ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਪੂਰਬੀ ਦਿੱਲੀ ਦੇ ਕਲਿਆਣਪੁਰੀ ਖੇਤਰ ਵਿੱਚ ਇੱਕ 28 ਸਾਲਾ ਮੋਟਰਸਾਈਕਲ ਸਵਾਰ ਦੀ ਕਾਰ ਦੀ ਫੇਟ ਕਾਰਨ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੂੰ ਮਹਿਲਾ ਚਾਲਕ ਨੇ ਕਾਰ ਨਾਲ ਟੱਕਰ ਮਾਰੀ ਹੈ, ਜੋ ਨਸ਼ੇ ਦੀ ਹਾਲਤ ਵਿੱਚ ਸੀ। ਪੁਲੀਸ ਮੁਤਾਬਿਕ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਕਲਿਆਣਪੁਰੀ ਪੁਲੀਸ ਸਟੇਸ਼ਨ ਨੂੰ ਰਾਤ 10.39 ਵਜੇ ਮਿਲੀ। ਇਸ ਮਗਰੋਂ ਪੂਰਬੀ ਵਿਨੋਦ ਨਗਰ ਵਿੱਚ ਦਿੱਲੀ ਜਲ ਬੋਰਡ ਦੇ ਦਫ਼ਤਰ ਨੇੜੇ ਕੌਮੀ ਮਾਰਗ ਨੰਬਰ 24 ‘ਤੇ ਪੁਲੀਸ ਪਹੁੰਚੀ ਤੇ ਇੱਕ ਖਰਾਬ ਮੋਟਰਸਾਈਕਲ ਤੇ ਇੱਕ ਵੈਗਨਆਰ ਕਾਰ ਮਿਲੀ। ਇਸ ਦੌਰਾਨ ਕਾਰ ਦੀ ਫੇਟ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਸੀ। ਪੁਲੀਸ ਡਿਪਟੀ ਕਮਿਸ਼ਨਰ (ਪੂਰਬੀ) ਪ੍ਰਿਅੰਕਾ ਕਸ਼ਯਪ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਨੂੰ ਮੈਕਸ ਹਸਪਤਾਲ ਪਟਪੜਗੰਜ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸ਼ਕਰਪੁਰ ਵਾਸੀ ਅਭਿਸ਼ੇਕ ਕਪੂਰ ਵਜੋਂ ਹੋਈ ਹੈ। ਪ੍ਰਿਅੰਕਾ ਕਸ਼ਯਪ ਨੇ ਦੱਸਿਆ ਕਿ ਕਾਰ ਦੀ ਡਰਾਈਵਰ, ਗਾਜ਼ੀਆਬਾਦ ਦੇ ਅਭੈ ਖੰਡ-3, ਇੰਦਰਾਪੁਰਮ ਦੀ ਰਹਿਣ ਵਾਲੀ ਸੁਨੀਤਾ (35) ਸ਼ਰਾਬ ਦੇ ਨਸ਼ੇ ‘ਚ ਸੀ।
ਡੀਸੀਪੀ ਨੇ ਕਿਹਾ ਕਿ ਉਸ ਵਿਰੁੱਧ ਕਲਿਆਣਪੁਰੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਨੇ ਲੜਕੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਜਿਸ ਲੜਕੀ ਨੇ ਉਸ ਨੂੰ ਮਾਰਿਆ, ਉਹ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਹੀ ਸੀ। ਪੁਲੀਸ ਉਸ ਖ਼ਿਲਾਫ਼ ਕਾਰਵਾਈ ਕਰੇ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ।