ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਮਈ
ਦਿੱਲੀ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਬਜ਼ੇ ਵਿਰੋਧੀ ਮੁਹਿੰਮ ਤਹਿਤ ਕਈ ਉਸਾਰੀਆਂ ਢਾਹ ਦਿੱਤੀਆਂ। ਰਾਸ਼ਟਰੀ ਰਾਜਧਾਨੀ ਦੇ ਸਮੈਪੁਰ ਬਾਦਲੀ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ਕਈ ਝੌਂਪੜੀਆਂ ਨੂੰ ਢਾਹ ਦਿੱਤਾ ਗਿਆ। ਮੈਟਰੋ ਪੁਲ ਦੇ ਬਿਲਕੁਲ ਹੇਠਾਂ ਮੁੱਖ ਸੜਕ ਦੇ ਫੁਟਪਾਥ ਯਾਨੀ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਝੁੱਗੀਆਂ ਬਣਾਈਆਂ ਗਈਆਂ ਸਨ। ਜਿਉਂ ਹੀ ਨਗਰ ਨਿਗਮ ਦੇ ਅਧਿਕਾਰੀ ਪਹੁੰਚੇ ਤਾਂ ਲੋਕ ਲੜਾਈ ਲੜਨ ਦੀ ਬਜਾਏ ਆਪਣੇ ਆਪ ਹੀ ਆਰਜ਼ੀ ਢਾਂਚੇ ਨੂੰ ਹਟਾਉਂਦੇ ਦੇਖੇ ਗਏ। ਢਾਹੀਆਂ ਗਈਆਂ ਜ਼ਿਆਦਾਤਰ ਝੌਂਪੜੀਆਂ ’ਤੇ ਤਰਪਾਲ ਦੀ ਛੱਤ ਸੀ, ਜੋ ਤਬਾਹੀ ਤੋਂ ਬਾਅਦ ਹੋਰ ਘਰੇਲੂ ਸਾਮਾਨ ਦੇ ਨਾਲ-ਨਾਲ ਸੜਕ ’ਤੇ ਖਿੱਲਰੀ ਸੀ। ਇਲਾਕੇ ਦੀ ਪਿਛਲੀ ਮੇਅਰ ਪ੍ਰੀਤੀ ਅਗਰਵਾਲ ਨੇ ਦਾਅਵਾ ਕੀਤਾ ਕਿ ਇਹ ਨਾਜਾਇਜ਼ ਕਬਜ਼ੇ ਕਈ ਸਾਲਾਂ ਤੋਂ ਮੌਜੂਦ ਹਨ। ਇਹ ਕਬਜ਼ੇ ਲੋਕਾਂ ਦੇ ਭਲੇ ਲਈ ਹੀ ਹਟਾਏ ਜਾ ਰਹੇ ਹਨ। ਹਾਲਾਂਕਿ ਗਰੀਬ ਲੋਕ ਉਨ੍ਹਾਂ ਦੀਆਂ ਝੁੱਗੀਆਂ ਨੂੰ ਢਾਹੁਣ ਤੋਂ ਬਾਅਦ ਗੁੱਸੇ ਵਿੱਚ ਸਨ ਅਤੇ ਉਨ੍ਹਾਂ ਨੇ ਭਾਜਪਾ ਸ਼ਾਸਿਤ ਉੱਤਰੀ ਦਿੱਲੀ ਨਗਰ ਨਿਗਮ ਦੇ ਖ਼ਿਲਾਫ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਮੰਗੋਲਪੁਰੀ ਦੇ ਇੱਕ ਸਿਵਿਕ ਸਟੇਡੀਅਮ ’ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਸਟੇਡੀਅਮ ਦੇ ਅਹਾਤੇ ਦੇ ਅੰਦਰ ਪਸ਼ੂ ਵੀ ਬੰਨ੍ਹੇ ਹੋਏ ਸਨ । ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਜਾਇਦਾਦ ਨਵੀਂ ਦਿੱਲੀ ਮਿਉਂਸਪਲ ਕੌਂਸਲ (ਐੱਨਡੀਐੱਮਸੀ) ਦੇ ਸਿੱਖਿਆ ਵਿਭਾਗ ਅਧੀਨ ਆਉਂਦੀ ਹੈ। ਅਧਿਕਾਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਮੰਗੋਲਪੁਰੀ ਵਿੱਚ ਕਾਰਵਾਈ ਚੱਲ ਰਹੀ ਸੀ, ਜਿੱਥੇ ਕੁਝ ਲੋਕਾਂ ਵੱਲੋਂ ਅੰਦਰੂਨੀ ਖੇਤਰ ’ਤੇ ਕਬਜ਼ਾ ਕੀਤਾ ਗਿਆ ਸੀ ਤੇ ਇਸ ਦੇ ਅਹਾਤੇ ਦੇ ਅੰਦਰ ਪਸ਼ੂਆਂ ਨੂੰ ਲਿਆਂਦਾ ਗਿਆ ਸੀ।
ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਹਾਊਸ ਵਿੱਚ ਮੀਟਿੰਗ ਬੁਲਾਈ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਕਬਜ਼ੇ ਵਿਰੋਧੀ ਮੁਹਿੰਮ ਦੇ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 14 ਮਈ ਨੂੰ ਮੁੱਖ ਮੰਤਰੀ ਹਾਊਸ ਵਿੱਚ ਮੀਟਿੰਗ ਬੁਲਾਈ ਹੈ। ‘ਆਪ’ ਨੇ ਕਿਹਾ ਕਿ ਬੈਠਕ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ‘ਬੁਲਡੋਜ਼ਰ ਐਕਸ਼ਨ’ ਨੂੰ ਲੈ ਕੇ ਬੁਲਾਈ ਗਈ ਹੈ। ਪਾਰਟੀ ਨੇ ਅੱਗੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕ ਮੀਟਿੰਗ ਵਿੱਚ ਹਾਜ਼ਰ ਹੋਣਗੇ। ਇਹ ਫ਼ੈਸਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਪੁਲੀਸ ਦੁਆਰਾ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ ਜਦੋਂ ਉਹ ਮਦਨਪੁਰ ਖਾਦਰ ਖੇਤਰ ਵਿੱਚ ਢਾਹੁਣ ਦੀ ਮੁਹਿੰਮ ਦੇ ਵਿਰੋਧ ਵਿੱਚ ਹਿੱਸਾ ਲੈ ਰਿਹਾ ਸੀ।