ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਦਿੱਲੀ ਮਹਿਲਾ ਕਾਂਗਰਸ ਦੀ ਅਗਵਾਈ ਵਿੱਚ ਮੋਦੀ ਸਰਕਾਰ ਖ਼ਿਲਾਫ਼ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਤਹਿਤ ਆਪਣੇ ਘਰਾਂ ਦੇ ਵਰਕਰਾਂ ਨੇ ਰੋਸ ਮਾਰਚ ਕੱਢੇ। ਔਰਤਾਂ ਨੇ ਮਹਿੰਗਾਈ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਨ ਲਈ ਗੈਸ ਸਿਲੰਡਰਾਂ ਉਪਰ ਹਾਰ ਪਾਏ ਤੇ ਮੋਦੀ ਸਰਕਾਰ ਨੂੰ ਕੋਸਿਆ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕਾਂਗਰਸ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਚੋਣ ਨਤੀਜਿਆਂ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਤਾਨਾਸ਼ਾਹੀ ਫ਼ੈਸਲੇ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ‘ਮਹਿੰਗਾਈ ਮੁਕਤ ਭਾਰਤ ਮੁਹਿੰਮ’ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਤੇਲ ਦੀ ਖੇਡ ਬੰਦ ਨਹੀਂ ਕਰ ਦਿੰਦੀ। ਦਿੱਲੀ ਦੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ 80-80 ਪੈਸੇ ਪ੍ਰਤੀ ਲਿਟਰ ਦੇ ਵਾਧੇ ਨਾਲ ਅੱਜ ਦਿੱਲੀ ਵਿੱਚ ਪੈਟਰੋਲ ਦੀ ਪ੍ਰਤੀ ਲਿਟਰ ਦਰ 101.85 ਰੁਪਏ ਤੇ ਡੀਜ਼ਲ ਦੀ ਕੀਮਤ 93.11 ਰੁਪਏ ਹੈ। ਕਾਂਗਰਸੀ ਵਰਕਰਾਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ ਦੀ ਮੰਗ ਕੀਤੀ ਤੇ ‘ਵਧਦੀ ਮਹਿੰਗਾਈ ’ਤੇ ਮੋਦੀ ਸ਼ਰਮ ਕਰੋ’, ‘ਪੈਟਰੋਲ-ਡੀਜ਼ਲ ਦੀ ਲੁੱਟ ਬੰਦ ਕਰੋ’ ਆਦਿ ਦੇ ਨਾਅਰੇ ਲਗਾ ਰਹੇ ਸਨ। ਮਹਿਲਾ ਕਾਰਕੁਨਾਂ ਨੇ ਦੱਸਿਆ ਕਿ ਔਰਤਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ। 137 ਦਿਨਾਂ ਬਾਅਦ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਤੱਕ ਰੇਟਾਂ ਵਿੱਚ 9 ਵਾਰ ਵਾਧਾ ਕੀਤਾ ਗਿਆ ਹੈ। ਪਿਛਲੇ 10 ਦਿਨਾਂ ਵਿੱਚ ਲਗਭਗ 6.30 ਰੁਪਏ ਪ੍ਰਤੀ ਲਿਟਰ ਰਕਮ ਵਧਾ ਕੇ ਮੋਦੀ ਆਪਣੇ ਕਾਰੋਬਾਰੀ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀ ਨਹੀਂ ਹੈ, ਇਸ ਨੇ ਲੋਕਾਂ ਦੇ ਦਰਦ ਨੂੰ ਸਮਝਣਾ ਹੁੰਦਾ ਹੈ ਤੇ ਲੱਕ ਤੋੜਵੀਂ ਮਹਿੰਗਾਈ ਨੂੰ ਠੱਲ੍ਹ ਪਾਉਣੀ ਹੁੰਦੀ ਹੈ।