ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਨਵੰਬਰ
ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਗਠਿਤ ‘ਮੀਡੀਏਟਰ ਸੈੱਲ’ ਦਾ ਪੱਛਮੀ ਦਿੱਲੀ ਦੇ ਸੰਤਗੜ੍ਹ ’ਚ ਉਦਘਾਟਨ ਕੀਤਾ ਗਿਆ। ਇਸਤਰੀ ਅਕਾਲੀ ਦਲ ਦੀ ਖੇਤਰੀ ਪ੍ਰਧਾਨ ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਮੀਡੀਏਟਰ ਸੈੱਲ ਬਣਾਇਆ ਗਿਆ ਸੀ, ਜਿਸ ਵਿਚ ਵਕੀਲਾਂ ਦੀ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਲੋਕਾਂ ਦੀ ਪਰਿਵਾਰਕ ਸਮੱਸਿਆਵਾਂ ਖਾਸ ਤੌਰ ’ਤੇ ਮਹਿਲਾਵਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹਲ ਕੱਢ ਰਹੇ ਹਨ ਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਕਾਨੂੰਨੀ ਸਲਾਹ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਦੇ ਮਾਹੌਲ ਵਿਚ ਕਈ ਪਰਿਵਾਰਾਂ ਵਿਚ ਛੋਟੀ-ਛੋਟੀ ਗੱਲ ਨੂੰ ਲੈ ਕੇ ਵੱਡੀ ਸਮੱਸਿਆ ਬਣ ਜਾਂਦੀ ਹੈ ਅਤੇ ਗੱਲ ਅਦਾਲਤ ਤੱਕ ਪੁੱਜ ਜਾਂਦੀ ਹੈ, ਪਰ ਮੀਡੀਏਟਰ ਸੈੱਲ ਨਾਲ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਸਮੱਸਿਆਵਾਂ ਦਾ ਹਲ ਕੱਢਿਆ ਜਾਂਦਾ। ਉਨ੍ਹਾਂ ਦੱਸਿਆ ਕਿ ਮੀਡੀਏਟਰ ਸੈੱਲ ਦਾ ਮੁੱਖ ਦਫ਼ਤਰ ਅਕਾਲੀ ਦਲ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਚੱਲ ਰਿਹਾ ਹੈ ਤੇ ਹੁਣ ਪੱਛਮੀ ਦਿੱਲੀ ਦੇ ਬਾਅਦ ਦਿੱਲੀ ਦੇ ਸਾਰੇ ਵਾਰਡਾਂ ਵਿਚ ਇਸ ਨੂੰ ਖੋਲ੍ਹਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ਨਿਚਰਵਾਰ ਨੂੰ ਦੁਪਹਿਰ 2 ਘੰਟੇ ਲਈ ਵਕੀਲਾਂ ਦੀ ਟੀਮ ਇੱਥੇ ਮੌਜੁੂਦ ਰਹਿ ਕੇ ਲੋਕਾਂ ਦੀ ਸਮੱਸਿਆ ਨੂੰ ਸੁਣੇਗੀ।
ਇਸ ਮੌਕੇ ’ਤੇ ਅਵਤਾਰ ਸਿੰਘ ਹਿੱਤ, ਐਡਵੋਕੇਟ ਰਵਿੰਦਰ ਕੌਰ, ਐਡਵੋਕੇਟ ਅਵਨੀਤ ਕੌਰ, ਐਡਵੋਕੇਟ ਰੇਖਾ ਅਗਰਵਾਲ, ਐਡਵੋਕੇਟ ਬਿੰਦਾਸ਼ਰਨ ਰੰਧਾਵਾ, ਐਡਵੋਕੇਟ ਗਾਇਤਰੀ ਪੁਰੀ, ਐਡਵੋਕੇਟ ਦਲਜੀਤ ਕੌਰ, ਐਡਵੋਕੇਟ ਨਿਧੀ, ਐਡਵੋਕੇਟ ੳਸ਼ਾ ਸਿੰਘ ਸਣੇ ਇਸਤਰੀ ਅਕਾਲੀ ਦਲ ਦੀਆਂ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਰਹੀਆਂ।