ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਰਣਜੀਤ ਕੌਰ ਵੱਲੋਂ ਮੀਡੀਏਸ਼ਨ ਸੈੱਲ ਦੇ ਵਕੀਲਾਂ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ਪਾਰਟੀ ਦੀ ਲੀਗਲ ਐਡਵਾਈਜ਼ਰ ਬੀਬੀ ਰਵਿੰਦਰ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਮੀਡੀਏਸ਼ਨ ਸੈੱਲ ਦਾ ਗਠਨ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਵਿਚ ਘਰੇਲੂ ਝਗੜਿਆਂ ਦੇ ਚਲਦਿਆਂ ਪਰਿਵਾਰਾਂ ਨੂੰ ਮੁੜ ਤੋਂ ਇੱਕ ਕਰਨ ਲਈ ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ ਜੋ ਦੋਹਾਂ ਪਰਿਵਾਰਾਂ ਨੂੰ ਸੁਣ ਕੇ ਉਨ੍ਹਾਂ ਵਿਚਾਲੇ ਝਗੜੇ ਦੀ ਜੜ ਨੂੰ ਖਤਮ ਕਰਾ ਸਕੇ। ਇਸੇ ਕਰ ਕੇ ਉਨ੍ਹਾਂ ਨੇ ਬੀਬੀ ਰਵਿੰਦਰ ਕੌਰ ਬਤਰਾ ਨੂੰ ਮੀਡੀਏਸ਼ਨ ਸੈੱਲ ਦਾ ਇੰਚਾਰਜ ਬਣਾਇਆ ਗਿਆ ਤੇ ਉਨ੍ਹਾਂ ਨੇ ਆਪਣੇ ਨਾਲ ਕਾਬਲ ਵਕੀਲਾਂ ਦੀ ਟੀਮ ਲਗਾਈ ਜੋ ਬਿਨ੍ਹਾਂ ਕਿਸੇ ਫ਼ੀਸ ਦੇ ਸਿੱਖ ਪਰਿਵਾਰਾਂ ਨੂੰ ਇਹ ਸੇਵਾ ਦੇਣ ਲਗ ਪਏ। ਬੀਬੀ ਨੇ ਦੱਸਿਆ ਕਿ ਹਫ਼ਤੇ ਵਿਚ ਦੋ ਦਿਨ ਇਹ ਵਕੀਲ ਪਰਿਵਾਰਾਂ ਨੂੰ ਕਾਨੂੰਨੀ ਸਲਾਹ ਸ਼੍ਰੋਮਣੀ ਅਕਾਲੀ ਦਲ ਦੇ ਰਕਾਬਗੰਜ ਸਾਹਿਬ ਆਫ਼ਿਸ ਵਿਖੇ ਬੈਠ ਕੇ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨੀ ਅੰਦੋਲਨ ਦੇ ਚਲਦਿਆਂ ਕਿਸਾਨਾਂ ਦੇ ਕੇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੜੇ ਗਏ ਤਾਂ ਵੀ ਮੀਡੀਏਸ਼ਨ ਸੈੱਲ ਦੇ ਵਕੀਲਾਂ ਨੇ ਉਨ੍ਹਾਂ ਨਾਲ ਮਿਲ ਕੇ ਕੇਸਾਂ ਦੀ ਪੈਰਵੀ ਕੀਤੀ ਅਤੇ ਇਸ ਲਈ ਵੀ ਕੋਈ ਫ਼ੀਸ ਚਾਰਜ ਨਹੀਂ ਕੀਤੀ ਗਈ। ਰਵਿੰਦਰ ਕੌਰ ਬਤਰਾ ਦੇ ਨਾਲ ਐਡਵੋਕੇਟ ਰੇਖਾ ਅਗਰਵਾਲ, ਉਸ਼ਾ ਸਿੰਘ, ਹਰਪ੍ਰੀਤ ਕੌਰ, ਮੇਘਾ ਬਤਰਾ, ਅਵਨੀਤ ਕੌਰ ਆਦਿ ਨੂੰ ਸ਼ਾਲ ਅਤੇ ਚਾਂਦੀ ਦਾ ਸਿੱਕਾ ਦੇ ਕੇ ਸਨਮਾਨਿਤ ਕੀਤਾ ਗਿਆ।