ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਦਿੱਲੀ ਸਕੱਤਰੇਤ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਤੇ ਬਜਰੰਗ ਪੂਨੀਆ ਨੇ ਭਾਰਤ ਲਈ ਹੋਰ ਖਿਡਾਰੀ ਤਿਆਰ ਕਰਨ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹੈ ਕਿ ਸਪੋਰਟਸ ਯੂਨੀਵਰਸਿਟੀ ਵਿੱਚ ਪੈਦਾ ਕੀਤੇ ਜਾ ਰਹੇ ਖਿਡਾਰੀ ਓਲੰਪਿਕ ਵਿੱਚ ਦੇਸ਼ ਲਈ ਬਹੁਤ ਸਾਰੇ ਮੈਡਲ ਲੈ ਕੇ ਆਉਣ। ਦੇਸ਼ ਭਰ ਦੇ ਸਾਰੇ ਚੰਗੇ ਖਿਡਾਰੀ ਖੇਡ ਯੂਨੀਵਰਸਿਟੀ ਵਿੱਚ ਆਉਣ ਅਤੇ ਵਿਸ਼ਵ ਪੱਧਰੀ ਖਿਡਾਰੀ ਪੈਦਾ ਕਰਨ ਵਿੱਚ ਦਿੱਲੀ ਸਰਕਾਰ ਦਾ ਸਹਿਯੋਗ ਕਰਨ।
ਮੁੱਖ ਮੰਤਰੀ ਦਫਤਰ ਨੇ ਟਵੀਟ ਕਰਕੇ ਕਿਹਾ, ‘ਓਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਦਿੱਲੀ ਸਕੱਤਰੇਤ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਿੱਲੀ ਸਰਕਾਰ ਦੇ ਭਾਰਤ ਲਈ ਵਧੇਰੇ ਓਲੰਪਿਕ ਤਮਗਾ ਜੇਤੂ ਪੈਦਾ ਕਰਨ ਦੇ ਮਿਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ’।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਹਮੇਸ਼ਾ ਤਿਆਰ ਹੈ ਤੇ ਮੁੰਡਕਾ ਵਿੱਚ ਸਪੋਰਟਸ ਯੂਨੀਵਰਸਿਟੀ ਸਥਾਪਤ ਕੀਤੀ ਹੈ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਕੇਜਰੀਵਾਲ ਨਾਲ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਦੀ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੂਨੀਆ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਪਿਛਲੇ ਮਹੀਨੇ ਸਤੰਬਰ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਇਸ ਦੌਰਾਨ ਬਜਰੰਗ ਪੂਨੀਆ ਨੇ ਟੋਕੀਓ ਓਲੰਪਿਕਸ ਵਿੱਚ ਆਪਣੇ ਤਜ਼ਰਬੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ।