ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਿੱਲੀ ਮਹਿਲਾ ਕਮਿਸ਼ਨ ਨੇ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਖੇਤਰ ਵਿੱਚ ਇਕ ਵਿਅਕਤੀ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜ਼ੰਜੀਰਾਂ ਨਾਲ ਬੰਨ੍ਹੀ ਪਤਨੀ ਨੂੰ ਆਜ਼ਾਦ ਕਰਵਾਇਆ ਹੈ, ਜਿਸ ਉਤੇ 32 ਸਾਲਾ ਪਤਨੀ ’ਤੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ। ਇਸ ਨਾਲ ਪੀੜਤਾ ਦੀ ਮਾਨਸਿਕਤਾ ਵੀ ਪ੍ਰਭਾਵਿਤ ਹੋਈ ਹੈ। ਔਰਤ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਆਪਣੇ ਟਵਿੱਟਰ ‘ਤੇ ਇਸ ਘਟਨਾ ਦੀ ਜਾਣਕਾਰੀ ਤੇ ਵੀਡੀਓ ਸਾਂਝੇ ਕਰਦਿਆਂ ਲਿਖਿਆ ਕਿ ਅਜਿਹੀਆਂ ਘਟਨਾਵਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਸਵਾਤੀ ਨੇ ਲਿਖਿਆ ਕਿ ਤ੍ਰਿਲੋਪੁਰੀ ਦੇ ਘਰ ‘ਚ ਇਕ ਆਦਮੀ ਨੇ ਕਈ ਮਹੀਨਿਆਂ ਤੋਂ ਆਪਣੀ ਪਤਨੀ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਸੀ।