ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਆਮ ਆਦਮੀ ਪਾਰਟੀ ਭਲਕੇ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰੇਗੀ। ਇਸ ਤੋਂ ਬਾਅਦ ਉਹ ਸਰਕਾਰ ਨੂੰ ਮੰਗ ਪੱਤਰ ਸੌਂਪਣਗੇ। ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਦੱਸਿਆ ਕਿ ਨੌਜਵਾਨ ਬੜੀ ਮੁਸ਼ਕਲ ਨਾਲ ਫੌਜ ਵਿੱਚ ਭਰਤੀ ਹੋਣਗੇ ਤੇ ਪ੍ਰਧਾਨ ਮੰਤਰੀ ਮੋਦੀ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ਬਾਹਰ ਕੱਢ ਦੇਣਗੇ। ਇਹ ਨੌਜਵਾਨਾਂ ਨਾਲ ਧੋਖਾ ਹੈ, ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਮੋਦੀ ਨੇ ਖਾਣਾਂ, ਸੇਲ, ਕੋਲਾ, ਐੱਲਆਈਸੀ, ਬੈਂਕ, ਸੜਕਾਂ, ਬਿਜਲੀ, ਪਾਣੀ, ਬੀਪੀਸੀਐੱਲ, ਹਵਾਈ ਅੱਡੇ, ਬੰਦਰਗਾਹਾਂ ਸਮੇਤ ਸਭ ਕੁਝ ਕੁਝ ਪੂੰਜੀਪਤੀਆਂ ਨੂੰ ਵੇਚ ਦਿੱਤਾ ਹੈ। ਹੁਣ ਉਸ ਦੀ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮਾਂ ਦੀ ਲੋੜ ਹੈ। ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਸੁਰੱਖਿਆ ਲਈ ਪ੍ਰਾਈਵੇਟ ਫੌਜ ਵੀ ਹਾਇਰ ਕੀਤੀ ਜਾਂਦੀ ਹੈ, ਕਿਤੇ ਅਜਿਹਾ ਨਾ ਹੋਵੇ ਕਿ ਮੋਦੀ ਆਪਣੇ ਸਰਮਾਏਦਾਰ ਦੋਸਤਾਂ ਲਈ ਪ੍ਰਾਈਵੇਟ ਫੌਜ ਤਿਆਰ ਕਰ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਦੇਸ਼ ਨੂੰ ਨੌਜਵਾਨਾਂ ਦੇ ਗੁੱਸੇ ਤੋਂ ਬਚਾਓ, ਅਜਿਹਾ ਨਾ ਹੋਵੇ ਕਿ ਸਮਾਂ ਬੀਤਣ ਤੋਂ ਬਾਅਦ ਪਛਤਾਵਾ ਕਰਕੇ ਕਾਨੂੰਨ ਨੂੰ ਵਾਪਸ ਲੈਣਾ ਪਵੇ। ਇਸ ਸਕੀਮ ਵਿੱਚ ਕੋਈ ਪੈਨਸ਼ਨ ਨਹੀਂ, ਭਵਿੱਖ ਵਿੱਚ ਕੋਈ ਤਨਖਾਹ ਨਹੀਂ, ਨੌਕਰੀ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਇਸ ਲਈ ਭਾਜਪਾ ਦਾ ਨਾਂ ਭਾਰਤੀ ਝੂਟਾ ਪਾਰਟੀ ਹੋ ਗਿਆ ਹੈ।
ਸਵਰਾਜ ਇੰਡੀਆ ਵੱਲੋਂ ਅਗਨੀਪਥ ਖ਼ਿਲਾਫ਼ ਸ਼ਾਂਤਮਈ ਵਿਰੋਧ ਦਾ ਸਮਰਥਨ
ਨਵੀਂ ਦਿੱਲੀ(ਪੱਤਰ ਪ੍ਰੇਰਕ): ਸਵਰਾਜ ਇੰਡੀਆ ਵੱਲੋਂ ਕੇਂਦਰ ਸਰਕਾਰ ਦੀ ਅਗਨੀਪਥ ਭਰਤੀ ਯੋਜਨਾ ਨੂੰ ਨੌਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ ਕਰਾਰ ਦਿੰਦੇ ਹੋਏ ਇਸ ਯੋਜਨਾ ਖ਼ਿਲਾਫ਼ ਸ਼ਾਂਤਮਈ ਵਿਰੋਧ ਦਾ ਸਮਰਥਨ ਕੀਤਾ ਗਿਆ ਹੈ। ਸਵਰਾਜ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਸ ਯੋਜਨਾ ਖ਼ਿਲਾਫ਼ ਸ਼ਾਂਤਮਈ ਅਹਿੰਸਕ ਅੰਦਲੋਨ ਕੀਤਾ ਜਾਣਾ ਚਾਹੀਦਾ ਹੈ। ਜਥੇਬੰਦੀ ਨੇ ਕਿਹਾ ਕਿ ਸਵਰਾਜ ਇੰਡੀਆ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਦਾ ਸਮਰਥਨ ਕਰਦੀ ਹੈ, ਅਤੇ ਯੋਜਨਾ ਦੇ ਵਿਰੁੱਧ ਇੱਕ ਸ਼ਾਂਤਮਈ, ਅਹਿੰਸਕ ਅੰਦੋਲਨ ਦਾ ਸੱਦਾ ਦਿੰਦੀ ਹੈ।ਇਹ ਸਕੀਮ, ਫੌਜੀ ਪੈਨਸ਼ਨ ਬਜਟ ਤੇ ਸਥਾਈ ਕਮਿਸ਼ਨ ਦੇ ਆਕਾਰ ਨੂੰ ਘਟਾਉਣ ਦੇ ਉਦੇਸ਼ ਨਾਲ ਹਥਿਆਰਬੰਦ ਬਲਾਂ ਦੀ ਕੁਸ਼ਲਤਾ ਨਾਲ ਸਮਝੌਤਾ ਕਰੇਗੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੋਰ ਵਧਾ ਦੇਵੇਗੀ। ਇਹ ਭਾਰਤੀ ਹਥਿਆਰਬੰਦ ਬਲਾਂ ਨੂੰ ਕੰਟਰੈਕਟ ਵਰਕ ਵਿੱਚ ਬਦਲ ਦੇਵੇਗਾ। ਅਗਨੀਪਥ ਸਕੀਮ ਨੌਜਵਾਨਾਂ ਦੀਆਂ ਇੱਛਾਵਾਂ ਨਾਲ ਧੋਖਾ ਹੈ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ।ਜਥੇਬੰਦੀ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਇਸ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ। ਵਿਦਿਆਰਥੀਆਂ ਨੂੰ ਹਿੰਸਾ ਜਾਂ ਸਵੈ-ਨੁਕਸਾਨ ਦੇ ਬਿਨਾਂ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕਰਦੇ ਹਾਂ।