ਰੇਲਵੇ ਪਟੜੀਆਂ ’ਤੇ ਆ ਕੇ ਉੱਥੇ ਇੱਕ ਰੇਲ ਗੱਡੀ ਨੂੰ ਰੋਕਿਆ ਜਿੱਥੋਂ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਰੇਲਵੇ) ਹਰਿੰਦਰ ਕੇ ਸਿੰਘ ਨੇ 16 ਵਿਅਕਤੀਆਂ ਨੂੰ ਇਸ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਮੈਂਬਰਾਂ ਨੇ ਨੇੜਲੇ ਕਨਾਟ ਪਲੇਸ ਵਿੱਚ ਵੀ ਧਰਨਾ ਦਿੱਤਾ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।