ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਅਗਸਤ
ਦਿੱਲੀ ਨੂੰ ਦੋ ਹਿੱਸਿਆਂ ’ਚ ਵੰਡਦੀ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਅੱਜ ਵੀ ਦਿਨ ਭਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗਦਾ ਰਿਹਾ। ਇਸ ਕਰਕੇ ਨਦੀ ਦੇ ਕੰਢਿਆਂ ਕੋਲ ਰਹਿੰਦੇ ਲੋਕਾਂ ਨੂੂੰ ਸੁਰੱਖਿਅਤ ਥਾਵਾਂ ਉਪਰ ਪਹੁੰਚਾਉਣ ਦਾ ਕੰਮ ਦਿਨ ਭਰ ਜਾਰੀ ਰਿਹਾ। ਨਦੀ ਦਾ ਪਾਣੀ ਧੋਬੀ ਘਾਟ ਤੇ ਖਾਦਰ ਦੇ ਇਲਾਕੇ ਵਿੱਚ ਕੰਢਿਆਂ ਕੋਲ ਬਣੀਆਂ ਝੁੱਗੀਆਂ ਵਿੱਚ ਭਰ ਗਿਆ। ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋੋਇਆ ਪਰ ਕਿਸਾਨਾਂ ਦੀਆਂ ਸਬਜ਼ੀਆਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ। ਹੜ੍ਹ ਕੰਟਰੋਲ ਰੂਮ ਨੇ ਦੱਸਿਆ ਕਿ ਸ਼ਾਮ 5 ਵਜੇ ਪਾਣੀ ਦਾ ਪੱਧਰ 205.99 ਮੀਟਰ ’ਤੇ ਸੀ। ਨਵੀਂ ਦਿੱਲੀ ਵਿੱਚ ਪੁਰਾਣੇ ਲੋਹੇ ਦੇ ਪੁਲ ’ਤੇ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ‘ਚ ਯਮੁਨਾ ਨਦੀ ਦੇ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਕਾਰਨ ਕਮਜ਼ੋਰ ਖੇਤਰਾਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਤੇਜ਼ ਹੋ ਗਿਆ ਹੈ। ਉੱਪਰੀ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਨਦੀ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਸੀ। ਇੱਕ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਪਾਣੀ ਦਾ ਪੱਧਰ ਸ਼ਾਮ 6 ਵਜੇ ਦੇ ਆਸਪਾਸ 206 ਮੀਟਰ ਤੱਕ ਪਹੁਚੰਣ ਦੀ ਸੰਭਾਵਨਾ ਹੈ। ਸ਼ਾਮ 7 ਵਜੇ ਤੱਕ ਸਥਿਰ ਰਹੇਗਾ ਅਤੇ ਇਸ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਵੇਗਾ। ਪੂਰਬੀ ਦਿੱਲੀ ਦੇ ਉਪ ਮੰਡਲ ਮੈਜਿਸਟਰੇਟ (ਐੱਸਡੀਐਮ) ਅਮੋਦ ਬਰਥਵਾਲ ਨੇ ਕਿਹਾ ਕਿ ਨਦੀ ਦੇ ਨੇੜੇ ਨੀਵੇਂ ਖੇਤਰਾਂ ਵਿੱਚ ਰਹਿਣ ਵਾਲੇ 13,000 ਲੋਕਾਂ ਵਿੱਚੋਂ ਲਗਪਗ 5,000 ਨੂੰ ਰਾਸ਼ਟਰਮੰਡਲ ਖੇਡਾਂ ਦੇ ਪਿੰਡ, ਘਾਟ ਅਤੇ ਲਿੰਕ ਰੋਡ ਦੇ ਨੇੜੇ ਬਣਾਏ ਗਏ ਟੈਂਟਾਂ ਵਿੱਚ ਭੇਜਿਆ ਗਿਆ। ਬਾਕੀ ਲੋਕ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਹੋਰ ਥਾਵਾਂ ’ਤੇ ਤਬਦੀਲ ਕਰਨ ਦੀ ਕੋਈ ਲੋੜ ਨਹੀਂ ਜਾਪਦੀ ਕਿਉਂਕਿ ਪਾਣੀ ਦਾ ਪੱਧਰ ਹੇਠਾਂ ਜਾਣ ਦੀ ਸੰਭਾਵਨਾ ਹੈ। ਕਰਾਵਲ ਨਗਰ ਦੇ ਐੱਸਡੀਐੱਮ ਸੰਜੇ ਸੌਂਧੀ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਨੀਵੇਂ ਖੇਤਰਾਂ ਵਿੱਚੋਂ 200 ਲੋਕਾਂ ਨੂੰ ਉੱਚੀ ਥਾ ਲਿਜਾਇਆ ਗਿਆ ਹੈ ਤੇ ਗੈਰ ਸਰਕਾਰੀ ਸੰਗਠਨਾਂ ਦੀ ਮਦਦ ਨਾਲ ਉਨ੍ਹਾਂ ਨੂੰ ਪੀਣ ਵਾਲਾ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ। ਹਰਿਆਣਾ ਦੇ ਯਮੁਨਾਨਗਰ ਵਿਚ ਹਥਨੀਕੁੰਡ ਬੈਰਾਜ ਤੋਂ ਪਾਣੀ ਦੇ ਨਿਕਾਸ ਦੀ ਦਰ 1 ਲੱਖ ਕਿਊਸਿਕ ਦੇ ਅੰਕੜੇ ਨੂੰ ਪਾਰ ਕਰਨ ’ਤੇ ਦਿੱਲੀ ਵਿਚ ਹੜ੍ਹ ਦੀ ਚਿਤਾਵਨੀ ਘੋਸ਼ਿਤ ਕੀਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਯਮੁਨਾ ਦੇ ਹੜ੍ਹ ਦੇ ਮੈਦਾਨਾਂ ਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲਗਪਗ 37,000 ਲੋਕ ਹਨ। ਦਿੱਲੀ ਹੜ੍ਹ ਕੰਟਰੋਲ ਰੂਮ ਨੇ ਸਵੇਰੇ 6 ਵਜੇ ਹਥਨੀਕੁੰਡ ਬੈਰਾਜ ਤੋਂ ਲਗਪਗ 17,000 ਕਿਊਸਿਕ ਦੀ ਡਿਸਚਾਰਜ ਦਰ ਦੀ ਸੂਚਨਾ ਦਿੱਤੀ।