ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਜੈ ਕਿਸਾਨ ਅੰਦੋਲਨ ਦੇ ਆਗੂ ਯੋਗਿੰਦਰ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਦੇ ਅਰਥ ਸਮਝਾਏ ਕਿ ਐਮਐੱਸਪੀ ਕਾਗਜ਼ਾਂ ਉਪਰ ਸੀ ਤੇ ਕਾਗਜ਼ਾਂ ਉਪਰ ਹੀ ਰਹੇਗੀ। ਸ੍ਰੀ ਯਾਦਵ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਇਕ ਹੋਰ ਜੁਮਲਾ ਕਰਾਰ ਦਿੱਤਾ। ਜੈ ਕਿਸਾਨ ਅੰਦੋਲਨ ਵੱਲੋਂ ਬੀਤੇ ਦਿਨਾਂ ਤੋਂ ਕਿਸਾਨਾਂ ਦੀ ਮੰਡੀਆਂ ਵਿੱਚ ਜਿਣਸਾਂ ਖਰੀਦਣ ਸਮੇਂ ਕੀਤੀ ਜਾਂਦੀ ਲੁੱਟ ਵੀ ਇਸ ਤਰੀਕੇ ਨਾਲ ਉਜਾਗਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਜਰੇ ਦਾ ਘੱਟੋ-ਘੱਟ ਸਮਰਥਨ ਮੁੱਲ 2150 ਰੁਪਏ ਤੈਅ ਸੀ ਪਰ ਮੰਡੀਆਂ ਵਿੱਚ ਔਸਤਨ 1236 ਪ੍ਰਤੀ ਕੁਇੰਟਲ ਹੀ ਕੀਮਤ ਮਿਲੀ। ਇਸ ਨਾਲ ਕਿਸਾਨਾਂ ਨੂੰ 914 ਰੁਪਏ ਹਰੇਕ ਕੁਇੰਟਲ ਨੁਕਸਾਨ ਹੋਇਆ। ਇਸ ਤਰ੍ਹਾਂ 1 ਤੋਂ 20 ਮਾਰਚ ਤੱਕ ਹੀ ਬਾਜਰੇ ਤੋਂ ਕਿਸਾਨਾਂ ਨੂੰ 20 ਕਰੋੜ ਦਾ ਘਾਟਾ ਪਿਆ ਹੈ। ਇਸ ਨਾਲ ਖਰੀਫ ਦੀ ਫਸਲ ’ਤੇ ਕਿਸਾਨਾਂ ਦੀ ਹੁਣ ਤੱਕ 529 ਕਰੋੜ ਦੀ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਜਰੇ ਦੀ ਬਹੁਤੀ ਖੇਤੀ ਰਾਜਸਥਾਨ ਵਿੱਚ ਹੁੰਦੀ ਹੈ ਜਿੱਥੇ 1186 ਰੁਪਏ ਹੀ ਕੀਮਤ ਮਿਲੀ ਤੇ ਇਸ ਤਰ੍ਹਾਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ 964 ਰੁਪਏ ਦੀ ਲੁੱਟ ਸਹਿਣੀ ਪਈ ਤੇ ਕਿਸਾਨਾਂ ਨੂੰ ਕੁੱਲ 19 ਕਰੋੜ ਦਾ ਘਾਟਾ ਪਿਆ। ਉੱਤਰ ਪ੍ਰਦੇਸ਼ ਤੇ ਗੁਜਰਾਤ ਦੇ ਕਿਸਾਨਾਂ ਨੂੰ ਕ੍ਰਮਵਾਰ 10 ਕਰੋੜ ਤੇ 3 ਕਰੋੜ ਦਾ ਘਾਟਾ ਪਿਆ। ਸ੍ਰੀ ਯਾਦਵ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਬੁਲਾਰੇ ਆਖਣ ਕਿ ਐਮਐੱਸਪੀ ਸੀ ਹੈ ਤੇ ਰਹੇਗੀ ਤਾਂ ਉਸ ਦਾ ਅਰਥ ਸਮਝਾਇਆ ਜਾਵੇ। ਐਮਐੱਸਪੀ ਜਿਹੋ ਜਿਹੀ ਸੀ, ਓਹੋ ਹੀ ਹੈ ਤੇ ਅਜਿਹੀ ਹੀ ਰਹੇਗੀ। ਕਾਗਜ਼ ’ਤੇ ਸੀ ਹੈ ਤੇ ਕਾਗਜ਼ ਉਪਰ ਹੀ ਰਹੇਗੀ। ਇਸ ਤਰ੍ਹਾਂ ਇਕ ਵਾਰ ਫਿਰ ਐਮਐੱਸਪੀ ਲੁੱਟ ਕੈਲਕੁਲੇਟਰ ਰਾਹੀਂ ਪ੍ਰਧਾਨ ਮੰਤਰੀ ਦੇ ਹਵਾਈ ਦਾਅਵੇ ਦਾ ਭਾਂਡਾ ਫੋੜ ਕੀਤਾ ਹੈ।